ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ!

gurbachan-300x150ਗੁਰਬਚਨ ਸਿੰਘ ਭੁੱਲਰ
ਜਨਮ ਤੋਂ ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿੱਚ ਹੋਈ ਜਿਸ ਵਿੱਚ ਵਹਿਮ-ਭਰਮ, ਸ਼ਗਨ-ਬਦਸ਼ਗਨ ਨੂੰ ਕੋਈ ਥਾਂ ਨਹੀਂ ਸੀ। ਸਾਡਾ ਪਰਿਵਾਰ ਸਿੱਖੀ ਨਾਲ, ਹੁਣ ਵਾਲੀ ਸਿੱਖੀ ਨਹੀਂ, ਗੁਰੂ ਸਾਹਿਬਾਨ ਦੀ ਦੱਸੀ ਸਿੱਖੀ ਨਾਲ ਜੁੜਿਆ ਹੋਇਆ ਸੀ। ਮੇਰੀ ਦਾਦੀ ਤੇ ਮਾਂ ਵੀ ਪੱਕੀਆਂ ਪੰਜ-ਕਕਾਰੀ ਸਨ। ਜਦੋਂ ਸਾਡੇ ਆਲੇ-ਦੁਆਲੇ ਲੋਕ ਹਰ ਕੰਮ, ਇਥੋਂ ਤਕ ਕਿ ਸਫ਼ਰ ਵੀ ਪੱਤਰੀ ਵਾਲੇ ਨੂੰ ਪੁੱਛ ਕੇ ਕਰਦੇ ਸਨ, ਸਿਰ ਧੋਣ ਤੇ ਨਹੁੰ ਕੱਟਣ ਦੇ ਦਿਨ ਵੀ ਵਿਚਾਰਦੇ ਸਨ, ਮੜ੍ਹੀਆਂ-ਮਸਾਣਾਂ ਪੂਜਦੇ ਸਨ, ਸਾਡੇ ਘਰ ਦਾ ਇਹਨਾਂ ਗੱਲਾਂ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ ਸੀ ਹੁੰਦਾ। ਜਦੋਂ ਸੁਰਤ ਸੰਭਲੀ, ਮੇਰਾ ਵਾਹ ਵਿਦਿਆਰਥੀ ਜਥੇਬੰਦੀ ਰਾਹੀਂ ਮਾਰਕਸੀ ਵਿਚਾਰਧਾਰਾ ਨਾਲ ਅਜਿਹਾ ਜੁੜਿਆ ਕਿ ਅੱਜ ਵੀ ਮੇਰਾ ਭਰੋਸਾ ਉਸੇ ਦੀ ਵਿਗਿਆਨਕ ਸੋਚ ਵਿੱਚ ਅਡੋਲ ਹੈ, ਪਰ ਅੱਜ ਮਾਂ-ਪਿਓ ਅਤੇ ਮਾਰਕਸ ਤੋਂ ਖਿਮਾ-ਸਹਿਤ ਮੈਂ ਸਿਆਣਿਆਂ ਦੇ ਕਥਨ ”ਯਥਾ ਰਾਜਾ ਤਥਾ ਪਰਜਾ” ਦਾ ਪਾਲਣ ਕਰਦਿਆਂ ਤਰਕਸ਼ੀਲਤਾ ਤੋਂ ਹਟ ਕੇ ਸ਼ਗਨ-ਬਦਸ਼ਗਨ ਵਿਚਾਰਾਂਗਾ।
ਸ਼ਗਨ-ਬਦਸ਼ਗਨ ਦੀ ਪ੍ਰਮਾਣਿਕਤਾ ਦੇ ਪੱਖ ਵਿੱਚ ਮੈਂ ਇਹ ਵੀ ਦੱਸ ਦੇਵਾਂ ਕਿ ਇਸ ਉੱਤੇ ਤਾਂ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਸੰਵਿਧਾਨਿਕ ਪਦਵੀ ਦੀ ਮੋਹਰ-ਛਾਪ ਵੀ ਲੱਗੀ ਹੋਈ ਹੈ। ਤਾਮਿਲਨਾਡੂ ਦੇ ਨਗਰ ਹੋਸੂਰ ਵਿੱਚ 6 ਮਈ ਨੂੰ ਉਹਨਾਂ ਦੇ ਚੋਣ-ਭਾਸ਼ਨ ਦੇ ਵਿਚਕਾਰ ਅਚਾਨਕ ਮੀਂਹ ਵਰ੍ਹਨ ਲਗਿਆ। ਉਹਨਾਂ ਨੇ ਭਾਸ਼ਨ ਰੋਕ ਕੇ ਸ਼ਗਨ ਵਿਚਾਰਿਆ, ”ਬਰਖਾ ਜਨਤਾ ਨੂੰ ਅਸ਼ੀਰਵਾਦ ਦੇਣ ਆਈ ਹੈ। ਇਹ ਬਰਖਾ ਅਸਲ ਵਿੱਚ ਇਸ ਚੋਣ ਵਿੱਚ ਬੀਜੇਪੀ ਦੀ ਜਿੱਤ ਦਾ ਸੰਦੇਸ਼ ਬਣ ਕੇ ਆਈ ਹੈ।” ਜੇ ਮਗਰੋਂ ਚੋਣਾਂ ਵਿੱਚ ਇੰਦਰ ਦੇਵਤਾ ਦੀ ਇਸ ਕਿਰਪਾ-ਦ੍ਰਿਸ਼ਟੀ ਦੇ ਬਾਵਜੂਦ ਤਾਮਿਲਨਾਡੂ ਵਿੱਚ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ, ਮੈਂ ਇਸ ਆਧਾਰ ਉੱਤੇ ਸ਼ਗਨ-ਬਦਸ਼ਗਨ ਨੂੰ ਫ਼ਜੂਲ ਨਹੀਂ ਕਹਾਂਗਾ ਸਗੋਂ 2014 ਦੇ ਮੋਦੀ ਜੀ ਦੇ ਇਕਰਾਰਾਂ ਵਾਂਗ ਸ਼ਗਨ-ਪੂਰਤੀ ਦੀ ਕਾਰਗੁਜ਼ਾਰੀ, ਭਾਵ ‘ਇੰਪਲੀਮੈਂਟੇਸ਼ਨ’ ਵਿੱਚ ਕਸਰ ਮੰਨਾਂਗਾ।
ਮੋਦੀ ਜੀ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਰਬੋ-ਸਰਬਾ ਹਨ। ਕੁਦਰਤੀ ਹੈ ਕਿ ਉਹਨਾਂ ਦਾ ਇਸ਼ਾਰਾ-ਮਾਤਰ ਸਰਕਾਰ ਤੇ ਪਾਰਟੀ ਵਾਸਤੇ ਰਾਹ-ਦਿਖਾਵਾ ਬਣ ਜਾਂਦਾ ਹੈ। ਭਾਰਤ ਸਰਕਾਰ ਦੀਆਂ ਦੋ ਸਾਲ ਦੀਆਂ ਅਦਿੱਸ ਪਰਾਪਤੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਮੰਤਰੀਆਂ ਨੂੰ ਵਾਰੀ ਵਾਰੀ ਪ੍ਰੈੱਸ-ਕਾਨਫ਼ਰੰਸਾਂ ਕਰਨ ਲਈ ਕਿਹਾ ਗਿਆ ਹੈ। ਇਸ ਲੜੀ ਦੀ ਪਹਿਲੀ ਪ੍ਰੈੱਸ-ਕਾਨਫ਼ਰੰਸ 20 ਮਈ ਨੂੰ ਪਿਯੂਸ਼ ਗੋਇਲ ਨੇ ਕਰਨੀ ਸੀ। ਉਹਨੂੰ ਉਸ ਦਿਨ ਦੇ ਅਸ਼ੁਭ ਹੋਣ ਕਾਰਨ ਕੋਈ ਹੋਰ ਦਿਨ ਚੁਣਨ ਦਾ ਸੁਝਾਅ ਦਿੱਤਾ ਗਿਆ, ਪਰ ਉਹ ਨਾ ਮੰਨਿਆ। ਉਹਨੇ ਅਜੇ ਪਹਿਲੀ ਪਰਾਪਤੀ ਵੀ ਨਹੀਂ ਸੀ ਦੱਸੀ ਕਿ ਬੱਤੀ ਗੁੱਲ ਹੋ ਗਈ। ਉਸ ਪਿਛੋਂ ਭਾਜਪਾ ਨੇ ਅਗਲੀਆਂ ਪ੍ਰੈੱਸ-ਕਾਨਫ਼ਰੰਸਾਂ ਲਈ ਪੱਕੇ ਸ਼ੁਭ ਸਮੇਂ ਪਤਾ ਕਰਨ ਦਾ ਫ਼ੈਸਲਾ ਕਰ ਲਿਆ।
ਸ਼ਗਨ-ਬਦਸ਼ਗਨ ਵਿਚਾਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਮੋਦੀ ਜੀ ਸਿਰਫ਼ ਸਾਡੇ ਪ੍ਰਧਾਨ ਮੰਤਰੀ ਹੋਣ ਤੋਂ ਬਹੁਤ ਵੱਧ ਕੁਝ ਹਨ। ਇਹ ਜਾਣਕਾਰੀ ਦੇਸ਼ ਦੀ ਰਾਖੀ ਤੇ ਸਲਾਮਤੀ ਲਈ ਜ਼ਿੰਮੇਵਾਰ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ 18 ਮਾਰਚ ਨੂੰ ਦਿੱਤੀ ਸੀ। ਸੋਲਵੀਂ ਸਦੀ ਵਿੱਚ ਫ਼ਰਾਂਸ ਵਿੱਚ ਇਕ ਜੋਤਸ਼ੀ ਨੋਸਤਰਦਾਮੁਸ ਹੋਇਆ ਹੈ ਜਿਸ ਦਾ ”ਲਿਖੇ ਈਸਾ, ਪੜ੍ਹੇ ਮੂਸਾ” ਵਾਲੀ ਸਮਝੋਂ ਬਾਹਰੀ ਭਾਸ਼ਾ ਵਿੱਚ ਲਿਖਿਆ ਗ੍ਰੰਥ ਸਾਡੇ ਚੰਗੇ ਭਾਗਾਂ ਨੂੰ ਬੀਜੇਪੀ ਅਤੇ ਭਾਰਤ ਸਰਕਾਰ ਦੇ ਸਮਝ ਆ ਗਿਆ ਹੈ। ਰਿਜੀਜੂ ਜੀ ਦੀ ਮਨੋਹਰ ਵਾਣੀ ਅਨੁਸਾਰ ”ਫ਼ਰਾਂਸੀਸੀ ਪੈਗੰਬਰ ਨੋਸਤਰਦਾਮੁਸ ਨੇ ਲਿਖਿਆ ਸੀ ਕਿ 2014 ਤੋਂ 2026 ਤਕ ਭਾਰਤ ਦੀ ਅਗਵਾਈ ਇੱਕ ਅਜਿਹਾ ਆਦਮੀ ਕਰੇਗਾ ਜਿਸ ਨੂੰ ਪਹਿਲਾਂ ਪਹਿਲਾਂ ਲੋਕ ਨਫ਼ਰਤ ਕਰਨਗੇ, ਪਰ ਮਗਰੋਂ ਏਨਾ ਪਿਆਰ ਕਰਨਗੇ ਕਿ ਉਹ ਦੇਸ਼ ਦੀ ਕਿਸਮਤ ਅਤੇ ਸੇਧ ਬਦਲਣ ਵਿੱਚ ਪੂਰੀ ਤਰ੍ਹਾਂ ਜੁਟ ਜਾਵੇਗਾ। ਇਹ ਭਵਿੱਖਬਾਣੀ ਸਾਲ 1555 ਵਿੱਚ ਕੀਤੀ ਗਈ ਸੀ ਕਿ ਅਧੇੜ ਉਮਰ ਦਾ ਇੱਕ ਮਹਾਂਬਲੀ ਪ੍ਰਸ਼ਾਸ਼ਕ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਸੁਨਹਿਰੀ ਯੁੱਗ ਲਿਆਵੇਗਾ। ਉਹਦੀ ਛਤਰਛਾਇਆ ਹੇਠ ਭਾਰਤ ਸਿਰਫ਼ ਵਿਸ਼ਵ-ਗੁਰੂ ਹੀ ਨਹੀਂ ਬਣ ਜਾਵੇਗਾ ਸਗੋਂ ਅਨੇਕ ਦੇਸ਼ ਭਾਰਤ ਦੀ ਸ਼ਰਨ ਆ ਪੈਣਗੇ!” ਸ਼੍ਰੀ ਰਿਜੀਜੂ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਸੰਸਦੀ ਚੋਣਾਂ ਤਾਂ 2019, 2024 ਤੇ 2029 ਵਿੱਚ ਹੋਣੀਆਂ ਹਨ, ਇਹ ਮੋਦੀ ਜੀ ਦੇ ਕਾਰਜਕਾਲ ਦਾ ਜੋਤਸ਼ੀ ਨੋਸਤਰਦਾਮੁਸ ਨੇ 2026 ਵਿਚ ਅੱਧ-ਵਿਚਾਲੇ ਹੀ ਭੋਗ ਕਿਉਂ ਪਾ ਦਿੱਤਾ? ਇੱਕ ਸਵਾਲ ਇਹ ਵੀ ਹੈ ਕਿ ਸ਼੍ਰੀ ਰਿਜੀਜੂ ਨੇ ਮੋਦੀ ਜੀ ਨੂੰ ਲੋਕਾਂ ਦੀ ਨਫ਼ਰਤ ਦਾ ਪਾਤਰ ਕਹਿਣ ਵਾਸਤੇ ਕਿਤੇ ਬੁੱਢੇ ਨੋਸਤਰਦਾਮੁਸ ਨੂੰ ਓਟ ਵਜੋਂ ਤਾਂ ਨਹੀਂ ਵਰਤਿਆ!
ਇਹ ਤਾਂ ਦੇਸ ਦੇ ਰਾਜੇ ਦੀ ਗੱਲ ਹੋਈ, ਰੰਕਾਂ ਦਾ ਵਿਸ਼ਵਾਸ ਤਾਂ ਪੱਕਾ ਹੈ ਹੀ। ਸਾਡੇ ਵਰਗੇ ਵਿਰਲੇ-ਟਾਂਵੇਂ ਘਰਾਂ ਨੂੰ ਛੱਡ ਕੇ ਅਤੀਤ ਵਿੱਚ ਵੀ ਸੀ, ਹੁਣ ਵੀ ਹੈ ਅਤੇ ਬਣ ਰਹੇ ਮਾਹੌਲ ਸਦਕਾ ਭਵਿੱਖ ਵਿੱਚ ਹੋਰ ਵੀ ਪੁਖ਼ਤਾ ਹੋ ਜਾਵੇਗਾ। ਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨ। ਮੇਰੇ ਬਚਪਨ ਵਿੱਚ ਸਾਡੇ ਪਿੰਡ ਵਿੱਚ ਇੱਕ ਬ੍ਰਾਹਮਣ ਹੁੰਦਾ ਸੀ ਜਿਸ ਨੂੰ ਸਾਰਾ ਅਨਪੜ੍ਹ-ਅਗਿਆਨੀ ਪਿੰਡ ‘ਨਨਤੂ ਬਾਹਮਣ’ ਆਖਦਾ ਸੀ। ਜਦੋਂ ਵੱਡਾ ਹੋ ਕੇ ਥੋੜ੍ਹੀ ਜਿਹੀ ਅਕਲ ਆਈ, ਮੈਂ ਸਮਝ ਸਕਿਆ ਕਿ ਉਸ ਵਿਚਾਰੇ ਦਾ ਨਾਂ ‘ਪੰਡਿਤ ਅਨੰਤ ਰਾਮ’ ਸੀ। ਉਹ ਹਰ ਰੋਜ਼ ਇਸ਼ਨਾਨ ਤੇ ਪੂਜਾ ਤੋਂ ਵਿਹਲਾ ਹੋ ਮੋਢੇ ਉੱਤੇ ਹਰਦੁਆਰੀ ਪਰਨਾ ਰੱਖ ਕੇ ਤੇ ਹੱਥ ਵਿੱਚ ਕੁਰਾਲੀ ਵਾਲੇ ਪੰਡਿਤ ਦੀ ਪੱਤਰੀ ਲੈ ਕੇ ਲੋਕਾਂ ਨੂੰ ਉਹਨਾਂ ਉੱਤੇ ਪੈ ਰਹੇ ਸ਼ਗਨਾਂ-ਬਦਸ਼ਗਨਾਂ ਦੇ ਪਰਛਾਵੇਂ ਅਤੇ ਉਹਨਾਂ ਦੇ ਕਾਰਗਰ ਉਪਾਅ ਦੱਸਣ ਤੁਰ ਪੈਂਦਾ ਸੀ। ਪੱਤਰੇ ਫ਼ਰੋਲ ਕੇ ਉਹੋ ਇਹ ਦਸਦਾ ਸੀ ਕਿ ਨਾਨਕੀਂ ਕਿਸ ਦਿਨ ਜਾਣਾ ਠੀਕ ਰਹੇਗਾ ਤੇ ਛੱਤ ਬਰਾਬਰ ਉੱਚੀ ਹੋ ਗਈ ਕੁੜੀ ਵਾਸਤੇ ਵਰ ਕਦੋਂ ਤੇ ਕਿਵੇਂ ਮਿਲੇਗਾ। ਸਮਝੋ, ਸਾਰੇ ਪਿੰਡ ਨੂੰ ਬਚਾਉਣ ਦਾ ਜ਼ਿੰਮਾ ਉਸੇ ਦਾ ਸੀ।
ਇਹ ਹੈ ਉਹ ਪਿਛੋਕੜ ਜਿਸ ਨੇ ਅੱਜ ਮੈਨੂੰ ਆਪਣੇ ਦੇਸ਼ ਦੇ ਸ਼ਗਨ-ਬਦਸ਼ਗਨ ਵਿਚਾਰਨ ਵਾਸਤੇ ਪ੍ਰੇਰਿਆ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਔਰਤਾਂ ਦੀਆਂ ਬੇਪਤੀਆਂ, ਧਾਰਮਿਕ ਤੇ ਜ਼ਾਤਪਾਤੀ ਬਖੇੜਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਦਿਅਕ ਤੇ ਸਿਹਤ ਸੇਵਾਵਾਂ ਦੇ ਨਿਘਾਰ, ਆਦਿ ਵਿੱਚ ਲਗਾਤਾਰ ਵਾਧੇ ਜਿਹੀਆਂ ਅਨੇਕ ਸਮੱਸਿਆਵਾਂ ਤਾਂ ਸਾਧਾਰਨ ਗੱਲਾਂ ਬਣ ਕੇ ਰਹਿ ਗਈਆਂ ਹਨ ਜੋ ਹੁਣ ਚਰਚਾ ਦਾ ਵਿਸ਼ਾ ਵੀ ਨਹੀਂ ਬਣਦੀਆਂ। ਆਓ, ਅਸੀਂ ਵੀ ਸਿਰਫ਼ ਕੁਝ ਸੱਜਰੀਆਂ ਘਟਨਾਵਾਂ ਦੀ ਹੀ ਗੱਲ ਕਰੀਏ।
ਦੇਸ਼ ਦੇ ਤੇਰਾਂ ਰਾਜਾਂ ਵਿੱਚ ਅਜਿਹਾ ਸੋਕਾ ਪੈ ਗਿਆ ਜਿਹੋ ਜਿਹਾ ਪਹਿਲਾਂ ਕਦੀ ਨਹੀਂ ਸੀ ਪਿਆ। ਸਰਕਾਰ ਅਨੁਸਾਰ 33 ਫ਼ੀਸਦੀ ਵਸੋਂ ਸੋਕੇ ਦੀ ਮਾਰ ਹੇਠ ਆ ਗਈ ਪਰ ਗ਼ੈਰ-ਸਰਕਾਰੀ ਸਮਾਜ-ਸੇਵੀ ਸੰਸਥਾਵਾਂ ਇਹ ਅੰਕੜਾ 50 ਫ਼ੀਸਦੀ ਦਸਦੀਆਂ ਹਨ। ਟੋਭੇ, ਛੱਪੜ, ਤਲਾਅ ਤਾਂ ਸੁੱਕਣੇ ਹੀ ਸਨ, ਖੂਹ ਵੀ ਖਾਲੀ ਹੋ ਗਏ ਅਤੇ ਡੈਮਾਂ ਦਾ ਪਾਣੀ ਵੀ ਥੱਲੇ ਜਾ ਲਗਿਆ। ਲੋਕ ਪਾਣੀ ਦੀ ਭਾਲ ਵਿੱਚ ਘਰ-ਘਾਟ ਛੱਡ ਕੇ ਭਟਕਣ ਲੱਗੇ। ਇਹ ਨਹੀਂ ਕਿ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ। ਲਾਤੂਰ ਨਾਂ ਦੇ ਇੱਕ ਸ਼ਹਿਰ ਵਿਚ ਰੋਜ਼ ਪਾਣੀ ਦੀ ਭਰੀ ਰੇਲ-ਗੱਡੀ ਭੇਜੀ ਜਾਣ ਲੱਗੀ ਤਾਂ ਜੋ ਤੇਰਾਂ ਰਾਜਾਂ ਦੇ ਲੋਕ ਉਥੋਂ ਤੌੜੇ ਭਰ ਭਰ ਪਾਣੀ ਲਿਆ ਸਕਣ! ਇੰਦਰ ਦੇਵਤਾ ਦੇ ਕਰੋਧ ਤੋਂ ਜੇ ਕੋਈ ਕਸਰ ਰਹਿ ਗਈ ਸੀ, ਉਹ ਪੂਰੀ ਕਰਨ ਲਈ ਸੂਰਜ ਦੇਵਤਾ ਪੂਰੇ ਜਲੌਅ ਵਿੱਚ ਆ ਗਿਆ। ਤਾਪਮਾਨ ਘੁੱਗ ਵਸੋਂ ਵਾਲੇ ਇਲਾਕਿਆਂ ਵਿੱਚ 45 ਤੇ 50 ਦੇ ਵਿਚਕਾਰ ਤਾਂ ਜਾ ਹੀ ਟਿਕਿਆ, ਕੁਝ ਥਾਂ ਤਾਂ 50 ਦੀ ਹੱਦ ਵੀ ਪਾਰ ਕਰ ਗਿਆ। ਇੱਕ ਸੁਆਣੀ ਨੇ ਵਿਹੜੇ ਦੇ ਪੱਕੇ ਫ਼ਰਸ਼ ਉੱਤੇ ਆਮਲੇਟ ਬਣਾ ਕੇ ਦਿਖਾਇਆ ਅਤੇ ਦੋ ਬੰਦਿਆਂ ਨੇ ਰਾਜਸਥਾਨ ਦੇ ਟਿੱਬਿਆਂ ਦੇ ਕੱਕੇ ਰੇਤੇ ਉੱਤੇ ਪਾਪੜ ਭੁੰਨ ਕੇ ਦਿਖਾਏ। ਇੰਦਰ ਤੇ ਸੂਰਜ ਦਾ ਹੱਥ ਵਟਾਉਣ ਲਈ ਅਗਨ-ਦੇਵਤਾ ਵੀ ਨਿੱਤਰ ਪਿਆ। ਉੱਤਰਾਖੰਡ ਦੇ ਜੰਗਲਾਂ ਵਿੱਚ ਥਾਂ ਥਾਂ ਭਾਂਬੜ ਬਲਣ ਲੱਗੇ ਜੋ ਹਜ਼ਾਰਾਂ ਏਕੜਾਂ ਵਿੱਚ ਫ਼ੈਲ ਗਏ ਅਤੇ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਜੰਗਲਾਂ ਵਿੱਚ ਵੀ ਜਾ ਪੁੱਜੇ। ਸੋਕੇ, ਗਰਮੀ ਤੇ ਅੱਗਾਂ ਨਾਲ ”ਤ੍ਰਾਹੀਮਾਨ, ਤ੍ਰਾਹੀਮਾਨ” ਕਰ ਰਹੇ ਉੱਤਰੀ ਭਾਰਤ ਨੂੰ ਚਿੜਾਉਣ ਵਾਸਤੇ ਇੰਦਰ ਦੇਵਤਾ ਨੇ ਆਪਣੇ ਜਲ-ਭੰਡਾਰ ਦੇ ਮੂੰਹ ਦੱਖਣੀ ਅਤੇ ਪੂਰਬੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਅਜਿਹੇ ਖੋਲ੍ਹੇ ਕਿ ਲੱਕ ਲੱਕ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਪਹੁੰਚਿਆ। ਪਰਬਤਾਂ ਵਿੱਚ ਕਈ ਥਾਂ ਵਰ੍ਹ ਕੇ ਉਹਨੇ ਅੱਗ ਤਾਂ ਬੁਝਾ ਦਿੱਤੀ ਪਰ ਪਹਾੜੀਆਂ ਖਿਸਕ ਕੇ ਅਜਿਹਾ ਕਹਿਰ ਢਾਹੁਣ ਲਗੀਆਂ ਕਿ ਲੋਕ ਸੋਚਣ ਲੱਗੇ, ਇਸ ਨਾਲੋਂ ਤਾਂ ਅੱਗਾਂ ਹੀ ਚੰਗੀਆਂ ਸਨ!
ਅੱਗ ਨੇ ਆਪਣਾ ਬਲ ਦੇਸ਼ ਦੀ ਰਾਜਧਾਨੀ ਵਿੱਚ ਵੀ ਆ ਦਿਖਾਇਆ। ਇੱਕ ਰਾਤ ਨੂੰ ਦਿੱਲੀ ਦਾ ‘ਕੁਦਰਤੀ ਇਤਿਹਾਸ ਦਾ ਕੌਮੀ ਸੰਗ੍ਰਹਿ-ਭਵਨ’ (ਨੈਸ਼ਨਲ ਮਿਊਜ਼ੀਅਮ ਔਫ਼ ਨੇਚੁਰਲ ਹਿਸਟਰੀ) ਪੂਰੇ ਦਾ ਪੂਰਾ ਸੜ ਕੇ ਸੁਆਹ ਹੋ ਗਿਆ। ਇਹ ਇੰਦਰਾ ਗਾਂਧੀ ਨੇ ਆਜ਼ਾਦੀ ਦੀ 25ਵੀਂ ਵਰ੍ਹੇਗੰਢ ਸਮੇਂ 1972 ਵਿੱਚ ਬੜੀ ਸੋਚ-ਵਿਚਾਰ ਮਗਰੋਂ ਵਿਉਂਤਿਆ ਤੇ ਬਣਾਇਆ ਸੀ। ਸੋਲ਼ਾਂ ਕਰੋੜ ਸਾਲ ਪੁਰਾਣੇ ਜੀਵ-ਪਥਰਾਟ ਤੋਂ ਲੈ ਕੇ ਬਨਸਪਤੀ, ਜੀਵਾਂ ਤੇ ਖਣਿਜਾਂ ਦੇ ਅਮੋਲ ਨਮੂਨਿਆਂ ਜਿਹੀਆਂ ਦੁਰਲੱਭ ਵਸਤਾਂ ਅਤੇ ਲਾਸਾਨੀ ਜਾਣਕਾਰੀ ਨਾਲ ਭਰਪੂਰ ਸੱਠ ਹਜ਼ਾਰ ਪੁਸਤਕਾਂ ਅਤੇ ਖੋਜ-ਲਿਖਤਾਂ ਅਗਨ-ਭੇਂਟ ਹੋ ਗਈਆਂ। ਇਹ ਪੁਸਤਕਾਂ ਹੱਥ-ਲਿਖਤ ਜਾਂ ਕਿਸੇ ਸਮੇਂ ਬਹੁਤ ਸੀਮਤ ਗਿਣਤੀ ਵਿੱਚ ਆਖ਼ਰੀ ਵਾਰ ਛਪੀਆਂ ਹੋਣ ਕਰ ਕੇ ਸਿਰਫ਼ ਇਥੇ ਹੀ ਸਨ ਅਤੇ ਇਹਨਾਂ ਦਾ ਕੋਈ ਉਤਾਰਾ ਵੀ ਦੁਨੀਆ ਵਿੱਚ ਕਿਤੇ ਨਹੀਂ। ਇਸ ਗਿਆਨ-ਖੇਤਰ ਦੇ ਮਾਹਿਰਾਂ ਨੇ ਹੱਥ ਮਲ਼ਦਿਆਂ ਕਿਹਾ, ”ਇਹ ਦੁਨੀਆ ਦੀਆਂ ਇਸ ਭਾਂਤ ਦੀਆਂ ਸਭ ਤੋਂ ਵਧੀਆ ਲਾਇਬਰੇਰੀਆਂ ਵਿੱਚੋਂ ਇੱਕ ਸੀ ਜਿਸ ਵਿੱਚ ਮੁੱਖ ਵਿਸ਼ੇ ਤੋਂ ਇਲਾਵਾ ਸਜਾਵਟੀ ਕਲਾਵਾਂ, ਇਤਿਹਾਸ, ਸਾਹਿਤ, ਮਿਊਜ਼ੀਅਮੀ ਅਧਿਐਨ, ਚਿਤਰਕਲਾ, ਦਰਸ਼ਨ ਤੇ ਧਰਮ ਨਾਲ ਸੰਬੰਧਿਤ ਦੁਰਲੱਭ ਪੁਸਤਕਾਂ ਵੀ ਸਨ। ਇਹ ਮਿਊਜ਼ੀਅਮ ਕਿਸੇ ਵੀ ਕੀਮਤ ਤੇ ਯਤਨ ਨਾਲ ਦੁਬਾਰਾ ਬਣਾਇਆ ਹੀ ਨਹੀਂ ਜਾ ਸਕਦਾ!” ਮੈਂ ਇੱਕ ਇਤਿਹਾਸਕਾਰ ਮਿੱਤਰ ਨਾਲ ਦੁੱਖ ਸਾਂਝਾ ਕੀਤਾ ਤਾਂ ਉਹ ਮਿਊਜ਼ੀਅਮ ਦੇ ਵੈਣ ਪਾਉਣ ਮਗਰੋਂ ਬੋਲਿਆ, ”ਅਸਲ ਵਿੱਚ ਕੁਦਰਤ ਨੇ ਇਸ ਬਦਸ਼ਗਨੀ ਨਾਲ ਇਹ ਇਸ਼ਾਰਾ ਕੀਤਾ ਹੈ ਕਿ ਹੁਣ ਅਜਿਹੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਰਹਿ ਗਈ। ਵਿਦਿਆ ਮੰਤਰਾਲੇ ਦੇ ਸਲਾਹਕਾਰਾਂ ਅਨੁਸਾਰ ਅਜਿਹੀਆਂ ਚੀਜ਼ਾਂ ਵਿੱਚੋਂ ਇਤਿਹਾਸ ਲੱਭਣਾ ਪੱਛਮੀ, ਭਾਵ ਗ਼ਲਤ ਤਰੀਕਾ ਹੈ ਜਦੋਂ ਕਿ ਸਹੀ ਇਤਿਹਾਸ ਸਾਡੇ ਵੇਦਾਂ-ਸ਼ਾਸ਼ਤਰਾਂ, ਪੁਰਾਤਨ ਗ੍ਰੰਥਾਂ, ਰਿਸ਼ੀ-ਕਥਾਵਾਂ ਤੇ ਮਿਥਿਹਾਸ ਵਿੱਚ ਪਿਆ ਹੈ। ਇਸ ਕਰ ਕੇ ਨਵੇਂ ਵਿਦਿਅਕ ਮਾਹੌਲ ਵੱਲ ਦੇਖਦਿਆਂ ਇਹ ਸੁਆਹ ਹੋਈਆਂ ਚੀਜ਼ਾਂ ਹੁਣ ਵਾਧੂ, ਫ਼ਜ਼ੂਲ ਤੇ ਬੇਲੋੜੀਆਂ ਹੀ ਸਨ ਜਿਨ੍ਹਾਂ ਨਾਲ ਰਾਜਧਾਨੀ ਦੀ ਕੀਮਤੀ ਜ਼ਮੀਨ ਕਾਠ ਮਾਰ ਛੱਡਣ ਦੀ ਕੋਈ ਤੁਕ ਨਹੀਂ ਸੀ।”
ਇਸ ਸਭ ਕੁਝ ਦੇ ਵਿਚਕਾਰ ਇੱਕ ਭਾਣਾ ਅਜਿਹਾ ਵਰਤਿਆ ਜਿਸ ਨੇ ਸ਼ਗਨ-ਬਦਸ਼ਗਨ ਵਿਚਾਰਨ ਵਾਲੇ ਸਭਨਾਂ ਨੂੰ ਸੁੰਨ ਕਰ ਦਿੱਤਾ। 23 ਜਨਵਰੀ ਨੂੰ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਰਾਂਚੀ ਦੀ ਇੱਕ ਉੱਚੀ ਪਹਾੜੀ ਦੇ ਸਿਖਰ ‘ਤੇ ਦੇਸ਼ ਦਾ ਸਭ ਤੋਂ ਉੱਚਾ ਤੇ ਵੱਡਾ ਤਿਰੰਗਾ ਚੜ੍ਹਾਇਆ ਸੀ। ਫ਼ੌਲਾਦੀ ਤਾਰਾਂ ਦੇ ਰੱਸੇ ਦੇ ਸਹਾਰੇ ਚੜ੍ਹਦਾ-ਉਤਰਦਾ ਅਤੇ 293 ਫ਼ੁੱਟ ਉੱਚਾ ਝੁਲਦਾ ਇਹ ਪਵਿੱਤਰ ਝੰਡਾ 60 ਕਿਲੋਗਰਾਮ ਭਾਰਾ, 99 ਫ਼ੁੱਟ ਲੰਮਾ ਤੇ 66 ਫ਼ੁੱਟ ਚੌੜਾ ਹੈ ਅਤੇ ਵਿਸ਼ੇਸ਼ ਕੱਪੜੇ ਕਾਰਨ 85,000 ਰੁਪਏ ਵਿੱਚ ਬਣਦਾ ਹੈ। ਦੁਨੀਆ ਭਰ ਵਿੱਚ ਉੱਚੀਆਂ ਥਾਂਵਾਂ ਉੱਤੇ ਝੁਲਦੇ ਝੰਡੇ ਅਕਸਰ ਤੇਜ਼ ਹਵਾਵਾਂ ਨਾਲ ਪਾਟ ਜਾਂਦੇ ਹਨ ਤੇ ਬਦਲਣੇ ਪੈਂਦੇ ਹਨ। 17 ਅਪਰੈਲ ਨੂੰ ਜਦੋਂ ਪਾਟਿਆ ਹੋਇਆ ਝੰਡਾ ਬਦਲਿਆ ਜਾਣ ਲਗਿਆ, ਉਹਦਾ ਰੱਸਾ ਭੌਣੀ ਤੋਂ ਤਿਲ੍ਹਕ ਕੇ ਪਾਸੇ ਫ਼ਸ ਜਾਣ ਕਾਰਨ ਉਹ ਆਪੇ ਹੀ 260 ਫ਼ੁੱਟ ਦੀ ਮਾਤਮੀ ਹਾਲਤ ਵਿੱਚ ਅਟਕ ਗਿਆ ਅਤੇ ਹੇਠ ਜਾਂ ਉੱਤੇ ਹੋਣ ਤੋਂ ਇਨਕਾਰੀ ਹੋ ਗਿਆ। ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੀਤੇ ਸਭ ਯਤਨ ਅਸਫ਼ਲ ਰਹੇ। ਰੱਸੀ ਮੋਟਰ ਨਾਲ ਖਿੱਚੀ ਤਾਂ ਮੋਟਰ ਦਾ ਗੇਅਰ ਬੌਕਸ ਟੁੱਟ ਗਿਆ। ਟਰੈਕਟਰ ਜੋੜਿਆ ਤਾਂ ਮਾਹਿਰਾਂ ਨੇ ਕਿਹਾ ਕਿ ਜੇ ਬਹੁਤਾ ਜ਼ੋਰ ਲਾਇਆ ਤਾਂ ਰੱਸਾ ਟੁੱਟ ਕੇ ਝੰਡਾ ਇਉਂ ਟੇਢਾ ਹੋ ਸਕਦਾ ਹੈ ਕਿ ਮੁਸ਼ਕਿਲ ਹੋਰ ਵੀ ਵਧ ਜਾਵੇਗੀ। ਤਾਰ ਕੱਟਣ ਨਾਲ ਵੀ ਇਹੋ ਸਮੱਸਿਆ ਪੈਦਾ ਹੋਣ ਦਾ ਡਰ ਸੀ। ਅੰਤ ਨੂੰ ਆਖ਼ਰੀ ਸਹਾਰਾ ਫ਼ੌਜ ਬੁਲਾਈ ਗਈ। ਫ਼ੌਜੀ ਇੰਜੀਨੀਅਰਾਂ ਨੇ ਉਪਰੋਕਤ ਸਾਰੇ ਡਰ ਠੀਕ ਦਸਦਿਆਂ ਝੰਡੇ ਦੇ ਬਰਾਬਰ ਨਾਲੀਆਂ ਦੀ ਪੈੜ ਦਾ ਜੁਗਾੜ ਕੀਤਾ। ਆਖ਼ਰ ਐਨ ਦਸਵੇਂ ਦਿਨ, ਜੋ ਰਵਾਇਤੀ ਤੌਰ ਉੱਤੇ ਸਾਡੇ ਸਮਾਜ ਵਿੱਚ ਸੋਗ ਦੇ ਉਠਾਲ਼ੇ ਦਾ ਦਿਨ ਹੁੰਦਾ ਹੈ, ਝੰਡੇ ਨੇ ਸਹੀ ਟਿਕਾਣੇ ਜਾਣ ਦੀ ਹਾਮੀ ਭਰੀ!
ਜਦੋਂ ਜਗਿਆਸਾ ਜਾਗਣ ਦੀ ਉਮਰ ਆਈ, ਇੱਕ ਦਿਨ ਮੈਂ ਪੁੱਛਿਆ, ”ਚਾਚਾ ਨਨਤੂ, ਇਹ ਜੋ ਤੂੰ ਸ਼ਗਨ-ਬਦਸ਼ਗਨ ਵਿਚਾਰਦਾ ਰਹਿੰਦਾ ਹੈਂ, ਇਹਨਾਂ ਦਾ ਗੁਣ-ਦੋਸ਼, ਲਾਭ-ਹਾਨ ਕਿਸ ਨੂੰ ਜਾਂਦਾ ਹੈ?” ਉਹ ਇਕਦਮ ਬੋਲਿਆ, ”ਪਰਿਵਾਰ ਦੇ ਸ਼ਗਨਾਂ-ਬਦਸ਼ਗਨਾਂ ਦਾ ਗੁਣ-ਦੋਸ਼ ਤੇ ਲਾਭ-ਹਾਨ ਪਰਿਵਾਰ ਦੇ ਮੋਹਰੀ ਨੂੰ, ਪਿੰਡ ਦਾ ਪਿੰਡ ਦੇ ਮੁਖੀਏ ਨੂੰ ਤੇ ਦੇਸ਼ ਦਾ ਦੇਸ਼ ਦੇ ਰਾਜੇ ਨੂੰ!”
ਚਾਚੇ ਨਨਤੂ ਦਾ ਇਹ ਪ੍ਰਵਚਨ ਚੇਤੇ ਕਰ ਕੇ ਮੇਰੇ ਮੂੰਹੋਂ ਸੁੱਤੇਸਿਧ ਨਿਕਲਿਆ, ”ਸ਼੍ਰੀ ਰਾਮ ਜੀ ਭਲੀ ਕਰਨ!”
(0091-142502364; [email protected])

LEAVE A REPLY