ਵੱਖਵਾਦ, ਅੱਤਵਾਦ ਅਤੇ ਅਫਵਾਹਾਂ ਦੀ ਪਾਰਟੀ ਹੈ ‘ਆਪ’ : ਅਨੁਰਾਗ ਠਾਕੁਰ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ‘ਵੱਖਵਾਦ’, ‘ਅੱਤਵਾਦ’ ਅਤੇ ‘ਅਫ਼ਵਾਹਾਂ’ ਦੀ ਪਾਰਟੀ ਕਰਾਰ ਦਿੰਦੇ ਹੋਏ ਭਾਜਪਾ ਨੇ ਸੋਮਵਾਰ ਨੂੰ ਉਸ ’ਤੇ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਅਤੇ ਦਿੱਲੀ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ‘ਫਰਜ਼ੀ ਧਮਕੀ’ ਮਾਮਲੇ ਸਬੰਧੀ ਵੀ ਕਈ ਸਵਾਲ ਉਠਾਏ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਹੈੱਡਕੁਆਰਟਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਅਤੇ ‘ਆਪ’ ਬਾਹਰੋਂ ਵੱਖ ਦਿਖਾਈ ਦਿੰਦੀਆਂ ਹਨ ਪਰ ਅੰਦਰੋਂ ਇਕ ਹਨ। ਉਨ੍ਹਾਂ ਕਿਹਾ, ‘ਕਾਂਗਰਸ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਬਣਾ ਕੇ ‘ਆਪ’ ਸੱਤਾ ਵਿਚ ਆਈ ਸੀ ਪਰ ਹੁਣ ‘ਆਪ’ ਵਿਚ ‘ਏ’ ਨੂੰ ਅਰਾਜਕਤਾ, ਵੱਖਵਾਦ, ਅੱਤਵਾਦ, ਅਫਵਾਹਾਂ ਅਤੇ ਅਪਰਾਧੀਆਂ ਲਈ ਵੀ ਜਾਣਿਆ ਜਾਂਦਾ ਹੈ।’
ਉਨ੍ਹਾਂ ਕਿਹਾ ਕਿ ‘ਆਪ’ ਅਤੇ ਕਾਂਗਰਸ ਦੇ ਆਗੂ ਅਫਜ਼ਲ ਗੁਰੂ ਦੀ ਫਾਂਸੀ ਅਤੇ ਸਰਜੀਕਲ ਸਟ੍ਰਾਈਕ ਦੇ ਮੁੱਦਿਆਂ ’ਤੇ ਇਕਜੁੱਟ ਦੇਖੇ ਗਏ ਸਨ। ਜਦੋਂ ਪੂਰਾ ਦੇਸ਼ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਦੀ ਉਡੀਕ ਕਰ ਰਿਹਾ ਸੀ, ਤਾਂ ਕੁਝ ਲੋਕ ਰਾਸ਼ਟਰਪਤੀ ਤੋਂ ਉਸ ਲਈ ਮੁਆਫ਼ੀ ਦੀ ਮੰਗ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਉਨ੍ਹਾਂ ਪੁੱਛਿਆ, ‘ਕਿਸ ਦੀ ਐੱਨ. ਜੀ. ਓ. ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ਵਿਚ ਬਦਲਣ ਲਈ ਅੱਗੇ ਆਈ ਸੀ? ਕਿਸ ਦੇ ਰਿਸ਼ਤੇਦਾਰ, ਮਾਪੇ ਇਸ ਦਾ ਹਿੱਸਾ ਸਨ?’ ਅਨੁਰਾਗ ਠਾਕੁਰ ਨੇ ਇਹ ਵੀ ਪੁੱਛਿਆ ਕਿ ਪੰਜਾਬ ਚੋਣਾਂ ਦੌਰਾਨ ਕਿਹੜਾ ਨੇਤਾ ‘ਅੱਤਵਾਦੀਆਂ ਦੇ ਹਮਦਰਦੀ ਰੱਖਣ ਵਾਲਿਆਂ’ ਦੇ ਘਰਾਂ ਵਿਚ ਰੁਕਿਆ ਸੀ? ਉਨ੍ਹਾਂ ਇਕ ਵਾਰ ਫਿਰ ਆਤਿਸ਼ੀ ਅਤੇ ਕੇਜਰੀਵਾਲ ਨੂੰ ਸਵਾਲ ਕੀਤਾ, ‘ਬੰਬ ਧਮਾਕਿਆਂ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨਾਲ ਕੌਣ ਜੁੜਿਆ ਹੋਇਆ ਹੈ? ਆਤਿਸ਼ੀ ਜੀ, ਕੇਜਰੀਵਾਲ ਜੀ, ਕੀ ਤੁਸੀਂ ਜਵਾਬ ਦਿਓਗੇ?’