ਉਦੋਂ ਮੈਂ ਪੰਜਵੀਂ-ਛੇਵੀਂ ‘ਚ ਪੜ੍ਹਦਾ ਸਾਂ। ਨਾਨਕੇ ਘਰ ਵਿੱਚ ਨਾਨਾ- ਨਾਨੀ, ਮਾਸੀਆਂ ਸਨ। ਛੋਟੇ ਹੁੰਦਿਆਂ ਹੀ ਮੈਨੂੰ ਨਾਨਕਿਆਂ ਨੇ ਆਪਣੇ ਕੋਲ ਰੱਖ ਲਿਆ ਸੀ। ਨਾਨੇ ਦਾ ਛੋਟਾ ਭਰਾ ਭੋਲਾ ਪਹਿਲਾਂ ਹੀ ਅੱਡ ਹੋ ਗਿਆ ਸੀ। ਉਹ ਮੇਰੇ ਨਾਨੇ ਨੂੰ ਬਾਈੋ ਕਹਿੰਦਾ ਹੁੰਦਾ ਸੀ। ਉਸਦੀ ਰੀਸੇ ਮਾਮੇ-ਮਾਸੀਆਂ ਵੀ ਬਾਈ ਕਹਿਣ ਲੱਗ ਪਏ। ਫ਼ਿਰ ਮੈਂ ਵੀ ਆਪਣੇ ਨਾਨੇ ਨੂੰ ਬਾਈ ਹੀ ਕਹਿਣ ਲੱਗ ਪਿਆ। ਮੇਰੇ ਨਾਨਕੇ ਪਿੰਡ ਵਿਰਕ-ਕਲਾਂ ਵਿੱਚ ਉਦੋਂ ਸਿਰਫ਼ ਅਕਾਲੀਆਂ ਦੇ ਦੋ-ਤਿੰਨ ਘਰਾਂ ਕੋਲ ਹੀ ਟਰੈਕਟਰ ਸਨ। ਬਾਕੀ ਸਾਰਾ ਪਿੰਡ ਬਲ੍ਹਦਾਂ ਜਾਂ ਊਠਾਂ ਨਾਲ ਵਾਹੀ ਕਰਦਾ। ਸਾਡੇ ਘਰ ਵੀ ਇਕ ਬੋਤੀ (ਊਠਣੀ) ਰੱਖੀ ਹੁੰਦੀ ਸੀ। ਬਾਈ ਸਾਰੀ ਵਾਹੀ ਉਸੇ ਨਾਲ ਹੀ ਕਰਦਾ। ਹਲ ਵਾਹੁਣ ਦਾ ਕੰਮ ਜ਼ਿਆਦਾ ਹੁੰਦਾ ਤਾਂ ਕਿਸੇ ਆਂਢੀ ਗੁਆਂਢੀ ਦੇ ਬਲਦ ਜਾਂ ਊਠ ਵੀ ਨਾਲ ਜੋਤ ਲਏ ਜਾਂਦੇ। ਫ਼ਿਰ ਬਾਈ ਆਪ ਵੀ ਨਗੌਰ ਦੀ ਮੰਡੀ ਤੋਂ ਬਲ੍ਹਦਾਂ ਦੀ ਜੋੜੀ ਖ਼ਰੀਦ ਲਿਆਇਆ। ਪਸ਼ੂਆਂ ਦੀ ਉਸਨੂੰ ਬਹੁਤ ਪਰਖ ਸੀ। ਬੜੇ ਸ਼ੌਕ ਨਾਲ ਉਸਨੇ ਇਕ ਬਲ੍ਹਦ ਦਾ ਨਾਂ ਬੱਗਾ ਤੇ ਦੂਜੇ ਦਾ ਨਾਂ ੋਸਾਵਾ ਰੱਖਿਆ। ਬੱਗਾ ਗੋਰੇ-ਨਿਛੋਹ ਰੰਗ ਦਾ ਸੀ ਜਦੋਂ ਕਿ ਸਾਵੇੋ ਦੇ ਰੰਗ ‘ਚੋਂ ਥੋੜ੍ਹੀ ਜਿਹੀ ਨੀਲੀ ਭਾ ਮਾਰਦੀ ਸੀ। ਦੋਵੇਂ ਬੜੇ ਸਿਆਣੇ ਸਨ। ਬਾਈ ਨੂੰ ਉਂਝ ਵੀ ਪਸ਼ੂਆਂ ਨਾਲ ਬਹੁਤ ਜ਼ਿਆਦਾ ਮੋਹ ਸੀ। ਖੇਤੋਂ ਆ ਕੇ ਉਹ ਜ਼ਿਆਦਾਤਰ ਬਾਹਰਲੇ ਘਰੇ (ਵਾੜਾ) ਹੀ ਰਹਿੰਦਾ ਜਿੱਥੇ ਕੁੱਝ ਮੱਝਾਂ, ਗਾਵਾਂ, ਉਨ੍ਹਾਂ ਦੇ ਬੱਚੇ, ਬਲਦ ਅਤੇ ਬੋਤੀ ਬੰਨ੍ਹੇ ਹੁੰਦੇ। ਹਰੇਕ ਪਸ਼ੂ ਦਾ ਬਾਈ ਨੇ ਪਿਆਰ ਨਾਲ ਕੋਈ ਨਾ ਕੋਈ ਨਾਂ ਰੱਖਿਆ ਹੋਇਆ ਸੀ। ਮੀਣੀ, ੋਕਾਲੀ, ਭੂਰੀ ਆਦਿ। ਬੋਤੀ ਦਾ ਨਾਂ ਵੀ ਉਸਨੇ ਰਾਣੋ ਰੱਖਿਆ ਸੀ। ਬਾਈ ਦੀ ਦੂਰੋ ਆਵਾਜ਼ ਸੁਣ ਕੇ ਹੀ ਸਾਰੇ ਪਸ਼ੂ ਕੰਨ ਖੜ੍ਹੇ ਕਰ ਲੈਂਦੇ ਤੇ ਕਈ ਵਾਰ ਤਾਂ ਡਰ ਵੀ ਜਾਂਦੇ ਸਨ। ਤੇ ਫ਼ਿਰ ਜਦੋਂ ਮੈਂ ਬਲ੍ਹਦਾਂ ਨੂੰ ਸੰਭਾਲਣਾ ਸਿੱਖ ਲਿਆ ਤਾਂ ਸਵੇਰੇ ਉੱਠ ਕੇ ਗੱਡਾ ਜੋੜ ਕੇ ਖੇਤ ਚਲਾ ਜਾਂਦਾ। ਬਾਈ ਪਹਿਲਾਂ ਹੀ ਸਾਈਕਲ ‘ਤੇ ਜਾ ਕੇ ਪੱਠੇ ਵੱਢ ਲੈਂਦਾ। ਪਹਿਲਾਂ ਵੱਢਿਆ ਹੋਇਆ ਥੱਬਾ ਹਮੇਸ਼ਾ ਬੱਗੇ ਤੇ ਸਾਵੇ ਨੂੰ ਹੀ ਪਾਉਣਾ। ਰਾਣੋ ਵਾਂਗ ਬੱਗਾ ਤੇ ਸਾਵਾ ਵੀ ਇੰਨੇ ਸਿਆਣੇ ਸਨ ਕਿ ਕਈ ਵਾਰ ਤਾਂ ਉਹ ਸਾਡੇ ਕੁੱਤੇ ਕਾਲੂ ਨੂੰ ਗੱਡੇ ‘ਤੇ ਬਿਠਾ ਕੇ ਖੇਤੋਂ ਕੱਲੇ ਹੀ ਘਰ ਆ ਵੜਦੇ। ਇਕ ਦਿਨ ਇਉਂ ਹੀ ਮੈਂ ਸਵੇਰੇ-ਸਵੇਰੇ ਖੇਤ ਗੱਡਾ ਜੋੜ ਕੇ ਜਾ ਰਿਹਾ ਸਾਂ। ਅਜੇ ਦਿਨ ਪੂਰੀ ਤਰ੍ਹਾਂ ਨਹੀਂ ਸੀ ਚੜ੍ਹਿਆ। ਅਚਾਨਕ ਬੱਗੇ ਦੀ ਸਾਈਡ ਵਾਲਾ ਟਾਇਰ ਜ਼ੋਰ ਨਾਲ ਇਕ ਡੂੰਘੇ ਖੱਡੇ ਵਿੱਚ ਵੱਜਿਆ। ਬੱਗਾ ਗੋਡਿਆਂ ਭਾਰ ਡਿੱਗ ਪਿਆ ਪਰ ਛੇਤੀ ਹੀ ਉੱਠ ਖੜ੍ਹਾ ਹੋ ਗਿਆ। ਸਾਵਾ ਤਾਂ ਸੰਭਲ ਗਿਆ ਸੀ। ਮੈਨੂੰ ਖੱਡਾ ਪਹਿਲਾਂ ਨਹੀਂ ਸੀ ਦਿੱਸਿਆ। ਇਸ ਕਰ ਕੇ ਕੁੱਟ ਪੈਣ ਦੇ ਡਰੋਂ ਮੈਂ ਖੇਤ ਜਾ ਕੇ ਬਾਈ ਨੂੰ ਇਸ ਬਾਰੇ ਕੁਝ ਨਾ ਦੱਸਿਆ। ਆਉਂਦਾ ਹੋਇਆ ਮੈਂ ਸਾਈਕਲ ਲੈ ਆਇਆ ਤੇ ਬਾਈ ਬਲ੍ਹਦ-ਗੱਡਾ। ਸ਼ਾਮੀ ਸਕੂਲੋਂ ਆ ਕੇ ਮੈਂ ਬਾਈ ਦੀ ਚਾਹ ਫ਼ੜਾਉਣ ਬਾਹਰਲੇ ਘਰ ਗਿਆ ਤਾਂ ਬਾਈ ਗੱਡੇ ਦੇ ਪਿਛਲੇ ਪਾਸੇ ਫ਼ੱਲੜ ‘ਤੇ ਉਦਾਸ ਜਿਹਾ ਬੈਠਾ ਸੀ । ਮੈਂ ਪੁੱਛਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਬੱਗੇ ਵੱਲ ਇਸ਼ਾਰਾ ਕਰਦਿਆਂ ਉਹਨੇ ਦੱਸਿਆ ਕਿ ਖੱਡ ‘ਚ ਪੈਰ ਵੱਜਣ ਨਾਲ ਬੱਗੇ ਦਾ ਮੋਢਾ ਉੱਤਰ ਗਿਆ। ਬੱਗਾ ਅਗਲਾ ਖੱਬਾ ਪੈਰ ਚੁੱਕ ਕੇ ਖੜ੍ਹਾ ਸੀ। ਲੱਤ ‘ਤੇ ਭਾਰ ਨਹੀਂ ਸੀ ਆ ਰਿਹਾ। ਗੋਡੇ ਤੋਂ ਉੱਪਰ ਸੋਜ਼ ਆਈ ਹੋਈ ਸੀ। ਬਾਈ ਨੇ ਬੱਗੇ ਦਾ ਬੜਾ ਓਹੜ-ਪੋਹੜ ਕੀਤਾ। ਦੇਸੀ, ਅੰਗਰੇਜ਼ੀ ਇਲਾਜ ਕਰਵਾਏ। ਕਈ ਸਿਆਣਿਆਂ ਨੂੰ ਵੀ ਵਿਖਾਇਆ। ਪਰ ਬੱਗੇ ਦਾ ਮੋਢਾ ਠੀਕ ਨਾ ਹੋਇਆ। ਆਖੀਰ ਘਰਦਿਆਂ ਦੇ ਜ਼ੋਰ ਦੇਣ ਤੇ ਬਾਈ ਬੱਗੇ ਨੂੰ ਗਿੱਦੜਬਾਹੇ ਦੀ ਮੰਡੀ ਤੇ ਕੌਡੀਆਂ ਦੇ ਭਾਅ ਵੇਚ ਆਇਆ ਤੇ ਕਈ ਦਿਨ ਚੁੱਪ-ਚਾਪ ਫ਼ਿਰਦਾ ਰਿਹਾ। ਸਮਾਂ ਕਦੇ ਰੁਕਦਾ ਨਹੀਂ। ਉਦਾਸੀਆਂ, ਦਰਦ, ਜ਼ਖਮ ਵਕਤ ਦੀ ਮੱਲ੍ਹਮ ਨਾਲ ਹੌਲੀ-ਹੌਲੀ ਦੂਰ ਹੋ ਜਾਂਦੇ ਨੇ। ਹਾਂ, ਯਾਦਾਂ ਜ਼ਰੂਰ ਲੜ ਨਾਲ ਬੰਨ੍ਹੀਆਂ ਜਾਂਦੀਆਂ ਨੇ। ਜ਼ਿੰਦਗੀ ਫ਼ੇਰ ਰਵਾਂ ਹੋ ਜਾਂਦੀ ਹੈ। ਬਾਈ ਹੁਣ ਸਾਵੇ ਅਤੇ ਰਾਣੋ ਦੀ ਦੇਖਭਾਲ ਅਤੇ ਮੋਹ ਜ਼ਿਆਦਾ ਕਰਦਾ। ਪਰ ਬੱਗੇ ਦੀ ਥਾਂ ਹੋਰ ਬਲ੍ਹਦ ਨਾ ਖਰੀਦਿਆ ਤੇ ਇਕ ਦਿਨ ਜਦ ਮੈਂ ਸਕੂਲੋਂ ਆਇਆ ਤਾਂ ਪਤਾ ਲੱਗਾ ਕਿ ਬਾਈ ਨੇ ਸਾਵੇ ਨੂੰ ਵੀ ਵਪਾਰੀਆਂ ਨੂੰ ਵੇਚ ਦਿੱਤਾ ਹੈ। ਕੁਝ ਦਿਨਾਂ ਮਗਰੋਂ ਗੱਡਾ ਵੀ ਵੇਚ ਦਿੱਤਾ। ਹੁਣ ਮੱਝਾਂ- ਗਾਵਾਂ ਦੇ ਨਾਲ ਰਾਣੋ ਹੀ ਰਹਿ ਗਈ ਸੀ। ਰਾਣੋ ਵੀ ਬਹੁਤ ਗੰਭੀਰ ਅਤੇ ਸਿਆਣੀ ਕਿਸਮ ਦੀ ਬੋਤੀ ਸੀ। ਆਮ ਤੌਰ ‘ਤੇ ਊਠ ਅੜੀ ਕਰਨ ਲੱਗ ਜਾਂਦੇ ਹਨ। ਚੱਬ੍ਹਾ (ਦੰਦ) ਮਾਰ ਜਾਂਦੇ ਹਨ ਪਰ ਰਾਣੋ ਨੇ ਕਦੇ ਅਜਿਹਾ ਕੁਝ ਵੀ ਨਹੀਂ ਸੀ ਕੀਤਾ। ਬੱਗੇ ਤੇ ਸਾਵੇ ਵਾਂਗ ਉਹ ਵੀ ਇਕੱਲੀ ਹੀ ਘਰੋਂ ਖੇਤ ਤੇ ਖੇਤੋਂ ਘਰ ਗੱਡੀ ਲੈ ਆਉਂਦੀ। ਭਾਰ ਢੋਣ, ਹਲ ਵਾਹੁਣ ਤੇ ਦੌੜਨ ‘ਚੋਂ ਕੋਈ ਵੀ ਹੋਰ ਊਠ ਉਸ ਦੀ ਬਰਾਬਰੀ ਨਹੀਂ ਸੀ ਕਰ ਸਕਦਾ। ਮੈਨੂੰ ਝੂਟੇ ਦੇ ਕੇ ਤਾਂ ਜਿਵੇਂ ਉਹ ਖ਼ੁਸ਼ ਹੋ ਜਾਂਦੀ। ਮੈਂ ਉਸ ਨੂੰ ਇੱਛ-ਇੱਛ ਕਹਿੰਦਾ ਤਾਂ ਉਹ ਬੈਠ ਜਾਂਦੀ। ਸਾਡੀ ਗਲੀ ਦੇ ਹੋਰ ਜਵਾਕ ਵੀ ਉਸਦੀ ਪਿੱਠ ‘ਤੇ ਸਵਾਰ ਹੋ ਜਾਂਦੇ। ਹੌਲੀ-ਹੌਲੀ ਖੜ੍ਹੀ ਹੋ ਜਾਂਦੀ ਤੇ ਮਟਕ-ਮਟਕ ਕੇ ਤੁਰਦੀ। ਹੌਲੀ-ਹੌਲੀ ਮੇਰਾ ਰਾਣੋ ਨਾਲ ਮੋਹ ਗੂੜ੍ਹਾ ਹੁੰਦਾ ਗਿਆ। ਇਕ ਵਾਰ ਅਸੀਂ ਕੁਝ ਬੇਲੀ ਸਾਡੇ ਬਾਹਰਲੇ ਘਰੇ ਗੋਲੀਆਂ ਖੇਡ ਰਹੇ ਸਾਂ। ਅਚਾਨਕ ਰਾਣੋ ਉੱਚੀ-ਉੱਚੀ ਅੜਾਉਣ ਲੱਗ ਪਈ। ਅਸੀਂ ਵੇਖਿਆ ਕਿ ਇਕ ਕਾਲਾ ਵੱਡਾ ਸੱਪ ਸਾਡੇ ਵੱਲ ਆ ਰਿਹਾ ਸੀ। ਅਸੀਂ ਸਾਰੇ ਡਰ ਗਏ। ਇਕ ਮੁੰਡੇ ਦੀ ਤਾਂ ਚੀਕ ਨਿਕਲ ਗਈ। ਸੱਪ ਮੁੜ ਕੇ ਰਾਣੋ ਵੱਲ ਚਲਾ ਗਿਆ। ਮੈਂ ਦੇਖਿਆ ਕਿ ਰਾਣੋ ਨੇ ਆਪਣਾ ਇਕ ਅਗਲਾ ਪੈਰ ਪਹਿਲਾਂ ਹੀ ਉੱਪਰ ਚੁੱਕ ਲਿਆ ਸੀ। ਸੱਪ ਜਦੋਂ ਉਹਦੇ ਕੋਲ ਦੀ ਲੰਘਣ ਲੱਗਾ ਤਾਂ ਰਾਣੋ ਨੇ ਉਸ ਦੇ ਸਿਰ ‘ਤੇ ਜ਼ੋਰ ਨਾਲ ਪੈਰ ਮਾਰਿਆ ਤੇ ਨੱਪ ਲਿਆ। ਉਨੀ ਦੇਰ ਨਹੀਂ ਛੱਡਿਆ ਜਿੰਨੀ ਦੇਰ ਸੱਪ ਮਰ ਨਹੀਂ ਗਿਆ। ਮੈਂ ਰਾਣੋ ਕੋਲ ਗਿਆ ਤਾਂ ਉਸਨੇ ਮੇਰੇ ਮੋਢੇ ‘ੋਤੇ ਆਪਣਾ ਮੂੰਹ ਰੱਖ ਲਿਆ। ਮੈਂ ਕਿੰਨਾ ਚਿਰ ਉਸ ਦੇ ਗੱਲ ਬਾਹਾਂ ਪਾ ਕੇ ਪਿਆਰ ਕਰਦਾ ਰਿਹਾ। ਕੁਝ ਵਰ੍ਹਿਆਂ ਮਗਰੋਂ ਗਰਮੀ ਦੀ ਇਕ ਰੁੱਤੇ ਬਾਈ ਬਿਮਾਰ ਹੋ ਗਿਆ। ਸਰੀਰ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ। ਕਈ ਦਿਨ ਉਹ ਮੰਜੇ ‘ਤੇ ਪਿਆ ਰਿਹਾ। ਮਾਮੇ ਆਪੋ-ਆਪਣੀਆਂ ਡਿਊਟੀਆਂ ‘ਤੇ ਚਲੇ ਜਾਂਦੇ। ਪਸ਼ੂਆਂ ਨੂੰ ਪੱਠੇ ਪਾਉਣ, ਪਾਣੀ ਪਿਲਾਉਣ ਤੇ ਨਵ੍ਹਾਉਣ ਦੀ ਡਿਊਟੀ ਮੇਰੀ ਲੱਗ ਗਈ। ਉਦੋਂ ਮੈਂ ਦਸਵੀਂ ‘ਚ ਸਾਂ। ਸਵੇਰੇ ਸਕੂਲ ਜਾਣ ਤੋਂ ਪਹਿਲਾਂ ਰਾਣੋ ਨੂੰ ਗੱਡੀ ਜੋੜ ਪੱਠੇ ਲਿਆਉਂਦਾ। ਪਸ਼ੂਆਂ ਨੂੰ ਪਾਣੀ ਪਿਲਾ ਕੇ ਸਕੂਲ ਚਲਾ ਜਾਂਦਾ। ਪਿੱਛੋਂ ਬੇਬੇ ਬਾਹਰਲੇ ਘਰੇ ਗੇੜਾ ਮਾਰੀ ਰੱਖਦੀ ਤੇ ਪਸ਼ੂਆਂ ਨੂੰ ਧੁੱਪੇ-ਛਾਵੇਂ ਕਰਦੀ ਰਹਿੰਦੀ। ਆਥਣੇ ਫ਼ੇਰ ਮੈਂ ਪਸ਼ੂਆਂ ਨੂੰ ਨੁਹਾ ਕੇ ਤੇ ਦਾਣਾ-ਪੱਠਾ ਪਾ ਕੇ ਉੱਥੇ ਹੀ ਸਕੂਲ ਦਾ ਕੰਮ ਕਰਦਾ ਜਾਂ ਆਪਣੇ ਮਿੱਤਰਾਂ ਨਾਲ ਕੋਈ ਖੇਡ ਖੇਡਦਾ ਰਹਿੰਦਾ। ਰਾਣੋ ਮੈਨੂੰ ਵੇਖ ਕੇ ਜਿਵੇਂ ਨੱਚਣ ਲੱਗ ਪੈਂਦੀ। ਪੱਠੇ ਖਾਂਦੀ ਵਾਰ-ਵਾਰ ਮੇਰੇ ਵੱਲ ਮੂੰਹ ਚੁੱਕ-ਚੁੱਕ ਵੇਖਦੀ। ਇਕ ਦਿਨ ਖੇਤ ਪੱਠੇ ਲੈਣ ਗਿਆ ਤਾਂ ਪਤਾ ਨਹੀਂ ਰਾਣੋ ਦੀਆਂ ਅਗਲੀਆਂ ਲੱਤਾਂ ਵਿੱਚਾਲੇ ਕੀ ਲੜ ਗਿਆ ਉਹ ਵਾਰ-ਵਾਰ ਉੱਥੇ ਮੂੰਹ ਮਾਰਦੀ ਰਹੀ। ਦੂਜੇ ਦਿਨ ਉਸ ਦਾ ਪੂਰਾ ਸਰੀਰ ਧੱਫ਼ੜਾਂ ਨਾਲ ਭਰ ਗਿਆ। ਘਰ ਜਾ ਕੇ ਮੈਂ ਬਾਈ ਨੂੰ ਦੱਸਿਆ। ਬਾਈ ਦੇ ਮੱਥੇ ‘ਤੇ ਫ਼ੇਰ ਇਕ ਵਾਰ ਚਿੰਤਾ ਦੀਆਂ ਲਕੀਰਾਂ ਉੱਕਰ ਆਈਆਂ। ਖ਼ੁਦ ਬਿਮਾਰ ਹੁੰਦੇ ਹੋਏ ਵੀ ਰਾਣੋ ਨੂੰ ਠੀਕ ਕਰਨ ਲਈ ਉਸ ਨੇ ਬੜਾ ਓਹੜ- ਪੋਹੜ ਕੀਤਾ। ਦੇਸੀ ਦਵਾਈਆਂ, ਜੜ੍ਹੀ-ਬੂਟੀਆਂ ਤੇ ਕਾੜ੍ਹੇ ਬਣਾ-ਬਣਾ ਕੇ ਪਿਲਾਏ। ਮਾਮਿਆਂ ਨੇ ਸ਼ਹਿਰੋਂ ਕਿਸੇ ਡੰਗਰ-ਡਾਕਟਰ ਨੂੰ ਬੁਲਾ ਕੇ ਟੀਕੇ ਲਗਵਾਏ ਤੇ ਦਵਾਈਆਂ ਦਿੱਤੀਆਂ। ਪਰ ਰਾਣੋ ਦੀ ਹਾਲਤ ਦਿਨੋਂ-ਦਿਨ ਵਿਗੜਦੀ ਗਈ। ਉਸ ਦਾ ਸਰੀਰ ਗਲਣਾ ਸ਼ੁਰੂ ਹੋ ਗਿਆ। ਉਹ ਬਹੁਤ ਔਖੀ ਹੁੰਦੀ। ਨਾ ਖੜ੍ਹ ਸਕਦੀ ਨਾ ਬੈਠ ਸਕਦੀ। ਮੈਥੋਂ ਉਸਦੀ ਇਹ ਹਾਲਤ ਵੇਖੀ ਨਾ ਜਾਂਦੀ। ਘਰਦਿਆਂ ਨੇ ਮੈਨੂੰ ਉਹਦੇ ਕੋਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਕਿ ਖਵਰੇ ਇਹ ਬਿਮਾਰੀ ਮੈਨੂੰ ਵੀ ਨਾ ਲੱਗ ਜਾਵੇ ਪਰ ਮੈਂ ਫ਼ੇਰ ਵੀ ਚੋਰੀ-ਛੁਪੇ ਜਾ ਕੇ ਉਸ ਦੀ ਖੁਰਲੀ ‘ਤੇ ਬਹਿ ਜਾਂਦਾ। ਇਕ ਦਿਨ ਤਾਂ ਮੈਂ ਉਸ ਦਾ ਰੱਸਾ ਹੀ ਖੋਲ੍ਹ ਦਿੱਤਾ। ਬਾਹਰ ਜਾਣ ਦੀ ਬਜਾਏ ਉਹ ਪਰ੍ਹੇ ਖੂੰਜੇ ਵਿੱਚ ਜਾ ਬੈਠੀ ਤੇ ਹੇਠਾਂ ਲੇਟਣ ਲੱਗ ਪਈ। ਮੈਂ ਉੱਚੀ-ਉੱਚੀ ਰੋ ਪਿਆ। ਬੇਬੇ ਆਈ ਤਾਂ ਉਸਨੇ ਮੈਨੂੰ ਚੁੱਪ ਕਰਾਇਆ। ਫ਼ੇਰ ਇਕ ਡਾਕਟਰ ਦੀ ਦਵਾਈ ਨਾਲ ਉਸਨੂੰ ਮੋੜ ਪੈਣਾ ਸ਼ੁਰੂ ਹੋ ਗਿਆ। ਤੇ ਉਸ ਦਾ ਪਿੰਡਾ ਠੀਕ ਹੋਣ ਲੱਗ ਪਿਆ। ਮੈਂ ਤੇ ਰਾਣੋ ਇੱਕ ਦੂਜੇ ਦੇ ਗਲ ਲੱਗ ਕੇ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ। ਬੇਜ਼ਬਾਨ ਮੁਹੱਬਤ ਦੀ ਇਹ ਇੰਤਹਾ ਸੀ। ਵੈਰਾਗ ਸੀ। ਰਾਣੋ ਦਾ ਪਿੰਡਾ ਤਾਂ ਠੀਕ ਹੋ ਗਿਆ ਪਰ ਉਸ ਦੀਆਂ ਅਗਲੀਆਂ ਲੱਤਾਂ ਵਿੱਚਕਾਰ ਜ਼ਖ਼ਮ ਜਿਹਾ ਬਣ ਗਿਆ। ਠੀਕ ਹੋਣ ਦੀ ਥਾਂ ਉਹ ਜ਼ਖ਼ਮ ਦਿਨੋ- ਦਿਨ ਵਧਦਾ ਗਿਆ। ਰਾਣੋ ਹੁਣ ਬਹੁਤੀ ਦੇਰ ਖੜ੍ਹੀ ਨਾ ਰਹਿ ਸਕਦੀ। ਬੈਠਦੀ ਤਾਂ ਪੀੜ ਹੁੰਦੀ। ਦਰਦ ਨਾਲ ਨਿਢਾਲ ਹੋ ਕੇ ਉਹ ਲੇਟ ਜਾਂਦੀ। ਖੇਤ ਅਤੇ ਪੱਠੇ ਲਿਆਉਣ ਦਾ ਕੰਮ ਅਸੀਂ ਗੁਆਂਢੀਆਂ ਦੇ ਬਲ੍ਹਦ ਮੰਗ ਕੇ ਕਰਦੇ ਜਾਂ ਕਦੇ ਕਿਸੇ ਟਰੈਕਟਰ ਵਾਲੇ ਨੂੰ ਆਖ ਕੇ ਜ਼ਮੀਨ ਵਾਹ ਲੈਂਦੇ। ਹਜ਼ਾਰ ਕੋਸ਼ਿਸ਼ ਕਰਨ ‘ਤੇ ਵੀ ਰਾਣੋ ਦਾ ਜ਼ਖਮ ਜਦੋਂ ਠੀਕ ਨਾ ਹੋਇਆ ਤਾਂ ਬਾਈ ਨੇ ਉਸ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ । ਕਿਉਂਕਿ ਹੋ ਸਕਦਾ ਸੀ ਇਹ ਬਿਮਾਰੀ ਕਿਸੇ ਹੋਰ ਪਸ਼ੂ ਨੂੰ ਵੀ ਲੱਗ ਜਾਂਦੀ। ਪਰ ਮੈਂ ਨਾ ਮੰਨਿਆ। ਭਾਵੇਂ ਮੈਂ ਉਸ ਦੀ ਹਾਲਤ ਤੇ ਦੁਖੀ ਤਾਂ ਸੀ ਪਰ ਰਾਣੋ ਨੂੰ ਆਪਣੇ ਤੋਂ ਦੂਰ ਨਹੀਂ ਸੀ ਕਰ ਸਕਦਾ। ਹਾਰ ਕੇ ਬਾਈ ਪਿੰਡੋਂ ਬਾਹਰ ਛੱਪੜ ਦੇ ਕਿਨਾਰੇ ‘ਤੇ ਖੜ੍ਹੀਆਂ ਕਿੱਕਰਾਂ ਹੇਠ ਰਾਣੋ ਨੂੰ ਬੰਨ੍ਹ ਆਇਆ ਤੇ ਉਸ ਨੂੰ ਖਵਾਉਣ-ਪਿਆਉਣ ਲਈ ਮੈਨੂੰ ਕਹਿ ਦਿੱਤਾ। ਮੈਥੋਂ ਸਿਵਾਏ ਸਭ ਨੂੰ ਯਕੀਨ ਹੋ ਚੁੱਕਾ ਸੀ ਕਿ ਰਾਣੋ ਹੁਣ ਬਹੁਤੀ ਦੇਰ ਨਹੀਂ ਬਚਦੀ। ਪਰ ਮੈਂ ਸਵੇਰ-ਸ਼ਾਮ ਉਸ ਕੋਲ ਜਾਂਦਾ, ਪਾਣੀ ਪਿਲਾਉਂਦਾ ਤੇ ਪੱਠੇ ਪਾਉਂਦਾ। ਮੈਨੂੰ ਵੇਖ ਕੇ ਉਹ ਖੜ੍ਹੀ ਹੋਣ ਦੀ ਕੋਸ਼ਿਸ਼ ਕਰਦੀ ਪਰ ਜ਼ਖ਼ਮ ਅਤੇ ਦਰਦ ਦੀ ਝੰਬੀ ਹੋਈ ਉੱਠ ਨਾ ਸਕਦੀ। ਪੱਠੇ ਵੀ ਉਹ ਬਹੁਤ ਘੱਟ ਖਾਂਦੀ। ਕੁਝ ਕੁ ਦਿਨਾਂ ਮਗਰੋਂ ਇਕ ਸ਼ਾਮ ਜਦੋਂ ਮੈਂ ਉਸ ਨੂੰ ਪੱਠੇ ਪਾਉਣ ਗਿਆ ਤਾਂ ਉਸਨੇ ਉੱਠਣ ਦੀ ਵੀ ਕੋਸ਼ਿਸ਼ ਨਾ ਕੀਤੀ। ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ‘ਚੋਂ ਪਾਣੀ ਸਿੰਮ ਰਿਹਾ ਸੀ। ਮੈਂ ਉਸ ਦੇ ਗਲ ਬਾਹਾਂ ਪਾ ਲਈਆਂ। ਉਸਨੇ ਦੋ-ਤਿੰਨ ਹੌਕੇ ਜਿਹੇ ਭਰੇ। ਕਿੰਨਾ ਚਿਰ ਅਸੀਂ ਦੋਵੇਂ ਇਉਂ ਹੀ ਬੈਠੇ ਰਹੇ। ਉਸ ਦੀਆਂ ਅੱਖੀਆਂ ਦੇ ਪਾਣੀ ਨਾਲ ਮੇਰਾ ਕੁੜਤਾ ਗਿੱਲਾ ਹੋ ਗਿਆ। ਪਤਾ ਨਹੀਂ ਕਿਉਂ, ਮੈਂ ਉਸਦਾ ਰੱਸਾ ਕਿੱਕਰ ਨਾਲੋਂ ਖੋਲ੍ਹ ਦਿੱਤਾ। ਉਹ ਪੂਰਾ ਜ਼ੋਰ ਲਾ ਕੇ ਦਰਦ ਸਹਿੰਦੀ ਹੋਈ ਉੱਠ ਬੈਠੀ ਪਰ ਨਾ ਪੱਠੇ ਖਾਧੇ, ਨਾ ਪਾਣੀ ਪੀਤਾ ਤੇ ਮੁੜ ਮੇਰੇ ਮੋਢੇ ‘ਤੇ ਆਪਣਾ ਮੂੰਹ ਰੱਖ ਲਿਆ। ਮੈਂ ਫ਼ੇਰ ਉਸਨੂੰ ਗਲਵੱਕੜੀ ਪਾ ਲਈ। ਕੁਝ ਚਿਰ ਮਗਰੋਂ ਮੈਂ ਉੱਠ ਕੇ ਵਾਪਿਸ ਮੁੜਨ ਲੱਗਾ ਤਾਂ ਉਸਨੇ ਪਿੱਛੋਂ ਮੇਰਾ ਕੁੜਤਾ ਆਪਣੇ ਮੂੰਹ ਵਿੱਚ ਫ਼ੜ੍ਹ ਲਿਆ। ਕੁੜਤਾ ਛੁਡਵਾ ਕੇ ਮੈਂ ਉਸਦੇ ਮੂੰਹ ਵਿੱਚ ਜਵਾਰ ਦੇ ਚਾਰ- ਪੰਜ ਹਰੇ ਪੱਤੇ ਪਾ ਦਿੱਤੇ। ਉਸ ਨੇ ਪੱਤੇ ਮੂੰਹ ਵਿੱਚ ਫ਼ੜ੍ਹ ਤਾਂ ਲਏ ਪਰ ਖਾਧੇ ਨਾ। ਕੁਝ ਦੂਰ ਜਾ ਕੇ ਮੈਂ ਮੁੜ ਕੇ ਰਾਣੋ ਵੱਲ ਵੇਖਿਆ ਤਾਂ ਉਹ ਉਵੇਂ ਹੀ ਪੱਤੇ ਮੂੰਹ ਵਿੱਚ ਪਾਈ ਮੈਨੂੰ ਵੇਖ ਰਹੀ ਸੀ। ਮੈਥੋਂ ਹੋਰ ਸਹਿਣ ਨਾ ਹੋਇਆ ਤੇ ਕਾਹਲੇ ਕਦਮੀਂ ਤੁਰਦਾ ਘਰ ਆ ਗਿਆ। ਉਸ ਰਾਤ ਮੈਥੋਂ ਰੋਟੀ ਨਹੀਂ ਖਾਧੀ ਗਈ। ਸਾਰੀ ਰਾਤ ਰਾਣੋ ਦੀਆਂ ਭਰੀਆਂ ਹੋਈਆਂ ਅੱਖਾਂ, ਜ਼ਖ਼ਮ, ਦਰਦ ਚੇਤੇ ਆਉਂਦੇ ਰਹੇ। ਅਗਲੀ ਸਵੇਰ ਜਦੋਂ ਫ਼ੇਰ ਪੱਠੇ ਲੈ ਕੇ ਮੈਂ ਰਾਣੋ ਕੋਲ ਗਿਆ ਤਾਂ ਉਸ ਦੀ ਧੌਣ ਇਕ ਪਾਸੇ ਲਟਕੀ ਹੋਈ ਸੀ। ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਪੱਤੇ ਅਜੇ ਵੀ ਉਸ ਦੇ ਮੂੰਹ ਵਿੱਚ ਫ਼ੜ੍ਹੇ ਹੋਏ ਸਨ। ਰਾਣੋ ਹੁਣ ਸਭ ਜ਼ਖ਼ਮਾਂ, ਦਰਦਾਂ ਤੋਂ ਛੁਟਕਾਰਾ ਪਾ ਚੁੱਕੀ ਸੀ। ਬੱਗੇ ਦੇ ਜਾਣ ਪਿੱਛੋਂ ਬਾਈ ਦਾ ਉਦਾਸੀ ਦੀ ਤਹਿ ਅੱਜ ਮੇਰੇ ਸਾਹਵੇਂ ਖੁੱਲ੍ਹੀ ਸੀ।
ਕੁਲਵਿੰਦਰ ਵਿਰਕ