ਡਾ. ਕੇਵਲ ਅਰੋੜਾ
94176 95299
ਇਹੋ ਜਿਹੀ ਸੀ ਭੂਆ ਭੋਲੀ – 1
ਸਾਡੇ ਸਾਦਿਕ ਨੇੜੇ ਇੱਕ ਪਿੰਡ ਦੀ ਕੁੜੀ ਭੋਲੀ ਰਾਜਸਥਾਨ ‘ਚ ਵਿਆਹੀ ਹੋਈ ਸੀ। ਉਸ ਦੇ ਬਾਪ ਹੋਰੀਂ ਤਿੰਨ ਭਰਾ ਸਨ, ਅਤੇ ਉਹ ਸਭ ਤੋਂ ਛੋਟੇ ਭਰਾ ਦੀ ਲੜਕੀ ਸੀ। ਉਸ ਤੋਂ ਛੋਟਾ ਉਸ ਦਾ ਸਕਾ ਭਰਾ, ਦੋਹਾਂ ਤਾਇਆਂ ਦੇ ਦੋ ਦੋ ਬੇਟੇ ਸਨ। ਪਿੰਡ ਦੇ ਨੇੜੇ ਗੰਗ ਕੈਨਾਲ ਵਗਦੀ ਹੈ, ਪਰ ਪਾਣੀ ਗੰਗਾਨਗਰ ਜਾ ਕੇ ਖੁੱਲ੍ਹਦਾ ਹੈ। ਸਾਡਾ ਇਲਾਕਾ ਵੀ ਓਦੋਂ ਰਾਜਸਥਾਨ ਦੇ ਮਾਰੂਥਲ ਵਾਂਗ ਸੀ। ਕਿਤੇ ਰੇਤਲਾ ਮੈਦਾਨ, ਕੱਕੀ ਰੇਤਾ ਦੇ ਟਿੱਬੇ, ਕਿਤੇ ਖੇਤਾਂ ‘ਚ ਛੱਪੜੀਆਂ ਅਤੇ ਉਸ ‘ਤੇ ਰੁੱਖਾਂ ਦੀ ਝੜੀ, ਜਿਨ੍ਹਾਂ ‘ਤੇ ਪੰਛੀਆਂ ਦਾ ਰੈਣ ਬਸੇਰਾ, ਜੰਡ, ਕਿੱਕਰਾਂ, ਕਰੀਰ, ਮਲ੍ਹੇ, ਬੇਰੀਆਂ ਅਤੇ ਕਿਤੇ ਕਿਤੇ ਕਰੀਰ ਦੇ ਰੁੱਖ ਖੜ੍ਹੇ ਰਹਿੰਦੇ ਸਨ। ਬਹੁਤ ਪੁਰਾਣੀਆਂ ਵਣਾਂ ਵੀ ਕਿਤੇ ਕਿਤੇ ਦਿਸਦੀਆਂ ਸਨ। ਧਰਤੀ ਹੇਠਲਾ ਪਾਣੀ ਖਾਰਾ ਸੀ ਅਤੇ ਲੋਕਾਂ ਨੇ ਛੱਪੜਾਂ ‘ਚ ਪਹਿਲਾਂ ਖਾਰਾਂ ਪੁੱਟ ਕੇ ਅਤੇ ਫ਼ਿਰ ਖੂਹ ਲਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਸਾਦੀ ਅਤੇ ਮਿਹਨਤ ਵਾਲੀ ਜ਼ਿੰਦਗੀ ਸੀ ਲੋਕਾਂ ਦੀ, ਚੰਦ ਚਾਨਣੀ ਰਾਤ ਨੂੰ ਰੇਤੇ ‘ਚ ਅਬਕਰ ਵਰਗੇ ਚਮਕਦੇ ਕਣ ਅਤੇ ਠੰਢੀ ਰੇਤ ਦਾ ਨਜ਼ਾਰਾ ਵਿਲੱਖਣ ਹੁੰਦਾ ਸੀ, ਜਿਵੇਂ ਇੰਦਰ ਦੇ ਖਾੜੇ ਦੀਆਂ ਪਰੀਆਂ ਨੇ ਆ ਕੇ ਅਖਾੜਾ ਲਾਉਣਾ ਹੋਵੇ! ਕਿਤੇ ਕਿਤੇ ਦੂਰ ਦੀਵਾ ਜਗਦਾ ਦਿਖਾਈ ਦੇਣਾ। ਬਰਾਨੀ ਖੇਤੀ ਕਣਕ ਅਤੇ ਛੋਲਿਆਂ ਦੀ ਰਲਵੀਂ (ਗੱਜੀ) ਖੇਤੀ ਜੋ ਫ਼ਲਿਆ ਨਾਲ ਗਾਹ ਕੇ ਦਾਣੇ ਅੱਡ ਕਰ ਦੇਣੇ। ਭੂਆ ਭੋਲੀ ਨਿੱਕੀ ਹੁੰਦੀ ਹੀ ਹੁੰਦੜਹੇਲ ਸੀ। ਹਾਣ ਦੇ ਮੁੰਡੇ ਜਿਸਮਾਨੀ ਤੌਰ ‘ਤੇ ਉਸ ਦੇ ਨੇੜ ਤੇੜ ਨਹੀਂ ਸੀ ਖੜ੍ਹਦੇ। ਭੋਲੀ ਨੇ ਪਹਿਲਾਂ ਗੁਰੂਦੁਆਰੇ ਤੋਂ ਸੰਥਿਆਂ ਲੈ ਕੇ ਗੁਰਬਾਣੀ ਸਿੱਖੀ, ਬਹੁਤ ਛੇਤੀ ਬਾਣੀ ਕੰਠ ਕਰ ਲੈਂਦੀ ਸੀ ਉਹ। ਪਿੰਡ ‘ਚ ਪ੍ਰਾਇਮਰੀ ਸਕੂਲ ਸੀ ਅਤੇ ਭੋਲੀ ਨੇ ਤਿੰਨ ਕੁ ਸਾਲਾਂ ‘ਚ ਹੀ ਪੰਜੇ ਜਮਾਤਾਂ ਕਰ ਲਈਆਂ ਸਨ। ਪਰ ਫ਼ਿਰ ਅੱਗੇ ਨਹੀਂ ਪੜ੍ਹ ਸਕੀ। ਓਦੋਂ ਸਾਡੇ ਇਲਾਕੇ ‘ਚ ਕੁੜੀਆਂ ਨੂੰ ਪੜ੍ਹਾਉਨ ਦਾ ਰਿਵਾਜ ਵੀ ਨਹੀਂ ਸੀ। ਭੋਲੀ ਨੇ ਕੱਤਣਾ, ਕੱਢਣਾ ਤਾਂ ਦਿਨਾਂ ‘ਚ ਹੀ ਸਿੱਖ ਲਿਆ ਸੀ, ਜਿਵੇਂ ਖੇਸ, ਖੇਸੀਆਂ, ਬਾਗ, ਫ਼ੁਲਕਾਰੀਆਂ ਸਭ ਦੀ ਮਾਹਿਰ ਸੀ ਉਹ। ਤੀਆਂ ‘ਚ ਰੌਣਕ ਉਸ ਤੋਂ ਬਗੈਰ ਨਹੀਂ ਸੀ ਲੱਗਦੀ। ਗੀਤ ਅਤੇ ਬੋਲੀਆਂ ‘ਚ ਕੋਈ ਮੁਕਾਬਲਾ ਨਹੀਂ ਸੀ ਉਹਦਾ। ਬੋਲੀਆਂ ਉਸ ਨੇ ਬੇਬੇ ਭਾਗੋ ਤੋਂ ਸਿੱਖੀਆਂ ਸਨ। ਦੋਵੇਂ ਜਣੀਆਂ ਪਿੰਡ ‘ਚ ਆਏ ਨਾਨਕੇ ਮੇਲ ਦੇ ਛੱਕੇ ਛੁਡਾ ਦਿੰਦੀਆਂ। ਦੋਹਾਂ ਕੋਲ ਹਰ ਬੋਲੀ ਦਾ ਮੋੜ ਸੀ। ਬੇਬੇ ਭਾਗੋ ਬਾਰੇ ਲਿਖੀਆਂ ਕੁੱਝ ਸਤਰਾਂ ਮੈਨੂੰ ਯਾਦ ਆ ਰਹੀਆਂ ਨੇ …
ਮੇਲ ਨਾ ਹੁਣ ਪਰਨਾਲੇ ਭੰਨੇ,
ਨਾ ਗਲੀਆਂ ‘ਚ ਜਾਗੋ।
ਬੋਲੀਆਂ ਦਾ ਸੀ ਖੂਹ ਭਰ ਦਿੰਦੀ ਤੁਰ ਗਈ ਬੇਬੇ ਭਾਗੋ।
ਏਨਾ ਕੁੱਝ ਚੇਤੇ ਸੀ ਉਹਦੇ। ਇੱਕ ਹੋਰ ਯਾਦ ਹੈ:
ਨਵੀਂ ਪਨੀਰੀ ਨਸ਼ਿਆ ਖਾ ਲਈ, ਬੰਨ੍ਹੀਂ ਫ਼ਿਰਦੇ ਟੋਲੇ,
ਕਿਤੇ ਸੁਣੇ ਬੰਬੀਹਾ ਬੋਲਦਾ,
ਕਿਤੇ ਬਾਗੀਂ ਬੁਲਬੁਲ ਬੋਲੇ।
ਭੋਲੀ ਕੁੱਕੜ ਬਾਂਗ ਨਾਲ ਉੱਠ ਕੇ ਦੁੱਧ ਰਿੜਕਦੀ, ਪੱਠੇ ਪਾਉਂਦੀ ਅਤੇ ਧਾਰਾਂ ਕੱਢ ਲੈਂਦੀ। ਉਹ ਅਪਣੇ ਪੰਜਾਂ ਭਰਾਵਾਂ ਨਾਲੋਂ ਕਿਤੇ ਹਿੰਮਤੀ ਸੀ। ਵੱਡੇ ਤਾਏ ਨਾਲ ਉਸ ਦਾ ਅੰਤਾਂ ਦਾ ਮੋਹ ਸੀ। ਉਸ ਦੀ ਭੂਆ ਹੀ ਅਪਣੇ ਜੇਠ ਦੇ ਮੁੰਡੇ ਨੂੰ ਉਸ ਦਾ ਰਿਸ਼ਤਾ ਲੈ ਕੇ ਗਈ ਸੀ। ਉਸ ਨੇ ਉੱਥੇ ਜਾ ਕੇ ਵੀ ਅਪਣੇ ਸਹੁਰੇ ਘਰ ਦਾ ਕਾਇਆਕਲਪ ਕਰ ਦਿੱਤਾ ਉਸ ਨੇ।
ਬਾਕੀ ਅਗਲੇ ਹਫ਼ਤ