ਧੋਨੀ ਬਣਿਆ ਵਿਸ਼ਵ ਦਾ 12ਵਾਂ ਅਤੇ ਭਾਰਤ ਦਾ ਚੌਥੇ 10 ਹਜ਼ਾਰੀਆ

ਲੰਡਨ – ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦਾ ਚੌਥਾ ਅਤੇ ਦੁਨੀਆ ਦਾ 12ਵਾਂ 10 ਹਜ਼ਾਰੀਆ ਬਣ ਗਿਆ ਹੈ। ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ ‘ਚ 51.37 ਦੀ ਔਸਤ ਨਾਲ 9,967 ਦੌੜਾਂ ਬਣਾ ਚੁੱਕਾ ਸੀ ਅਤੇ ਉਸ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਸੀ।
ਧੋਨੀ ਨੂੰ ਪਹਿਲੇ ਵਨ ਡੇ ‘ਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਜਿਸ ‘ਚ ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਧੋਨੀ ਨੇ ਇੰਗਲੈਂਡ ਖ਼ਿਲਾਫ ਸ਼ਨੀਵਾਰ ਨੂੰ ਦੂਜੇ ਵਨ ਡੇ ‘ਚ 33 ਦੌੜਾਂ ਬਣਾ ਕੇ ਇਹ ਉਪਲੱਬਧੀ ਹਾਸਿਲ ਕਰ ਲਈ। ਧੋਨੀ ਨੇ ਇਸ ਤੋਂ ਪਹਿਲਾਂ ਇਸ ਮੈਚ ‘ਚ ਹੀ ਵਿਕਟ ਦੇ ਪਿੱਛੇ 300 ਕੈਚ ਪੂਰੇ ਕਰ ਲਈ ਸਨ। ਚੇਤੇ ਰਹੇ ਕਿ ਤੀਸਰੇ ਅਤੇ ਅੰਤਿਮ ਵਨ ਡੇ ਵਿੱਚ ਧੋਨੀ ਦੀ ਹੀ ਵਜ੍ਹਾ ਤੋਂ ਭਾਰਤੀ ਟੀਮ 86 ਦੌੜਾਂ ਨਾਲ ਹਾਰ ਕੇ ਲੜੀ ਵੀ ਗੁਆ ਬੈਠੀ ਕਿਉਂਕਿ ਧੋਨੀ ਅੱਜਕੱਲ੍ਹ ਮੱਧਕ੍ਰਮ ਵਿੱਚ ਬਹੁਤ ਹੀ ਹੌਲੀ ਰਫ਼ਤਾਰ ‘ਤੇ ਖੇਡ ਰਿਹੈ ਅਤੇ ਨੌਜਵਾਨ ਬੱਲੇਬਾਜ਼ਾਂ ‘ਤੇ ਵੀ ਦਬਾਅ ਵਧਾਉਂਦਾ ਹੈ। ਉਸ ਦੀ ਅਜੋਕੀ ਖੇਡ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾਵਾਂ ਹਨ।
ਵਨ ਡੇ ਮੈਚਾਂ ‘ਚ ਸਚਿਨ ਤੇਂਦੁਲਕਰ 18, 426 ਦੌੜਾਂ ਦੇ ਨਾਲ ਨੰਬਰ ਇੱਕ ਬੱਲੇਬਾਜ਼ ਹੈ। ਭਾਰਤ ਵਲੋਂ ਸੌਰਵ ਗਾਂਗੁਲੀ 11, 363 ਅਤੇ ਰਾਹੁਲ ਦ੍ਰਾਵਿੜ 10, 889 ਦੌੜਾਂ ਨਾਲ 10 ਹਜ਼ਾਰੀਏ ਬਣਨ ਵਾਲੇ 2 ਹੋਰ ਬੱਲੇਬਾਜ਼ ਹਨ। ਧੋਨੀ ਇਸ ਕਲੱਬ ‘ਚ ਸ਼ਾਮਿਲ ਹੋਣ ਵਾਲਾ ਭਾਰਤ ਦਾ ਚੌਥਾ ਅਤੇ ਦੁਨੀਆ ਦਾ 12ਵਾਂ ਬੱਲੇਬਾਜ਼ ਬਣ ਗਿਐ।
ਧੋਨੀ ਨੇ 320 ਮੈਚਾਂ ਦੀਆਂ 273 ਪਾਰੀਆਂ ਵਿੱਚ ਇਹ ਉਪਲੱਬਧੀ ਹਾਸਿਲ ਕੀਤੀ। ਧੋਨੀ ਸਭ ਤੋਂ ਤੇਜ਼ 10, 000 ਦੌੜਾਂ ਪੂਰੀਆਂ ਕਰਨ ਵਾਲਾ 5ਵਾਂ ਬੱਲੇਬਾਜ਼ ਬਣ ਗਿਆ ਹੈ। ਸਚਿਨ ਨੇ 259, ਗਾਂਗੁਲੀ 263, ਆਸਟਰੇਲੀਆ ਦੇ ਰਿੱਕੀ ਪੌਂਟਿੰਗ ਨੇ 266 ਅਤੇ ਦੱਖਣੀ ਅਫ਼ਰੀਕਾ ਦੇ ਜੈਕ ਕੈਲਿਸ ਨੇ 272 ਪਾਰੀਆਂ ‘ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।