ਸ਼ੁੱਧ ਸਿਆਸਤਦਾਨ ਮੰਨੇ ਜਾਂਦੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਉਤਰ ਪ੍ਰਦੇਸ਼ ਦੇ ਮੰਤਰੀ ਮੰਡਲ ਵਿੱਚ ਜਿਸ ਪ੍ਰਕਾਰ ਜ਼ਬਰਦਸਤ ਐਂਟਰੀ ਮਾਰੀ ਹੈ, ਉਸ ਨਾਲ ਉਤਰ ਪ੍ਰਦੇਸ਼ ਦੇ ਲੋਕ ਤਾਂ ਹੈਰਾਨ ਹੋਣਗੇ ਹੀ, ਨਾਲ ਦੀ ਨਾਲ ਪੰਜਾਬ ਦੇ ਲੋਕਾਂ ਦੁਆਰਾ ਸ੍ਰ. ਰਾਮੂਵਾਲੀਆ ਦੇ ਇਸ ਪੈਂਤੜੇ ਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਇਸ ਲਈ ਵੀ ਜ਼ਿਆਦਾ ਦੁਖੀ ਹੋਣਗੇ ਕਿਉਂਕਿ ਉਨ੍ਹਾਂ ਨੇ ਹੀ ਸ੍ਰ. ਰਾਮੂਵਾਲੀਆ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਸੀ ਤਾਂ ਜੋ ਸਿੱਖਾਂ ਦੀਆਂ ਵੋਟਾਂ ਦਾ ਤਵਾਜ਼ਨ ਅਕਾਲੀ ਦਲ ਦੇ ਹੱਥ ਵਿੱਚ ਆ ਜਾਵੇ ਪਰ ਸ੍ਰ. ਰਾਮੂਵਾਲੀਆ ਨੇ ਅਜਿਹੀ ਟਪੂਸੀ ਮਾਰੀ ਕਿ ਸ੍ਰ. ਬਾਦਲ ਦੇ ਹੇਠਾਂ ਦੀ ਜ਼ਮੀਨ ਹੀ ਖਿੱਚ ਲਈ। ਸ੍ਰ. ਰਾਮੂਵਾਲੀਆ ਇਕ ਅਜਿਹੇ ਲੀਡਰ ਹਨ ਜਿਨ੍ਹਾਂ ਦੀ ਯਾਰੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਹੈ ਅਤੇ ਉਨ੍ਹਾਂ ਦੁਆਰਾ ਹੈਰਾਨ ਕਰ ਦੇਣ ਵਾਲੇ ਪਹਿਲਾਂ ਵੀ ਕਰਿਸ਼ਮੇ ਦਿਖਾਏ ਗਏ ਹਨ। ਇਸੇ ਪ੍ਰਕਾਰ ਉਹ ਐੱਚ. ਡੀ. ਦੇਵਗੌੜਾ ਦੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ ਸਨ। ਦਿਲਚਸਪ ਗੱਲ ਇਹ ਹੈ ਕਿ ਉਸ ਮੰਤਰੀ ਮੰਡਲ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪਿਤਾ ਸ੍ਰੀ ਮੁਲਾਇਮ ਸਿੰਘ ਯਾਦਵ ਵੀ ਰੱਖਿਆ ਮੰਤਰੀ ਬਣੇ ਸਨ। ਇਕ ਵਿਅਕਤੀ ਨੇ ਟਿੱਪਣੀ ਕੀਤੀ ਕਿ ਸ੍ਰ. ਰਾਮੂਵਾਲੀਆ ਚਾਹੁਣ ਤਾਂ ਕੈਨੇਡਾ ਵਿੱਚ ਵੀ ਮੰਤਰੀ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਉਥੇ ਵੀ ਵੱਡਾ ਆਰਥਿਕ ਸਾਮਰਾਜ ਕਾਇਮ ਕੀਤਾ ਹੋਇਆ ਹੈ।
ਸ੍ਰ. ਰਾਮੂਵਾਲੀਆ ਅਖਿਲੇਸ਼ ਯਾਦਵ ਦੇ ਮੰਤਰੀ ਮੰਡਲ ਵਿੱਚ ਉਸ ਸਮੇਂ ਮੰਤਰੀ ਬਣੇ ਹਨ ਜਦੋਂ ਅਕਾਲੀ ਸਿਆਸਤ ਕਾਫ਼ੀ ਬੁਰੇ ਦੌਰ ਵਿੱਚੋਂ ਗ਼ੁਜਰ ਰਹੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਸ੍ਰ. ਰਾਮੂਵਾਲੀਆ ਨੇ ਹਮੇਸ਼ਾ ਹੀ ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਸਿਆਸੀ ਪਿਛੋਕੜ ਹਮੇਸ਼ਾ ਹੀ ਅਕਾਲੀ ਦਲ ਵਾਲਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੇ ਸਬੰਧ ਸਾਰੀਆਂ ਪਾਰਟੀਆਂ ਲੀਡਰਾਂ ਨਾਲ ਵੀ ਰਹੇ ਹਨ ਅਤੇ ਖ਼ਾਸ ਤੌਰ ‘ਤੇ ਕਮਿਊਨਿਸਟ ਲੀਡਰ ਸਵਰਗੀ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਉਨ੍ਹਾਂ ਨੂੰ ਹਮੇਸ਼ਾ ਹੀ ਅਸ਼ੀਰਵਾਦ ਮਿਲਦਾ ਰਿਹਾ ਹੈ। ਜਦੋਂ ਉਹ ਦੇਵਗੌੜਾ ਦੀ ਸਰਕਾਰ ਵਿੱਚ ਮੰਤਰੀ ਬਣੇ ਸਨ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਇਸ ਸਭ ਕੁਝ ਕਾਮਰੇਡਾਂ ਦਾ ਪ੍ਰਤਾਪ ਹੈ। ਇਥੇ ਹੀ ਬਸ ਨਹੀਂ, ਸ੍ਰ. ਰਾਮੂਵਾਲੀਆ ਦੇ ਤਾਂ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨਾਲ ਵੀ ਚੰਗੇ ਸਬੰਧ ਸਨ।
ਹੁਣ ਜਦੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰ. ਰਾਮੂਵਾਲੀਆ ਵਰਗੇ ਲੀਡਰਾਂ ਦੀ ਸਖ਼ਤ ਲੋੜ ਹੈ ਤਾਂ ਇਸ ਘਟਨਾਕ੍ਰਮ ਨਾਲ ਇਹੀ ਪ੍ਰਭਾਵ ਮਿਲਦਾ ਹੈ ਕਿ ਅਕਾਲੀ ਦਲ ਅੰਦਰ ਸਭ ਕੁਝ ਠੀਕ ਨਹੀਂ ਹੈ। ਇੱਕ ਪਾਸੇ ਤਾਂ ਬਾਹਰੋਂ ਅਕਾਲੀ ਦਲ ਨੂੰ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ ਕਰਵਾਉਣ ਅਤੇ ਬਾਅਦ ਵਿੱਚ ਫ਼ੈਸਲਾ ਵਾਪਸ ਕਰਵਾਉਣ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਰਨ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋਏ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਇਕਜੁੱਟ ਨਹੀਂ ਜਾਪ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਉਸ ਦੀ ਟਿਕਟ ਉੱਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤੇ ਸਨ, ਅਸਤੀਫ਼ੇ ਦੇ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਵਰਕਰ ਬਾਗ਼ੀ ਹੋ ਰਹੇ ਹਨ। ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਹਾਲਾਤ ਉੱਤੇ ਕਾਬੂ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਕਦਮ ਵੀ ਚੁੱਕੇ ਜਾ ਰਹੇ ਹਨ ਪਰ ਸਿੱਖਾਂ ਦਾ ਗੁੱਸਾ ਮੱਠਾ ਨਹੀਂ ਪੈ ਰਿਹਾ। ਅਜਿਹੇ ਵਿੱਚ ਸ੍ਰ. ਰਾਮੂਵਾਲੀਆ ਦਾ ਅਕਾਲੀ ਦਲ ਵਿੱਚੋਂ ਜਾਣਾ ਪਾਰਟੀ ਨੂੰ ਕਾਫ਼ੀ ਵੱਡਾ ਝਟਕਾ ਵੀ ਕਿਹਾ ਜਾ ਸਕਦਾ ਹੈ।
ਸ੍ਰ. ਰਾਮੂਵਾਲੀਆ ਦੇ ਅਕਾਲੀ ਦਲ ਵਿੱਚੋਂ ਚਲੇ ਜਾਣ ਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ। ਪਹਿਲਾ ਪ੍ਰਭਾਵ ਇਹ ਹੈ ਕਿ ਸ੍ਰ. ਰਾਮੂਵਾਲੀਆ ਆਪਣੀ ਲੋਕ ਭਲਾਈ ਪਾਰਟੀ ਭੰਗ ਕਰ ਕੇ ਆਪਣੇ ਪੇਕੇ ਘਰ ਅਕਾਲੀ ਦਲ ਵਿੱਚ ਸ਼ਾਮਲ ਜ਼ਰੂਰ ਹੋਏ ਸਨ, ਪਰ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ ਜਿਸ ਦੀ ਉਹ ਆਸ ਰੱਖਦੇ ਹੋਣਗੇ। ਭਾਵੇਂ ਪਾਰਟੀ ਵਿੱਚ ਉਨ੍ਹਾਂ ਨੂੰ ਸੀਨੀਅਰ ਉਪ ਪ੍ਰਧਾਨ ਜ਼ਰੂਰ ਬਣਾਇਆ ਗਿਆ, ਪਰ ਜਿਹੜੀਆਂ ਪਾਰਟੀਆਂ ਖੇਤਰੀ ਹਨ ਅਤੇ ਜਿਨ੍ਹਾਂ ਉੱਤੇ ਪਰਿਵਾਰਾਂ ਦਾ ਗ਼ਲਬਾ ਹੈ, ਉਥੇ ਕਿਸੇ ਹੋਰ ਤੀਜੇ ਲੀਡਰ ਦੀ ਘੱਟ ਹੀ ਚਲਦੀ ਹੈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਮਾਜਵਾਦੀ ਪਾਰਟੀ ਉੱਤੇ ਵੀ ਯਾਦਵ ਪਰਿਵਾਰ ਦਾ ਹੀ ਪ੍ਰਭਾਵ ਹੈ। ਇਸ ਲਈ ਲੀਡਰਾਂ ਨੂੰ ਮੁੱਖ ਮੰਤਰੀ ਜਾਂ ਪ੍ਰਧਾਨ ਦੀ ਦਯਾ ਉੱਤੇ ਹੀ ਰਹਿਣਾ ਪੈਂਦਾ ਹੈ। ਅਖਿਲੇਸ਼ ਯਾਦਵ ਨੇ ਹੋ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ੍ਰ. ਰਾਮੂਵਾਲੀਆ ਨੂੰ ਮੰਤਰੀ ਬਣਾਇਆ ਹੋਵੇ, ਪਰ ਅਕਾਲੀ ਦਲ ਲਈ ਇਹ ਘੜੀ ਇਸ ਲਈ ਵੀ ਚੁਣੌਤੀ ਭਰੀ ਹੈ ਕਿਉਂਕਿ ਸਮਾਜਵਾਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਭ ਵੱਡੀ ਦੁਸ਼ਮਣ ਪਾਰਟੀ ਮੰਨੀ ਜਾਂਦੀ ਹੈ। ਭਾਜਪਾ ਅਕਾਲੀ ਦਲ ਦੀ ਪੰਜਾਬ ਅਤੇ ਕੇਂਦਰ ਵਿੱਚ ਭਾਈਵਾਲ ਪਾਰਟੀ ਹੈ। ਇਸ ਲਈ ਉੱਤਰ ਪ੍ਰਦੇਸ਼ ਵਿੱਚ ਅਲੱਗ ਤਰ੍ਹਾਂ ਦੇ ਹੀ ਸਿਆਸੀ ਸਮੀਕਰਨ ਬਣ ਸਕਦੇ ਹਨ। ਸ੍ਰ. ਰਾਮੂਵਾਲੀਆ ਦਾ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਚਲੇ ਜਾਣਾ ਇਕ ਬਹੁਤ ਹੀ ਦਿਲਚਸਪ ਘਟਨਾਕ੍ਰਮ ਹੈ। ਉਨ੍ਹਾਂ ਨੂੰ ਉਥੇ ਮੰਤਰੀ ਬਣਨ ਨਾਲ ਸੁੱਖ ਸਹੂਲਤਾਂ ਤਾਂ ਮਿਲ ਜਾਣਗੀਆਂ, ਪਰ ਲੱਗਦਾ ਨਹੀਂ ਕਿ ਉਹ ਉਥੇ ਸਿਆਸਤ ਵਿੱਚ ਕੋਈ ਵੱਡਾ ਮੁਕਾਮ ਹਾਸਲ ਕਰ ਸਕਣਗੇ।