ਅਬਦੁਲ ਕਾਦਿਰ ਨੇ ਆਪਣੇ ਦੇਸ਼ ਦੇ ਕਈ ਦਿੱਗਜ ਕ੍ਰਿਕਟਰਾਂ ‘ਤੇ ਲਾਏ ਮੈਚ ਫ਼ਿਕਸਿੰਗ ਦੇ ਦੋਸ਼

ਕਰਾਚੀਂ ਪਾਕਿਸਤਾਨ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਅਬਦੁਲ ਕਾਦਿਰ ਨੇ ਇਕ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਜਿਸ ਨੇ ਪਾਕਿਸਤਾਨ ਦੇ ਕ੍ਰਿਕਟ ‘ਚ ਹਲ-ਚਲ ਮਚਾ ਦਿੱਤੀ ਹੈ। ਇਕ ਕਾਨਫ਼ਰੰਸ ਦੌਰਾਨ ਅਬਦੁਲ ਕਾਦਿਰ ਨੇ ਵਸੀਮ ਅਕਰਮ, ਵਕਾਰ ਯੂਨਿਸ, ਇੰਜ਼ਮਾਮ ਉਲ ਹੱਕ ਅਤੇ ਮੁਸ਼ਤਾਕ ਅਹਿਮਦ ਨੂੰ ਮੈਚ ਫ਼ਿਕਸਿੰਗ ਦੇ ਸਭ ਤੋਂ ਵੱਡੇ ਦੋਸ਼ੀ ਕਰਾਰ ਦਿੱਤੇ ਹਨ।
ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਜਾਵੇ
ਕਾਦਿਰ ਨੇ ਕਿਹਾ ਕਿ ਇਨ੍ਹਾਂ ਖਿਡਾਰਿਆਂ ਦੀ ਵਜ੍ਹਾ ਕਾਰਨ 90 ਦੇ ਦਹਾਕੇ ਦੇ ਆਖਰੀ ਸਾਲਾਂ ‘ਚ ਪਾਕਿਸਤਾਨ ਕ੍ਰਿਕਟ ‘ਚ ਮੈਚ ਫ਼ਿਕਸਿੰਗ ਨੇ ਦਸਤਕ ਦਿੱਤੀ ਸੀ। ਕਾਦਿਰ ਨੇ ਕਿਹਾ ਕਿ ਜੇਕਰ ਉਸ ਸਮੇਂ ਇਨ੍ਹਾਂ ਦੋਸ਼ੀਆਂ ਨੂੰ ਫ਼ਾਂਸੀ ਦੇ ਦਿੱਤੀ ਜਾਂਦੀ ਤਾਂ ਮੈਚ ਫ਼ਿਕਸਿੰਗ ਦੀ ਜੜ੍ਹ ਉਸ ਜਗ੍ਹਾ ‘ਤੇ ਹੀ ਖਤਮ ਹੋ ਜਾਣੀ ਸੀ। ਉਨ੍ਹਾਂ ਨੇ ਪਾਕਿਸਤਾਨ ਬੋਰਡ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਕਿਹਾ ਕਿ ਮੈਚ ਫ਼ਿਕਸਿੰਗ ਮਾਮਲੇ ‘ਤੇ ਆਈ ਜਸਟਿਸ ਮਲਿਕ ਮੁਹੰਮਦ ਖ਼ਯਾਮ ਦੀ ਰਿਪੋਰਟ ਨੂੰ ਹੁਣ ਤੱਕ ਲਾਗੂ ਕਿਉ ਨਹੀਂ ਕੀਤਾ ਗਿਆ ਹੈ। ਉਨ੍ਹਾਂ ਪੁੱਛਿਆ ਕਿ ਵਸੀਮ, ਵਕਾਰ, ਇੰਜਮਾਮ ਅਤੇ ਮੁਸ਼ਤਾਕ ਸਮੇਤ ਪੀ. ਸੀ. ਬੀ. ਨਾਲ ਜੁੜੇ ਇਹ ਸਾਰੇ ਲੋਕ ਜਸਟਿਸ ਖ਼ਯਾਮ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਿਉ ਨਹੀਂ ਕਰਦੇ।
ਪੀ. ਐੱਸ. ਐੱਲ ‘ਚ ਫ਼ਸੇ 5 ਖਿਡਾਰੀ
ਅਬਦੁਲ ਕਾਦਿਰ ਪਾਕਿਸਤਾਨ ਦੇ ਸੁਪਰ ਲੀਗ (ਪੀ. ਐੱਸ. ਐੱਲ) ‘ਚ ਸਪਾਟ ਫ਼ਿਕਸਿੰਗ ‘ਚ ਫ਼ਸ ਰਹੇ ਕ੍ਰਿਕਟਰਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਹਾਲ ਹੀ ‘ਚ ਦੁੰਬਈ ਅਤੇ ਪਾਕਿਸਤਾਨ ‘ਚ ਖੇਡੀ ਗਈ ਪੀ. ਐੱਸ. ਐੱਲ. ਲੀਗ ‘ਚ ਪਾਕਿਸਤਾਨ ਦੇ ਖਾਲਿਦ ਲਤੀਫ਼, ਸ਼ਾਰਜ਼ਿਲ ਖਾਨ, ਮੁਹੰਮਦ ਇਰਫ਼ਾਨ, ਅਤੇ ਸ਼ਾਹਜੈਬ ਹਸਨ ਸਮੇਤ 5 ਕ੍ਰਿਕਟਰ ਸਪਾਟ ਫ਼ਿਕਸਿੰਗ ਕਾਰਨ ਮੁਅੱਤਲ ਹੋ ਚੁੱਕੇ ਹਨ। ਪੀ. ਐੱਸ. ਐੱਲ. ਪਾਕਿਸਤਾਨ ਦੀ ਘਰੇਲੂ ਲੀਗ ਹੈ ਅਤੇ ਇਸ ਲੀਗ ਦੌਰਾਨ ਕਈ ਕ੍ਰਿਕਟਰ ਸਪਾਟ ਫ਼ਿਕਸਿੰਗ ਦੇ ਮਾਮਲੇ ‘ਚ ਫ਼ਸੇ ਹੋਏ ਹਨ।
ਟੀਮ ਦੇ ਕਪਤਾਨ ਰਹਿ ਚੁੱਕੇ ਹਨ ਇੰਜ਼ਮਾਮ ਉਲ ਹੱਕ
ਦੱਸਣਯੋਗ ਹੈ ਕਿ ਅਬਦੁਲ ਕਾਦਿਰ ਨੇ ਜਿਨ੍ਹਾਂ ਸਾਬਕਾ ਖਿਡਾਰੀਆਂ ‘ਤੇ ਫ਼ਿਕਸਿੰਗ ਦਾ ਦੋਸ਼ ਲਗਾਇਆ ਹੈ ਉਹ ਸਾਰੇ ਪਾਕਿਸਤਾਨ ਟੀਮ ਨੂੰ ਬਹੁਤ ਸਾਰੇ ਮੈਚਾਂ ‘ਚ ਜਿੱਤ ਹਾਸਲ ਕਰਵਾ ਚੁੱਕੇ ਹਨ। ਵਸੀਮ ਅਕਰਮ, ਵਕਾਰ ਯੂਨਿਸ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਰਹਿ ਚੁੱਕੇ ਹਨ ਅਤੇ ਇਜ਼ਮਾਮ ਉਲ ਹੱਕ ਬੱਲੇਬਾਜ਼ ਸਨ ਅਤੇ ਮੁਸ਼ਤਾਕ ਅਹਿਮਦ ਇਕ ਸਪਿਨਰ ਗੇਂਦਬਾਜ਼ ਸਨ। ਇਨ੍ਹਾਂ ‘ਚੋਂ ਤਿੰਨ ਖਿਡਾਰੀ ਤਾਂ ਪਾਕਿਸਤਾਨ ਟੀਮ ਲਈ ਅਲੱਗ ਅਲੱਗ ਕਪਤਾਨੀ ਵੀ ਕਰ ਚੁੱਕੇ ਹਨ। ਇਹ 4 ਖਿਡਾਰੀ ਪਾਕਿਸਤਾਨ ਲਈ 90 ਦੇ ਦਹਾਕੇ ਲਈ ਖੇਡਦੇ ਸਨ। ਇਸ ਦੌਰਾਨ ਕਾਦਿਰ ਵੱਲੋਂ ਇਨ੍ਹਾਂ ਖਿਡਾਰੀਆਂ ‘ਤੇ ਵੱਡਾ ਦੋਸ਼ ਲਗਾਉਣ ਦਾ ਕੋਈ ਤਾਂ ਕਾਰਨ ਹੋਵੇਗਾ ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਫ਼ਾਂਸੀ ਹੋਣੀ ਚਾਹੀਦੀ ਸੀ ।