ਸਰਬਜੀਤ ਸਿੰਘ ਸੈਕਰਾਮੈਂਟੋ
[email protected]
ਪਿਛਲੇ ਦਿਨੀਂ (16 ਅਕਤੂਬਰ 2016), ਦਸਮ ਗ੍ਰੰਥ ਦੇ ਆਖੇ ਜਾਂਦੇ ਹਮਾਇਤੀਆਂ ਵਲੋਂ ਅਮਰੀਕਾ ਦੇ ਸ਼ਹਿਰ ਫ਼ੇਅਰਫ਼ੈਕਸ ਵਿਖੇ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਭਾਗ ਲੈਣ ਲਈ ਡਾ. ਹਰਭਜਨ ਸਿੰਘ (ਨਿਰਦੇਸ਼ਕ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁਖ ਬੁਲਾਰੇ ਦੇ ਤੌਰ ਉੇਚੇਚੇ ਤੌਰ ‘ਤੇ ਪੁੱਜੇ ਹੋਏ ਸਨ। ਜਦੋਂ ਉਨ੍ਹਾਂ ਨੇ ਸਟੇਜ ਤੋਂ ਅੱਡੀਆਂ ਚੁੱਕ-ਚੁੱਕ ਕੇ, ਬਾਂਹਾਂ ਉਲਾਰ-ਉਲਾਰ ਕੇ ਬਹੁਤ ਹੀ ਉੱਚੀ ਅਵਾਜ਼ ਵਿੱਚ ਆਪਣੀ ਖੋਜ ਸਾਂਝੀ ਕੀਤੀ ਤਾਂ ਸਰੋਤੇ ਵਾਹ ਗੁਰੂ, ਵਾਹ ਗੁਰੂ ਕਰ ਰਹੇ ਸਨ। ਆਓ, ਪਹਿਲਾਂ ਉਨ੍ਹਾਂ ਨੇ ਜੋ ਕਿਹਾ, ਉਹ ਜਾਣ ਲਈਏ।
ਡਾ: ਹਰਭਜਨ ਸਿੰਘ ਨੇ ਆਪਣੇ ਭਾਸ਼ਨ ਦਾ ਅਰੰਭ ਭਗਤ ਕਬੀਰ ਜੀ ਦੇ ਸ਼ਬਦ,”ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥ ਜਿਹ ਨਰ ਰਾਮ ਭਗਤਿ ਨਹਿ ਸਾਧੀ॥ ਜਨਮਤ ਕਸ ਨ ਮੁਓ ਅਪਰਾਧੀ”॥ ਤੋਂ ਕਰਦਿਆਂ ਕਿਹਾ, ”ਗਿਆਨ ਬਾਰੇ ਵਿਚਾਰ ਜਿਸ ਕੁਲ ਵਿੱਚ ਨਹੀਂ ਹੁੰਦਾ, ਜਿੱਥੇ ਸਿਰਫ਼ ਵਿਵਾਦ ਹੀ ਕਰਦੇ ਨੇ, ਮਹਾਰਾਜ ਕਹਿੰਦੇ ਨੇ ਕਿ ਉਹ ਜਨਮਦਾਤੀ ਜਿਹੜੀ ਹੈ ਉਸ ਨੇ ਵੀ ਪਾਪ ਕੀਤਾ ਹੈ, ਪਾਪ ਕਿ ਇੱਕ ਪਾਪੀ ਨੂੰ ਜਨਮ ਦੇ ਦਿੱਤਾ। ਜਿਸ ਇਨਸਾਨ ਨੇ ਪਰਮਾਤਮਾ ਦੀ ਭਗਤੀ ਉੱਤੇ ਵਿਸ਼ਵਾਸ ਨਹੀਂ ਕੀਤਾ, ਭਗਤੀ ਕਰਨੀ ਤਾਂ ਦੂਜੀ ਗੱਲ ਹੈ, ਵਿਸ਼ਵਾਸ ਹੀ ਨਹੀਂ ਕੀਤਾ, ਕਹਿੰਦੇ ਨੇ ਉਹ ਜੰਮਦਿਆਂ ਹੀ ਅਪਰਾਧੀ ਹੈ, ਜੋ ਵੀ ਸੰਸਾਰ ਵਿੱਚ ਪਾਪ ਕਰਮ ਹੈ ਉਸ ਨੇ ਫ਼ੈਲਾਇਆ ਹੈ। ਇਸ ਤੋਂ ਅੱਛਾ ਸੀ, ਜੰਮਦਿਆਂ ਹੀ ਮਰ ਜਾਂਦਾ।”
”ਦੂਜਾ ਜਿਹੜਾ ਸ਼ਬਦ ਹੈ, ਕਾਗਜ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਯੈ, ਸਾਰੇ ਦੀਪ ਸਾਰੀ ਧਰਤੀ, ਸੱਤੇ ਦੀਪਾਂ ਦੀ ਧਰਤੀ ਨੂੰ ਕਾਗ਼ਜ਼ ਬਣਾ ਲਈਏ, ਤੇ ਸੱਤ ਸਮੁੰਦਰਾਂ ਦਾ ਪਾਣੀ ਸਿਆਹੀ ਬਣ ਜਾਏ, ਕਾਟਿ ਬਨਾਸਪਤੀ ਸਿਗਰੀ, ਸਾਰੀ ਬਨਸਪਤੀ ਸਾਰੇ ਰੁਖ ਵੱਢ ਲਓ, ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ, ਲਿਖਣ ਵਾਸਤੇ ਇਨ੍ਹਾਂ ਦੀਆਂ ਕਲਮਾਂ ਘੜ ਲਈਏ, ਸਾਰਸ੍ਵਤੀ ਬਕਤਾ ਕਰਿ ਕੈ, ਬੋਲਣ ਵਾਲੀ ਲਿਖਾਣ ਵਾਲੀ ਕੌਣ ਹੋਵੇ, ਸਰਸਵਤੀ ਹੋਵੇ, ਸਭ ਜੀਵਨ ਤੇ ਜੁਗ ਸਾਠਿ ਲਿਖੈਯੈ, ਕੱਲੇ ਬੰਦਿਆਂ ਨੂੰ ਨਹੀਂ, ਜਿਤਨੇ ਜੀਵ ਨੇ, ਸਾਰਿਆਂ ਨੂੰ ਲਿਖਣ ਵਾਸਤੇ ਲਾ ਦਿਓ, ਲਿਖੀ ਜਾਣ ॥। ਲਿਖੀ ਜਾਣ, ਜੋ ਪ੍ਰਭੁ ਪਾਯੁਤ ਹੈ ਨਹਿ ਕੈਸੇ, ਇਤਨੇ ਯਤਨ ਕਰ ਕੇ ਵੀ ਜਿਸ ਪ੍ਰਭੂ ਨੂੰ ਪਾਇਆ ਨਹੀਂ ਜਾ ਸਕਦਾ, ਜਿਸ ਰੱਬ ਨੂੰ ਪਾਇਆ ਨਹੀਂ ਜਾ ਸਕਦਾ, ਇਤਨਾ ਵੱਡਾ ਯਤਨ ਕਰੀਏ, ਬਈ ਸਾਰੀ ਧਰਤੀ ਕਾਗ਼ਜ਼, ਸਾਰੇ ਸਮੁੰਦਰਾਂ ਦਾ ਪਾਣੀ ਸਿਆਹੀ, ਫ਼ੇਰ ਸਾਰੀ ਬਨਸਪਤੀ ਜਿਹੜੀ ਹੈ ਉਹਦੀਆਂ ਕਲਮਾਂ ਘੜ ਲਈਏ, ਫ਼ੇਰ ਸਾਰੇ ਜੀਵਾਂ ਨੂੰ ਸੱਠ ਯੁਗ ਲੱਗ ਜਾਣ ਲਿਖਦਿਆਂ, ਚਾਰ ਯੁਗਾਂ ਦੀ ਗੱਲ ਨਹੀਂ ਕਰਨੀ, ਜੁਗ ਸਾਠਿ ਲਿਖੈਯੈ, ਲਿਖਾਣ ਵਾਲੀ ਕੌਣ ਹੋਵੇ, ਸਰਸਵਤੀ ਹੋਵੇ, ਕਹਿੰਦੇ ਜੋ ਇਤਨਾ ਯਤਨ ਕਰ ਕੇ ਵੀ ਪ੍ਰਭੂ ਨਹੀਂ ਪਾਇਆ ਜਾ ਸਕਦਾ, ਸੋ ਜੜ ਪਾਹਨ ਮੌ ਠਹਰੈਯੈ, ਓਏ ਮੂਰਖ, ਉਸ ਰੱਬ ਨੂੰ ਮੂਰਤੀ ਵਿੱਚ, ਪੱਥਰ ਦੀ ਮੂਰਤੀ ਵਿੱਚ ਸਿਧ ਕੀਤਾ, ਕਹਿਨੈਂ ਪੱਥਰ ਦੀ ਮੂਰਤੀ ਰੱਬ ਹੈ।
ਇਹ ਕਿੰਨਾ ਵੱਡਾ ਅੰਮ੍ਰਿਤ ਬਚਨ ਹੈ। ਗ਼ੌਰ ਫ਼ਰਮਾਉਣਾ ਕਿ ਇਹ ਲਿਆ ਕਿਥੋਂ ਹੈ, ਉਸ ਚਰਿਤ੍ਰ ਵਿੱਚੋਂ, ਜਿਸ ਦੀਆਂ ਪੰਗਤੀਆਂ ਕੋਟ ਕਰ-ਕਰ ਕੇ ਤੁਹਾਨੂੰ ਇਹ ਪੜ੍ਹਾਇਆ ਜਾ ਰਿਹਾ ਹੈ ਕਿ ਇਹ ਨਿਰੀ ਗੰਦਗੀ ਹੈ। ਸਰੋਤੇ ਵਾਹ ਗੁਰੂ, ਵਾਹ ਗੁਰੂ ਕਦੇ ਹੋਏ ਪੁੱਛ ਰਹੇ ਹਨ ‘ਇਹ ਕੌਣ ਉਚਾਰਨ ਕਰਦੀ ਹੈ?’ ਰਾਜ ਕੁਮਾਰੀ, ਰਾਜੇ ਦੇ ਚਾਰ ਬੱਚੇ, ਤਿੰਨ ਰਾਜ ਕੁਮਾਰ ਤੇ ਇੱਕ ਰਾਜ ਕੁਮਾਰੀ, ਪੰਡਤ ਪਾਸ ਪੜ੍ਹਨ ਨੂੰ ਭੇਜੇ ॥। ਵਿੱਦਿਆ ਲੈਣ ਨੂੰ। ਇੱਕ ਦਿਨ ਰਾਜ ਕੁਮਾਰ ਗਏ ਨਹੀਂ, ਰਾਜਕੁਮਾਰੀ ਟਾਈਮ ਸਿਰ ਪਹੁੰਚ ਗਈ। ਜਾ ਕੇ ਕੀ ਵੇਖਿਆ, ਪੰਡਤ ਸ਼ਿਵ ਲਿੰਗ ਦੀ ਪੁਜਾ ਕਰਦਾ ਪਿਆ ਸੀ। ਉਹ ਕਹਿੰਦੀ, ਇਹਦੀ ਪੂਜਾ ਕਰ ਕੇ ਤੈਨੂੰ ਕੀ ਮਿਲੇਗਾ? ਉਸ ਰੱਬ ਨੂੰ ਛੱਡ ਕੇ ਤੂੰ ਮੈਨੂੰ ਸਿੱਖਿਆ ਦੇਨੈਂ? ਉਸ ਪਰਮਾਤਮਾ ਨੂੰ ਛੱਡ ਕੇ ਤੂੰ ਪੱਥਰਾਂ ਵਿੱਚ ਰੱਭ ਭਾਲਦੈਂ ਅਤੇ ਉਹ ਵੀ ਇੱਕ ਗੰਦੀ ਚੀਜ਼, ਲਿੰਗ, ਦੀ ਪੂਜਾ ਕਰ ਰਿਹਾ ਹੈਂ? ਇਹ ਤੇ ਚਿੰਨ੍ਹ ਹੀ ਬੜਾ ਮਾੜਾ ਹੈ, ਗੰਦਾ ਹੈ। ਇਹ ਬੀਬੀ ਉਚਾਰਣ ਕਰ ਰਹੀ ਸੀ ਅਤੇ ਗੁਰੂ ਸਾਹਿਬ ਇਹ ਗੱਲਾਂ ਬੀਬੀ ਦੇ ਮੁੰਹੋਂ ਉਚਾਰਵਾ ਰਹੇ ਹਨ।
ਇਹ ਪੰਗਤੀਆਂ ਚਰਿਤ੍ਰ ਨੰਬਰ 266, ਜਿਸ ਦੇ ਕੁਲ 125 ਛੰਦ ਹਨ, 14 ਨੰਬਰ ‘ਤੇ ਦਰਜ ਹਨ। ਇਸ ਪਿਛੋਂ ਛੰਦ ਨੰਬਰ 13 ਅਤੇ ਨੰਬਰ 23 ਦੀ ਵਿਆਖਿਆ ਕਰਦਿਆਂ ਡਾ। ਹਰਭਜਨ ਸਿੰਘ ਜੀ ਨੇ ਕਿਹਾ, ”ਮੈਂ ਰਾਤ ਗੱਲ ਕੀਤੀ ਸੀ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਉਦੇਸ਼ ਨਾਰੀ ਦਾ ਉਠਾਣ ਕਰਨਾ ਹੈ। ਇਸਤਰੀ ਨੂੰ ਉੱਚੀ ਚੁੱਕਣਾ ਹੈ। ਇੱਕ ਬੀਬੀ ਨੂੰ, ਇੱਕ ਕੁਆਰੀ ਕੰਨਿਆ ਨੂੰ, ਉਹ ਕਿਤਨੀ ਬਲਸ਼ਾਲੀ ਹੈ, ਗਿਆਨ ਦੇ ਵਿੱਚ, ਇੱਕ ਪੰਡਤ ਦੇ ਸਾਹਮਣੇ ਖੜ੍ਹਾ ਕੀਤਾ ਹੈ, ਉਹ ਕਹਿ ਰਹੀ ਹੈ, ਮੂਰਖ ਲੋਗ ਪ੍ਰਮਾਨ ਕਰੈ, ਆਹ ਮੂਰਖ ਲੋਕ ਤੇਰੀਆਂ ਗੱਲਾਂ ਮੰਨਣਗੇ ਕਿ ਪੰਡਤ ਜੀ ਸੱਚ ਕਹਿੰਦੇ ਨੇ? ਇਨ ਬਾਤਨ ਕੌ ਹਮ ਮਾਨਤ ਨਾਹੀ, ਅਸੀਂ ਨਹੀਂ ਤੇਰੀਆਂ ਇਨ੍ਹਾਂ ਗੱਲਾਂ ‘ਚ ਯਕੀਨ ਕਰਦੇ। ਇਸ ਅੰਮ੍ਰਿਤ ਦੀ ਕੋਈ ਨਿੰਦਿਆ ਕਰੇ, ਤੂਸੀਂ ਆਪ ਹੀ ਸੋਚੋ ਕਿ ਕੀ ਉਸ ਬੰਦੇ ‘ਚ ਬੁੱਧੀ ਹੋ ਸਕਦੀ ਹੈ? ਇਹ ਸਾਰੇ ਅੰਮ੍ਰਿਤ ਬਚਨ ਮੈਂ ਉਸ ਚਰਿਤ੍ਰ ਵਿੱਚੋਂ ਜਾਣ ਕੇ ਛਾਂਟੇ ਨੇ ਜਿਸ ਦਾ ਨਾਮ ਲੈ-ਲੈ ਕੇ, ਜਿਸ ਦਾ ਨੰਬਰ ਕੋਟ ਕਰ-ਕਰ ਕੇ ਸਬਕ ਪੜਾਇਆ ਜਾ ਰਿਹਾ ਹੈ ਅਸ਼ਲੀਲਤਾ ਦਾ। ਇਹ ਉਸ ਚਰਿਤ੍ਰ ਵਿੱਚੋਂ ਹੈ।
ਡਾ: ਹਰਭਜਨ ਸਿੰਘ ਜੀ ਵਲੋਂ ਸੰਖੇਪ ‘ਚ ਸੁਣਾਈ ਕਹਾਣੀ ਤੋਂ ਤਾਂ ਇਵੇਂ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਕਰਤੇ ਦੀ ਵਿਸ਼ਾਲਤਾ ਦੀ ਹੀ ਗੱਲ ਹੋ ਰਹੀ ਹੈ। ਰਾਜਕੁਮਾਰੀ ਵਲੋਂ ਮੂਰਤੀ ਪੂਜਾ ਦਾ ਜ਼ਬਰਦਸਤ ਖੰਡਨ ਕੀਤਾ ਗਿਆ ਹੈ ਅਤੇ ਪੰਡਤ ਨੂੰ ਅਕਾਲ ਪੁਰਖ ਨਾਲ ਜੋੜਿਆ ਹੈ। ਇਸ ਕਹਾਣੀ ਵਿੱਚ ਕੋਈ ਵੀ ਅਸ਼ਲੀਲ ਸ਼ਬਦ ਨਹੀਂ ਹੈ। ਇਹ ਹੀ ਕਾਰਨ ਹੈ ਕਿ ਡਾ: ਹਰਭਜਨ ਸਿੰਘ ਨੇ ਇਸ ਕਹਾਣੀ ਦੀ ਚੋਣ ਕੀਤੀ ਅਤੇ ਕੁਝ ਛੰਦ ਪੜ੍ਹ ਕੇ ਉਨ੍ਹਾਂ ਦੀ ਵਿਆਖਿਆ ਵੀ ਕੀਤੀ। ਇਹ ਸਾਬਿਤ ਕਰਨ ਦਾ ਅਸਫ਼ਲ ਯਤਨ ਕੀਤਾ ਹੈ ਕਿ ਇਹ ਗੁਰਮਤਿ ਅਨੁਸਾਰ ਹੈ। ਗੁਰੂ ਜੀ ਨੇ ਇੱਕ ਕੁਆਰੀ ਕੰਨਿਆ ਨੂੰ ਵਿਦਵਾਨ ਪੰਡਤ ਦੇ ਸਾਹਮਣੇ ਖੜ੍ਹੀ ਕੀਤਾ ਹੈ। ਉਸ ਤੋਂ ਵਿਦਵਾਨ ਪੰਡਤ ਨੂੰ ਉਪਦੇਸ਼ ਦਿਵਾਇਆ ਹੈ। ਆਓ ਪੂਰੇ ਚਰਿਤ੍ਰ ਦੇ ਦਰਸ਼ਨ ਕਰੀਏ ਤੇ ਵੇਖੀਏ ਕਿ ਅਸਲ ਗੱਲ ਕੀ ਹੈ ਅਤੇ ਕਿਥੇ ਮੁੱਕਦੀ ਹੈ? ਅਖੌਤੀ ਦਸਮ ਗ੍ਰੰਥ ਦੇ ਪੰਨਾ 1199 ‘ਤੇ ਦਰਜ ਚਰਿਤ੍ਰ 266 ਦੀ ਸੰਖੇਪ ਕਹਾਣੀ ਇੰਝ ਹੈ:
ਸੁਮਤਿ ਸੈਨ ਨਾਮ ਦੇ ਰਾਜੇ ਦੀ ਰਨਖੰਭ ਕਲਾ ਨਾਂ ਦੀ ਇੱਕ ਧੀ ਅਤੇ ਚਾਰ ਪੁੱਤਰ ਸਨ। (ਯਾਦ ਰਹੇ ਡਾ: ਹਰਭਜਨ ਸਿੰਘ ਜੀ ਨੇ ਤਿੰਨ ਪੁੱਤਰ ਕਿਹਾ ਸੀ।) ਰਾਜੇ ਨੇ ਉਨ੍ਹਾਂ ਨੂੰ ਪੜ੍ਹਨ ਲਈ ਪੰਡਤ ਪਾਸ ਭੇਜਿਆ। ਇੱਕ ਦਿਨ ਰਾਜਕੁਮਾਰੀ ਪਹਿਲਾਂ ਚਲੀ ਗਈ ਤਾਂ ਉਸ ਨੇ ਵੇਖਿਆ ਕਿ ਪੰਡਤ ਸਾਲਗਰਾਮ ਠਾਕਰ ਦੀ ਪੂਜਾ ਕਰ ਰਿਹਾ ਸੀ। ਰਾਜਕੁਮਾਰੀ ਨੇ ਪੰਡਤ ਨੂੰ ਕਿਹਾ ਕਿ ਮੂਰਖ ਤੂੰ ਉਸ ਨੂੰ ਨਹੀਂ ਪਛਾਣਦਾ, ਜੋ ਜਲ, ਥਲ, ਸੂਰਜ, ਚੰਦ, ਆਕਾਸ਼ ਭਾਵ ਸਭ ਰੂਪਾਂ ਵਿੱਚ ਹੈ। ਤੂੰ ਉਸ ਨੂੰ ਪੱਥਰਾਂ ਵਿੱਚ ਮੰਨੀ ਬੈਠਾ ਹੈਂ। ਤੂੰ ਆਪ ਪੱਥਰਾਂ ਨੂੰ ਪੂਜਦਾ ਹੈਂ, ਸਾਨੂੰ ਇਸ ਦੀ ਲੋੜ ਨਹੀਂ। ਤੂੰ ਲੋਕਾਂ ਨੂੰ ਮੰਤਰ ਦੇ ਕੇ ਦਾਨ ਲੈਂਦਾ ਹੈਂ। ਜਦੋਂ ਕਿਸੇ ਦਾ ਕਾਰਜ ਸਿੱਧ ਨਹੀਂ ਹੁੰਦਾ ਤਾਂ ਤੂੰ ਕਹਿੰਦਾ ਹੈਂ ਕਿ ਤੁਸੀਂ ਮੰਤਰ ਸਹੀ ਨਹੀਂ ਉੱਚਾਰਿਆ। ਇਹ ਸੁਣ ਕੇ ਪੰਡਤ ਰੋਹ ਵਿੱਚ ਆ ਗਿਆ ਅਤੇ ਧਿਕਾਰ-ਧਿਕਾਰ ਕੇ ਆਖਣ ਲੱਗਾ, ”ਤੂੰ ਮੇਰੀਆਂ ਗੱਲਾਂ ਨੂੰ ਨਹੀਂ ਸਮਝ ਸਕਦੀ, ਤੂੰ ਭੰਗ ਪੀ ਕੇ ਬੋਲ ਰਹੀ ਹੈਂ।” ॥ ”ਤੈ ਹਮਰੀ ਬਾਤ ਕਹ ਜਾਨੈ॥ ਭਾਂਗ ਖਾਇ ਕੈ ਬੈਨ ਪ੍ਰਮਾਨੈ॥” ਰਾਜਕੁਮਾਰੀ ਕਹਿੰਦੀ ਕਿ ਭੰਗ ਪੀਣ ਨਾਲ ਬੁੱਧੀ ਹਰੀ ਨਹੀਂ ਜਾਂਦੀ, ਤੂੰ ਆਪਣੇ ਆਪ ਨੂੰ ਸਿਆਣਾ ਸਮਝਦੈਂ ਪਰ ਤੈਂ ਕਦੇ ਵੀ ਭੰਗ ਨਹੀਂ ਪੀਤੀ। ਜੋ ਧੰਨ ਦਿੰਦਾ ਹੈ, ਤੇਰੇ ਵਰਗੇ ਉਸੇ ਦੀ ਉਸਤਤ ਕਰ ਦਿੰਦੇ ਹਨ। ਜੋ ਨਹੀਂ ਦਿੰਦਾ ਤੁਸੀਂ ਉਸ ਦੀ ਨਿੰਦਿਆ ਕਰਦੇ ਹੋ। ਧੰਨ ਪ੍ਰਾਪਤੀ ਲਈ ਹੀ ਯਤਨ ਕਰਦੇ ਹੋ, ਉਸ ਨੂੰ ਨਹੀਂ ਪਛਾਣਦੇ ਜਿਸ ਨੇ ਚੌਦਾਂ ਲੋਕਾਂ ਦੀ ਸਿਰਜਣਾ ਕੀਤੀ। ਜੋ ਮੂਰਖ ਹਨ ਉਹ ਹੀ ਪੱਥਰਾਂ ਨੂੰ ਪੂਜਦੇ ਹਨ ਤੇ ਭੰਗ ਨਹੀਂ ਪੀਂਦੇ, ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ।
ਪਾਹਨ ਕੀ ਪੂਜਾ ਕਰੇ ਜੋ ਹੈ ਅਧਿਕ ਅਚੇਤ॥ ਭਾਂਗ ਨ ਏਤੇ ਪਰ ਭਖੈ ਜਾਨਤ ਆਪ ਸੁਚੇਤ ॥??॥
”ਹੇ ਰਾਜਕੁਮਾਰੀ, ਤੂੰ ਅਸਲ ਗੱਲ ਨਹੀਂ ਜਾਣਦੀ, ਤੂੰ ਸ਼ਿਵ ਨੂੰ ਪੱਥਰ ਸਮਝਦੀ ਹੈਂ। ਬ੍ਰਾਹਮਣ ਨੂੰ ਸਾਰਾ ਜਗਤ ਸਿਰ ਨਿਵਾਉਂਦਾ ਹੈ,” ਪੰਡਤ ਦਾ ਜਵਾਬ ਸੀ। ਤਾਂ ਰਾਜਕੁਮਾਰੀ ਨੇ ਕਿਹਾ, ”ਮੈਨੂੰ ਪੱਥਰ ਵਿੱਚ ਪਰਮਾਤਮਾ ਕਹਿ ਕਿ ਨਾ ਸੁਣਾ। ਮੂਰਖਾਂ ਨੂੰ ਪੱਥਰ ਵਿੱਚ ਸ਼ਿਵ ਕਹਿ ਕੇ ਲੁੱਟੀ ਜਾ ਰਿਹੈਂ। ਦੱਸ ਅੱਗੇ ਕੀ ਜਵਾਬ ਦੇਵੇਂਗਾ?
ਮਹਾ ਕਾਲ ਜੂ ਕੋ ਸਦਾ ਸੀਸ ਨਯਯੈ॥ ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ॥
ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥ ਸਭੈ ਲੋਕ ਖਯਾਤਾ ਬਿਧਾਤਾ ਪਛਾਨੈ ॥??॥
ਰਾਜਕੁਮਾਰੀ ਕਹਿੰਦੀ ਹੈ ਕਿ ਸਦਾ ਹੀ ਮਹਾਕਾਲ ਨੂੰ ਸੀਸ ਨਿਵਾਉਣਾ ਚਾਹੀਦੈ। ਜਿਸ ਤੋਂ ਚੌਦਾਂ ਪੁਰੀਆਂ ਡਰਦੀਆਂ ਹਨ। ਜਿਸ ਨੂੰ ਸਾਰੇ ਲੋਕ ਵਿਧਾਤਾ ਵਜੋਂ ਪਛਾਣਦੇ ਹਨ। ਉਸ ਦਾ ਕੋਈ ਰੰਗ ਰੂਪ ਨਹੀਂ … ਉਸ ਦਾ ਕੋਈ ਪਿਤਾ, ਮਾਤਾ, ਪੁੱਤਰ ਜਾਂ ਭਰਾ ਵੀ ਨਹੀਂ। ਉਸ ਨੇ ਕਈਆਂ ਨੂੰ ਘੜਿਆ ਹੈ ਅਤੇ ਕਈਆਂ ਨੂੰ ਖਪਾ ਦਿੱਤੈ। ਮੈਂ ਉਸ ਦੀ ਮੁਰੀਦ ਹਾਂ ਅਤੇ ਉਹ ਮੇਰਾ ਪੀਰ ਹੈ। ਮੈਂ ਸਦਾ ਮਹਾਕਾਲ ਨੂੰ ਹੀ ਮੰਨਦੀ ਹਾਂ ਪੱਥਰ ਦੀ ਪੂਜਾ ਨਹੀਂ ਕਰਦੀ।
ਦਿਜ ਹਮ ਮਹਾ ਕਾਲ ਕੋ ਮਾਨੈ ॥ ਪਾਹਨ ਮੈ ਮਨ ਕੋ ਨਹਿ ਆਨੈ ॥
ਪਾਹਨ ਕੋ ਪਾਹਨ ਕਰਿ ਜਾਨਤ ॥ ਤਾ ਤੇ ਬੁਰੋ ਲੋਗ ਏ ਮਾਨਤ ॥??॥
ਏਕੈ ਮਹਾ ਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ ॥
ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥??॥
ਰਾਜਕੁਮਾਰੀ ਨੇ ਕਿਹਾ ਕਿ ਮੈਂ ਕੇਵਲ ਮਹਾਕਾਲ ਨੂੰ ਮੰਨਦੀ ਹਾਂ, ਬ੍ਰਹਮਾ ਅਤੇ ਬਿਸ਼ਨ ਤੋਂ ਨਹੀਂ ਡਰਦੀ। ਜਿਸ ਨੇ ਵੀ ਬ੍ਰਹਮਾ ਅਤੇ ਬਿਸ਼ਨ ਦਾ ਨਾਮ ਲਿਆ, ਸਮਝੋ ਉਸ ਨੂੰ ਮੌਤ ਨੇ ਕਾਬੂ ਕਰ ਲਿਆ। ਜੋ ਮਹਾਕਾਲ ਦਾ ਨਾਮ ਲੈਂਦਾ ਹੈ, ਸਭ ਰਿਧੀਆਂ-ਸਿੱਧੀਆਂ ਉਸ ਦੀਆਂ ਹੋ ਜਾਂਦੀਆਂ ਹਨ। ਜਿਸ ਨੇ ਇੰਦਰ, ਸੂਰਜ, ਚੰਦਰਮਾ, ਕੁਬੇਰ ਸ਼ੇਸ਼ਨਾਗ, ਆਦਿ ਨੂੰ ਖਪਾ ਦਿੱਤਾ ਹੈ, ਉਸ ਨੂੰ ਹੀ ਗੁਰੂ ਧਾਰਨ ਕਰਨਾ ਚਾਹੀਦਾ ਹੈ।
ਪੰਡਤ ਨੇ ਕਿਹਾ ਕਿ ਜੋ ਵਿਅਕਤੀ ਸਾਲਗਰਾਮ ਨੂੰ ਪੂਜਦਾ ਹੈ ਉਸ ਦੇ ਸਾਰੇ ਪਾਪ ਦੁਰ ਹੋ ਜਾਂਦੇ ਹਨ। ਜੋ ਕਿਸੇ ਹੋਰ ਨੂੰ ਪੂਜਦਾ ਹੈ ਉਹ ਨਰਕਾਂ ਦਾ ਭਾਗੀ ਬਣਦਾ ਹੈ। ਜੋ ਵਿਅਕਤੀ ਬ੍ਰਾਹਮਣ ਨੂੰ ਦਾਨ ਦਿੰਦਾ ਹੈ ਉਸ ਨੂੰ ਅਗਲੇ ਜਨਮ ਵਿੱਚ ਦਸ ਗੁਣਾ ਮਿਲਦਾ ਹੈ। ਜੋ ਵਿਅਕਤੀ ਬ੍ਰਾਹਮਣ ਤੋਂ ਬਿਨਾ ਕਿਸੇ ਹੋਰ ਨੂੰ ਦਾਨ ਦਿੰਦਾ ਹੈ ਉਸ ਨੂੰ ਕੋਈ ਲਾਭ ਨਹੀਂ ਹੁੰਦਾ।
ਤਬੈ ਕੁਅਰਿ ਪ੍ਰਤਿਮਾ ਸਿਵ ਕੀ ਕਰ ਮੈ ਲਈ ॥ ਹਸਿ ਹਸਿ ਕਰਿ ਦਿਜ ਕੇ ਮੁਖ ਕਸਿ ਕਸਿ ਕੈ ਦਈ ॥ ਸਾਲਿਗ੍ਰਾਮ ਭੇ ਦਾਂਤਿ ਫੋਰਿ ਸਭ ਹੀ ਦੀਏ ॥ ਹੋ ਛੀਨਿ ਛਾਨਿ ਕਰਿ ਬਸਤ੍ਰ ਮਿਸ੍ਰ ਕੇ ਸਭ ਲੀਏ ॥???॥
ਰਾਜਕੁਮਾਰੀ ਨੇ ਪੱਥਰ ਦੀ ਮੂਰਤੀ ਨੂੰ ਹੱਥ ‘ਚ ਲੈ ਕੇ ਪੰਡਤ ਦੇ ਮੂੰਹ ਤੇ ਮਾਰਿਆ ਅਤੇ ਉਸ ਦੇ ਦੰਦ ਭੰਨ ਦਿੱਤੇ। ਫ਼ਿਰ ਉਸ ਪੰਡਤ ਨੂੰ ਪੁੱਛਿਆ ਕਿ ਦੱਸ ਹੁਣ ਤੇਰਾ ਸ਼ਿਵ ਕਿਥੇ ਹੈ? ਤੂੰ ਜਿਸ ਲਿੰਗ ਦੀ ਪੂਜਾ ਕਰਦਾ ਹੈਂ ਉਸ ਨੇ ਹੀ ਤੇਰੇ ਦੰਦ ਭੰਨ ਦਿੱਤੇ ਹਨ। ਉਸ ਦਾ ਸਮਾਨ ਖੋਹ ਕੇ ਹੋਰਾਂ ਨੂੰ ਦਾਨ ਕਰ ਦਿੱਤਾ ਤੇ ਕਿਹਾ ਕਿ ਤੈਨੂੰ ਅਗਲੇ ਜਨਮ ‘ਚ ਦਸ ਗੁਣਾ ਮਿਲ ਜਾਵੇਗਾ। ਰਾਜਕੁਮਾਰੀ ਨੇ ਪੰਡਤ ਨੂੰ ਪੁੱਛਿਆ ਕਿ ਜੇ ਜੰਤਰਾਂ ਮੰਤਰਾਂ ਨਾਲ ਸਿੱਧੀ ਪ੍ਰਾਪਤ ਹੁੰਦੀ ਹੈ ਤਾ ਦਰ-ਦਰ ਮੰਗਦਾ ਕਿਉਂ ਫ਼ਿਰਦਾ ਹੈਂ। ਰਾਮ, ਕਿਸ਼ਨ , ਬਰੱਹਮਾ ਜਿਤਨੇ ਵੀ ਹਨ ਸਭ ਕਾਲ ਨੇ ਖਪਾ ਦਿੱਤੇ ਹਨ। ਇਹ ਸਭ ਕਾਲ ਦਾ ਪਾਣੀ ਭਰਦੇ ਹਨ। ਬ੍ਰਾਹਮਣ ਨੇ ਕਰੋਧ ਵਿੱਚ ਆ ਕੇ ਕਿਹਾ ਕਿ ਮੈਂ ਰਾਜੇ ਪਾਸ ਤੇਰੀ ਸ਼ਿਕਾਇਤ ਕਰਾਂਗਾ। ਤਾਂ ਰਾਜਕੁਮਾਰੀ ਨੇ ਉਸ ਨੂੰ ਨਦੀ ਵਿਚ ਧੱਕਾ ਦੇ ਦਿੱਤਾ ਅਤੇ ਉਸ ਨੂੰ 800 ਗੋਤੇ ਦਿੱਤੇ।
ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥ ਡਾਰ ਨਦੀ ਕੇ ਭੀਤਰ ਦਿਯਾ ॥
ਤਾ ਪਕਰਿ ਆਠ ਸੈ ਦੀਨਾ ॥ ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥???॥
ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌ ॥ ਤੈ ਮੁਹਿ ਡਾਰਾ ਹਾਥ ਬਤੈ ਹੌ ॥
ਤੇਰੇ ਦੋਨੋ ਹਾਥ ਕਟਾਊ ॥ ਤੌ ਰਾਜਾ ਕੀ ਸੁਤਾ ਕਹਾਊ ॥???॥
ਰਾਜ ਕੁਮਾਰੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਦੱਸਾਂਗੀ ਕਿ ਪੰਡਤ ਨੇ ਮੈਨੂੰ ਹੱਥ ਪਾਇਆ ਹੈ। ਤੇਰੇ ਦੋਵੇਂ ਹੱਥ ਕਟਵਾ ਦਿਆਂਗੀ। ਇਹ ਸੁਣ ਕੇ ਪੰਡਤ ਡਰ ਗਿਆ ਅਤੇ ਰਾਜਕੁਮਾਰੀ ਦੇ ਪੈਰੀਂ ਪੈ ਗਿਆ ਤੇ ਕਿਹਾ ਮੈਂ ਉਹੀ ਕਰਾਂਗਾ ਜੋ ਤੂੰ ਕਹੇਂਗੀ।
ਤੁਮ ਕਹਿਯਹੁ ਮੈ ਪ੍ਰਥਮ ਅਨਾਯੋ ॥ ਧਨ ਨਿਮਿਤਿ ਮੈ ਦਰਬੁ ਲੁਟਾਯੋ ॥
ਪਾਹਨ ਕੀ ਪੂਜਾ ਨਹਿ ਕਰਿਯੈ ॥ ਮਹਾ ਕਾਲ ਕੇ ਪਾਇਨ ਪਰਿਯੈ ॥???॥
ਤਬ ਦਿਜ ਮਹਾ ਕਾਲ ਕੋ ????ਯੋ ॥ ਸਰਿਤਾ ਮਹਿ ਪਾਹਨਨ ਬਹਾਯੋ ॥
ਦੂਜੇ ਕਾਨ ਨ ਕਿਨਹੂੰ ਜਾਨਾ ॥ ਕਹਾ ਮਿਸ੍ਰ ਪਰ ਹਾਲ ਬਿਹਾਨਾ ॥???॥
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ॥
ਮਹਾ ਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ ॥???॥
ਰਾਜਕੁਮਾਰੀ ਨੇ ਕਿਹਾ ਕਿ ਤੂੰ ਕਹੀਂ ਕਿ ਮੈਂ ਇਸ਼ਨਾਨ ਕੀਤਾ ਹੈ ਅਤੇ ਆਪਣਾ ਸਾਰਾ ਧਨ, ਅੱਗਲੇ ਜਨਮ ਵਿੱਚ ਦਸ ਗੁਣਾਂ ਮਿਲਣ ਦੀ ਝਾਕ ‘ਚ ਦਾਨ ਕਰ ਦਿੱਤਾ ਹੈ। ਤੂੰ ਅੱਜ ਤੋਂ ਪੱਥਰ ਨੂੰ ਨਹੀਂ ਪੂਜੇਂਗਾ ਸਗੋਂ ਮਹਾਂਕਾਲ ਦੇ ਚਰਨੀਂ ਲੱਗੇਂਗਾ। ਪੰਡਤ ਨੇ ਮਹਾਂਕਾਲ ਦੀ ਪੂਜਾ ਕੀਤੀ ਅਤੇ ਸਾਲਗਰਾਮ ਨੂੰ ਨਦੀ ਵਿੱਚ ਸੁੱਟ ਦਿੱਤਾ। ਕਿਸੇ ਨੂੰ ਵੀ ਇਹ ਖ਼ਬਰ ਨਹੀਂ ਹੋਈ ਕਿ ਪੰਡਤ ਨਾਲ ਕੀ ਵਾਪਰਿਆ ਹੈ। ਰਾਜਕੁਮਾਰੀ ਨੇ ਪੰਡਤ ਨੂੰ ਛਲ ਲਿਆ ਹੈ। ਸ਼ਰਾਬ ਅਤੇ ਭੰਗ ਪਿਲਾ ਕੇ ਪੰਡਤ ਨੂੰ ਮਹਾਂਕਾਲ ਦਾ ਸੇਵਕ ਬਣਾ ਲਿਆ।
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥???॥????॥ਅਫਜੂੰ॥
ਇਹ ਹੈ ਉਸ ਕਹਾਣੀ ਦੀ ਸੰਖੇਪ ਵਾਰਤਾ ਵਿੱਚੋਂ ਕੁਝ ਛੰਦ ਪੜ੍ਹ ਕੇ ਡਾ. ਹਰਭਜਨ ਸਿੰਘ ਨੇ ਕਿਹਾ ਹੈ ਕਿ ਗੁਰੂ ਜੀ ਨੇ ਇਸਤਰੀ ਨੂੰ ਉੱਚਾ ਚੁਕਣ ਲਈ ਇਹ ਕਹਾਣੀ ਲਿਖੀ ਹੈ। ਜਿਵੇਂ ਕਿ ਪਾਠਕ ਪੜ੍ਹ ਚੁਕੇ ਹਨ ਕਿ ਇਸ ਕਹਾਣੀ ਵਿੱਚ ਕੁਝ ਵੀ ਅਸ਼ਲੀਲ ਨਹੀਂ ਹੈ। ਡਾ. ਹਰਭਜਨ ਸਿੰਘ ਨੇ ਇਹ ਕਿਸ ਅਧਾਰ ‘ਤੇ ਕਿਹਾ ਹੈ ਕਿ ਇਸ ਚਰਿਤ੍ਰ ‘ਚ ਚੋਣਵੀਆਂ ਪੰਗਤੀਆਂ ਦਾ ਹਵਾਲਾ ਦੇ ਕੇ ਅਸ਼ਲੀਲਤਾ ਦਾ ਪਾਠ ਪੜਾਇਆ ਜਾ ਰਿਹਾ ਹੈ, ਮੈਂ ਅੱਜ ਤਾਈਂ ਇਹ ਕਿਤੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਨੇ ਵੀ, ਇਨ੍ਹਾਂ ਨੂੰ ਚਰਿਤ੍ਰ ਨੰਬਰ 266 ਦੀ ਵਿਆਖਿਆ ਕਰਨ ਨੂੰ ਕਿਹਾ ਹੋਵੇ। ਜਿਨ੍ਹਾਂ ਚਰਿਤ੍ਰਾਂ ਦੀ ਕਥਾ/ਵਿਆਖਿਆ ਕਰਨ ਲਈ ਇਨ੍ਹਾਂ ਨੂੰ ਬਾਰ-ਬਾਰ ਅਖ਼ਬਾਰਾਂ ਰਾਹੀਂ ਬੇਨਤੀ ਕੀਤੀ ਜਾਂਦੀ ਰਹੀ ਹੈ ਉਸ ਪਾਸੇ ਇਨ੍ਹਾਂ ਨੇ ਕਦੇ ਧਿਆਨ ਨਹੀਂ ਦਿੱਤਾ। (ਪੜ੍ਹੋ ਪੰਜਾਬ ਨਿਊਜ਼ 22 ਫ਼ਰਵਰੀ 2008 ਈ:, ਪੰਜਾਬ ਟਾਈਮਜ਼ ਅਤੇ ਚੜ੍ਹਦੀ ਕਲਾ 24 ਜੁਲਾਈ 2013 ਈ:) ਹਰ ਵੇਲੇ ਇਕੋ ਗੱਲ, ”ਗੁਰੂ ਸਾਹਿਬ ਨੇ ਖੜਕ ਸਿੰਘ ਪੈਦਾ ਕਰਨਾ ਸੀ, ਖੜਕ ਸਿੰਘ ਪੈਦਾ ਕਰਨਾ ਸੀ।” ਅਖੌਤੀ ਦਸਮ ਗ੍ਰੰਥ ਦੇ ਪੋਣੇ ਸੱਤ ਸੌ ਪੰਨਿਆਂ ਵਿੱਚ ਜਿਹੜਾ ਹੋਰ ਖੜਕਾ-ਦੜਕਾ ਹੋ ਰਿਹਾ ਹੈ, ਉਸ ਦੀ ਵਿਆਖਿਆ ਕਿਉਂ ਨਹੀਂ ਕਰਦੇ? ਡਾ. ਹਰਭਜਨ ਸਿੰਘ ਜੀ, ਚਰਿਤ੍ਰ ਨੰਬਰ 266, ਜਿਸ ਦੀ ਤੁਹਾਡੇ ਵਲੋਂ ਚੋਣ ਕੀਤੀ ਗਈ ਹੈ, ਵਿੱਚ ਤਾਂ ਅਸ਼ਲੀਲਤਾ ਦਾ ਕੋਈ ਜ਼ਿਕਰ ਹੈ ਹੀ ਨਹੀਂ। ਚਲੋ, ਜੇ ਤੂਸੀਂ ਇਸ ਚਰਿਤ੍ਰ ਦੀ ਚੋਣ ਕੀਤੀ ਹੈ ਤਾਂ ਇਹ ਦੱਸੋ ਕਿ ਤੁਸੀਂ ਸਵਾ ਦੋ ਘੰਟਿਆਂ ਦੇ ਭਾਸ਼ਨ ਵਿੱਚ ਇਹ ਕਹਾਣੀ ਪੂਰੀ ਕਿਉਂ ਨਹੀਂ ਸੁਣਾਈ? ਗੱਲ ਅਧੂਰੀ ਕਿਉਂ ਕੀਤੀ ਹੈ? ਕੀ ਇਹ ਪੰਗਤੀ, ”ਮਹਾ ਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ,” ਇਸੇ ਕਹਾਣੀ ਦਾ ਹਿੱਸਾ ਨਹੀਂ ਹੈ? ਕੀ ਇਸ ਤਰ੍ਹਾਂ ਸੱਚ ਨੂੰ ਸਰੋਤਿਆਂ/ਪਾਠਕਾਂ ਤੋਂ ਲਕੋ ਲੈਣਾ ਆਪ ਜੀ ਵਰਗੇ ‘ਨਿਰਦੇਸ਼ਕ’ ਨੂੰ ਸੋਭਾ ਦਿੰਦਾ ਹੈ? ਕੀ ਇਸ ਕਹਾਣੀ ਵਿੱਚੋਂ ਭੰਗ ਅਤੇ ਸ਼ਰਾਬ ਪੀਣ ਦੀ ਪ੍ਰੇਰਨਾ ਨਹੀਂ ਮਿਲਦੀ? ਤੁਸੀਂ ਕਹਿੰਦੇ ਹੋ ਕਿ ਇਹ ਕਹਾਣੀ ਦੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਹਨ, ਪਰ ਇਸ ਕਹਾਣੀ ਵਿੱਚ ਤਾਂ ਔਰੰਗਜ਼ੇਬੀ ਸੋਚ ਭਾਰੂ ਹੈ।
ਪੰਡਿਤ ਨੂੰ ਪੱਥਰ ਪੂਜਣ ਤੋਂ ਵਰਜ ਕੇ, ਮਹਾਂਕਾਲ ਦਾ ਉਪਾਸ਼ਕ ਬਣਾਉਣ ਲਈ ਰਾਜਕੁਮਾਰੀ ਆਪਣੇ ਉਸਤਾਦ ਨਾਲ ਦੁਰਵਿਹਾਰ ਕਰਦੀ ਹੈ। ਉਸ ਨੂੰ ਆਪਣੇ ਰਾਜੇ ਪਿਉ ਦਾ ਡਰਾਵਾ ਦਿੰਦੀ ਹੈ। (ਤੇਰੇ ਦੋਨੋ ਹਾਥ ਕਟਾਊ ॥ ਤੌ ਰਾਜਾ ਕੀ ਸੁਤਾ ਕਹਾਊ) ਸ਼ਰਾਬ ਅਤੇ ਭੰਗ ਪਿਆ ਕੇ ਛਲਦੀ ਹੈ। ਡਾ. ਹਰਭਜਨ ਸਿੰਘ ਅਨੁਸਾਰ ਲੋਕਾਂ ਨੂੰ ਸ਼ਰਾਬ ਅਤੇ ਭੰਗ ਪਿਆ ਕੇ ਕਾਬੂ ਕਰਨਾ ਅਤੇ ਛਲਣਾ ਨਾਰੀ ਜਾਤੀ ਦੇ ਉਠਾਣ ਦੀ ਵੱਧੀਆ ਉਦਾਹਰਣ ਹੈ। ਕੀ ਉਸ ਪੰਡਿਤ ਨਾਲ ਜਿਸ ਤੋਂ ਉਹ ਸਿੱਖਿਆ ਲੈਂਦੀ ਹੈ ਦੁਰਵਿਹਾਰ ਕਰ ਕੇ ਰਾਜਕੁਮਾਰੀ, ਨਾਰੀ ਜਾਤੀ ਨੂੰ ਊੱਚਾ ਚੁੱਕ ਰਹੀ ਹੈ? ਅਜਿਹੇ ਘਟੀਆ ਆਚਰਣ ਨੂੰ ਕੇਵਲ ਡਾ. ਹਰਭਜਨ ਸਿੰਘ ਜੈਸਾ ਵਿਦਵਾਨ (?) ਹੀ ਨਾਰੀ ਜਾਤੀ ਦਾ ਉਠਾਣ ਜਾਂ ”ਅੰਮ੍ਰਿਤ” ਕਹਿ ਸਕਦਾ ਹੈ। ਰਾਜਕੁਮਾਰੀ ਪੰਡਤ ਵਲੋਂ ਕੀਤੇ ਜਾਂਦੇ ਕਰਮਕਾਂਡ ਦਾ ਖੰਡਨ ਕਰ ਕੇ, ਪੰਡਤ ਨੂੰ ਉਸ ਦੇ ਇਸ਼ਟ ਤੋਂ ਤੋੜ ਕੇ ਆਪਣੇ ਮਹਾਂਕਾਲ ਨਾਲ ਜੋੜਦੀ ਹੈ। ਰਾਜਕੁਮਾਰੀ ਪੰਡਤ ਦੇ ਦੰਦ ਭੰਨ ਕੇ ਉਸ ਨੂੰ 800 ਗੋਤੇ ਹੀ ਨਹੀਂ ਦਿੰਦੀ ਸਗੋਂ ”ਤੇਰੇ ਦੋਨੋਂ ਹਾਥ ਕਟਾਊ” ਦਾ ਡਰਾਵਾ ਦੇ ਕੇ ਆਪਣਾ ਅਸਲੀ ਰੂਪ ਵੀ ਦਿਖਾ ਦਿੰਦੀ ਹੈ। ਡਾ. ਹਰਭਜਨ ਸਿੰਘ ਨੇ ਮਹਾਂਕਾਲ ਨੂੰ ਅਕਾਲ ਪੁਰਖ ਸਾਬਿਤ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਕੀ ਰਾਜਕੁਮਾਰੀ ਦਾ ਮਹਾਂਕਾਲ, ਪਰਮਾਤਮਾ ਜਾਂ ਅਕਾਲ ਪੁਰਖ ਹੈ? ਹਰਭਜਨ ਸਿੰਘ ਨੇ ਸਰੋਤਿਆਂ ਨੂੰ ਗੁਮਰਾਹ ਕਰਨ ਲਈ ਰਾਜਕੁਮਾਰੀ ਦੇ ਮਹਾਂਕਾਲ ਨੂੰ, ਰੱਬ, ਪਰਮਾਤਮਾ ਦੱਸ ਕੇ ਮਹਾਂਕਾਲ ਦੀ ਅਸਲੀਅਤ ਨੂੰ ਛੁਪਾਉਣ ਦਾ ਗੁਨਾਹ ਕੀਤਾ ਹੈ। ਖ਼ੈਰ, ਡਾ ਹਰਭਜਨ ਸਿੰਘ ਅਖੌਤੀ ਦਸਮ ਗ੍ਰੰਥ ਦਾ ਉਪਾਸ਼ਕ ਹੋਣ ਕਾਰਨ ਉਸ ਦੀਆਂ ਸਿੱਖਿਆਵਾਂ ‘ਤੇ ਹੀ ਅਮਲ ਕਰ ਰਿਹਾ ਹੈ।
ਇਸ ਚਰਿਤ੍ਰ ਵਿੱਚ ਕੋਈ ਅਜਿਹੀ ਕੋਈ ਗੱਲ ਨਹੀਂ ਜਿਸ ਤੋਂ ਇਸਤਰੀ ਦੀ ਉਪਮਾ ਹੁੰਦੀ ਹੋਵੇ ਜਿਵੇਂ ਕਿ ਡਾ. ਹਰਭਜਨ ਸਿੰਘ ਨੇ ਕਿਹਾ ਹੈ। ਇਸ ਗ੍ਰੰਥ ਦਾ ਲਿਖਾਰੀ ਬੀਬੀਆਂ ਬਾਰੇ ਇਹ ਵੀ ਲਿਖਦਾ ਹੈ ਕਿ ਇਸਤਰੀ ਨੂੰ ਕਦੇ ਵੀ ਭੇਦ ਦੀ ਗੱਲ ਨਹੀਂ ਦੱਸਣੀ ਚਾਹੀਦੀ। ਕਿਉਂਕਿ ਅਜਿਹਾ ਸਿਮ੍ਰਤੀਆਂ, ਵੇਦਾਂ ਅਤੇ ਕੋਕਸ਼ਾਸਤ੍ਰ ਵਿੱਚ ਲਿਖਿਆ ਹੋਇਆ ਹੈ। ਜੇ ਕਿਸੇ ਨੇ ਇਸਤਰੀ ‘ਤੇ ਵਿਸ਼ਵਾਸ ਕੀਤਾ ਤਾਂ ਉਸ ਦਾ ਸੱਤਾਂ ਦਿਨਾਂ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਵਿਧਾਤਾ ਵੀ ਇਸਤਰੀ ਬਣਾ ਕੇ ਪਛਤਾ ਰਿਹਾ ਹੈ। ਡਾ. ਹਰਭਜਨ ਸਿੰਘ ਜੀ, ਕੀ ਤੂਸੀਂ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਦੀ, ਬੀਬੀਆਂ ਪ੍ਰਤੀ ਇਸ ਸੋਚ ਨਾਲ ਸਹਿਮਤ ਹੋ?
ਤ੍ਰਯਿਹ ਨ ਦੀਜੈ ਭੇਦ ਤਾਹ ਭੇਦ ਲੀਜੈ ਸਦਾ ॥
ਕਹਤ ਸੰਮ੍ਰਤਿ ਅਰੁ ਬੇਦ ਕੋਕ ਸਾਰਊ ਯੌ ਕਹਤ ॥??॥(ਪੰਨਾ 828)
ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ ॥
ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥??॥ (ਪੰਨਾ 829)
ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥
ਜਿਨ ਇਹ ਕਿਯੌ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥??॥ (ਪੰਨਾ 1267)
ਡਾ. ਹਰਭਜਨ ਸਿੰਘ ਵਲੋਂ ਖ਼ਾਸ ਤੌਰ ‘ਤੇ ਚੁਣੀ ਗਈ ਇਸ ਕਹਾਣੀ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਾਜਕੁਮਾਰੀ ਦਾ ਇਸ਼ਟ ਕਿਹੜਾ ਹੈ? ਉਸ ਦਾ ਸੇਵਕ ਬਣਨ/ਬਣਾਉਣ ਦਾ ਵਿਧੀ-ਵਿਧਾਨ ਕੀ ਹੈ? ਕਿਸੇ ਨੂੰ ਆਪਣੇ ਇਸ਼ਟ ਦੀ, ਆਪਣੇ ਤਰੀਕੇ ਨਾਲ ਪੂਜਾ ਕਰਨ ਤੋਂ ਜ਼ਬਰਦਸਤੀ ਰੋਕਣਾ, ਉਸ ਨਾਲ ਦੁਰਵਿਹਾਰ ਕਰਨਾ (ਦੰਦ ਭੰਨਣੇ, 800 ਗੋਤੇ ਦੇਣੇ ਅਤੇ ਦੇਵੋ ਹੱਥ ਕਟਵਾਉਣ ਦਾ ਡਰਾਵਾ ਦੇਣਾ) ਅਤੇ ਉਸ ਦਾ ਜਬਰੀ ਧਰਮ ਤਬਦੀਲ ਕਰਵਾਉਣਾ, ਕੀ ਇਹ ਗੁਰਮਤਿ ਦਾ ਸਿਧਾਂਤ ਹੈ ਜਾਂ ਔਰੰਗਜ਼ੇਬ ਦਾ? ਕੀ ਇਹ ‘ਅੰਮ੍ਰਿਤ ਬਚਨ’ (ਚਰਿਤ੍ਰ 266) ਗੁਰੂ ਗੋਬਿੰਦ ਸਿੰਘ ਜੀ ਨੇ ਹੀ ਲਿਖੇ ਹੋਣਗੇ? ਡਾ. ਹਰਭਜਨ ਸਿੰਘ ਦੇ ਬਚਨ, ”ਇਸ ਅੰਮ੍ਰਿਤ ਦੀ ਕੋਈ ਨਿੰਦਿਆ ਕਰੇ, ਤੂਸੀਂ ਆਪ ਹੀ ਸਮਝੋ ਉਸ ਬੰਦੇ ‘ਚ ਬੁੱਧੀ ਹੋ ਸਕਦੀ ਹੈ”? ਕੀ ਹੁਣ ਡਾ. ਹਰਭਜਨ ਸਿੰਘ ਜੀ ਆਪਣੇ ਬੁਧੀਮਾਨ ਹੋਣ ਦਾ ਪ੍ਰਗਟਾਵਾ ਕਰਦੇ ਹੋਏ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ? ਜਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਮੇਰੀ ਲਿਖਤ ਵਿੱਚ ਵਿਆਕਰਣ ਦੀਆਂ ਗ਼ਲਤੀਆਂ ਕੱਢਣ ਦੇ ਨਾਲ-ਨਾਲ, ਇਹ ਲਿਖ ਕੇ ਹੀ ਸਾਰ ਦੇਣਗੇ ਕਿ ”ਉਹ ਠੀਕ ਪੰਜਾਬੀ ਲਿਖਣ ਦੀ ਯੋਗਤਾ ਤੋਂ ਵੀ ਵੰਚਿਤ ਹੈ।”