ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਹੋਰ ਗੜਬੜੀਆਂ ਦੇ ਆਧਾਰ ‘ਤੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ-ਗਰੈਜੂਏਟ’ (ਨੀਟ-ਯੂਜੀ) 2024 ਨੂੰ ਮੁੜ ਤੋਂ ਕਰਵਾਉਣ ਦੀ ਅਪੀਲ ਵਾਲੀ ਪਟੀਸ਼ਨ ‘ਤੇ ਮੰਗਲਵਾਰ ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਤੋਂ ਜਵਾਬ ਮੰਗਿਆ। ਜੱਜ ਵਿਕਰਮ ਨਾਥ ਅਤੇ ਜੱਜ ਅਹਿਸਾਨੁਦੀਨ ਅਮਾਨੁੱਲਾਹ ਦੀ ਬੈਂਚ ਨੇ ਹਾਲਾਂਕਿ ਸਫ਼ਲ ਵਿਦਿਆਰਥੀਆਂ ਨੂੰ ਬੈਚਲਰ ਆਫ਼ ਮੈਡੀਸਿਨ, ਬੈਚਲਰ ਆਫ਼ ਸਰਜਰੀ (ਐੱਮ.ਬੀ.ਬੀ.ਐੱਸ.), ਬੈਚਲਰ ਆਫ਼ ਡੈਂਟਲ ਸਰਜਰੀ (ਬੀ.ਡੀ.ਐੱਸ.) ਅਤੇ ਹੋਰ ਪਾਠਕ੍ਰਮਾਂ ‘ਚ ਪ੍ਰਵੇਸ਼ ਦੇਣ ਲਈ ਕਾਊਂਸਲਿੰਗ ਦੀ ਪ੍ਰਕਿਰਿਆ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।
ਨੀਟ-ਯੂਜੀ 2024, 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨ ਕੀਤੇ ਗਏ। ਐੱਨ.ਟੀ.ਏ. ਦੇਸ਼ ਭਰ ਦੀਆਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ‘ਚ ਐੱਮ.ਬੀ.ਬੀ.ਐੱਸ., ਬੀ.ਡੀ.ਐੱਸ., ਆਯੂਸ਼ ਅਤੇ ਹੋਰ ਸੰਬੰਧਤ ਪਾਠਕ੍ਰਮਾਂ ‘ਚ ਪ੍ਰਵੇਸ਼ ਲਈ ਨੀਟ-ਯੂਜੀ ਆਯੋਜਿਤ ਕਰਦੀ ਹੈ। ਸੁਪਰੀਮ ਕੋਰਟ ਨੇ ਸ਼ਿਵਾਂਗੀ ਮਿਸ਼ਰਾ ਅਤੇ ਹੋਰ ਵਲੋਂ ਦਾਖ਼ਲ ਪਟੀਸ਼ਨ ਨੂੰ ਪੈਂਡਿੰਗ ਪਟੀਸ਼ਨ ਨਾਲ ਜੋੜ ਕੇ ਐੱਨ.ਟੀ.ਏ. ਨੂੰ ਜਲਦ ਤੋਂ ਜਲਦ ਜਵਾਬ ਦਾਖ਼ਲ ਕਰਨ ਲਈ ਕਿਹਾ। ਪਟੀਸ਼ਨ ‘ਚ ਦੋਸ਼ ਲਗਾਇਆ ਗਿਆ ਕਿ ਨੀਟ-ਯੂਜੀ 2024 ‘ਚ ਗੜਬੜੀ ਕੀਤੀ ਗਈ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਕਈ ਮਾਮਲੇ ਆਏ ਹਨ।