ਰੂਹਾਨੀ ਇਸ਼ਕਾਂ, ਰਮਜ਼ਾਂ ‘ਤੇ ਬੇਪਰਵਾਹੀਆਂ ਨਾਲ ਲਬਰੇਜ਼, ਗੁਲਕੰਦ ਵਰਗੇ ਲਫ਼ਜ਼ਾਂ ‘ਚ ਅਹਿਸਾਸ ਤੇ ਜ਼ਜਬਾਤ ਨੂੰ ਕੈਦ ਕਰਨ ਵਾਲਾ ਸੂਖਮ (ਪੂਰਾ ਨਾਮ ਐੱਸ. ਮਨਜੀਤ ਸੂਖਮ) ਹੁਣ ਤਕ ‘ਕਬਰ ਦਾ ਫੁੱਲ’ (2011), ‘ਬਿਖਰੇ ਅਲਫ਼ਾਜ਼’ (2015) ਅਤੇ ‘ਮੈਂ ਕੌਣ ਹਾਂ’ (ਨਾਵਲੈੱਟ, 2016) ਪੁਸਤਕਾਂ ਸਾਹਿਤ-ਜਗਤ ਦੀ ਝੋਲੀ ਪਾ ਚੁੱਕਾ ਹੈ। ‘ਪਲੈਟੋ’ ਦੁਆਰਾ ‘ਸੁਕਰਾਤ’ ਦੀ ਜ਼ਿੰਦਗੀ ਬਾਰੇ ਲਿਖੀ ਕਿਤਾਬ ਦਾ ਪੰਜਾਬੀ ਅਨੁਵਾਦ ਅਤੇ ਉਸ ਦੀਆਂ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਦੀ ਇੱਕ ਕਿਤਾਬ ਛਪਾਈ ਅਧੀਨ ਹਨ। ਇਸ ਤੋਂ ਇਲਾਵਾ ‘ਤ੍ਰਿਵੈਣੀ’ ਅਤੇ ‘ਕਿਰਨਾਂ ਦਾ ਕਬੀਲਾ’ ਦੋ ਸਾਂਝੇ ਕਾਵਿ-ਸੰਗ੍ਰਿਹਾਂ ਵਿੱਚ ਵੀ ਉਸ ਦੀਆਂ ਕਵਿਤਾਵਾਂ ਨੇ ਹਾਜ਼ਰੀ ਲਵਾਈ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਘੁਮਿਆਰਾ ਵਿੱਚ ਮਾਤਾ ਸੁਖਵੀਰ ਕੌਰ ਤੇ ਪਿਤਾ ਸਵ. ਜਸਮੇਲ ਸਿੰਘ ਦੇ ਘਰ ਜਨਮਿਆ, ਦੋ ਭੈਣਾਂ ਦਾ ਭਾਈ ਸੂਖਮ ਦਸਦਾ ਹੈ ਕਿ ਪੰਜਵੀਂ ਜਮਾਤ ਵਿੱਚ ਹੀ ਪਿਤਾ ਜੀ ਦੇ ਦੇਹਾਂਤ ਨੇ ਜਿੱਥੇ ਪਰਿਵਾਰਿਕ ਜਿੰਮੇਵਾਰੀਆਂ ਅਤੇ ਆਰਥਿਕ ਕਮੀਆਂ ਦਾ ਜੰਜਾਲ ਉਸ ਦੇ ਗਲੇ ਪਾਇਆ, ਸੰਵੇਦਨਸ਼ੀਲ ਸੁਭਾਅ ਨੇ ਵੀ ਉਸ ਨੂੰ ਹਮੇਸ਼ਾਂ ਕਾਲਪਨਿਕ ਤੋਂ ਵਾਸਤਵਿਕ ਸੰਸਾਰ ਦੇ ਕੌੜੇ-ਮਿੱਠੇ ਤਜਰਬਿਆਂ ਦੇ ਰੂਬਰੂ ਕਰਾਇਆ।ઠ ਅਠਵੀਂ ਜਮਾਤ ‘ਚ ਪੜ੍ਹਦਿਆਂ ਦੇਸ਼-ਭਗਤੀ ਅਤੇ ਧਾਰਮਿਕ ਭਾਵਨਾਵਾਂ ਨੂੰ ਲੇਖਾਂ, ਸ਼ੇਅਰਾਂ ‘ਚ ਕੈਦ ਕਰਦਿਆਂ ਕਦੋਂ ਉਹ ਸ਼ਾਇਰੀ ਦੀ ਸੁਰ ‘ਚ ਇਕਸੁਰ ਹੋ ਗਿਆ, ਉਸ ਨੂੰ ਖ਼ੁਦ ਨੂੰ ਵੀ ਪਤਾ ਨਹੀਂ।ઠ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਬਾਅਦ ਸ਼ਹੀਦ ਭਗਤ ਸਿੰਘ ਕਾਲਜ ਤੋਂ ਉਸ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੌਮਾ ਕੀਤਾ ਅਤੇ ਬੀ. ਆਰ. ਮਹਿੰਦਰਾ ਕਾਲਜ ਵਿੱਚ ਲੈਬ ਅਟੈਂਡੈਂਟ ਵਜੋਂ ਕੰਮ ਕਰਨ ਲੱਗ ਗਿਆ।ઠ ਨਾਲ-ਨਾਲ ਸਾਹਿਤਕ ਸਰਗਰਮੀਆਂ ਵਿੱਚ ਸਰਗਰਮ ਰਹਿੰਦਿਆਂ ਵੀ ਕਵਿਤਾਵਾਂ, ਗਜ਼ਲਾਂ ਅਤੇ ਗੀਤ ਲਿਖਦਾ ਰਿਹਾ।ઠ
ਬੇਸ਼ਕ ਸੂਖਮ ਨੂੰ ਜ਼ਿੰਦਗੀ ਹਮੇਸ਼ਾ ਪੱਥਰਾਂ, ਕੰਡਿਆਂ ਦਾ ਰੂਪ ਧਾਰ ਕੇ ਮਿਲਦੀ ਰਹੀ, ਪਰ ਉਸ ਦੀ ਫ਼ਕੀਰਾਂ ਵਰਗੀ ਤਬੀਅਤ ਨੇ ਹਰ ਦੁੱਖ ਸੁੱਖ ਨੂੰ ਸੀਨੇ ਲਾਇਆ। ਬਹੁਤਾ ਸੁਣਨਾ, ਬਹੁਤਾ ਪੜ੍ਹਨਾ, ਲਗਾਤਾਰ ਲਿਖਣਾ ਅਤੇ ਘੱਟ ਬੋਲਣਾ ਉਸ ਦੀ ਸ਼ਖ਼ਸੀਅਤ ਦੀਆਂ ਰੰਗਲੀਆਂ ਮੁਦਰਾਵਾਂ ਹਨ। ਦੁੱਖਾਂ-ਸੁੱਖਾਂ, ਜਿੱਤਾਂ-ਹਾਰਾਂ ਅਤੇ ਜ਼ਿੰਦਗੀ-ਮੌਤ ਨੂੰ ਤਨ ਦੀ ਖ਼ੁਸ਼ਬੂ ਵਾਂਗ ਹੰਢਾਉਣਾ, ਆਦਿ ਉਸ ਦੀ ਆਦਤ ਦਾ ਹਿੱਸਾ ਬਣ ਗਏ ਹਨ। ਉਹ ਅਕਸਰ ਕਹਿੰਦਾ ਹੈ ਕਿ ”ਜਦ ਤੁਰਦਾ ਹਾਂ ਤਾਂ ਸੰਗ ਮੇਰੇ ਕਵਿਤਾਵਾਂ ਤੁਰਦੀਆਂ ਨੇ, ਬਣ ਕੇ ਧੀਆਂ, ਭੈਣਾਂ, ਮਹਿਬੂਬ ਜਾਂ ਮਾਵਾਂ ਤੁਰਦੀਆਂ ਨੇ।”
ਆਪਣੀ ਪੜ੍ਹਾਈ ਨੂੰ ਜਾਰੀ ਰੱਖਦਿਆਂ ਸੂਖਮ ਨੇ ਬੀ. ਏ. ਕੀਤੀ ਅਤੇ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ ‘ਚ ਐੱਮ. ਏ. ਪੰਜਾਬੀ ਦਾ ਵਿਦਿਆਰਥੀ ਹੈ। ਇਸੇ ਦੌਰਾਨ ਉਸ ਨੇ ਅਧਿਆਪਨ ਦਾ ਕਿੱਤਾ ਛੱਡ ਕੇ ਇੰਜੀਨੀਅਰਿੰਗ ਖੇਤਰ ਵਿੱਚ ਕਾਰਜ ਸ਼ੁਰੂ ਕੀਤਾ।
ਉਸ ਦੀਆਂ ਗਜ਼ਲਾਂ ਤੇ ਕਵਿਤਾਵਾਂ ਵਿੱਚ ਜ਼ਿੰਦਗੀ, ਮੁਹੱਬਤ, ਸੰਘਰਸ਼ ਅਤੇ ਸਮਾਜਿਕ ਥੁੜਾਂ-ਤੰਗੀਆਂ ਦੀ ਵਿਆਖਿਆ ਹੈ। ਸੂਖਮ ਰੱਬ ਨਾਲ ਬਹਿ ਕੇ ਜਾਮ ਪੀਣ ਦੀਆਂ ਗੱਲਾਂ ਵੀ ਕਰਦਾ ਹੈ। ਉਸ ਦੇ ਖ਼ਿਆਲਾਂ ਅੰਦਰ ‘ਰਾਧਾ’, ‘ਰੁਕਮਣੀਆਂ’, ‘ਮੀਰਾ’, ‘ਮਨਸੂਰ’ ਹੋਰੀਂ ਨੱਚਦੇ ਨੇ। ਉਹ ‘ਸ਼ਾਹ ਹੁਸੈਨ’, ‘ਨਾਨਕ’, ‘ਗੌਤਮ’ ਹੋਣ ਦੇ ਤੰਦ-ਤਾਣੇ ਐਦਾਂ ਬੁਣਦਾ ਹੈ ਕਿ ਉਸ ਦੀਆਂ ਕਵਿਤਾਵਾਂ ਪੜ੍ਹਨ ਵਾਲੇ ਉਸ ਦੇ ਆਸ਼ਿਕ ਹੋ ਬਹਿੰਦੇ ਹਨ। ਆਪਣੀ ਕਿਤਾਬ ‘ਬਿਖਰੇ ਅਲਫ਼ਾਜ਼’ (2015) ਵਿੱਚ ਉਹ ਆਪ ਲਿਖਦਾ ਹੈ , ”ਘਾਹ ‘ਤੇ ਮੇਲ੍ਹਦੇ ਨਾਗਾਂ, ਵੱਟਾਂ ‘ਤੇ ਤੁਰਦੀਆਂ ਸਾਦ-ਮੁਰਾਦੀਆਂ ਔਰਤਾਂ, ਰੇਤਿਆਂ ‘ਚ ਖੇਡਦੇ ਬੱਚਿਆਂ ‘ਤੇ ਬਾਣੀ ਪੜ੍ਹਦਿਆਂ ਬਜ਼ੁਰਗਾਂ ਨਾਲ ਮੁਹੱਬਤ ਹੈ, ਮੈਨੂੰ। ਝਾਂਜਰਾਂ ਦੀ ਛਣ-ਛਣ, ਚੁੰਨੀਆਂ ਦੇ ਗੂਹੜੇ ਰੰਗਾਂ, ਵੰਗਾਂ ਦੇ ਸ਼ੋਰ ਅਤੇ ਬੇਪਰਵਾਹ ਹਾਸਿਆਂ ਦਾ ਆਸ਼ਿਕ ਹਾਂ ਮੈਂ।”ਕਈ ਸਾਹਿਤਕ ਸਭਾਵਾਂ ਨਾਲ ਜੁੜਿਆ ਸੂਖਮ, ਸਕੂਲ ਤੋਂ ਕਾਲਜ ਤਕ ਹੁੰਦਿਆਂ ਅਨੇਕਾਂ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਤੋਂ ਮਾਨ-ਸਨਮਾਨ ਪ੍ਰਾਪਤ ਕਰ ਚੁੱਕਾ ਹੈ। ‘ਜੱਗ ਬਾਣੀ’, ‘ਨਕਸ਼’, ‘ਸ਼ਬਦ ਬੂੰਦ’, ਆਦਿ ਅਨੇਕਾਂ ਅਖਬਾਰਾਂ, ਮੈਗਜ਼ੀਨਾਂ ਵਿੱਚ ਉਸ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ। ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੀ ਇੱਛਾ ਲੈ ਕੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਹੈ। ਛੋਟੀ ਉਮਰ ‘ਚ ਜ਼ਿੰਦਗੀ ਦੇ ਵੱਡੇ ਤਜਰਬੇ ਹੰਢਾਉਣ ਵਾਲਾ ਸੂਖਮ ਨੌਜਵਾਨਾਂ ਨੂੰ ਨਸ਼ਿਆਂ, ਸੌੜੀ ਸੋਚ, ਧਾਰਮਿਕ ਕੱਟੜਤਾ, ਲੱਚਰਤਾ ਅਤੇ ਡਿਗਦੇ ਮਾਨਸਿਕ ਸਤਰ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ।ਸ਼ਾਲਾ! ਮਿੱਟੀ ਦੀ ਮਹਿਕ ਜਿਹੀਆਂ, ਮਹਿਬੂਬ ਦੇ ਦੀਦਾਰ ਜਿਹੀਆਂ, ਰੁਮਕਦੀ ਪੌਣ ਜਿਹੀਆਂ, ਨੱਚਦੇ ਫ਼ੱਕਰਾਂ ਜਿਹੀਆਂ, ਰਸ ਭਿੱਜੀਆਂ ਉਸ ਦੀਆਂ ਕਵਿਤਾਵਾਂ ਪਾਠਕਾਂ ਦੇ ਦਿਲ ਟੁੰਬਦੀਆਂ ਰਹਿਣ ਅਤੇ ਪੰਜਾਬੀ ਮਾਂ-ਬੋਲੀ ਦੇ ਕੰਨੀਂ, ਸੋਨ ਬੁੰਦਿਆਂ ਵਾਂਗ ਸਜਦੀਆਂ ਰਹਿਣ। ઠਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ ‘ਸੂਖਮ ਸ਼ਾਇਰ’ (96464-81543)