ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ਦੀ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਮੁਆਫੀ ਮੰਗੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਓਟਾਵਾ ਅਸੈਂਬਲੀ ਵਿਚ ਵਿਸਾਖੀ ਮੌਕੇ ਖਾਲਸਾ ਸਥਾਪਨਾ ਦਿਵਸ ਦੇ ਜਸ਼ਨਾਂ ਮੌਕੇ ਸ੍ਰੀ ਟਰੂਡੋ ਵੱਲੋਂ ਕੀਤੇ ਗਏ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸਕਾਰਾਤਮਕ ਰੁਝਾਨ ਹੈ ਕਿ ਕੈਨੇਡਾ ਦੀ ਸਰਕਾਰ ਨੇ 1914 ਵਿਚ ਪੰਜਾਬੀ ਭਾਈਚਾਰੇ ਨੂੰ ਕਾਮਾਗਾਟਾ ਮਾਰੂ ਦੁਖਾਂਤ ਦੇ ਲੱਗੇ ਜਖਮਾਂ ਉੱਤੇ ਮੱਲ੍ਹਮ ਲਾਉਣ ਲਈ ਮੁਆਫੀ ਮੰਗਣ ਦਾ ਫੈਸਲਾ ਕੀਤਾ ਹੈ। ਸ. ਬਾਦਲ ਨੇ ਅਗਾਂਹ ਕਿਹਾ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਮੁਆਫੀ ਮੰਗੇ ਜਾਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਸਾਲਾਂ ਤੋਂ ਅਣਥੱਕ ਯਤਨ ਕੀਤੇ ਜਾ ਰਹੇ ਸਨ।
ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਵੀ 26 ਮਈ 2015 ਨੂੰ ਇਕ ਮਤਾ ਪਾਸ ਕੀਤਾ ਸੀ ਜਿਸ ਵਿਚ ਕੈਨੇਡਾ ਦੀ ਪਾਰਲੀਮੈਂਟ ਤੋਂ ਜੁਲਾਈ 1914 ਵਿਚ ਕਲਕੱਤਾ (ਕੋਲਕਾਤਾ) ਦੇ ਕੰਢੇ ਬਰਤਾਨਵੀ ਫੌਜਾਂ ਵੱਲੋਂ 19 ਸੁਤੰਤਰਤਾ ਸੰਗਰਾਮੀਆਂ ਦੀ ਹੱਤਿਆਂ ਦੇ ਦੁਖਾਂਤ ਲਈ ਮੁਆਫੀ ਦੀ ਮੰਗ ਕੀਤੀ ਗਈ ਸੀ। ਉਸ ਸਮੇਂ ਅੰਗਰੇਜ਼ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨਾਲ ਭਰੇ ਸਮੁੰਦਰੀ ਜਹਾਜ਼ ਨੂੰ ਵੈਨਕੂਵਰ ਤੋਂ ਵਾਪਸ ਕਲਕੱਤਾ ਭੇਜ ਦਿੱਤਾ ਗਿਆ ਸੀ।
ਉੱਪ ਮੁੱਖ ਮੰਤਰੀ ਨੇ ਯਾਦਾਂ ਦੇ ਝਰੋਖੇ ਵਿਚ ਝਾਤੀ ਮਾਰਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਬਾਬਾ ਗੁਰਦਿੱਤ ਸਿੰਘ ਨੇ ਇਕ ਜਾਪਾਨੀ ਜਹਾਜ਼ ‘ਕਾਮਾਗਾਟਾ ਮਾਰੂ’ ਕਿਰਾਏ ਉੱਤੇ ਲਿਆ ਸੀ ਤਾਂ ਜੋ ਹਾਂਗਕਾਂਗ ਵਿਚ ਫਸੇ ਪੰਜਾਬੀਆਂ ਨੂੰ ਮੁਕਤ ਕਰਵਾ ਕੇ ਕੈਨੇਡਾ ਪਹੁੰਚਾਇਆ ਜਾ ਸਕੇ।ਕਾਮਾਗਾਟਾ ਮਾਰੂ ਜਹਾਜ਼ ਨੂੰ ਕਿਰਾਏ ਉੱਤੇ ਲੈਣ ਪਿੱਛੇ ਬਾਬਾ ਗੁਰਦਿੱਤ ਸਿੰਘ ਦਾ ਮਕਸਦ ਲਗਾਤਾਰ ਯਾਤਰਾ ਦੇ ਕਾਨੂੰਨ ਨੂੰ ਚੁਣੌਤੀ ਦੇਣਾ ਅਤੇ ਆਜ਼ਾਦੀ ਦੇ ਸੰਗਰਾਮ ਮੌਕੇ ਬਰਤਾਨਵੀ ਭਾਰਤ ਤੋਂ ਕੈਨੇਡਾ ਵੱਲ ਪ੍ਰਵਾਸ ਦੇ ਦਰਵਾਜੇ ਖੋਲ੍ਹਣਾ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਜ਼ਾਦੀ ਸੰਗਰਾਮੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਕੈਨੇਡੀਅਨ ਸਰਕਾਰ ਨੇ ਵੈਨਕੂਵਰ ਬੰਦਰਗਾਹ ਵਿਖੇ 23 ਮਈ ਤੋਂ 23 ਜੁਲਾਈ 1914 ਤੱਕ ਬੰਦੀ ਬਣਾਈ ਰੱਖਿਆ ਸੀ ਅਤੇ ਫੇਰ ਇਸਨੂੰ ਜਬਰਦਸਤੀ ਭਾਰਤ ਭੇਜ ਦਿੱਤਾ ਸੀ। ਜਦੋਂ ਇਹ ਜਹਾਜ਼ ਕਲਕੱਤਾ ਦੇ ਬਜਬਜ ਘਾਟ ਵਿਖੇ 29 ਸਤੰਬਰ 1914 ਨੂੰ ਪਹੁੰਚਿਆ ਤਾਂ ਅੰਗਰੇਜ਼ ਸਰਕਾਰ ਨੇ 19 ਆਜ਼ਾਦੀ ਸੰਗਰਾਮੀਆਂ ਨੂੰ ਗੋਲੀਆਂ ਨਾਲ ਹਲਾਕ ਕਰ ਦਿੱਤਾ ਅਤੇ ਕਈਆਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ।