ਲਾਲ ਕਿਲ੍ਹੇ ਤੋਂ ਕਰੋੜਾਂ ਦੀ ਕੀਮਤ ਦਾ ਸੋਨੇ ਤੇ ਹੀਰਿਆਂ ਨਾਲ ਜੜਿਆ ਕਲਸ਼ ਚੋਰੀ, Video ਵਾਇਰਲ

ਨੈਸ਼ਨਲ ਡੈਸਕ :ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇਤਿਹਾਸਕ ਲਾਲ ਕਿਲ੍ਹੇ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਉੱਚ ਸੁਰੱਖਿਆ ਜ਼ੋਨ ਹੋਣ ਦੇ ਬਾਵਜੂਦ ਚੋਰ ਸੁਰੱਖਿਆ ਵਿੱਚ ਦਾਖਲ ਹੋ ਗਏ। ਦਰਅਸਲ ਲਾਲ ਕਿਲ੍ਹੇ ਦੇ ਕੰਪਲੈਕਸ ਤੋਂ ਕਰੋੜਾਂ ਰੁਪਏ ਦੀ ਕੀਮਤ ਵਾਲਾ ਹੀਰੇ ਜੜਿਆ ਸੋਨੇ ਦਾ ਕਲਸ਼ ਚੋਰੀ ਹੋ ਗਿਆ ਹੈ।
ਜਾਣਕਾਰੀ ਦਿੰਦਿਆ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਲ ਕਿਲ੍ਹੇ ਦੇ ਕੰਪਲੈਕਸ ਵਿੱਚ ਆਯੋਜਿਤ ਇੱਕ ਧਾਰਮਿਕ ਰਸਮ ਦੌਰਾਨ ਲਗਭਗ 760 ਗ੍ਰਾਮ ਸੋਨਾ, ਹੀਰਿਆਂ ਅਤੇ ਪੰਨਿਆਂ ਨਾਲ ਜੜੇ ਸੋਨੇ ਦੇ ਕਲਸ਼ ਸਮੇਤ ਕਈ ਗਹਿਣੇ ਚੋਰੀ ਹੋ ਗਏ।
ਪੁਲਸ ਨੇ ਕਿਹਾ ਕਿ ਕਾਰੋਬਾਰੀ ਸੁਧੀਰ ਜੈਨ ਰੋਜ਼ਾਨਾ ਪੂਜਾ ਲਈ ਕਲਸ਼ ਲਿਆਉਂਦਾ ਸੀ। ਪੁਲਸ ਨੇ ਕਿਹਾ, “ਕਲਸ਼ ਪਿਛਲੇ ਮੰਗਲਵਾਰ ਪ੍ਰੋਗਰਾਮ ਦੇ ਵਿਚਕਾਰ ਸਟੇਜ ਤੋਂ ਗਾਇਬ ਹੋ ਗਿਆ ਸੀ। ਸ਼ੱਕੀ ਦੀਆਂ ਹਰਕਤਾਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।” ਪੁਲਸ ਦੇ ਅਨੁਸਾਰ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਹੋਰ ਜਾਂਚ ਜਾਰੀ ਹੈ।