ਵੈੱਸਟ ਇੰਡੀਜ਼ ਦੀ ਵਨ ਡੇ ਟੀਮ ‘ਚ ਔਲਰਾਊਂਡਰ ਰਸਲ ਦੀ ਵਾਪਸੀ

ਨਵੀਂ ਦਿੱਲੀ – ਵੈੱਸਟ ਇੰਡੀਜ਼ ਦੀ ਵਨ ਡੇ ਕ੍ਰਿਕਟ ਟੀਮ ‘ਚ ਲਗਭਗ ਦੋ ਸਾਲ ਬਾਅਦ ਔਲਰਾਊਂਡਰ ਖਿਡਾਰੀ ਆਂਦਰੇ ਰਸਲ ਦੀ ਵਾਪਸੀ ਹੋਈ ਹੈ। ਰਸਲ ਨੇ ਵੈੱਸਟ ਇੰਡੀਜ਼ ਲਈ ਪਿੱਛਲਾ ਵਨ ਡੇ ਮੈਚ ਨਵੰਬਰ 2015 ‘ਚ ਖੇਡਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਟੀਮ ‘ਚ ਜਗ੍ਹਾ ਮਿਲੀ ਹੈ। ਬੰਗਲਾਦੇਸ਼ ਖ਼ਿਲਾਫ਼ 22 ਜੁਲਾਈ ਤੋਂ ਖੇਡੇ ਜਾਣ ਵਾਲੇ ਵਨ ਡੇ ਮੈਚਾਂ ਦੀ ਸੀਰੀਜ਼ ਲਈ ਵੈੱਸਟ ਇੰਡੀਜ਼ ਦੀ 23 ਮੈਂਬਰਾਂ ਦੀ ਟੀਮ ਦੀ ਘੋਸ਼ਣਾ ਕੀਤੀ ਗਈ ਹੈ ਜਿਸ ‘ਚ ਰਸਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਜ਼ਫ਼ ਅਤੇ ਬੱਲੇਬਾਜ਼ ਕੈਰਨ ਪੌਵਲ ਦੀ ਵੀ ਟੀਮ ‘ਚ ਵਾਪਸੀ ਹੋਈ ਹੈ, ਪਰ ਮਾਰਲਿਨ ਸੈਮਿਊਅਲਜ਼, ਕਾਰਲੋਸ ਬ੍ਰੈੱਥਵੇਟ, ਨਿਕਿਤਾ ਮਿਲਰ, ਸ਼ੈਲਡਨ ਕੌਟਰਲ ਅਤੇ ਕੈਸਰਿਕ ਵਿਲੀਅਮਜ਼ ਨੂੰ ਬਾਹਰ ਰੱਖਿਆ ਗਿਆ ਹੈ। ਵੈੱਸਟ ਇੰਡੀਜ਼ ਕ੍ਰਿਕਟ ਬੋਰਡ (CWI) ਨੇ ਇੱਕ ਪ੍ਰੈੱਸ ਰਿਲੀਜ਼ ਦੇ ਜ਼ਰੀਏ ਟੀਮ ਦੀ ਘੋਸ਼ਣਾ ਕੀਤੀ।