ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਸੋਮਵਾਰ ਨੂੰ ਨਵੀਂ ਗਠਿਤ ਦਿੱਲੀ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕੀ। ਵਿਧਾਨ ਸਭਾ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲੇ, ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਰਾਜ ਨਿਵਾਸ ‘ਚ ਲਵਲੀ ਨੂੰ ਅਹੁਦੇ ਦੀ ਸਹੁੰ ਚੁਕਾਈ। ਅਰਵਿੰਦਰ ਲਵਲੀ ਸਦਨ ‘ਚ ਸੀਨੀਅਰ ਵਿਧਾਇਕਾਂ ‘ਚੋਂ ਇਕ ਹਨ। ਉਹ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਬਾਅਦ ‘ਚ ਨਵੇਂ ਵਿਧਾਨ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ।
ਸਪੀਕਰ ਅਹੁਦੇ ਲਈ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਚੁਣੇ ਜਾਣ ਦੀ ਸੰਭਾਵਨਾ ਹੈ। ਭਾਜਪਾ ਨੇ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ‘ਚ 70 ‘ਚੋਂ 48 ਸੀਟਾਂ ਜਿੱਤ ਕੇ ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਦੇ ਇਕ ਦਹਾਕੇ ਲੰਬੇ ਸ਼ਾਸਨ ਨੂੰ ਖਤਮ ਕਰ ਦਿੱਤਾ। ਵਿਰੋਧੀ ਦਲ ‘ਆਪ’ ਦੇ 22 ਵਿਧਾਇਕ ਸਦਨ ‘ਚ ਹਨ। ‘ਆਪ’ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਚੁਣਿਆ ਹੈ।















