ਸਿੱਖ ਭਾਈਚਾਰਾ ਤੇ ਮੋਦੀ ਬਨਾਮ ਟਰੂਡੋ

dar-300x111ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ, ”ਮੇਰੀ ਕੈਬਨਿਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਵਿੱਚ ਜ਼ਿਆਦਾ ਸਿੱਖ ਮੰਤਰੀ ਹਨ।” ਇਸ ਵਿੱਚ ਸ਼ੱਕ ਵੀ ਕੋਈ ਨਹੀਂ ਹੈ। ਇਸ ਸਮੇਂ ਕੈਨੇਡਾ ਦੀ ਸੰਸਦ ਵਿੱਚ 17 ਤਾਂ ਮੈਂਬਰ ਪਾਰਲੀਮੈਂਟ ਸਿੱਖ ਹਨ ਜਦਕਿ ਚਾਰ ਮੰਤਰੀ ਵੀ ਸਿੱਖ ਹਨ। ਇਨ੍ਹਾਂ ਵਿੱਚ ਇਕ ਸਿੱਖ ਸ੍ਰ. ਹਰਜੀਤ ਸਿੰਘ ਸੱਜਣ ਨੂੰ ਤਾਂ ਰੱਖਿਆ ਮੰਤਰੀ ਬਣਾਇਆ ਗਿਆ ਜਦਕਿ ਅਮਰਜੀਤ ਸਿੰਘ ਸੋਹੀ ਅਤੇ ਸ੍ਰ. ਨਵਦੀਪ ਸਿੰਘ ਬੈਂਸ ਨੂੰ ਵੀ ਮਹੱਤਵਪੂਰਨ ਅਹੁਦੇ ਸੌਂਪੇ ਗਏ ਹਨ। ਜਸਟਿਨ ਟਰੂਡੋ ਦੇ ਬਿਆਨ ਦਾ ਨਰੇਂਦਰ ਮੋਦੀ ‘ਤੇ ਕੀ ਅਸਰ ਹੁੰਦਾ ਹੈ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਅੱਜ ਪੰਜਾਬ ਵਾਸੀ ਇਹ ਮਹਿਸੂਸ ਕਰਦੇ ਹਨ ਕਿ ਭਾਵੇਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਮੰਨਿਆ ਜਾਂਦਾ ਹੈ ਪਰ ਡਾ. ਮਨਮੋਹਨ ਸਿੰਘ ਦੇ ਮੌਕੇ ਸਿੱਖਾਂ ਦਾ ਜ਼ਿਆਦਾ ਮਾਣ ਸਤਿਕਾਰ ਸੀ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਖੁਦ ਇਹ ਗੱਲ ਮਹਿਸੂਸ ਕਰਦੇ ਹੋਣਗੇ ਕਿ ਨਰੇਂਦਰ ਮੋਦੀ ਤੋਂ ਜੋ ਉਨ੍ਹਾਂ ਨੂੰ ਆਸਾਂ ਸਨ ਉਹ ਪੂਰੀਆਂ ਨਹੀਂ ਹੋਈਆਂ।
ਡਾ. ਮਨਮਹੋਨ ਸਿੰਘ ਦੇ ਕਾਰਜਕਾਲ ਵਿੱਚ ਪਹਿਲੀ ਵਾਰ ਮਿਲਟਰੀ ਦੇ ਚੀਫ਼ ਜਨਰਲ ਜੇ.ਜੇ. ਸਿੰਘ ਬਣੇ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਕਦੇ ਵੀ ਕਿਸੇ ਸਿੱਖ ਨੂੰ ਫ਼ੌਜ ਮੁਖੀ ਨਹੀਂ ਬਣਾਇਆ ਗਿਆ। ਹੁਣ ਤਕ ਸਿੱਖਾਂ ਨੂੰ ਇਸ ਅਹੁਦੇ ਤੋਂ ਅਣਗੌਲਿਆ ਹੀ ਕੀਤਾ ਜਾਂਦਾ ਰਿਹਾ। ਇਸ ਤੋਂ ਇਲਾਵਾ ਕਈ ਸਿੱਖ ਸਿਆਸਤਦਾਨਾਂ ਨੂੰ ਦੂਜੇ ਸੂਬਿਆਂ ਵਿੱਚ ਗਵਰਨਰ ਵੀ ਲਗਾਇਆ ਗਿਆ। ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਅਕਸਰ ਹੀ, ਦਿੱਲੀ ਚਲੇ ਜਾਂਦੇ ਸਨ ਅਤੇ ਪੰਜਾਬ ਦੀਆਂ ਮੰਗਾਂ ਬਾਬਤ ਸ੍ਰ. ਮਨਮੋਹਨ ਸਿੰਘ ਨੂੰ ਜਾਣੂ ਕਰਵਾ ਦਿੰਦੇ ਸਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਵੀ ਲੈਂਦੇ ਸਨ। ਇਸ ਦੇ ਉਲਟ ਜਦੋਂ ਤੋਂ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਉਦੋਂ ਤੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਪੂਰੀ ਆਜ਼ਾਦੀ ਜਾਂ ਹੱਕ ਨਾਲ ਨਰੇਂਦਰ ਮੋਦੀ ਨੂੰ ਨਹੀਂ ਮਿਲ ਸਕੇ। ਸ੍ਰ. ਸੁਖਬੀਰ ਸਿੰਘ ਬਾਦਲ ਤਾਂ ਬਹੁਤ ਹੀ ਘੱਟ ਵਾਰ ਨਰੇਂਦਰ ਮੋਦੀ ਨੂੰ ਮਿਲੇ ਹਨ। ਜਦੋਂ ਮੁੱਖ ਮੰਤਰੀ ਨੇ ਪੰਜਾਬ ਲਈ ਆਰਥਿਕ ਪੈਕੇਜ ਦੀ ਗੱਲ ਕੀਤੀ ਤਾਂ ਵਿੱਤ ਮੰਤਰੀ ਅਰਲਾਈਨ ਚੱਕਰਨ ਜੇਤਲੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਪੰਜਾਬ ਨੂੰ ਤਾਂ ਪਹਿਲਾਂ ਹੀ ਡਾ. ਮਨਮੋਹਨ ਸਿੰਘ ਨੇ ਕਾਫ਼ੀ ਆਰਥਿਕ ਸਹਾਇਤਾ ਦਿੱਤੀ ਹੋਈ ਹੈ। ਜਿਵੇਂ ਅਕਾਲੀ ਦਲ ਕੌਮੀ ਜਮਹੂਰੀ ਗਠਜੋੜ ਦਾ ਸਭ ਤੋਂ ਪੁਰਾਣਾ ਮੈਂਬਰ ਹੈ ਅਤੇ ਪੰਜਾਬ ਵਿੱਚ ਭਾਜਪਾ ਉਸ ਦੀ ਭਾਈਵਾਲ ਪਾਰਟੀ ਹੈ, ਉਸ ਨੂੰ ਦੇਖਦੇ ਹੋਇਆਂ ਵੀ ਮੋਦੀ ਨੇ ਕਦੇ ਪੰਜਾਬ ਵੱਲ ਸਵੱਲੀ ਨਜ਼ਰ ਨਹੀਂ ਰੱਖੀ।
ਅਮਰੀਕਾ, ਬਰਤਾਨੀਆ ਜਾਂ ਕੈਨੇਡਾ ਵਿੱਚ ਸਿੱਖਾਂ ਨੂੰ ਮਾਣ ਸਤਿਕਾਰ ਮਿਲ ਰਿਹਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਕੈਨੇਡਾ ਦਾ ਤਾਂ ਰੱਖਿਆ ਮੰਤਰੀ ਵੀ ਇੱਕ ਸਿੱਖ ਹੈ, ਉਸ ਦੇ ਉਲਟ ਇਸ ਵਾਰ ਗਣਤੰਤਰ ਦਿਵਸ ਮੌਕੇ ਸਿੱਖਾਂ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਿੱਖ ਰੈਜ਼ੀਮੈਂਟ ਦੀ ਟੁੱਕੜੀ ਨੂੰ ਪਰੇਡ ਵਿੱਚ ਹੀ ਸ਼ਾਮਿਲ ਨਹੀਂ ਕੀਤਾ ਗਿਆ ਜਦਕਿ ਸਿੱਖ ਰੈਜ਼ੀਮੈਂਟ ਦੀ ਬਹਾਦਰੀ ਦੇ ਕਿੱਸੇ ਦੁਨੀਆਂ ਗਾਉਂਦੀ ਹੈ। ਇਸ ਵਾਰ ਦਾ ਗਣਤੰਤਰ ਦਿਵਸ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ, ਨੂੰ ਇਸ ਲਈ ਰੁੱਖਾ-ਰੁੱਖਾ ਜਾਪਿਆ ਕਿਉਂਕਿ ਨਾ ਤਾਂ ਉਸ ਵਿੱਚ ਸਿੱਖ ਰੈਜ਼ੀਮੈਂਟ ਦੀ ਟੁੱਕੜੀ ਸੀ ਅਤੇ ਨਾ ਹੀ ਪੰਜਾਬ ਦੀ ਝਾਕੀ। ਸ੍ਰ. ਬਾਦਲ ਦਾ ਮੋਦੀ ਨਾਲ ਖੜ੍ਹਨਾ ਸਿਆਸੀ ਮਜਬੂਰੀ ਹੋ ਸਕਦੀ ਹੈ ਪਰ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ, ਦੇ ਮਨਾਂ ਵਿੱਚ ਮੋਦੀ ਜਗ੍ਹਾ ਨਹੀਂ ਬਣਾ ਸਕੇ। ਇਸ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਜਿਥੇ ਮੁਸਲਿਮ ਭਾਈਚਾਰੇ ਨੂੰ ਸਿੱਧੇ ਰੂਪ ਵਿੱਚ ਨਿਸ਼ਾਨਾ ਬਣਾਉਣ ਦੀ ਭਾਜਪਾ ਦੀ ਨੀਤੀ ਬਣੀ ਹੋਈ ਹੈ ਉਥੇ ਹੀ ਸਿੱਖਾਂ ਨੂੰ ਅਸਿਧੇ ਰੂਪ ਵਿੱਚ ਨੀਚਾ ਦਿਖਾਇਆ ਜਾ ਰਿਹਾ ਹੈ।
ਹੰਸਰਾਜ ਦੀ ਸਿਆਸੀ ਹੋਣੀ
ਦਰਵੇਸ਼ ਗਾਇਕ ਵਜੋਂ ਜਾਣੇ ਜਾਂਦੇ ਹੰਸਰਾਜ ਹੰਸ ਜਦੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਤਾਂ ਅਜਿਹਾ ਜਾਪਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਉਸ ਦੀ ਪ੍ਰਸਿੱਧੀ ਨੂੰ ਦੇਖ ਦੇ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ਉਸ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਵੀ ਦਿੱਤੀ ਗਈ। ਪਾਰਟੀ ਵਿੱਚ ਵੱਡਾ ਅਹੁਦਾ ਵੀ ਦਿੱਤਾ ਗਿਆ। ਜਦੋਂ ਕੋਈ ਸਿਆਸਤ ਵਿੱਚ ਦਾਖਲ ਹੁੰਦਾ ਹੈ ਤਾਂ ਅਨੇਕਾਂ ਦੁਸ਼ਮਣ ਵੀ ਪੈਦਾ ਹੁੰਦੇ ਹਨ ਅਤੇ ਅਨੇਕਾਂ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਦੋਸਤ ਵੀ ਬਣਦੇ ਹਨ। ਅਜਿਹਾ ਹੀ ਹੰਸਰਾਜ ਹੰਸ ਨਾਲ ਵੀ ਹੋਇਆ। ਉਹ ਚੋਣ ਹਾਰ ਗਏ। ਫ਼ਿਰ ਵੀ ਅਕਾਲੀ ਦਲ ਨੇ ਉਸ ਨੂੰ ਸਰਗਰਮ ਰੱਖਣ ਲਈ ਕਈ ਹੰਭਲੇ ਮਾਰੇ, ਪਰ ਉਸ ਨੇ ਅਕਾਲੀ ਦਲ ਨੂੰ ਪੂਰਾ ਹੁੰਗਾਰਾ ਨਾ ਦਿੱਤਾ। ਇਸ ਤੋਂ ਅਜਿਹਾ ਹੀ ਲੱਗਿਆ ਕਿ ਹੰਸਰਾਜ ਹੰਸ ਦੀ ਸਿਆਸਤ ਵਿੱਚ ਰੁਚੀ ਨਹੀਂ। ਪਰ ਇਸ ਦਾ ਪ੍ਰਭਾਵ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ। ਉੱਪਰੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਭਾਰਤੀਆਂ ਨੂੰ ਕਾਂਗਰਸ ਪ੍ਰਤੀ ਆਕਰਸ਼ਿਤ ਕਰਨ ਲਈ ਉਸ ਨੂੰ ਵਿਦੇਸ਼ ਵੀ ਭੇਜ ਦਿੱਤਾ। ਹੰਸ ਹਾਲੇ ਬਰਤਾਨੀਆ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਯਾਤਰਾ ਲਈ ਪ੍ਰਵਾਸੀ ਭਾਰਤੀਆਂ ਨੂੰ ਲਾਮਬੰਦ ਹੀ ਕਰ ਰਿਹਾ ਸੀ ਕਿ ਕਾਲ ਆ ਗਈ ਕਿ ਰਾਜ ਸਭਾ ਦਾ ਮੈਂਬਰ ਬਣਾਉਣਾ ਹੈ, ਇਸ ਲਈ ਵਾਪਸ ਆ ਜਾਓ ਅਤੇ ਕਾਗਜ਼ ਭਰ ਦਿਓ। ਹੰਸ ਵਾਪਸ ਆਇਆ ਤਾਂ ਹੰਸ ਦੇ ਤੋਤੇ ਉਸ ਸਮੇਂ ਉੱਡ ਗਏ ਜਦੋਂ ਪਾਰਟੀ ਨੇ ਉਸ ਦੀ ਥਾਂ ‘ਤੇ ਸਮਸ਼ੇਰ ਸਿੰਘ ਦੂਲੋਂ ਦੇ ਕਾਗਜ਼ ਭਰਵਾ ਦਿੱਤੇ। ਨਿਸ਼ਚਿਤ ਰੂਪ ਵਿੱਚ ਇਸ ਨਾਲ ਹੰਸ ਨੂੰ ਨਮੋਸ਼ੀ ਹੋਣੀ ਹੀ ਸੀ। ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਤਾਂ ਹੰਸ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੁੰਦੇ ਸਨ, ਪਰ ਹਾਈ ਕਮਾਨ ਨੇ ਦੂਲੋ ਨੂੰ ਰਾਜ ਸਭਾ ਵਿੱਚ ਭੇਜਣ ਦਾ ਫ਼ੈਸਲਾ ਕੀਤਾ ਹੈ। ਹੁਣ ਸਿਆਸੀ ਕਿਆਸ ਅਰਾਈਆਂ ਇਹ ਹਨ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਿਹਾ ਹੈ। ਅਸਲ ਗੱਲ ਤਾਂ ਇਹ ਹੈ ਕਿ ਹੰਸਰਾਜ ਹੰਸ ਨੂੰ ਸਿਆਸਤ ਨਾਲੋਂ ਆਪਣੇ ਹੁਨਰ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਚਾਹੇ ਅਕਾਲੀ ਹੋਣ ਜਾਂ ਕਾਂਗਰਸੀ, ਸਾਰੀਆਂ ਹੀ ਸਿਆਸੀ ਪਾਰਟੀਆਂ ਕਾਂਵਾਂ ਦੇ ਹੀ ਟੋਲੇ ਹੁੰਦੇ ਹਨ ਅਤੇ ਕਾਂਵਾਂ ਦੀ ਖਿਚੋਤਾਣ ਵਿੱਚ ਇੱਕ ਹੰਸ ਦੇ ਖੰਭ ਹੀ ਝੜਨੇ ਨੇ ਅਤੇ ਅਜਿਹੇ ਰਾਜੇ ਦੇ ਰਾਜ ਗਾਇਕ ਦੀ ਹੋਣੀ ਤਾਂ ਅਜਿਹੀ ਹੀ ਹੋਣੀ ਸੀ। ਕਹਾਵਤ ਹੈ ਨਾ ਕਿ ‘ਕਊਆ ਚਲਾ ਹੰਸ ਕੀ ਚਾਲ ਅਪਨੀ ਚਾਲ ਭੀ ਭੂਲ ਗਿਆ,’ ਪਰ ਇਥੇ ਤਾਂ ਉਲਟ ਹੀ ਹੋ ਰਿਹੈ। ਜੇਕਰ ਹੰਸਰਾਜ ਹੁਣ ‘ਆਪ’ ਵਿੱਚ ਜਾਂਦਾ ਹੈ ਤਾਂ ਇਹੀ ਪ੍ਰਭਾਵ ਜਾਵੇਗਾ ਕਿ ਹੁਣ ਫ਼ਿਰ ਹੰਸ ਵਿੱਚ ਸੱਤਾ ਦੀ ਲਾਲਸਾ ਜਾਗ ਪਈ ਹੈ।

LEAVE A REPLY