ਨੈਸ਼ਨਲ ਡੈਸਕ : ਦਿੱਲੀ ਅਤੇ ਐੱਨਸੀਆਰ ਵਿੱਚ 19 ਤੋਂ 24 ਜੂਨ 2025 ਤੱਕ ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ। ਇਸ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ ਅਤੇ ਤੇਜ਼ ਹਵਾਵਾਂ ਜਾਰੀ ਰਹਿਣਗੀਆਂ। ਵੀਰਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸੰਤੋਸ਼ਜਨਕ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਅਤੇ ਮੌਸਮ ਵਿਭਾਗ ਨੇ ਗਰਜ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਸਮੇਂ ਲਈ ਵੱਖ-ਵੱਖ ਰੰਗਾਂ ਦੇ ਅਲਰਟ ਜਾਰੀ ਕੀਤੇ ਹਨ, ਜਿਸ ਵਿੱਚ ਆਰੇਂਜ ਅਲਰਟ ਅਤੇ ਯੈਲੋ ਅਲਰਟ ਸ਼ਾਮਲ ਹੈ। 19 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਮੌਸਮ ਠੰਡਾ ਹੋ ਜਾਵੇਗਾ।
20 ਤੋਂ 24 ਜੂਨ: ਬੱਦਲਵਾਈ ਅਤੇ ਮੀਂਹ ਦੀ ਸੰਭਾਵਨਾ
20 ਜੂਨ: 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ ਅਤੇ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ।
21 ਜੂਨ: ਹਲਕੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੇ ਨਾਲ ਬੱਦਲਵਾਈ।
22 ਜੂਨ: ਮੌਸਮ ਬੱਦਲਵਾਈ ਰਹੇਗਾ, ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗੇਗੀ।
23 ਜੂਨ: ਤਾਪਮਾਨ ਵਿੱਚ ਗਿਰਾਵਟ ਦੇ ਨਾਲ ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
24 ਜੂਨ: ਹਲਕੀ ਤੋਂ ਦਰਮਿਆਨੀ ਬਾਰਿਸ਼, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।
ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਦੀ ਚਿਤਾਵਨੀ
ਮੌਸਮ ਵਿਭਾਗ ਦੇ ਅਨੁਸਾਰ 19 ਤੋਂ 22 ਜੂਨ ਦੇ ਵਿਚਕਾਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ, ਝਾਰਖੰਡ, ਬਿਹਾਰ, ਓਡੀਸ਼ਾ ਅਤੇ ਗੰਗਾ ਦੇ ਮੈਦਾਨਾਂ ਸਮੇਤ 20 ਰਾਜਾਂ ‘ਚ ਭਾਰੀ ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ‘ਚ ਵੀ 19, 22 ਅਤੇ 23 ਜੂਨ ਨੂੰ ਭਾਰੀ ਮੀਂਹ ਪੈ ਸਕਦਾ ਹੈ। ਅੱਜ ਤੇ ਕੱਲ੍ਹ ਲਈ ਖਾਸ ਕਰਕੇ ਓਡੀਸ਼ਾ ਤੇ ਝਾਰਖੰਡ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਯਾਨੀ ਕਿ ਉੱਥੋਂ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਦੱਖਣੀ ਭਾਰਤ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ, ਮਾਹੇ, ਲਕਸ਼ਦੀਪ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਰਾਇਲਸੀਮਾ ਅਤੇ ਯਾਨਮ ਵਿੱਚ 19 ਜੂਨ ਨੂੰ ਵਿਆਪਕ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, 19 ਤੋਂ 24 ਜੂਨ ਤੱਕ ਮਹਾਰਾਸ਼ਟਰ ਦੇ ਕੋਂਕਣ, ਗੋਆ, ਮਰਾਠਵਾੜਾ ਅਤੇ ਗੁਜਰਾਤ ਖੇਤਰਾਂ ਵਿੱਚ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ ਤੱਕ ਦਿੱਲੀ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ, ਜਿਸ ਨਾਲ ਹੋਰ ਮੀਂਹ ਪੈਣ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਦੌਰਾਨ ਮੌਸਮ ਵਿੱਚ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਵਿਭਾਗ ਦੀ ਸਲਾਹ ਦੀ ਪਾਲਣਾ ਕਰਨ ਦੀ ਲੋੜ ਹੈ। ਅਗਲੇ ਕੁਝ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਵੀ ਦਸਤਕ ਦੇ ਸਕਦਾ ਹੈ। ਸ਼ੁੱਕਰਵਾਰ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਅਤੇ ਸ਼ਨੀਵਾਰ ਅਤੇ ਐਤਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।















