ਸਮਰਾਲਾ : ਸਫ਼ਾਈ ਸੇਵਕ ਯੂਨੀਅਨ ਪੰਜਾਬ (ਬ੍ਰਾਂਚ ਸਮਰਾਲਾ) ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਐਲਾਨ ਕੀਤਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਅਤੇ ਬਰਨਾਲਾ ਵਿਖੇ ਸਫ਼ਾਈ ਮਜ਼ਦੂਰਾਂ ’ਤੇ ਹੋਏ ਅੱਤਿਆਚਾਰ ਦੇ ਰੋਸ ਵਜੋਂ ਵੀਰਵਾਰ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਹੈ।
ਇਹ ਬੰਦ ਸਵੇਰੇ 7:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰਹੇਗਾ, ਜਿਸ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਸਬਜ਼ੀ ਮੰਡੀਆਂ/ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ। ਯੂਨੀਅਨ ਆਗੂ ਨੇ ਸਪੱਸ਼ਟ ਕੀਤਾ ਕਿ ਆਮ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਮੈਡੀਕਲ ਸੇਵਾਵਾਂ, ਸਕੂਲ ਤੇ ਸੜਕੀ ਆਵਾਜਾਈ ਨੂੰ ਛੋਟ ਦਿੱਤੀ ਗਈ ਹੈ ਅਤੇ ਕੋਈ ਵੀ ਚੌਂਕ ਜਾਂ ਸੜਕ ਜਾਮ ਨਹੀਂ ਕੀਤੀ ਜਾਵੇਗੀ।
ਸਰਕਾਰ ਅਤੇ ਮੰਤਰੀਆਂ ਵੱਲੋਂ ਸਮਝੌਤੇ ਬਾਰੇ ਦਿੱਤੇ ਬਿਆਨਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਨੇ ਸਿਰਫ਼ ਕੁਰਸੀਆਂ ’ਤੇ ਬੈਠੇ ਚੇਅਰਮੈਨਾਂ ਨਾਲ ਗੱਲ ਕੀਤੀ ਹੈ, ਜਦਕਿ ਆਮ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਅਜੇ ਵੀ ਅਧੂਰੀਆਂ ਹਨ।















