ਬਗਦਾਦ—ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ. ਐੱਸ.) ਦਾ ਇਕ ਚੋਟੀ ਦਾ ਕਮਾਂਡਰ ਉਮਰ ਅਲ ਸ਼ਿਸ਼ਾਨੀ ਇਰਾਕ ‘ਚ ਮਾਰਿਆ ਗਿਆ। ਜਿਹਾਦੀਆਂ ਨਾਲ ਸਬੰਧਿਤ ‘ਅਮਾਕ’ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਪੈਂਟਾਗਨ ਨੇ ਮਾਰਚ ਵਿਚ ਐਲਾਨ ਕੀਤਾ ਸੀ ‘ਉਮਰ ਦਿ ਚੇਚਨ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸ਼ਿਸ਼ਾਨੀ ਉੱਤਰ-ਪੂਰਬੀ ਸੀਰੀਆ ‘ਚ ਆਪਣੇ ਕਾਫਿਲੇ ‘ਚ ਹੋਏ ਹਵਾਈ ਹਮਲੇ ‘ਚ ਜ਼ਖਮੀ ਹੋਣ ਮਗਰੋਂ ਸ਼ਾਇਦ ਮਰ ਗਿਆ ਹੈ।
ਫਿਲਹਾਲ, ‘ਅਮਾਕ’ ਦਾ ਦਾਅਵਾ ਇਸਦੇ ਬਿਲਕੁਲ ਉਲਟ ਹੈ। ਅਮਾਕ ਨੇ ਫੌਜ ਦੇ ਇਕ ਸੂਤਰ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਸ਼ਿਸ਼ਾਨੀ ਸ਼ਰਕਤ ਸ਼ਹਿਰ ‘ਚ ਮਾਰਿਆ ਗਿਆ। ਉਸ ਵੇਲੇ ਉਹ ਮੋਸੁਲ ਸ਼ਹਿਰ ‘ਚ ਫੌਜੀ ਮੁਹਿੰਮ ਦੇ ਵਿਰੁੱਧ ਸਰਗਰਮ ਸੀ। ਆਈ. ਐੱਸ. ਨੇ ਇਸ ਚੋਟੀ ਦੇ ਕਮਾਂਡਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।ਇਰਾਕੀ ਫੌਜ ਦੀ ਮੋਸੁਲ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਮੁਹਿੰਮ ਆਖਰੀ ਪੜਾਅ ‘ਚ ਹੈ। ਅਮਾਕ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸ਼ਿਸ਼ਾਨੀ ਕਦੋਂ ਮਾਰਿਆ ਗਿਆ ਪਰ ਕਮਾਂਡਰ ਦਾ ਮਾਰਿਆ ਜਾਣਾ ਜਿਹਾਦੀ ਸਮੂਹ ਲਈ ਇਕ ਵੱਡਾ ਝਟਕਾ ਹੈ।















