ਅੱਜ ਰਾਜਗ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਜਪਾ ਦੀ ਅਗਵਾਈ ਵਾਲੀ ਰਾਜਗ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ। ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰਾਂ ਦੀ ਅਜਿਹੀ ਮੀਟਿੰਗ ਲੰਬੇ ਸਮੇਂ ਬਾਅਦ ਹੋ ਰਹੀ ਹੈ। ਇਹ ਮੀਟਿੰਗ ਉਪ ਰਾਸ਼ਟਰਪਤੀ ਦੀ ਚੋਣ ਲਈ 7 ਅਗਸਤ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੋ ਰਹੀ ਹੈ।
ਰਾਜਗ ਨੂੰ 21 ਅਗਸਤ ਤੱਕ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਪਵੇਗਾ। ਗੱਠਜੋੜ ਦੇ ਚੋਣ ਮੰਡਲ ’ਚ ਬਹੁਮਤ ਹੋਣ ਕਾਰਨ ਰਾਜਗ ਦੇ ਉਮੀਦਵਾਰ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਇਹ ਮੀਟਿੰਗ ਸੰਸਦ ਸਮਾਗਮ ਦੌਰਾਨ ਹੋ ਰਹੀ ਹੈ ਜਿਸ ਦੀ ਕਾਰਵਾਈ ਹੁਣ ਤੱਕ ਲਗਭਗ ਠੱਪ ਹੀ ਰਹੀ ਹੈ। ਪਹਿਲਗਾਮ ਹਮਲੇ ਤੇ ‘ਆਪ੍ਰੇਸ਼ਨ ਸਿੰਧੂਰ’ ’ਤੇ ਸਿਰਫ 2 ਦਿਨ ਹੀ ਵਿਸ਼ੇਸ਼ ਚਰਚਾ ਹੋ ਸਕੀ ਹੈ।
ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਵਿਰੁੱਧ ਵਿਰੋਧੀ ਪਾਰਟੀਆਂ ਦੋਵਾਂ ਹਾਊਸਾਂ ’ਚ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਮੀਟਿੰਗ ’ਚ ਕਈ ਸਮਕਾਲੀ ਮੁੱਦਿਆਂ ’ਤੇ ਬੋਲ ਸਕਦੇ ਹਨ। ਇਸ ਮੀਟਿੰਗ ’ਚ ਸੰਸਦੀ ਪਾਰਟੀ ਪਹਿਲਗਾਮ ਅੱਤਵਾਦੀ ਹਮਲੇ ਪ੍ਰਤੀ ਸਰਕਾਰ ਦੇ ਫੌਜੀ ਐਕਸ਼ਨ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਵੀ ਦੇ ਸਕਦੀ ਹੈ।