ਰੁਸਤਮੇ-ਹਿੰਦ ਤੇ ਹਿੰਦ-ਕੇਸਰੀ-ਪਹਿਲਵਾਨ ਸੁਖਵੰਤ ਸਿੰਘ ਸਿੱਧੂ – ਭਾਗ ਤੀਜਾ

main newsਇਕਬਾਲ ਸਿੰਘ ਜੱਬੋਵਾਲੀਆ
ਸੈੱਲ: 917-375-6395
ਸੰਨ 1975 ਵਿੱਚ ਜਲੰਧਰ ਪੰਜਾਬ ਪੁਲਿਸ ਗੇਮਾਂ ਵਿੱਚ ਜੋਗਿੰਦਰ ਸਿੰਘ ਲੱਧੜ ਨਾਮੀ ਪਹਿਲਵਾਨ (ਮੇਹਰਦੀਨ ਦਾ ਸ਼ਾਗਿਰਦ) ਨੂੰ ਹਰਾਇਆ। ਇਹ ਕੁਸ਼ਤੀ ਵੇਖ ਪਿਤਾ ਜੀ ਗਦਗਦ ਹੋ ਗਏ। ਖ਼ੁਸ਼ੀ ‘ਚ ਖੀਵੇ ਹੋਏ ਪਿਤਾ ਨੇ ਭੱਜ ਕੇ ਅਖਾੜੇ ‘ਚ ਜਾ ਕੇ ਪੁੱਤ ਨੂੰ ਕਲਾਵੇ ‘ਚ ਲੈ ਕੇ ਚੁੱਕ ਲਿਆ। ਪੁੱਤ ਨੂੰ 100 ਰੁਪਏ ਦਾ ਇਨਾਮ ਦਿੱਤਾ। ਇਸ ਕੁਸ਼ਤੀ ਦਾ ਆਨੰਦ ਉਸ ਵੇਲੇ ਪੁਲਿਸ ਦੇ ਸਾਰੇ ਸੀਨੀਅਰ ਅਫ਼ਸਰਾਂ ਨੇ ਮਾਣਿਆ। ਅਫ਼ਸਰਾਂ ਨੇ ਤਾੜੀਆਂ ਦੀ ਦਾਦ ਦਿੱਤੀ। ਪਿਤਾ ਦੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ। ਆਪਣੇ ਪੁੱਤ ਨੂੰ ਅੱਜ ਉਹ ਇੱਕ ਵੱਡੇ ਮੱਲ ਦੇ ਰੂਪ ਵਿੱਚ ਦੇਖ ਰਿਹਾ ਸੀ।
1976-77 ਵਿੱਚ ਸੁਖਵੰਤ ਜੀ ਲਖਨਊ ਖੇਡਾਂ ਵਿੱਚ ਹਿੱਸਾ ਲੈਣ ਗਏ। ਆਪਣੇ ਸਮੇਂ ਦਾ ਤਕੜਾ ਕਬੱਡੀ ਖਿਡਾਰੀ, ਵੇਟ-ਲਿਫ਼ਟਿੰਗ ਦਾ ਚੈਂਪੀਅਨ ਅਤੇ ਭਾਰਤ ਦਾ ਆਈ.ਪੀ.ਐੱਸ. ਸੰਨਵਾਂ ਵਾਲਾ ਭੱਜੀ (ਹਰਭਜਨ ਸਿੰਘ) ਵੀ ਆਪਣੀ ਵੇਟ-ਲਿਫ਼ਟਿੰਗ ਦੀ ਟੀਮ ਲੈ ਕੇ ਪਹੁੰਚਿਆ ਹੋਇਆ ਸੀ। ਸੁਖਵੰਤ ਜੀ ਨੇ ਉਹਦੇ ਖਿਡਾਰੀਆਂ ਨੂੰ ਹੱਲਾ-ਸ਼ੇਰੀ ਦਿਤੀ। ਰਿਟਾਇਰਮੈਂਟ ਤੋਂ ਬਾਅਦ ਸੁਖਵੰਤ ਸਿੰਘ ਜੀ ਪਰਿਵਾਰ ਸਮੇਤ ਵੈਨਕੂਵਰ ਪਹੁੰਚ ਗਏ। ਪੁਰਾਣੇ ਸਾਥੀ ਹਰਭਜਨ ਸਿੰਘ ਭੱਜੀ, ਸੁਖਵੰਤ ਸਿੰਘ ਤੇ ਛੋਟੇ ਰੁੜਕੇ ਵਾਲਾ ਗੁਰਦੇਵ ਸਿੰਘ ਸਹੋਤਾ ਭੱਜੀ ਦੇ ਬੇਟੇ ਅਮਨਦੀਪ ਦੇ ਘਰ ਵੈਨਕੂਵਰ ਕਈ ਸਾਲਾਂ ਬਾਅਦ ਫ਼ਿਰ ‘ਕੱਠੇ ਹੋ ਗਏ। ਪੁਰਾਣੀਂਆਂ ਯਾਦਾਂ ਨੂੰ ਤਾਜ਼ਾ ਕੀਤਾ।
ਸੁਖਵੰਤ ਸਿੰਘ ਨੂੰ ਖ਼ੁਰਾਕ ਵਲੋਂ ਕੋਈ ਘਾਟ ਨਹੀਂ ਸੀ। ਦੁੱਧ, ਘਿਓ ਘਰਦਿਆਂ ਨੇ ਕਦੇ ਮੁੱਕਣ ਨਹੀਂ ਸੀ ਦਿੱਤਾ। ਮੀਟ ਵੀ ਹਫ਼ਤੇ ‘ਚ ਤਿੰਨ ਕੁ ਵਾਰ ਚਲਦਾ। ਪਿਤਾ ਜੀ ਖ਼ੁਦ ਮੀਟ ਬਣਾ ਕੇ ਦਿੰਦੇ। ਘਿਓ ਦੀ ਤਾਂ ਗੱਲ ਹੀ ਕੀ ਸੀ। ਕਾਲਜ ਦੇ ਕਮਰੇ ਵਿੱਚ ਘਿਓ ਦਾ ਪੀਪਾ ਹਮੇਸ਼ਾਂ ਭਰਿਆ ਰਹਿੰਦਾ। ਸੁਖਵੰਤ ਜੀ ਦੇ ਕਾਲਜ ਸਮੇਂ ਦੇ ਭੰਗੜਾ ਟੀਮ ਦੇ ਮੈਂਬਰ, ਅਮਰੀਕਾ ਰਹਿੰਦੇ, ਨਰਿੰਦਰ ਪੰਡਿਤ ਨੇ ਦੱਸਿਆ ਕਿ ਸੁਖਵੰਤ ਸਿੰਘ ਦੇ ਕਮਰੇ ‘ਚ ਘਿਓ ਕਦੇ ਮੁੱਕਿਆ ਨਹੀਂ ਸੀ। ਜਦੋਂ ਉਨ੍ਹੀ ਕਦੇ ਉਹਦੇ ਕਮਰੇ ਜਾਣਾ ਤਾਂ ਮੱਲੋ-ਮੱਲੀ ਘਿਓੁ ਦੇ ਦੋ ਚਮਚੇ ਉਹਨੂੰ ਵੀ ਪਾ ਦੇਣੇ।
ਸੰਨ 1976 ‘ਚ ਸੰਜੇ ਗਾਂਧੀ ਨੇ ਦਿੱਲੀ ਕਾਰਪੋਰੇਸ਼ਨ ਸਟੇਡੀਅਮ ਵਿਖੇ ਕਰਾਈਆਂ ਕੁਸ਼ਤੀਆਂ ਵਿੱਚ ਸੁਖਵੰਤ ਜੀ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦਾ ਸੁਪਰ ਹੈਵੀਵੇਟ ਦਾ ਮੁਕਾਬਲਾ ਜਿੱਤ ਕੇ ਸੋਨ ਤਗ਼ਮਾ ਆਪਣੀ ਝੋਲੀ ਪੁਆਇਆ ਤੇ 20,000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਪਹਿਲੇ ਗੋਲਡ-ਮੈਡਲ ਜੇਤੂ ਨੂੰ 20-20 ਦੂਜੇ ਨੂੰ 15-15 ਤੇ ਤੀਜੇ ਵਾਲਿਆਂ ਨੂੰ 10-10 ਹਜ਼ਾਰ।
ਸੰਨ ’71 ਵਿੱਚ ਰੁਸਤਮੇ ਹਿੰਦ ਕੁਸ਼ਤੀ ਮੁਕਾਬਲੇ ਰੋਹਤਕ (ਰਿਆਣੇ) ਹੋਏ। ਭਾਰਤ ਦੇ ਵੱਖ ਵੱਖ ਰਾਜਾਂ ਤੋਂ 52 ਪਹਿਲਵਾਨਾਂ ਨੇ ਭਾਗ ਲਿਆ। ਦੰਗਲ ਦੀ ਆਖਰੀ ਕੁਸ਼ਤੀ ਹਰਿਆਣੇ ਦੇ ਈਸ਼ਵਰ ਸਿੰਘ ਨਾਲ ਹੋਈ। 6 ਮਿੰਟ 20 ਸੈਕਿੰਡ ‘ਚ ਸੁਖਵੰਤ ਜੀ ਨੇ ਈਸ਼ਵਰ ਨੂੰ ਹਰਾ ਕੇ ‘ਰੁਸਤਮੇ ਹਿੰਦ’ ਦਾ ਖ਼ਿਤਾਬ ਆਪਣੇ ਕਬਜ਼ੇ ‘ਚ ਕੀਤਾ। ਖ਼ਿਤਾਬ ਜਿੱਤ ਕੇ ਚਾਂਦੀ ਦੀ ਗੁਰਜ ਤੇ 51,000 ਰੁਪਏ ਝੋਲੀ ਪੁਆਏ। ਰੁਸਤਮੇ ਹਿੰਦ ਦੀ ਗੁਰਜ ਉਸ ਵੇਲੇ ਦੇ ਹਰਿਆਣਾ ਸਰਕਾਰ ਦੇ ਹੋਮ-ਮਨਿਸਟਰ ਅਤੇ ਦੰਗਲ ਦੇ ਮੁੱਖ-ਮਹਿਮਾਨ ਸ਼੍ਰੀ ਕੇ ਐਲ ਪੋਸਵਾਲ ਨੇ ਭੇਂਟਾ ਕੀਤੀ।
1966, ’68, ’70, ’72 ਤੇ ’74 ਵਿੱਚ ਪਟਿਆਲਾ, ਅਜਮੇਰ, ਦਿੱਲੀ ਅਤੇ ਰੋਹਤਕ ਵਿੱਚ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਸੋਨੇ ਦੇ ਮੈਡਲ ਜਿੱਤੇ। ਅੱਠ ਸਾਲ ਲਗਾਤਾਰ ਕੁਲ ਹਿੰਦ ਪੁਲਿਸ ਖੇਡਾਂ ਵਿੱਚ ਸੁਪਰ ਹੈਵੀ ਵੇਟ ਕੁਸ਼ਤੀਆਂ ਵਿੱਚ ਸੋਨ-ਤਗ਼ਮੇ ਜਿੱਤੇ।
ਸੰਨ ’75 ਵਿੱਚ ਪੰਜਾਬ ਦੇ ਗਵਰਨਰ ਐੱਮ.ਐੱਮ. ਚੌਧਰੀ ਨੇ ਪੀ.ਏ.ਪੀ. ਸਟੇਡੀਅਮ ਜਲੰਧਰ ਵਿਖੇ ਮਾਨ ਸਨਮਾਨ ਦਿੱਤਾ। 1992 ‘ਚ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਨਮਾਨਿਤ ਕੀਤਾ। ਉਸੇ ਸਾਲ ਸੰਨ ’92 ਵਿੱਚ ਹੀ ਔਫ਼ੀਸ਼ੀਏਟਿੰਗ ਕਮਾਂਡੈਂਟ ਬਣੇ ਤੇ 27 ਜੁਲਾਈ 1993 ਨੂੰ ਭਾਰਤ ਸਰਕਾਰ ਵਲੋਂ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ-ਮੈਡਲ ਭੇਂਟ ਕੀਤਾ ਗਿਆ। ਇਹ ਮੈਡਲ ਮੱਧ ਪ੍ਰਦੇਸ਼ ਵਿੱਚ ਉਸ ਸਮੇਂ ਦੇ ਗ੍ਰਹਿ ਰਾਜ ਮੰਤਰੀ ਸ਼੍ਰੀ ਰਾਜੇਸ਼ ਪਾਇਲਟ ਨੇ ਦਿੱਤਾ।
ਅਨੇਕਾਂ ਪ੍ਰਾਪਤੀਆਂ ਸਦਕਾ ਆਪ ਨੂੰ ਦਿੱਲੀ ਅੰਮ੍ਰਿਤਸਰ, ਜਲੰਧਰ, ਨਕੋਦਰ, ਭੋਪਾਲ, ਜੰਮੂ, ਕਸ਼ਮੀਰ ਅਤੇ ਨਾਗਾਲੈਂਡ ਮਨੀਪੁਰ ਆਦਿ ਇਲਾਕਿਆਂ ਵਿੱਚ ਸੇਵਾਵਾਂ ਨਿਭਾਉਂਣ ਦਾ ਮੌਕਾ ਮਿਲਿਆ। ਸੀ.ਆਰ.ਪੀ.ਐੱਫ਼. ਕਮਾਂਡੈਂਟ 89 ਬਟਾਲੀਅਨ ਵਜੋਂ ਨਕੋਦਰ ਜਾ ਤਾਇਨਾਤ ਹੋਇਆ ਤੇ ਉਹਦੇ ਅਧੀਨ ਸ਼ਾਹਕੋਟ, ਨੂਰਮਹਿਲ, ਲੋਹੀਆਂ, ਲਾਂਬੜਾਂ, ਫ਼ਿਲੌਰ ਤੇ ਗੁਰਾਇਆਂ ਆਉਂਦੇ ਸਨ। ਸ਼ਾਹਕੋਟ ਮੋਟਰਸਾਇਕਲ ‘ਤੇ ਘੁੰਮਦਾ ਕਈ ਵਾਰ ਮੇਹਰਦੀਨ ਮਿਲ ਪੈਂਦਾ। ਸੁਖਵੰਤ ਜੀ ਆਪਣੀ ਜੀਪ ਰੋਕਦਾ ਤੇ ਉਹਦੇ ਗੋਡੀਂ ਹੱਥ ਲਾਉਂਦਾ। ਵੱਡਾ ਅਫ਼ਸਰ ਹੋ ਕੇ ਆਪ ਤੋਂ ਵੱਡੇ ਪਹਿਲਵਾਨ ਨੂੰ ਇਸ ਤਰ੍ਹਾਂ ਮਿਲਣਾ, ਸੁਖਵੰਤ ਜੀ ਦਾ ਵਡੱਪਣ ਸੀ।
ਈਮਾਨਦਾਰ ਅਤੇ ਮੇਹਨਤੀਂ ਹੋਣ ਕਰ ਕੇ ਸੁਖਵੰਤ ਜੀ ਨੂੰ ਭੋਪਾਲ ਵਿਖੇ ਮਾਰਚ ’96 ਤੋਂ ਮਈ 2000 ਤਕ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਸਾਢੇ ਚਾਰ ਸਾਲ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਤੇ ਆਪਣੇ ਨਾਂ ਦੀ ਛਾਪ ਛੱਡੀ।
ਜਦੋਂ ਉਹ ਪਹਿਲਵਾਨੀ ‘ਚ ਚਮਕਣ ਲੱਗਾ ਸੀ ਤਾਂ ਸਾਰੇ ਮਹਿਕਮਿਆਂ ਵਾਲੇ ਆਫ਼ਰਾਂ ਕਰਨ ਲੱਗੇ। ਪੰਜਾਬ ਪੁਲਿਸ ਮਹਿਕਮੇ ਦੇ ਉਸ ਵੇਲੇ ਦੇ ਆਈ.ਪੀ.ਐੱਸ. ਅਸ਼ਵਨੀ ਕੁਮਾਰ ਵੀ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਸੀ। ਪਰ ਜਿਥੇ ਦਾਣਾ-ਪਾਣੀ ਸੀ, ਉਥੇ ਚਲਾ ਗਿਆ। ਕਿਸਮਤ ਵਿੱਚ ਦਿੱਲੀ ਪੁਲਿਸ ਵਿੱਚ ਉਚੇ-ਅਹੁੱਦੇ ‘ਤੇ ਬਿਰਾਜਮਾਨ ਹੋਣਾ ਸੀ, ਸੋ ਹੋ ਗਿਆ। ਹਮੇਸ਼ਾਂ ਬੇਦਾਗ਼ ਅਤੇ ਭਰੋਸੇ ‘ਚ ਬੜੇ ਠਾਠ ਨਾਲ ਨੌਕਰੀ ਕੀਤੀ।
ਪੱਦੀ ਜਗੀਰ ਵਾਲਿਆਂ ਨੂੰ ਸੁਖਵੰਤ ਸਿੰਘ ‘ਤੇ ਬੜਾ ਮਾਣ ਹੈ। ਜਦੋਂ ਵੀ ਪਹਿਲਵਾਨੀ ਦੀ ਗੱਲ ਚਲਦੀ ਹੈ ਤਾਂ ਪੱਦੀ ਜਗੀਰ ਵਾਲੇ ਸੁਖਵੰਤ ਸਿੰਘ ਦਾ ਜ਼ਿਕਰ ਜ਼ਰੂਰ ਹੁੰਦੈ। ਬੇਟੀ ਦੇ ਵਿਆਹ ‘ਤੇ ਪੰਜਾਬ ਦੇ ਨਾਮਵਰ ਪਹਿਲਵਾਨ ਪਹੁੰਚੇ ਹੋਏ ਸਨ। ਪਿੰਡ ਵਿੱਚ ਖ਼ੁਸ਼ੀਆਂ ਦੇ ਢੋਲ ਵੱਜੇ। ਸਾਰੇ ਪਿੰਡ ਵਿੱਚ ਖ਼ੁਸ਼ੀਆਂ ਦੀ ਲਹਿਰ ਸੀ। ਮੇਹਰਦੀਨ ਨੇ ਸਿੱਖਿਆ ਪੜ੍ਹੀ।
ਸੁਖਵੰਤ ਸਿੰਘ ਦਾ ਭਾਰਤੀ ਕੁਸ਼ਤੀ ਵਿੱਚ ਵੱਖਰਾ ਮੁਕਾਮ ਹੈ। ਬਹੁਤ ਸਾਲ ਭਾਵੇਂ ਉਹ ਦਿੱਲੀ ਰਿਹਾ, ਦਿਲੀ ਹੀ ਨੌਕਰੀ ਤੇ ਪਹਿਲਵਾਨੀ ਕੀਤੀ, ਪਰ ਹਮੇਸ਼ਾਂ ਪੰਜਾਬ ਦਾ ਸੱਚਾ ਸਪੂਤ ਬਣ ਕੇ ਵਿਚਰਿਆ।
ਦਿੱਲੀ ‘ਚ ਮਾਸਟਰ ਚੰਦਗੀ ਰਾਮ ਦਾ ਮਸ਼ਹੂਰ ‘ਖਾੜਾ ਹੁੰਦਾ ਸੀ। ਦਿੱਲੀ ਵਿੱਚ ਸੀ.ਆਰ.ਪੀ.ਐੱਫ਼ ਦੀ ਨੌਕਰੀ ਤੇ ਪਹਿਲਵਾਨੀਂ ਕਰਦਾ ਸੁਖਵੰਤ ਸਿੰਘ ਚੰਦਗੀ ਰਾਮ ਦੇ ‘ਖਾੜੇ ਅਕਸਰ ਗੇੜਾ ਮਾਰਦਾ ਰਹਿੰਦਾ। ਉਥੇ ਪਹਿਲਵਾਨ ਬੁੱਧ ਸਿੰਘ ਨੂੰ ਜ਼ੋਰ ਕਰਦਾ ਤੇ ਕੁਸ਼ਤੀਆਂ ਲੜਦੇ ਨੂੰ ਵੇਖਣ ਜਾਂਦਾ। ਪੰਜਾਬ ਦਾ ਸ਼ੇਰ ਪਹਿਲਵਾਨ ਹੋਣ ਕਰ ਕੇ ਸੁਖਵੰਤ ਜੀ ਨੂੰ ਬੁੱਧ ਸਿੰਘ ‘ਤੇ ਬੜਾ ਮਾਣ ਸੀ। ਬੁੱਧ ਸਿੰਘ ਦੀਆਂ ਸਾਰੀਆਂ ਕੁਸ਼ਤੀਆਂ ਵੇਖੀਆਂ।
ਇੱਕ ਵਾਰ ਬੰਗਲੌਰ ਪੁਲਿਸ ਗੇਮਾਂ ‘ਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਤਕੜੇ ਮੱਲ ਪਹੁੰਚੇ ਹੋਏ ਸਨ। ਸੰਨਵਾਂ ਵਾਲਾ ਭੱਜੀ ਵੀ ਉਥੇ ਯੂ.ਪੀ. ਦੀ ਟੀਮ ਲੈ ਕੇ ਪਹੁੰਚਿਆ ਹੋਇਆ ਸੀ। ਬੁੱਧ ਸਿੰਘ ਨੇ ਪੰਜਾਬ ਪੁਲਿਸ ਵਲੋਂ ਕੁਸ਼ਤੀ ਲੜਨੀ ਸੀ। ਮਹਿਕਮੇ ਵਲੋਂ ਸੁਖਵੰਤ ਸਿੰਘ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਟਰੇਨ ਲੇਟ ਹੋਣ ਨਾਲ ਬੁੱਧ ਸਿੰਘ ਲੇਟ ਹੋ ਗਿਆ। ਬੁੱਧ ਸਿੰਘ ਦਾ ਵਿਰੋਧੀ ਪਹਿਲਵਾਨ ਕਿਸੇ ਦੂਜੇ ਸੂਬੇ ਦਾ ਸੀ, ਉਹ ‘ਖਾੜੇ ‘ਚ ਗੇੜੀਆਂ ਦਿੰਦਾ ਤੇ ਕਚੀਚੀਆਂ ਵਟਦਾ ਫ਼ਿਰੇ। ਬੁੱਧ ਸਿੰਘ ਦੇ ਲੇਟ ਹੋਣ ਨਾਲ ਗੇਮਾਂ ਕਰਾਉਣ ਵਾਲੇ ਉਸ ਪਹਿਲਵਾਨ ਨੂੰ ਜੇਤੂ ਕਰਾਰ ਦੇਣਾ ਚਾਹੁੰਦੇ ਸਨ। ਸੁਖਵੰਤ ਸਿੰਘ ਅਤੇ 8-10 ਹੋਰ ਪਹਿਲਵਾਨ ਜਾ ਕੇ ‘ਖਾੜੇ ‘ਚ ਬਹਿ ਗਏ ਕਿ ਇਸ ਤਰ੍ਹਾਂ ਇਸ ਨੂੰ ਜੇਤੂ ਘੋਸ਼ਿਤ ਨਹੀਂ ਕੀਤਾ ਜਾਣ ਦਿੱਤਾ ਜਾ ਸਕਦਾ। ਜਿੰਨਾ ਚਿਰ ਬੁੱਧ ਸਿੰਘ ਨਾਲ ਕੁਸ਼ਤੀ ਨਹੀਂ ਹੁੰਦੀ, ਕੋਈ ਜੇਤੂ ਨਹੀਂ। ਕੁਦਰਤੀ ਬੁੱਧ ਸਿੰਘ ਵੀ ਪਹੁੰਚ ਗਿਆ। ਬੁੱਧ ਸਿੰਘ ਨੂੰ ਵੇਖਦੇ ਹੀ ਉਹ ਪਹਿਲਵਾਨ ਪਤਾ ਨਹੀਂ ਕਿੱਥੇ ਚਲਾ ਗਿਆ। ਸੁਖਵੰਤ ਜੀ ਦੀ ਦਰਿਆ-ਦਿਲੀ ਦੀਆਂ ਬਹੁਤ ਮਿਸਾਲਾਂ ਹਨ। ਸੁਖਵੰਤ ਪਹਿਲਵਾਨ ਜੀ ਦਾ ਨੰਬਰ 778-989-2700 ਹੈ।
ਬਾਕੀ ਅਗ਼ਲੇ ਹਫ਼ਤੇ …

LEAVE A REPLY