ਨੈਨੀਤਾਲ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਪਣੇ ਨੈਨੀਤਾਲ ਦੌਰੇ ਦੇ ਦੂਜੇ ਦਿਨ ਮੰਗਲਵਾਰ ਸਵੇਰੇ ਪ੍ਰਸਿੱਧ ਕੈਂਚੀ ਧਾਮ ਪਹੁੰਚੀ। ਇੱਥੇ ਉਨ੍ਹਾਂ ਨੇ ਬਾਬਾ ਨੀਮ ਕਰੋਲੀ ਮਹਾਰਾਜ ਦੇ ਦਰਸ਼ਨ ਕਰ ਕੇ ਪੂਜਾ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਤੇ ਸ਼ਾਂਤੀ ਦੀ ਕਾਮਨਾ ਕੀਤੀ। ਰਾਸ਼ਟਰਪਤੀ ਦੇ ਮੰਦਰ ਆਉਣ ‘ਤੇ ਆਸ਼ਰਮ ਦੇ ਸਾਧੂ-ਸੰਤਾਂ ਅਤੇ ਟਰੱਸਟ ਮੈਂਬਰਾਂ ਨੇ ਉਨ੍ਹਾਂ ਦਾ ਰਵਾਇਤੀ ਰੂਪ ਨਾਲ ਸਵਾਗਤ ਕੀਤਾ।
ਰਾਸ਼ਟਰਪਤੀ ਨੇ ਬਾਬਾ ਦੇ ਸਮਾਧੀ ਸਥਾਨ ‘ਤੇ ਫੁੱਲ ਭੇਟ ਕਰ ਕੇ ਕੁਝ ਸਮੇਂ ਧਿਆਨ ਵੀ ਲਗਾਇਆ। ਇਸ ਦੌਰਾਨ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹੇ। ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਵਿਚਾਲੇ ਰਾਸ਼ਟਰਪਤੀ ਦਾ ਕਾਫ਼ਲਾ ਸਵੇਰੇ ਕਰੀਬ 9 ਵਜੇ ਕੈਂਚੀ ਧਾਮ ਪਹੁੰਚਿਆ ਅਤੇ ਲਗਭਗ 30 ਮਿੰਟਾਂ ਤੱਕ ਉੱਥੇ ਰੁਕਣ ਤੋਂ ਬਾਅਦ ਉਹ ਵਾਪਸ ਨੈਨੀਤਾਲ ਲਈ ਰਵਾਨਾ ਹੋਈ। ਰਾਸ਼ਟਰਪਤੀ ਦਾ ਇਹ ਦੌਰਾਨ ਬਾਬਾ ਨੀਮ ਕਰੋਲੀ ਮਹਾਰਾਜ ਦੀਆਂ ਸਿੱਖਿਆਵਾਂ ਅਤੇ ਅਧਿਆਤਮਿਕ ਸੰਦੇਸ਼ਾਂ ਦੇ ਪ੍ਰਤੀ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।







