ਆਪਣੀ ਦਿਖ ਬਦਲਣ ‘ਚ ਲੱਗੀ ਐ ਡੇਜ਼ੀ ਸ਼ਾਹ

ਸਲਮਾਨ ਖ਼ਾਨ ਨੇ ਕਈ ਨਵੇਂ ਕਲਾਕਾਰਾਂ ਨੂੰ ਬੌਲੀਵੁੱਡ ਵਿੱਚ ਕੰਮ ਦਵਾਇਆ ਹੈ। ਇਸ ਲਈ ਉਸ ਨੂੰ ਬੌਲੀਵੁੱਡ ਦਾ ਗੌਡਫ਼ਾਦਰ ਵੀ ਕਿਹਾ ਜਾਂਦਾ ਹੈ। ਸਲਮਾਨ ਨੇ ਇੰਡਸਟਰੀ ਵਿੱਚ ਆਉਣ ਲਈ ਜਿਨ੍ਹਾਂ ਨਵੇਂ ਕਲਾਕਾਰਾਂ ਦੀ ਮਦਦ ਕੀਤੀ ਹੈ ਉਨ੍ਹਾਂ ਵਿੱਚੋਂ ਇੱਕ ਨਾਮ ਡੇਜ਼ੀ ਸ਼ਾਹ ਦਾ ਵੀ ਹੈ। ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ ਨਾਲ ਆਪਣੇ ਬੌਲੀਵੁੱਡ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹ ‘ਰਾਮਰਤਨ’ ਤੇ ‘ਹੇਟ ਸਟੋਰੀ 3’ ਵਰਗੀਆਂ ਫ਼ਿਲਮਾਂ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ। ਹੁਣ ਉਹ ‘ਰੇਸ 3’ ਵਿੱਚ ਕੰਮ ਕਰ ਰਹੀ ਹੈ। ਪੇਸ਼ ਹੈ ਡੇਜ਼ੀ ਸ਼ਾਹ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
ਸਵਾਲ: ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਰੇਸ 3 ‘ਵਿੱਚ ਵੀ ਤੁਹਾਡਾ ਬੋਲਡ ਅਵਤਾਰ ਹੀ ਦੇਖਣ ਨੂੰ ਮਿਲਣ ਵਾਲਾ ਹੈ?
ਜਵਾਬ: ਨਹੀਂ, ਇਸ ਫ਼ਿਲਮ ਵਿੱਚ ਮੇਰਾ ਕਿਰਦਾਰ ਕੇਵਲ ਮਨੋਰੰਜਨ ਕਰਨ ਵਾਲਾ ਨਹੀਂ। ਮੇਰਾ ਮੰਨਣਾ ਹੈ ਕਿ ਅਜਿਹਾ ਕਿਰਦਾਰ ਵੱਡੀ ਮੁਸ਼ਕਲ ਨਾਲ ਮਿਲਦਾ ਹੈ। ਜੇਕਰ ਮੇਰੇ ਕਿਰਦਾਰ ਵਿੱਚ ਦਮ ਨਾ ਹੁੰਦਾ ਤਾਂ ਪੋਸਟਰ ਉੱਤੇ ਮੈਨੂੰ ਇੰਨੀ ਖ਼ਾਸ ਜਗ੍ਹਾ ਨਾ ਮਿਲਦੀ। ਹਾਲਾਂਕਿ, ਫ਼ਿਲਮ ਦੇ ਪੋਸਟਰ ਵਿੱਚ ਮੈਂ ਬੋਲਡ ਅੰਦਾਜ਼ ਵਿੱਚ ਜ਼ਰੂਰ ਦਿਖਾਈ ਦੇ ਰਹੀ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਫ਼ਿਲਮ ਵਿੱਚ ਮੈਂ ਇੱਕ ਵਾਰ ਫ਼ਿਰ ਆਪਣੀ ਪਹਿਲੀ ਦਿਖ ਬਰਕਰਾਰ ਰੱਖਣ ਜਾ ਰਹੀ ਹਾਂ। ਉਂਝ, ਹੁਣ ਮੈਂ ਫ਼ਿਲਮ ਦੀ ਕਹਾਣੀ ਅਤੇ ਆਪਣੇ ਕਿਰਦਾਰ ਬਾਰੇ ਬਹੁਤ ਜ਼ਿਆਦਾ ਤਾਂ ਗੱਲ ਨਹੀਂ ਕਰ ਸਕਦੀ, ਪਰ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਇਸ ਫ਼ਿਲਮ ਵਿੱਚ ਸੰਜਨਾ ਦਾ ਮੇਰਾ ਕਿਰਦਾਰ ਪਿਛਲੀਆਂ ਮੇਰੀਆਂ ਸਾਰੀਆਂ ਫ਼ਿਲਮਾਂ ਵਿੱਚ ਮੇਰੇ ਵਲੋਂ ਨਿਭਾਏ ਗਏ ਕਿਰਦਾਰਾਂ ਤੋਂ ਬਿਲਕੁਲ ਵੱਖ ਹੈ। ‘ਰੇਸ 3’ ਵਿੱਚ ਮੇਰੇ ਤੋਂ ਇਲਾਵਾ ਸਲਮਾਨ ਖ਼ਾਨ, ਜੈਕਲਿਨ ਫ਼ਰਨਾਂਡੇਜ਼, ਅਨਿਲ ਕਪੂਰ, ਬੌਬੀ ਦਿਓਲ ਅਤੇ ਸਾਕਿਬ ਸਲੀਮ ਵਰਗੇ ਵਧੀਆ ਕਲਾਕਾਰ ਸ਼ਾਮਲ ਹਨ। ਰੇਮੋ ਡਿਸੂਜ਼ਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਈਦ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ।
ਸਵਾਲ: ‘ਹੇਟ ਸਟੋਰੀ 3’ ਵਿੱਚ ਤੁਹਾਡੇ ਕਈ ਕਰੀਬੀ ਦ੍ਰਿਸ਼ ਸਨ ਤਾਂ ਕੀ ਅੱਗੇ ਵੀ …?
ਜਵਾਬ: ਨਹੀਂ, ਹੁਣ ਮੈਂ ਅਜਿਹੇ ਦ੍ਰਿਸ਼ ਨਹੀਂ ਕਰਨਾ ਚਾਹੁੰਦੀ। ਦਰਅਸਲ, ‘ਜੈ ਹੋ’ ਵਿੱਚ ਮੇਰੇ ਵਲੋਂ ਨਿਭਾਈ ਗਈ ਭੂਮਿਕਾ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਮੈਂ ਸਿਰਫ਼ ਸਾਧਾਰਨ ਕੁੜੀ ਦੇ ਕਿਰਦਾਰ ਹੀ ਬਿਹਤਰ ਤਰੀਕੇ ਨਾਲ ਕਰ ਸਕਦੀ ਹਾਂ। ਅਜਿਹੇ ਵਿੱਚ ਮੈਂ ਉਹ ਪਛਾਣ ਤੋੜਨਾ ਚਾਹੁੰਦੀ ਸੀ, ਅਤੇ ਇਸ ਲਈ ਮੈਂ ‘ਹੇਟ ਸਟੋਰੀ 3’ ਕੀਤੀ। ਜਿੱਥੋਂ ਤਕ ਬੋਲਡ ਕਿਰਦਾਰਾਂ ਦੀ ਗੱਲ ਹੈ ਤਾਂ ਅੱਜ ਆਮ ਤੌਰ ‘ਤੇ ਸਿਖਰ ‘ਤੇ ਬੈਠੀਆਂ ਅਭਿਨੇਤਰੀਆਂ ਵੀ ਅਜਿਹੇ ਕਿਰਦਾਰ ਕਰ ਰਹੀਆਂ ਹਨ, ਪਰ ਨਜ਼ਦੀਕੀ ਦ੍ਰਿਸ਼ ਮੈਂ ਕਦੇ ਵੀ ਨਹੀਂ ਕਰ ਸਕਦੀ।
ਸਵਾਲ: ਤਾਂ ਕੀ ਤੁਸੀਂ ਹੁਣ ਆਪਣੀ ਬੋਲਡ ਪਛਾਣ ਨੂੰ ਬਦਲਣਾ ਚਾਹੁੰਦੇ ਹੋ?
ਜਵਾਬ: ਸੱਚ ਕਹਾਂ ਤਾਂ ਫ਼ਿਲਮ ਅਦਾਕਾਰਾਂ ਲਈ ਕਿਧਰੇ ਕਿਸੇ ਤਰ੍ਹਾਂ ਦਾ ਕੋਈ ਦਾਇਰਾ ਨਹੀਂ ਹੁੰਦਾ। ਮੈਂ ਇੱਥੇ ਇਹੀ ਸੁਣਿਆ ਹੈ ਅਤੇ ਇਹੀ ਸਿੱਖਿਆ ਹੈ। ਇਸ ਲਈ ਕਿਰਦਾਰ ਲਈ ਬੋਲਡ ਅਤੇ ਭੈੜਾ ਹੋਣ ਵਿੱਚ ਕੋਈ ਬੁਰਾਈ ਨਹੀਂ। ਜੇਕਰ ਤੁਸੀਂ ਕੋਈ ਕਿਰਦਾਰ ਨਿਭਾ ਰਹੇ ਹੋ, ਉਸ ਮੁਤਾਬਿਕ ਮੰਗ ਵੀ ਤੁਹਾਨੂੰ ਕੀਤੀ ਜਾਵੇਗੀ ਅਤੇ ਤੁਹਾਨੂੰ ਉਹ ਕਰਨਾ ਵੀ ਹੋਵੇਗਾ। ਅਜਿਹੇ ਵਿੱਚ ਜੇਕਰ ਬੋਲਡ ਦਿਖਣਾ ਜ਼ਰੂਰੀ ਹੈ ਤਾਂ ਇਹ ਵੀ ਵਧੀਆ ਹੈ ਅਤੇ ਜੇਕਰ ਗੱਲ ਭੈੜਾ ਹੋਣ ਦੀ ਹੈ ਤਾਂ ਇਹ ਵੀ ਚੰਗਾ ਹੈ।
ਸਵਾਲ: ਤੁਹਾਡੀ ਕੋਈ ਖ਼ਾਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਇੱਛਾ ਹੈ?
ਜਵਾਬ: ਸੁਪਰ ਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਮੈਨੇ ਪਿਆਰ ਕੀਆ’ ਵਿੱਚ ਭਾਗਿਆਸ਼੍ਰੀ ਵਲੋਂ ਨਿਭਾਇਆ ਗਿਆ ਕਿਰਦਾਰ ਮੇਰੇ ਦਿਲ ਦੇ ਬੇਹੱਦ ਕਰੀਬ ਹੈ, ਅਤੇ ਮੈਂ ਇਹ ਭੂਮਿਕਾ ਨਿਭਾਉਣਾ ਚਾਹੁੰਦੀ ਹਾਂ। ਸੱਚ ਕਹਾਂ ਤਾਂ ਮੈਂ ‘ਮੈਨੇ ਪਿਆਰ ਕੀਆ’ ਫ਼ਿਲਮ ਵਿੱਚ ਭਾਗਿਆਸ਼੍ਰੀ ਦਾ ਕਿਰਦਾਰ ਨਿਭਾਉਣਾ ਅਤੇ ਪਰਦੇ ਉੱਤੇ ਸਲਮਾਨ ਖ਼ਾਨ ਨਾਲ ਰੁਮਾਂਸ ਕਰਨਾ ਚਾਹੁੰਦੀ ਹਾਂ। ਹਾਲਾਂਕਿ, ‘ਰੇਸ 3’ ਤੋਂ ਇਲਾਵਾ ਰੇਮੋ ਡਿਸੂਜ਼ਾ ਦੇ ਨਿਰਦੇਸ਼ਨ ਵਿੱਚ ਡਾਂਸ ਆਧਾਰਿਤ ਫ਼ਿਲਮ ‘ਡਾਂਸਰ ਡੈਡ’ ਵਿੱਚ ਸਲਮਾਨ ਖ਼ਾਨ ਨਾਲ ਕੰਮ ਕਰ ਰਹੀ ਹਾਂ। ਇਸ ਫ਼ਿਲਮ ਵਿੱਚ ਮੇਰੇ ਨਾਲ ਜੈਕਲਿਨ ਫ਼ਰਨਾਂਡੇਜ਼ ਵੀ ਨਜ਼ਰ ਆਏਗੀ। ਇਸ ਤੋਂ ਇਲਾਵਾ ਮੈਂ ਸੰਜੈ ਲੀਲਾ ਭੰਸਾਲੀ ਅਤੇ ਵਿਸ਼ਾਲ ਭਾਰਦਵਾਜ ਵਰਗੇ ਨਿਰਦੇਸ਼ਕਾਂ ਨਾਲ ਵੀ ਕੰਮ ਕਰਨ ਦੀ ਚਾਹਵਾਨ ਹਾਂ।
ਸਵਾਲ: ਅੱਜਕੱਲ੍ਹ ਬਾਓਪਿਕਸ ਦਾ ਵੀ ਜ਼ਮਾਨਾ ਹੈ। ਤੁਸੀਂ ਅਜਿਹੀ ਕਿਸੇ ਫ਼ਿਲਮ ਵਿੱਚ ਕੰਮ ਕਰਨਾ ਚਾਹੋਗੇ?
ਜਵਾਬ: ਮੇਰੀ ਇੱਛਾ ਹੈ ਕਿ ਜੇਕਰ ਬੀਤੇ ਸਮੇਂ ਦੀ ਅਭਿਨੇਤਰੀ ਮੁਮਤਾਜ਼ ਦੇ ਜੀਵਨ ਉੱਤੇ ਕੋਈ ਫ਼ਿਲਮ ਬਣੇ ਤਾਂ ਮੈਂ ਉਸ ਦਾ ਹਿੱਸਾ ਬਣਾਂ। ਇਸ ਦੀ ਵਜ੍ਹਾ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਜੀਵਨ ਵੀ ਮੁਮਤਾਜ਼ ਨਾਲ ਮਿਲਦਾ ਹੈ, ਇਸ ਲਈ ਮੈਂ ਉਨ੍ਹਾਂ ਦੇ ਜੀਵਨ ਉੱਤੇ ਬਣੀ ਫ਼ਿਲਮ ਵਿੱਚ ਕੰਮ ਕਰਨਾ ਚਾਹੁੰਦੀ ਹਾਂ।
ਸਵਾਲ: ਤੁਹਾਡਾ ਕੋਈ ਸੁਪਨਮਈ ਕਿਰਦਾਰ ਜਿਸ ਨੂੰ ਤੁਸੀਂ ਨਿਭਾਉਣਾ ਚਾਹੁੰਦੇ ਹੋਵੋ?
ਜਵਾਬ: ਬਾਕੀ ਸਾਰੇ ਕਲਾਕਾਰਾਂ ਦੀ ਤਰ੍ਹਾਂ ਮੇਰੀ ਵੀ ਇੱਕ ਸੁਪਨਮਈ ਕਿਰਦਾਰ ਕਰਨ ਦੀ ਇੱਛਾ ਹੈ। ਮੈਂ ਸ੍ਰੀਦੇਵੀ ਵਲੋਂ ਨਿਭਾਇਆ ਗਿਆ ਫ਼ਿਲਮ ‘ਚਾਲਬਾਜ਼’ ਵਾਲਾ ਅੰਜੂ-ਮੰਜੂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਨੂੰ ਵੀ ਕਦੇ ਅਜਿਹਾ ਡਬਲ ਸ਼ੇਡ ਵਾਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲੇ।
ਸਵਾਲ: ਕਿਹਾ ਜਾਂਦਾ ਹੈ ਕਿ ਤੁਸੀਂ ਹਰ ਫ਼ਿਲਮ ਸਲਮਾਨ ਖ਼ਾਨ ਦੀ ਇਜਾਜ਼ਤ ਲੈ ਕੇ ਕਰਦੇ ਹੋ। ਕੀ ਇਹ ਸੱਚ ਹੈ?
ਜਵਾਬ: ਨਹੀਂ, ਇਹ ਗੱਲ ਪੂਰੀ ਤਰ੍ਹਾਂ ਗ਼ਲਤ ਹੈ। ਮੈਂ ਫ਼ਿਲਮਾਂ ਕਰਨ ਤੋਂ ਪਹਿਲਾਂ ਸਲਮਾਨ ਨੂੰ ਪੁੱਛਦੀ ਜ਼ਰੂਰ ਹਾਂ, ਪਰ ਮੈਂ ਉਨ੍ਹਾਂ ਤੋਂ ਸਲਾਹ ਲੈਂਦੀ ਹਾਂ, ਨਾ ਕਿ ਆਗਿਆ। ਇਸ ਦੀ ਵਜ੍ਹਾ ਇਹ ਹੈ ਕਿ ਸਲਮਾਨ ਬਹੁਤ ਅਨੁਭਵੀ ਹਨ। ਉਹ ਮੇਰੇ ਸੀਨੀਅਰ ਹਨ। ਕਾਫ਼ੀ ਸਮੇਂ ਤੋਂ ਇੰਡਸਟਰੀ ਵਿੱਚ ਬਣੇ ਹੋਏ ਹਨ, ਜਦੋਂ ਕਿ ਮੈਂ ਤਾਂ ਨਵੀਂ ਹਾਂ। ਅਜਿਹੇ ਵਿੱਚ ਉਨ੍ਹਾਂ ਤੋਂ ਸਲਾਹ ਲੈਣਾ ਮੈਨੂੰ ਸਹੀ ਲੱਗਦਾ ਹੈ।
ਸਵਾਲ: ਤੁਸੀਂ ਕੀ ਦੇਖ ਕੇ ਕਿਸੇ ਕਿਰਦਾਰ ਨੂੰ ਚੁਣਦੇ ਹੋ?
ਜਵਾਬ: ਕਿਸੇ ਕਿਰਦਾਰ ਨੂੰ ਕਰਨ ਤੋਂ ਪਹਿਲਾਂ ਮੈਂ ਉਸ ਵਿੱਚ ਦੇਖਦੀ ਹਾਂ ਕਿ ਇਹ ਕਿਰਦਾਰ ਮੇਰੇ ਨਾਲ ਕਿੰਨਾ ਕੁ ਮਿਲਦਾ ਜੁਲਦਾ ਹੈ। ‘ਜੈ ਹੋ’ ਵਿੱਚ ਮੈਂ ਇੱਕ ਗੁਜਰਾਤੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਮੈਂ ਵੀ ਗੁਜਰਾਤੀ ਹਾਂ। ਇਸ ਤੋਂ ਬਾਅਦ ‘ਹੇਟ ਸਟੋਰੀ 3’ ਵਿੱਚ ਮੈਂ ਇੱਕ ਮੂੰਹ ਫ਼ੱਟ ਕੁੜੀ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਮੈਂ ਹਾਂ ਵੀ। ਫ਼ਿਲਮ ‘ਰਾਮਰਤਨ’ ਵਿੱਚ ਮੈਂ ਇੱਕ ਭੋਲੀ ਕੁੜੀ ਦਾ ਕਿਰਦਾਰ ਨਿਭਾਇਆ ਤਾਂ ‘ਰੇਸ 3’ ਵਿੱਚ ਐਕਸ਼ਨ ਭਰਪੂਰ ਕਿਰਦਾਰ ਕਰ ਰਹੀ ਹਾਂ। ਯਾਨੀ, ਕਿਰਦਾਰ ਵਿੱਚ ਕੁੱਝ ਨਾ ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਮੈਂ ਆਪਣੇ ਨਾਲ ਜੋੜ ਸਕਾਂ।
ਸਵਾਲ: ਅਭਿਨੇਤਰੀ ਤੋਂ ਪਹਿਲਾਂ ਤੁਸੀਂ ਇੱਕ ਕੋਰੀਓਗ੍ਰਾਫ਼ਰ ਸੀ। ਕੀ ਹੁਣ ਵੀ …?
ਜਵਾਬ: ਨਹੀਂ, ਮੈਂ ‘ਜੈ ਹੋ’ ਵਿੱਚ ਕੰਮ ਕਰਨ ਤੋਂ ਕਾਫ਼ੀ ਪਹਿਲਾਂ ਹੀ ਕੋਰੀਓਗ੍ਰਾਫ਼ੀ ਛੱਡ ਚੁੱਕੀ ਸੀ। ਉਸ ਤੋਂ ਬਾਅਦ ਤੋਂ ਮੈਂ ਅਭਿਨੈ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹਾਂ ਅਤੇ ਫ਼ਿਲਮਾਂ ਦਾ ਹਿੱਸਾ ਬਣ ਕੇ ਇਸਦਾ ਆਨੰਦ ਵੀ ਲੈ ਰਹੀ ਹਾਂ। ਇੱਥੇ ਮੈਂ ਸਹਿਜ ਵੀ ਮਹਿਸੂਸ ਕਰਦੀ ਹਾਂ। ਮੈਂ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੀ ਹਾਂ।