ਅੱਜ ਤੋਂ ਦਿੱਲੀ-ਹਰਿਆਣਾ ਬਾਰਡਰ ‘ਤੇ ਸਖਤਾਈ, ਬਣਾਏ ਗਏ ਇਹ ਨਿਯਮ

ਨਵੀਂ ਦਿੱਲੀ-ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਭਾਵ ਸ਼ੁੱਕਰਵਾਰ ਤੋਂ ਦਿੱਲੀ-ਹਰਿਆਣਾ ਬਾਰਡਰ ‘ਤੇ ਸਖਤੀ ਕੀਤੀ ਜਾ ਰਹੀ ਹੈ। ਅੱਜ ਤੋਂ ਦਿੱਲੀ ਤੋਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਜਾ ਰਹੇ ਲੋਕਾਂ ਨੂੰ ਕਈ ਨਿਯਮਾਂ ਦੇ ਨਾਲ ਐਂਟਰੀ ਮਿਲੇਗੀ। ਅੱਜ ਤੋਂ ਬਿਨਾ ਪਾਸ ਵਾਲਿਆਂ ਨੂੰ ਹਰਿਆਣਾ ਦੇ ਇਨ੍ਹਾਂ ਜ਼ਿਲਿਆਂ ‘ਚ ਐਂਟਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਹੁਣ ਲੋਕਾਂ ਨੂੰ ਇਨ੍ਹਾਂ ਜ਼ਿਲਿਆਂ ‘ਚ ਐਂਟਰੀ ਤੋਂ ਪਹਿਲਾਂ ਬਾਰਡਰ ‘ਤੇ ਹੀ ਮੈਡੀਕਲ ਜਾਂਚ ਕਰਵਾਉਣੀ ਹੋਵੇਗੀ। ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਜਿਨ੍ਹਾਂ ਨੂੰ ਪਹਿਲਾਂ ਆਗਿਆ ਦਿੱਤੀ ਗਈ ਹੈ, ਉਹ ਬਾਰਡਰ ਦੇ ਆਰ-ਪਾਰ ਜਾ ਸਕਣਗੇ। ਇਹ ਆਦੇਸ਼ 3 ਮਈ ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ। ਗੁਰੂਗ੍ਰਾਮ ਤੋਂ ਲੱਗਣ ਵਾਲੀ ਦਿੱਲੀ ਦੇ ਸਾਰੇ 7 ਬਾਰਡਰਾਂ ‘ਤੇ ਮੈਡੀਕਲ ਟੀਮ ਡਿਊਟੀ ‘ਤੇ ਤਾਇਨਾਤ ਰਹੇਗੀ ਅਤੇ ਬਿਨਾਂ ਜਾਂਚ ਦੇ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।
ਨਿਯਮਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਦਾ ਸਰੀਰਕ ਤਾਪਮਾਨ ਜ਼ਿਆਦਾ ਹੋਇਆ ਤਾਂ ਉਸ ਨੂੰ ਵੀ ਐਂਟਰੀ ਨਹੀਂ ਮਿਲੇਗੀ ਜਾਂ ਫਿਰ ਉਸ ਨੂੰ ਐਂਬੂਲੈਂਸ ਰਾਹੀਂ ਲਿਜਾ ਕੇ ਹੋਮ ਕੁਆਰੰਟੀਨ ਕੀਤਾ ਜਾਵੇਗਾ। ਗੁਰੂਗ੍ਰਾਮ ‘ਚ ਐਂਟਰੀ ਲਈ ਲੋਕਾਂ ਨੂੰ 3 ਪੱਧਰਾ ‘ਤੇ ਜਾਂਚ ਹੋਵੇਗੀ। ਦੇਖਿਆ ਜਾਵੇਗਾ ਕਿ ਸ਼ਖਸ ਦੇ ਫੋਨ ‘ਚ ਆਰੋਗਿਆ ਸੇਤੂ ਐਪ ਹੈ ਜਾਂ ਨਹੀਂ। ਜੇਕਰ ਲੱਛਣ ਦਿਸੇ ਤਾਂ ਰੈਪਿਡ ਜਾਂਚ ਹੋਵੇਗੀ। ਸਰਕਾਰੀ ਦਫਤਰਾਂ ਦੇ ਅਧਿਕਾਰਤ ਅਧਿਕਾਰੀਆਂ ਅਤੇ ਕਰਮਚਾਰੀਆਂ, ਪ੍ਰਧਾਨ ਮੰਤਰੀ ਦਫਤਰ, ਕੇਂਦਰੀ ਗ੍ਰਹਿ ਮੰਤਰਾਲੇ, ਵਿੱਤ, ਰੱਖਿਆ, ਡਾਕ ਵਿਭਾਗ, ਆਫਤ ਪ੍ਰਬੰਧਨ ਅਤੇ ਆਰੰਭਿਕ ਚਿਤਾਵਨੀ ਦੇਣ ਵਾਲੀਆਂ ਏਜੰਸੀਆਂ, ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ, ਭਾਰਤੀ ਖਾਧ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣਾ ਵੈਲਿਡ ਪਛਾਣ ਪੱਤਰ ਦਿਖਾਉਣ ‘ਤੇ ਹੀ ਬਾਰਡਰ ‘ਤੇ ਪਹਿਲਾ ਦੀ ਤਰ੍ਹਾਂ ਆਗਿਆਂ ਮਿਲੇਗੀ।
ਐਂਬੂਲੈਂਸ, ਏ.ਟੀ.ਐੱਮ ਕੈਸ਼ ਵੈਨ, ਐੱਲ.ਪੀ.ਜੀ, ਆਇਲ ਕੰਟੇਨਰ, ਟੈਂਕਰ ਨੂੰ ਵੀ ਆਗਿਆ ਮਿਲੇਗੀ। ਸਬਜ਼ੀਆਂ, ਫਲਾਂ, ਅਨਾਜ, ਅੰਡੇ, ਮਾਸ, ਮੁਰਗੀ, ਦੁੱਧ,ਅਨਾਜ, ਦਾਲ ਅਤੇ ਹੋਰ ਖਾਣ ਦੇ ਸਮਾਨ ਦੀ ਪੂਰਤੀ ਕਰਨ ਵਾਲੇ, ਪਸ਼ੂਆਂ ਅਤੇ ਮੁਰਗੀ ਪਾਲਣ, ਸੂਰ ਪਾਲਣ ਆਦਿ ਲਈ ਹਰਾ, ਸੁੱਕਾ ਚਾਰੇ ਦੀ ਪੂਰਤੀ ਕਰਨ ਵਾਲਿਆਂ ਨੂੰ ਵੀ ਆਉਣ-ਜਾਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਨਿਰਮਾਣ ਲਈ ਜ਼ਰੂਰੀ ਕੱਚਾ ਮਾਲ ਪੂਰਤੀ ਕਰਨ ਵਾਲਿਆਂ ਦੇ ਨਾਲ ਪੀ.ਪੀ.ਈ ਕਿੱਟ, ਮਾਸਕ, ਦਸਤਾਨੇ, ਸੈਨੇਟਾਈਜ਼ਰ, ਵੈਂਟੀਲੇਟਰ ਅਤੇ ਇਸੇ ਤਰ੍ਹਾਂ ਦੀਆਂ ਵਸਤੂਆਂ ਸਪਲਾਈ ਕਰਨ ਵਾਲਿਆਂ ਨੂੰ ਵੀ ਛੁੱਟ ਮਿਲੇਗੀ।