ਚੰਡੀਗੜ੍ਹ ਸ਼ਹਿਰ ਵਾਲੀਏ
ਡਾ. ਦੇਵਿੰਦਰ ਮਹਿੰਦਰੂ
ਮੇਰਾ ਇਹ ਕਾਲਮ ਉਨ੍ਹਾਂ ਦੇ ਨਾਂ ਹੈ ਜਿੰਨ੍ਹਾਂ ਨੂੰ ਚੰਡੀਗੜ੍ਹ ਸ਼ਹਿਰ ‘ਚ ਰਹਿਣ ਦਾ ਸ਼ਰਫ਼ ਹਾਸਿਲ ਹੈ ਜਾਂ ਚੰਡੀਗੜ੍ਹ ਰਹੇ ਹਨ ਜ਼ਿੰਦਗੀ ‘ਚ ਕਦੇ। ਇਸ ਫ਼ਹਿਰਿਸਤ ‘ਚ ਮੈਂ ਸ਼ਾਮਿਲ ਨਹੀਂ, ਬੇਸ਼ੱਕ ਇੱਕ ਸਾਲ ਕੱਟਿਆ ਹੈ ਉੱਥੇ। ਠੀਕ ਪੜ੍ਹਿਆ ਤੁਸੀਂ ਕੱਟਿਆ ਉਹ ਕੱਟਣਾ ਹੀ ਤਾਂ ਸੀ, ਦਿਨ ਕਟੀ ਹੀ ਸੀ। ਜਦੋਂ 2007 ‘ਚ ਮਾਸ ਟਰਾਂਸਫ਼ਰਜ਼ ਹੋਈਆਂ ਸਨ ਆਕਾਸ਼ਵਾਣੀ ਦੇ ਸਾਰੇ ਕੇਂਦਰਾਂ ‘ਤੇ। ਕੋਰਟ ਦੇ ਆਰਡਰ ਸਨ ਅਤੇ ਮੈਨੂੰ ਚੰਡੀਗੜ੍ਹ ਮਿਲਿਆ। ਕੋਈ ਖ਼ੈਰਖ਼ਵਾਹ ਹੀ ਰਿਹਾ ਹੋਵੇਗਾ ਮੇਰਾ ਜੀਹਨੂੰ ਪਤਾ ਹੋਣਾ ਪਤੀ ਸ਼ਿਮਲਾ ਹਨ ਅਤੇ ਏਸ ਉਮਰੇ ਕੀ ਦੁਖੀ ਕਰਨਾ ਹੈ ਦੂਰ ਭੇਜ ਕੇ। ਨਹੀਂ ਤਾਂ ਸ਼ਿਮਲਾ ਤੋਂ ਲੋਕ ਡਿਬਰੂਗੜ੍ਹ ਵੀ ਟਰਾਂਸਫ਼ਰ ਹੋਏ ਸਨ। ਇਹ ਗੱਲ ਹੋਰ ਸੀ ਕਿ ਉਸ ਵੇਲੇ ਘਰੋਂ ਦੂਰ ਜਾਣ ਦੀ ਹਾਲਤ ਬਿਲਕੁਲ ਹੀ ਨਹੀਂ ਸੀ। ਜਲੰਧਰ ਤੋਂ ਧਰਮਸ਼ਾਲਾ ਜਦੋਂ ਹੋਈ ਸੀ ਬਦਲੀ ਤਾਂ ਬੇਟੀਆਂ ਪਲੱਸ ਵਨ ‘ਚ ਸਨ। ਬੜਾ ਔਖਾ ਸੀ ਘਰੋਂ ਜਾਣਾ ਪਰ ਔਖੇ ਸੌਖੇ ਚਲੀ ਹੀ ਗਈ ਸਾਂ। ਹੁਣ ਤਾਂ ਜਾਣ ਦੀ ਹਾਲਤ ਹੀ ਨਹੀਂ ਸੀ। ਅਨੂ ਆਪਣਾ ਪਹਿਲਾ ਬੱਚਾ ਗੁਆ ਚੁੱਕੀ ਸੀ ਡਾਕਟਰਾਂ ਦੀ ਲਾਪਰਵਾਹੀ ਕਰ ਕੇ। ਹੁਣ ਉਹ ਸਾਡੇ ਕੋਲ ਆਈ ਹੋਈ ਸੀ। ਕਿਸੇ ਵੇਲੇ ਵੀ ਉਹਦੀ ਡਲਿਵਰੀ ਹੋ ਸਕਦੀ ਸੀ। ਇੱਕ ਦਿਨ ਡਾਕਟਰ ਸੁਸ਼ਮਾ ਕੌਸ਼ਲ ਨਾਲ ਸਲਾਹ ਕਰ ਕੇ ਮੈਂ ਦਿਨ ਨਿਸ਼ਚਿਤ ਕੀਤਾ ਕਿ ਅੰਕਿਤ ਨਾਲ ਸਵੇਰੇ ਸਵੇਰੇ ਜਾਵਾਂ ਚੰਡੀਗੜ੍ਹ ਨੂੰ ਅਤੇ ਜੁਆਇਨ ਕਰਾਂ ਤੇ ਫ਼ਿਰ ਲੰਬੀ ਛੁੱਟੀ ਐਪਲਾਈ ਕਰ ਦੇਵਾਂ ਅਤੇ ਸ਼ਾਮ ਤਕ ਘਰ ਵਾਪਿਸ ਮੁੜ ਆਵਾਂ। ਇੰਨਾ ਕੁ ਰਿਸਕ ਤਾਂ ਲੈਣਾ ਹੀ ਪੈਣਾ ਸੀ।
ਵੈਸੇ ਵੀ ਚੰਡੀਗੜ੍ਹ ਸਟੇਸ਼ਨ ‘ਤੇ ਉਸ ਵੇਲੇ ਪੋਸਟਿਡ ਸਾਰੇ ਹੀ ਲੋਕ ਆਪਣੇ ਸਨ। ਸਨ ਜਾਂ ਨਹੀਂ ਮੈਨੂੰ ਤਾਂ ਆਪਣੇ ਆਪਣੇ ਹੀ ਲੱਗਦੇ ਸਨ। ਜ਼ਿੰਦਗੀ ਬਹੁਤ ਵੱਡੇ ਵੱਡੇ ਸਬਕ ਸਿਖਾਉਣ ਵਾਲੀ ਹੈ, ਇਹ ਨਹੀਂ ਸੀ ਜਾਣਦੀ ਮੈਂ। ਇਹ ਚੰਡੀਗੜ੍ਹ ਸਟੇਸ਼ਨ, ਇਹ ਲਿੱਪਿਆ ਪੁੱਤਿਆ ਮਾਡਰਨ ਸ਼ਹਿਰ ਮੇਰੇ ਲਈ ਕੀ ਕੀ ਸਰਪ੍ਰਾਇਜ਼ਜ਼ ਲਈ ਬੈਠਾ ਹੈ, ਨਹੀਂ ਸੀ ਪਤਾ।
ਗੇਟ ‘ਤੇ ਸਵਾਗਤ ਹੋਇਆ। ਪਹਿਲਾਂ ਤੋਂ ਜਾਣਦਾ ਸੀ ਬੰਦਾ। ਜਲੰਧਰ ਡਿਊਟੀ ਰੂਮ ‘ਚ ਟੇਪਾਂ ਲੈ ਕੇ ਆਉਂਦਾ ਹੁੰਦਾ ਸੀ। ਡਿਊਟੀ ‘ਤੇ ਹੁੰਦੀ, ਤਾਂ ਕਦੇ ਉਹਨੂੰ ਬਿਨਾਂ ਖੁਆਏ ਪਿਆਏ ਵਾਪਿਸ ਨਹੀਂ ਸੀ ਮੁੜਨ ਦਿੱਤਾ। ਅਸੂਲ ਹੈ ਸਾਡੇ ਘਰ ਦਾ, ਮੇਰੇ ਪਿਤਾ ਨੇ ਮਾਂ ਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਆਵੇ, ਘਰ ਰੋਟੀ ਦਾ ਟਾਈਮ ਹੋਏ, ਰੋਟੀ ਨਹੀਂ ਤਾਂ ਚਾਹ ਜ਼ਰੂਰ ਪੀ ਕੇ ਹੀ ਜਾਵੇ। ਮਹਿੰਦਰੂ ਸਾਹਿਬ ਦਾ ਹਾਲ ਜ਼ਿਆਦਾ ਹੀ ਮਾੜਾ ਸੀ। ਕੋਈ ਬਿਨਾਂ ਖਾਧੇ ਪੀਤੇ ਘਰੋਂ ਚਲਾ ਗਿਆ ਸਮਝੋ ਤਾਂ ਮੇਰੀ ਸ਼ਾਮਤ ਆ ਗਈ।
ਇੱਕ ਵਾਰੀ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ ਵਜੋਂ ਮਸ਼ਹੂਰ), ਆਇਆ ਘਰੇ ਇਨ੍ਹਾਂ ਕੋਲ। ਨਾਸ਼ਤਾ ਕਰ ਰਹੇ ਸਨ ਅਤੇ ਉਸ ਨੂੰ ਵੀ ਬਿਠਾ ਲਿਆ ਨਾਲ। ਬਾਅਦ ‘ਚ ਜਦੋਂ ਉਹਨੇ ਰੇਡੀਓ ਜੋਆਇਨ ਕੀਤਾ ਦਿਹਾਤੀ ਸੈਕਸ਼ਨ ਦੇ ਕੰਪੀਅਰ ਵਜੋਂ ਮੈਨੂੰ ਕਹਿੰਦਾ ਤੁਹਾਡੇ ਘਰ ਤਾਂ ਮੈਂ ਆਇਆ ਹੋਇਆਂ ਆਂ ਮੈਡਮ।
”ਕਦੋਂ? ”ਮੈਂ ਪੁਛਿਆ ਤਾਂ ਉਹ ਬੋਲਿਆ, ”ਲੋਕੀਂ ਤਾਂ ਖਾ ਕੇ ਭੁੱਲਦੇ ਨੇ, ਤੁਸੀਂ ਖੁਆ ਕੇ ਭੁੱਲਦੇ ਹੋ? ”
ਤੇ ਹਾਂ ਜੀ, ਮੈਂ ਜੋਆਇਨ ਕਰਨ ਆਈ ਸੀ। ਗਰਾਊਂਡ ਫ਼ਲੋਰ ‘ਤੇ ਡਿਊਟੀ ਰੂਮ, ਸਟੂਡੀਓਜ਼, ਕੰਟਰੋਲ ਰੂਮ, ਨਿਊਜ਼ ਰੂਮ, ਕੁੱਝ ਕਮਰੇ ਖ਼ਾਲੀ ਸਨ। ਸੋਚਿਆ ਕੋਈ ਨਾ ਇਨ੍ਹਾਂ ‘ਚੋਂ ਹੀ ਇੱਕ ਕਮਰਾ ਖੁਲਵਾ ਲਵਾਂਗੀ। ਉੱਪਰ ਫ਼ਸਟ ਫ਼ਲੋਰ ‘ਤੇ ਸਟੇਸ਼ਨ ਡਾਇਰੈਕਟਰ ਦਾ ਕਮਰਾ ਸੀ। ਔਫ਼ੀਸ਼ੀਏਟ ਤਾਂ ਮੈਂ ਹੀ ਕਰਨਾ ਸੀ। ਉੱਥੇ ਬੈਠ ਸਕਦੀ ਸੀ। ਪ੍ਰੋਗਰਾਮ ਸਾਈਡ ਦਾ ਸਾਰਾ ਸਟਾਫ਼ ਇਸੇ ਫ਼ਲੋਰ ਉੱਤੇ ਸੀ। ਐਡਮਿਨ ਦਾ ਸਾਰਾ ਸਟਾਫ਼ ਇੱਥੇ ਸੀ। ਸਟੇਸ਼ਨ ਇੰਜਨੀਅਰ ਵੀ ਇਸੇ ਫ਼ਲੋਰ ‘ਤੇ ਸਨ। ਕੁਛ ਅਜੀਬ ਜਿਹਾ ਸੀ ਮਾਹੌਲ ਵਿੱਚ, ਮੇਰੀ ਪਕੜ ਤੋਂ ਬਾਹਰ। ਮੇਰੀ ਛੇਵੀਂ ਇੰਦਰੀ ਸੁੱਤੇ ਸਿੱਧ ਖੁੱਲ੍ਹ ਜਾਂਦੀ ਹੈ ਅਜਿਹੇ ਮੌਕਿਆਂ ‘ਤੇ। ਗੱਲ ਕੁੱਝ ਕੁੱਝ ਸਮਝ ਆਉਣ ਲੱਗੀ। ਮੈਂ ਜੋਆਇਨ ਕਰਾਂਗੀ ਤਾਂ ਜਿੰਨ੍ਹਾਂ ਦੀ ਟਰਾਂਸਫ਼ਰ ਇੱਥੋਂ ਹੋਈ ਹੈ ਉਨ੍ਹਾਂ ਨੂੰ ਜਾਣਾ ਵੀ ਤਾਂ ਪਵੇਗਾ। ਅੱਛਾ, ਤਾਂ ਇਹ ਪੰਗਾ ਹੈ। ਚਲੋ ਸਟੇਸ਼ਨ ਇੰਜਨੀਅਰ ਸਾਹਿਬ ਨੂੰ ਦੱਸਿਆ ਕਿ ਸਰ, ਛੁੱਟੀ ਲੈਣੀ ਪਵੇਗੀ ਕੱਲ੍ਹ ਤੋਂ। ਜਾਣਾ ਹੈ ਅਤੇ ਹੁਣੇ ਜੋਆਇਨ ਕਰਵਾ ਲਵੋ। ਹੈੱਡ ਕਲਰਕ ਰਾਜ ਨੂੰ ਬੁਲਾਇਆ ਗਿਆ।
”ਓਹ ਮਾਈ ਗੌਡ, ਕੋਈ ਸ਼ਹਿਰ, ਕੋਈ ਦਫ਼ਤਰ ਕਿਸੇ ਬੰਦੇ ਨੂੰ ਇੰਨਾ ਵੀ ਬਦਲ ਸਕਦੈ? ”
ਮੈਡਮ ਦੇ ਜਲਵੇ। ਮੈਂ ਦੇਖ ਰਹੀ ਸੀ, ਹੱਸ ਰਹੀ ਸੀ। ਹੁਣ ਤਕ ਹਾਸਾ ਆਉਣਾ ਸ਼ੁਰੂ ਹੋ ਗਿਆ ਸੀ ਮੈਨੂੰ। ਮੈਂ ਓਦੋਂ ਤਕ ਹੀ ਔਖੀ ਹੁੰਦੀ ਹਾਂ ਜਦੋਂ ਤਕ ਗੱਲ ਸਮਝ ਨਾ ਆਵੇ, ਜਿਹੜੀ ਕਈ ਵਾਰ ਬਹੁਤ ਦੇਰ ਬਾਅਦ ਪੱਲੇ ਪੈਂਦੀ ਹੈ ਪਰ ਅੱਜ ਤਾਂ, ਚੰਡੀਗੜ੍ਹ ਦੇ ਹਵਾ ਪਾਣੀ ਦਾ ਅਸਰ ਸੀ ਸ਼ਾਇਦ, ਗੱਲ ਮੈਨੂੰ ਬਹੁਤ ਛੇਤੀ ਹੀ ਸਮਝ ਆ ਗਈ ਸੀ।
ਠੀਕ ਹੈ ਰੱਬ ਜੀ, ਕੋਈ ਨਾ ਇਹ ਵੀ ਸੁਲਝਾ ਲਵਾਂਗੀ। ਕੰਮ ਕਰਨਾ ਸੌਖਾ ਨਹੀਂ ਹੋਵੇਗਾ ਇੱਥੇ। ਹਿਮਾਚਲ ਨਹੀਂ ਹੈ ਇਹ। ਵਿਰੋਧੀ ਧਿਰ ਦੇ ਇੱਕ ਇੱਕ ਬੰਦੇ ਨੂੰ ਸ਼ਾਮ, ਦਾਮ, ਦੰਡ, ਭੇਦ ਨਾਲ ਠੀਕ ਕਰਨਾ ਪਵੇਗਾ। ਚਲੋ, ਕਰੋ ਤਿਆਰੀ ਨਵਾਂ ਸਬਕ ਪੜ੍ਹਨ ਦੀ। ਪਹਿਲਾਂ ਤਾਂ ਬੱਚੇ ਦੇ ਸਵਾਗਤ ਦੀ ਤਿਆਰੀ ਕਰੋ ਅਤੇ ਉਹਦੇ ਸਹੁਰੇ ਪਰਿਵਾਰ ਨੂੰ ਦੇਖੋ ਜਿਹੜੇ ਸਾਡੀ ਤਰ੍ਹਾਂ ਹੀ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਅਨੂ ਅਤੇ ਬੱਚੀ ਨੂੰ ਉਹਦਾ ਸਹੁਰਾ ਪਰਿਵਾਰ ਨਾਲ ਹੀ ਲੈ ਗਿਆ ਸੀ, ਅਤੇ ਮੈਂ ਇੱਕ ਨਵੀਂ ਜੰਗ ਲੜਨ ਲਈ ਆ ਕੇ ਚੰਡੀਗੜ੍ਹ ਜੁਆਇਨ ਕਰ ਲਿਆ। ਇਨ੍ਹਾਂ ਦਿਨਾਂ ‘ਚ ਦਿੱਲੀ ਤੋਂ ਕਦੇ ਸੁਖਜਿੰਦਰ ਮੈਡਮ ਟੂਰ ‘ਤੇ ਆਏ, ਕਦੇ DDG ਨੌਰਥ ਮੈਡਮ ਡੋਲਕਰ ਆਏ ਅਤੇ ਇੱਕ ਵਾਰ CEO ਲਾਲੀ ਸਾਹਿਬ ਵੀ ਆਏ, ਮੀਟਿੰਗ ‘ਚ ਸਾਰੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਪ੍ਰਤੀਨਿਧੀ ਸਨ। ਲਾਲੀ ਸਾਹਿਬ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਪਬਲੀਸਿਟੀ ਦੀ ਰਿਪੋਰਟ ਮੰਗੀ ਮੇਰੇ ਕੋਲੋਂ। ਮੈਂ ਨਿਮਰਤਾ ਨਾਲ ਕਿਹਾ ਕਿ ਉਹ ਕੇਂਦਰ, ਜਿੰਨ੍ਹਾਂ ਨੇ ਇਹ ਪਬਲੀਸਿਟੀ ਕਰਨੀ ਹੈ, ਉਨ੍ਹਾਂ ‘ਚ CBS ਚੰਡੀਗੜ੍ਹ ਦਾ ਨਾਂ ਦਿੱਲੀ ਨੇ ਨਹੀਂ ਲਿਖਿਆ ਹੋਇਆ ਕਿਉਂਕਿ ਇਹ ਕਮਰਸ਼ੀਅਲ ਸਟੇਸ਼ਨ ਹੈ ਤੇ ਅਸੀਂ ਰੈਵੇਨਿਊ ਅਰਨ ਕਰਨਾ ਹੁੰਦਾ ਹੈ।
ਉਹ ਪਲ ‘ਚ ਹੀ ਭੜਕ ਪਏ ਅਤੇ ਤਪਕ ਕੇ ਬੋਲੇ, ”ਮੈਂ ਨਹੀਂ ਪਰਵਾਹ ਕਰਦਾ ਕਿਸੇ ਰੈਵੀਨਿਊ ਦੀ। ਤੁਹਾਡੀ ਟਰਾਂਸਫ਼ਰ ਕਰਵਾ ਦੇਣੀ ਮੈਂ … ਕੋਚੀ।”
ਸੋਚ ਸੋਚ ਕੇ ਉਨ੍ਹਾਂ ਦੂਰ ਜਿਹੇ ਸਟੇਸ਼ਨ ਦਾ ਨਾਂ ਲਿਆ ਸੀ।
ਦਿਲ ਕੀਤਾ ਕਿ ਹਾਂ ਕਰ ਦੋ ਸਰ। ਇੱਥੇ ਨਾਲੋਂ ਤਾਂ ਚੰਗਾ ਹੀ ਹੋਵੇਗਾ ਕੋਚੀ। ਸੋ, ਚੁੱਪ ਰਹੀ ਪਰ ਇੱਕ ਚਿਟ ਲਿਖ KPA ਕੋਲ ਭੇਜੀ ਕਿ ਫ਼ਟਾਫ਼ਟ ਸ਼ਿਮਲੇ ਤੋਂ ਫ਼ੈਕਸ ਮੰਗਵਾਉ ਕਿ ਕਿਨ੍ਹਾਂ ਕਿਨ੍ਹਾਂ ਸਟੇਸ਼ਨਾਂ ਨੇ ਸਰਕਾਰੀ ਸਕੀਮਾਂ ਦੀ ਪਬਲੀਸਿਟੀ ਕਰਨੀ ਹੁੰਦੀ ਹੈ। ਪੰਜ ਮਿੰਟ ‘ਚ ਮੇਰੇ ਹੱਥ ‘ਚ ਲਿਸਟ ਸੀ। ਚੰਡੀਗੜ੍ਹ ਦਾ ਨਾਂ ਨਹੀਂ ਸੀ ਉਹਦੇ ਵਿੱਚ। ਮੀਟਿੰਗ ਖ਼ਤਮ ਕਰ ਕੇ ਲਾਲੀ ਸਾਹਿਬ ਉੱਠਣ ਲੱਗੇ, ਮੈਂ ਉਨ੍ਹਾਂ ਨੂੰ ਰੋਕਦਿਆਂ ਕਿਹਾ ”ਸਰ, ਇੱਕ ਮਿੰਟ” ਅਤੇ ਜਾਕੇ ਲਿਸਟ ਉਨ੍ਹਾਂ ਦੇ ਹੱਥ ‘ਚ ਫ਼ੜਾ ਦਿੱਤੀ। ਉਹ ਹੁਣ ਸ਼ਾਂਤ ਸਨ।”ਕੋਈ ਨਾ ਮੈਂ ਚੰਡੀਗੜ੍ਹ ਦਾ ਨਾਂ ਕਰਵਾਉਂਦਾ ਐਡ ਇਸ ਲਿਸਟ ਵਿੱਚ। ਤੁਸੀਂ ਕਰਦੋ ਸ਼ੁਰੂ ਪ੍ਰੋਗਰਾਮ ਪਬਲੀਸਿਟੀ ਵਾਲੇ, ”ਉਹ ਬੋਲੇ।
”ਜੀ ਸਰ, ਠੀਕ ਐ।”
ਇੱਕ ਸਾਲ ਦੇ ਅੰਦਰ ਅੰਦਰ ਮੈਨੂੰ ਸ਼ਿਮਲਾ ਵਾਪਸ ਮਿਲ ਗਿਆ ਸੀ, ਅਤੇ ਇੱਕ ਹੋਰ ਜੱਦੋਜਹਿਦ ਸ਼ੁਰੂ ਹੋ ਗਈ ਸੀ ਇੱਕ ਸਾਲ ਦੇ ਖੱਪੇ ਨੂੰ ਪੂਰਾ ਕਿਵੇਂ ਕੀਤਾ ਜਾਵੇ। ਪੱਥਰੀਲਾ ਤੇ ਹਰਿਆਵਲਾ ਸੁਨੱਖਾ ਸ਼ਹਿਰ ਚੰਡੀਗੜ੍ਹ ਹਵਾ ਦੇ ਬੁਲੇ ਵਾਂਗ ਲੱਗਿਆ, ਜਦ ਉਥੋਂ ਚਾਲੇ ਪਾਏ।







