ਰਸੋਈ ‘ਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਰੋਜ਼ਾਨਾਂ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ‘ਚੋਂ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਵੀ ਹਨ, ਜੋ ਫ਼ਰੈੱਸ਼ਨੈੱਸ ਦਿੰਦੀਆਂ ਹਨ ਅਤੇ ਉਨ੍ਹਾਂ ‘ਚੋਂ ਇੱਕ ਹੈ ਚਾਹ ਪੱਤੀ। ਚਾਹ ਬਣਾਉਣ ਲਈ ਵਰਤੀ ਜਾਣ ਵਾਲੀ ਪੱਤੀ ਨੂੰ ਅਕਸਰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਬੇਕਾਰ ਲੱਗਣ ਵਾਲੀ ਇਹ ਉਬਲੀ ਹੋਈ ਪੱਤੀ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਸਕਿਨ ਅਤੇ ਵਾਲਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਚਾਹ-ਪੱਤੀ ‘ਚ ਐਂਟੀ-ਔਕਸੀਡੈਂਟ, ਐਂਟੀ-ਏਜਿੰਗ ਅਤੇ ਐਂਟੀ-ਇਨਫ਼ਲੇਮੇਟਰੀ ਗੁਣਕਾਰੀ ਤੱਤ ਪਾਏ ਜਾਂਦੇ ਹਨ ਜੋ ਉਬਲਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ। ਇਸੇ ਲਈ ਇਸ ਨੂੰ ਸੁੱਟਣ ਦੀ ਥਾਂ ਇਸ ਦੀ ਵੱਖ-ਵੱਖ ਕੰਮਾਂ ‘ਚ ਵਰਤੋਂ ਕਰਨੀ ਚਾਹੀਦੀ ਹੈ।
ਡਾਰਕ ਸਰਕਲ – ਤਨਾਅ ਅਤੇ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਦੇ ਆਲੇ-ਦੁਆਲੇ ਡਾਰਕ ਸਰਕਲ ਬਣ ਜਾਂਦੇ ਹਨ ਜੋ ਦੇਖਣ ‘ਚ ਬਹੁਤ ਬੁਰੇ ਲੱਗਦੇ ਹਨ। ਇਨ੍ਹਾਂ ਡਾਰਕ ਸਰਕਲਜ਼ ਨੂੰ ਦੂਰ ਕਰਨ ਲਈ ਟੀ-ਬੈਗਜ਼ ਨੂੰ ਠੰਡੇ ਪਾਣੀ ‘ਚ ਡੁਬੋ ਕੇ ਚੰਗੀ ਤਰ੍ਹਾਂ ਨਿਚੋੜ ਲਓ। ਫ਼ਿਰ ਇਸ ਨੂੰ 10 ਮਿੰਟ ਤਕ ਆਪਣੀਆਂ ਅੱਖਾਂ ‘ਤੇ ਰੱਖੋ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ ਅਤੇ ਡਾਰਕ ਸਰਕਲਜ਼ ਦੂਰ ਹੋ ਜਾਣਗੇ।
ਵਾਲਾਂ ‘ਚ ਚਮਕ – ਚਾਹ-ਪੱਤੀ ਵਾਲਾਂ ਲਈ ਕੰਡੀਸ਼ਨਰ ਦਾ ਕੰਮ ਵੀ ਕਰਦੀ ਹੈ। ਇਸ ਨੂੰ ਪਾਣੀ ‘ਚ ਉਬਾਲੋ, ਫ਼ਿਰ ਛਾਣ ਕੇ ਠੰਡਾ ਕਰ ਲਓ। ਵਾਲਾਂ ‘ਚ ਸ਼ੈਂਪੂ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰੋ ਇਸ ਨਾਲ ਵਾਲਾਂ ‘ਚ ਚਮਕ ਆ ਜਾਵੇਗੀ।
ਸਨ-ਟੈਨਿੰਗ – ਧੁੱਪ ‘ਚ ਸਨ-ਟੈਨਿੰਗ ਹੋਣਾ ਆਮ ਗੱਲ ਹੈ। ਇਸ ਦੇ ਲਈ ਤੁਸੀਂ ਟੀ-ਬੈਗਜ਼ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਨੂੰ ਠੰਡੇ ਪਾਣੀ ‘ਚ ਡੁਬੋ ਕੇ ਨਿਚੋੜ ਕੇ 10 ਮਿੰਟ ਤਕ ਟੈਨਿੰਗ ਵਾਲੀ ਥਾਂ ‘ਤੇ ਰੱਖੋ।
ਸ਼ੀਸ਼ੇ ਦੀ ਸਫ਼ਾਈ – ਸਾਫ਼-ਸਫ਼ਾਈ ‘ਚ ਵੀ ਟੀ-ਬੈਗਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਪਾਣੀ ‘ਚ ਉਬਾਲ ਕੇ ਠੰਡਾ ਕਰ ਛਾਣ ਲਓ। ਫ਼ਿਰ ਇਸ ਪਾਣੀ ਨੂੰ ਸਪ੍ਰੇਅ ਦੀ ਬੋਤਲ ‘ਚ ਪਾ ਕੇ ਸ਼ੀਸ਼ੇ ਦੀ ਸਫ਼ਾਈ ਕਰੋ। ਇਸ ਨਾਲ ਸ਼ੀਸ਼ਿਆਂ ‘ਚ ਚਮਕ ਆਵੇਗੀ।
ਪੈਰਾਂ ਦੀ ਬਦਬੂ – ਗਰਮੀਆਂ ‘ਚ ਪਸੀਨੇ ਕਾਰਨ ਪੈਰਾਂ ‘ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਚਾਹ-ਪੱਤੀ ਨੂੰ ਪਾਣੀ ‘ਚ ਉਬਾਲ ਕੇ ਕੋਸਾ ਕਰ ਲਓ। ਫ਼ਿਰ ਇਸ ‘ਚ 10 ਮਿੰਟ ਲਈ ਪੈਰਾਂ ਨੂੰ ਡੁਬੋ ਕੇ ਰੱਖੋ। ਅਜਿਹਾ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।
ਬਰਤਨਾਂ ਨੂੰ ਕਰੋ ਸਾਫ਼ – ਬਰਤਨਾਂ ਨੂੰ ਸਾਫ਼ ਕਰਨ ਲਈ ਬਚੀ ਹੋਈ ਚਾਹ-ਪੱਤੀ ਦੀ ਵਰਤੋਂ ਕਰੋ। ਇਸ ਨਾਲ ਬਰਤਨਾਂ ‘ਚ ਚਮਕ ਆਵੇਗੀ।
ਬੂਟਿਆਂ ਦੀ ਖਾਦ – ਬੂਟਿਆਂ ਨੂੰ ਸਮੇਂ-ਸਮੇਂ ‘ਤੇ ਖਾਦ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਬਚੀ ਹੋਈ ਚਾਹ-ਪੱਤੀ ਨੂੰ ਗਮਲੇ ‘ਚ ਪਾ ਦਿਓ। ਇਸ ਨਾਲ ਬੂਟੇ ਤੰਦਰੁਸਤ ਰਹਿਣਗੇ ਅਤੇ ਛੇਤੀ ਵਧਣਗੇ।
ਦੰਦਾਂ ਦਾ ਦਰਦ – ਜੇ ਦੰਦਾਂ ‘ਚ ਦਰਦ ਹੋਵੇ ਤਾਂ ਟੀ-ਬੈਗਜ਼ ਨੂੰ ਪਾਣੀ ‘ਚ ਡੁਬੋ ਕੇ ਨਿਚੋੜ ਲਓ ਅਤੇ ਦੰਦਾਂ ‘ਤੇ ਪੰਜ ਮਿੰਟ ਲਈ ਰੱਖੋ।
ਸੱਟ ‘ਤੇ ਅਸਰਦਾਰ – ਮਾਮੂਲੀ ਸੱਟ ਲੱਗਣ ‘ਤੇ ਚਾਹ-ਪੱਤੀ ਮੱਲ੍ਹਮ ਦਾ ਕੰਮ ਕਰਦੀ ਹੈ। ਇਸ ਦੇ ਐਂਟੀ-ਔਕਸੀਡੈਂਟ ਤੱਤ ਸੱਟ ਨੂੰ ਛੇਤੀ ਭਰ ਦਿੰਦੇ ਹਨ। ਸੱਟ ਲੱਗਣ ‘ਤੇ ਉਬਲੀ ਚਾਹ-ਪੱਤੀ ਜਾਂ ਫ਼ਿਰ ਉਸ ਦੇ ਪਾਣੀ ਨੂੰ ਸੱਟ ‘ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।
ਸੂਰਜਵੰਸ਼ੀ