ਰਾਯਵਰਮ : ਆਂਧਰਾ ਪ੍ਰਦੇਸ਼ ਦੇ ਮਾਰਕਪੁਰਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਬੱਸ ਦੇ ਟਰੱਕ ਨਾਲ ਟਕਰਾਉਣ ਅਤੇ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਵਲੋਂ ਦਿੱਤੀ ਗਈ ਹੈ। ਹਾਦਸੇ ਦੌਰਾਨ ਜਦੋਂ ਬੱਸ ਨੂੰ ਅੱਗ ਲੱਗੀ ਤਾਂ ਬਹੁਤ ਸਾਰੇ ਯਾਤਰੀ ਬੱਸ ਦੇ ਅੰਦਰ ਫਸ ਗਏ, ਜਿਸ ਕਾਰਨ ਉਹ ਬਾਹਰ ਨਹੀਂ ਆ ਸਕੇ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਵੀ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਾਰਕਪੁਰਮ ਦੇ ਪੁਲਸ ਸੁਪਰਡੈਂਟ (ਐਸਪੀ) ਵੀ. ਹਰਸ਼ਵਰਧਨ ਰਾਜੂ ਨੇ ਕਿਹਾ, “ਹਾਦਸੇ ਵਿੱਚ ਚੌਦਾਂ ਲੋਕਾਂ ਦੀ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ 23 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।” ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਹ ਨਿੱਜੀ ਯਾਤਰੀ ਬੱਸ ਤੇਲੰਗਾਨਾ ਦੇ ਜਗਤਿਆਲ ਤੋਂ ਨੇਲੋਰ ਜ਼ਿਲ੍ਹੇ ਦੇ ਕਾਲੀਗਿਰੀ ਜਾ ਰਹੀ ਸੀ ਅਤੇ ਇਸ ਵਿੱਚ ਲਗਭਗ 35 ਯਾਤਰੀ ਸਵਾਰ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਾਦਸੇ ਦੇ ਕਾਰਨਾਂ ਦੀ ਵਿਆਪਕ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।















