ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ ਸਬੂਤਾਂ ਉੱਤੇ ਉਸਰਦਾ ਹੈ। ਉਹਦੇ ਮੂਲ ਸੋਮੇ ਪੁਰਾਤਨ ਥੇਹ, ਉਹਨਾਂ ਵਿੱਚੋਂ ਮਿਲੀਆਂ ਵਸਤਾਂ, ਸਰਕਾਰੀ ਰਿਕਾਰਡ, ਨਿੱਜੀ ਡਾਇਰੀਆਂ, ਸਫ਼:ਰਨਾਮੇ, ਜੀਵਨੀਆਂ, ਚਿਤਰ, ਆਦਿ, ਹੁੰਦੇ ਹਨ। ਕਿਸੇ ਸਬੂਤ ਤੋਂ ਵਿਰਵੀਆਂ ਗੱਲਾਂ ਇਤਿਹਾਸ ਦਾ ਅੰਗ ਨਹੀਂ ਮੰਨੀਆਂ ਜਾਂਦੀਆਂ। ਮਿਥਿਹਾਸ ਡੂੰਘੇ ਅਤੀਤ ਦੀ ਰਚਨਾ ਹੈ ਜਿਸ ਦੀ ਬੁਨਿਆਦ ਕਲਪਨਾ ਹੈ। ਇਹ ਕਲਪਨਾ ਉਸ ਸਮੇਂ ਦੇ ਸਮਾਜ ਦੀਆਂ ਅਜਿਹੀਆਂ ਇਛਾਵਾਂ ਤੇ ਰੀਝਾਂ ਦਾ ਜਵਾਬ ਸੀ ਜਿਨ੍ਹਾਂ ਦੀ ਪਰਾਪਤੀ ਅਸਲ ਜੀਵਨ ਵਿੱਚ ਅਸੰਭਵ ਸੀ। ਜਾਂ ਫ਼ੇਰ ਪੁਰਾਤਨ ਮਨੁੱਖ ਜਿਨ੍ਹਾਂ ਚੀਜ਼ਾਂ ਜਾਂ ਘਟਨਾਵਾਂ ਦੇ ਨਿਕਾਸ-ਵਿਕਾਸ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਸੀ, ਉਹਨਾਂ ਦੀ ਵਿਆਖਿਆ ਕਲਪਿਤ ਕਥਾਵਾਂ ਰਾਹੀਂ ਕਰਨ ਦਾ ਜਤਨ ਕਰਦਾ ਸੀ ਜਿਨ੍ਹਾਂ ਨੂੰ ਮਿੱਥਾਂ ਕਿਹਾ ਜਾਣ ਲਗਿਆ। ਮਿਥਿਹਾਸ ਵਿੱਚ ਅਜਿਹੀਆਂ ਸਾਖੀਆਂ ਦੀ ਕੋਈ ਘਾਟ ਨਹੀਂ ਜਦੋਂ ਦੈਵੀ ਸ਼ਕਤੀ ਦਾ ਵਰੋਸਾਇਆ ਕੋਈ ਮਨੁੱਖ ਪਰਬਤ ਨੂੰ ਮੂਧਾ ਕਰ ਦਿੰਦਾ ਹੈ ਜਾਂ ਪਾਣੀ ਪੀ ਕੇ ਸਮੁੰਦਰ ਖ਼ਾਲੀ ਕਰ ਦਿੰਦਾ ਹੈ। ਅਸਲ ਜ਼ਿੰਦਗੀ ਵਿੱਚ ਅਜਿਹਾ ਕੁਝ ਕਦੀ ਨਹੀਂ ਵਾਪਰਦਾ। ਇਤਿਹਾਸ ਅਤੇ ਮਿਥਿਹਾਸ ਵਿਚਕਾਰ ਏਨੇ ਵੱਡੇ ਫ਼ਰਕ ਦੇ ਹੁੰਦਿਆਂ ਕਿਸੇ ਸਾਧਾਰਨ ਸਮਝ ਦੇ ਮਾਲਕ ਵਿਅਕਤੀ ਲਈ ਵੀ ਉਹਨਾਂ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਦੇਖਣਾ ਕੋਈ ਮੁਸ਼ਕਿਲ ਕੰਮ ਨਹੀਂ।
ਵਰਤਮਾਨ ਸੱਤਾ ਦੀ ਲੀਲ੍ਹਾ ਨਿਆਰੀ ਹੈ। ਉਹ ਸਮੁੱਚੇ ਗਿਆਨ-ਵਿਗਿਆਨ, ਜਿਸ ਵਿੱਚ ਭਾਸ਼ਾ, ਸਾਹਿਤ, ਕਲਾ, ਸਭਿਆਚਾਰ, ਆਦਿ, ਵੀ ਆ ਜਾਂਦੇ ਹਨ, ਨੂੰ ਕਲਾਵੇ ਵਿੱਚ ਲੈਣ ਵਾਲੇ ਇਤਿਹਾਸ ਦੀ ਅਸਲਵਾਦੀ ਰੀਤ ਦੀ ਥਾਂ ਮਿਥਿਹਾਸ ਦੀ ਕਲਪਨਾਵਾਦੀ ਪਿਰਤ ਦੀ ਵਿਸ਼ਵਾਸੀ ਹੈ। ਉਹਦਾ ਮੱਤ ਹੈ ਕਿ ਸਭ ਗਿਆਨ-ਵਿਗਿਆਨ ਸਮੇਤ ਇਤਿਹਾਸ ਦਾ ਸੋਮਾ ਮਿਥਿਹਾਸ ਹੈ, ਭਾਵ ਇਤਿਹਾਸ ਦੇ ਤੱਥ ਮਿਥਿਹਾਸ ਦੀ ਕਲਪਨਾ ਵਿੱਚੋਂ ਲਭਦੇ ਹਨ। ਸੱਤਾ-ਪੱਖੀ ‘ਵਿਦਵਾਨਾਂ’ ਦਾ ਕਹਿਣਾ ਹੈ ਕਿ ਥੇਹਾਂ, ਲਿਖਤਾਂ, ਚਿਤਰਾਂ, ਆਦਿ, ਵਿੱਚੋਂ ਇਤਿਹਾਸ ਲੱਭਣਾ ਪੱਛਮੀ ਤਰੀਕਾ ਹੈ ਜਿਸ ਨੂੰ ਅਪਣਾਉਣਾ ਭਾਰਤੀ ਸੰਸਕ੍ਰਿਤੀ ਤੇ ਗਿਆਨ-ਪ੍ਰੰਪਰਾ ਨਾਲ ਮੇਲ ਨਹੀਂ ਖਾਂਦਾ। ਉਹਨਾਂ ਅਨੁਸਾਰ ਭਾਰਤੀ ਇਤਿਹਾਸ ਦੇ ਸੋਮੇ ਵੇਦ-ਸ਼ਾਸਤਰ ਤੇ ਪੁਰਾਤਨ ਗ੍ਰੰਥ ਹਨ। ਜੇ ਇਹ ਮੱਤ ਪਹਿਲਾਂ ਵਾਂਗ ਧਰਮ-ਸਥਾਨਾਂ ਤੇ ਗੁਰੂਕੁਲਾਂ ਤਕ ਸੀਮਤ ਰਹਿੰਦਾ, ਵਿਗਿਆਨਕ ਇਤਿਹਾਸਕਾਰੀ ਵਾਸਤੇ ਕੋਈ ਸਮੱਸਿਆ ਨਹੀਂ ਸੀ। ਪਰ ਹੁਣ ਇਹ ਮੱਤ ਸਰਕਾਰੀ ਵਿਦਿਅਕ ਨੀਤੀ ਬਣ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਸਕੂਲੀ-ਕਾਲਜੀ ਵਿਦਿਆ ਨੂੰ ਇਸੇ ਸੈਂਚੇ ਵਿੱਚ ਢਾਲਣਾ ਆਪਣਾ ਐਲਾਨੀਆ ਉਦੇਸ਼ ਬਣਾਇਆ ਹੋਇਆ ਹੈ ਅਤੇ ਭਾਜਪਾ ਦੇ ਰਾਜ ਵਾਲੇ ਸੂਬੇ ਇਹ ਤਬਦੀਲੀ ਦ੍ਰਿੜਤਾ ਨਾਲ ਲਿਆ ਰਹੇ ਹਨ। ਕੇਂਦਰੀ ਵਿਸ਼ਵਾਸ ਇਹ ਹੈ ਕਿ ”ਆਧੁਨਿਕ ਵਿਗਿਆਨ ਤੇ ਤਕਨਾਲੋਜੀ ਦੀਆਂ ਕਮਾਲ ਦੀਆਂ ਪਰਾਪਤੀਆਂ ਪ੍ਰਾਚੀਨ ਭਾਰਤ ਦੀਆਂ ਕਾਢਾਂ ਹਨ।”
ਇਸ ਵਿਦਿਅਕ ਨੀਤੀ ਦੀ ਇੱਕ ਉਜਾਗਰ ਮਿਸਾਲ 125 ਪੰਨੇ ਦੀ ਪੁਸਤਕ ‘ਤੇਜਮਈ ਭਾਰਤ’ ਹੈ। ਇਹ ‘ਗੁਜਰਾਤ ਰਾਜ ਸਕੂਲ ਟੈਕਸਟਬੁੱਕ ਬੋਰਡ’ ਨੇ ਕੁਝ ਸਾਲ ਪਹਿਲਾਂ ਉਸ ਸਮੇਂ ਛਾਪੀ ਸੀ ਜਦੋਂ ਮੋਦੀ ਜੀ ਅਜੇ ਗੁਜਰਾਤ ਦੇ ਮੁੱਖ ਮੰਤਰੀ ਸਨ। ਗੁਜਰਾਤ ਦੇ ਸਿੱਖਿਆ ਮੰਤਰੀ ਦੇ ਹੁਕਮ ਨਾਲ ਇਹ ਪੁਸਤਕ ਸੂਬੇ ਦੇ ਸਾਰੇ 42,000 ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਵਿੱਚ ਲਾਜ਼ਮੀ ਸਪਲੀਮੈਂਟਰੀ ਰੀਡਰ ਬਣੀ ਹੋਈ ਹੈ। ਵਿਸ਼ੇ-ਵਸਤੂ ਦੇ ਪੱਖੋਂ ਇਸ ਪੁਸਤਕ ਨਾਲ ਮੇਲ ਖਾਂਦੀਆਂ ਅੱਠ ਹੋਰ ਪੁਸਤਕਾਂ ਵੀ ਗੁਜਰਾਤ ਦੇ ਸਕੂਲਾਂ ਵਿੱਚ ਸਪਲੀਮੈਂਟ ਰੀਡਰਾਂ ਵਜੋਂ ਲਾਈਆਂ ਗਈਆਂ ਹਨ। ਉਹ ਸਾਰੀਆ ਦੀਨਾ ਨਾਥ ਬੱਤਰਾ ਨਾਂ ਦੇ ਕਥਿਤ ਸਿੱਖਿਆ-ਸ਼ਾਸਤਰੀ ਦੀਆਂ ਲਿਖੀਆਂ ਹੋਈਆਂ ਹਨ। ਹਰ ਪੁਸਤਕ ਦੇ ਅੱਗੇ ਤਦਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਦਾ ਪ੍ਰਸ਼ੰਸਾਮਈ ਸੰਦੇਸ਼ ਹੈ। ਬੱਤਰਾ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਬਣਾਈ ਗਈ ਆਰ.ਐੱਸ.ਐੱਸ. ਦੀ ਸੰਸਥਾ ‘ਵਿਦਿਆ ਭਾਰਤੀ’ ਦਾ ਸਰਗਰਮ ਸਵੈਮਸੇਵਕ ਹੈ ਅਤੇ ਹੁਣ ਭਾਜਪਾ ਸਰਕਾਰ ਦੀ ਵਿਦਿਅਕ ਨੀਤੀ ਦਾ ਮੁੱਖ ਸੇਧਕਾਰ ਹੈ। ਇਹ ਉਹੋ ਮਹਾਂਪੁਰਸ਼ ਹੈ ਜਿਸ ਦੇ ਮੁਕੱਦਮੇ ਤੋਂ ਯਰਕ ਕੇ ਪ੍ਰਕਾਸ਼ਕ ‘ਪੈਂਗੂਅਨ ਇੰਡੀਆ’ ਨੇ ਮੰਨੀ-ਪ੍ਰਮੰਨੀ ਅਮਰੀਕੀ ਵਿਦਵਾਨ ਤੇ ਇਤਿਹਾਸਕਾਰ ਵੈਂਡੀ ਡੌਨੀਗਰ ਦੀ ਛਪ ਕੇ ਤਿਆਰ ਹੋ ਚੁੱਕੀ ਪੁਸਤਕ ‘ਦਾ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀ’ ਨਸ਼ਟ ਕਰ ਦਿੱਤੀ ਸੀ।
ਇਹਨਾਂ ਪੁਸਤਕਾਂ ਦਾ ਦੱਸਿਆ ਗਿਆ ਉਦੇਸ਼ ਮਿਥਿਹਾਸ ਵਿੱਚੋਂ ਇਤਿਹਾਸ ਉਸਾਰਨ ਦੀ ਪੁੱਠੀ ਧਾਰਣਾ ਨੂੰ ਸਪੱਸ਼ਟ ਕਰ ਦਿੰਦਾ ਹੈ। ਲੇਖਕ ਤੇ ਪ੍ਰਕਾਸ਼ਕ ਅਨੁਸਾਰ ਇਹਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ”ਇਤਿਹਾਸ, ਵਿਗਿਆਨ, ਭੂਗੋਲ, ਧਰਮ ਅਤੇ ਗਿਆਨ ਦੇ ਹੋਰ ਮੂਲ ਖੇਤਰਾਂ ਬਾਰੇ ਅਸਲ ਤੱਥਾਂ ਤੋਂ ਜਾਣੂ ਕਰਵਾਉਣਾ” ਹੈ। ਭਾਵ ਇਹਨਾਂ ਪੁਸਤਕਾਂ ਵਿੱਚ ਲਿਖੀਆਂ ਗਈਆਂ ਮਿਥਿਹਾਸਕ ਕਲਪਿਤ ਗੱਲਾਂ ‘ਅਸਲ ਤੱਥ’ ਹਨ। ਜਿਹੜੀ ਮਿਥਿਹਾਸਕ ਗੱਲ ਅਜੋਕੇ ਵਿਗਿਆਨਕ ਤੇ ਤਰਕਮੁਖੀ ਯੁੱਗ ਦੇ ਕਿਸੇ ਗਿਆਨ-ਖੇਤਰ ਨਾਲ ਜੋੜੀ ਜਾ ਸਕਦੀ ਹੈ, ਉਹ ਉਸ ਦੇ ਪ੍ਰਮਾਣਿਕ ਤੇ ਵਿਗਿਆਨਕ ਇਤਿਹਾਸ ਵਜੋਂ ਪੇਸ਼ ਕੀਤੀ ਗਈ ਹੈ। ਮਿਸਾਲ ਵਜੋਂ, ਇਹਨਾਂ ਪੁਸਤਕਾਂ ਦੇ ਭੂਗੋਲ ਅਨੁਸਾਰ ਪਾਕਿਸਤਾਨ ਤੇ ਬੰਗਲਾਦੇਸ਼ ਤਾਂ ਹੋਣੇ ਹੀ ਸਨ, ਅਫ਼ਗਾਨਿਸਤਾਨ, ਤਿੱਬਤ, ਨੇਪਾਲ, ਭੂਟਾਨ, ਸ਼੍ਰੀਲੰਕਾ ਤੇ ਮਿਆਂਮਾਰ ਕਿਸੇ ਸਮੇਂ ‘ਅਖੰਡ ਭਾਰਤ’ ਦੇ ਹਿੱਸੇ ਰਹੇ ਹਨ ਜਿਸ ਕਰ ਕੇ ਉਹ ਹੁਣ ਵੀ ਭਾਰਤ ਦੇ ਅੰਗ ਹੋਣੇ ਚਾਹੀਦੇ ਹਨ। ਇਸ ਗਹਿਰੇ ਗਿਆਨ-ਸਾਗਰ ਵਿੱਚੋਂ ਨਿਕਲੇ ਦੋ-ਚਾਰ ਹੋਰ ਮੋਤੀਆਂ ਦੇ ਦਰਸ਼ਨ ਕਰਨੇ ਵੀ ਠੀਕ ਰਹਿਣਗੇ।
‘ਤੇਜਮਈ ਭਾਰਤ’ ਦੇ ਪੰਨਾ 60 ਉੱਤੇ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤ ਦੇ ਤਕਨਾਲੋਜੀਕਲ ਵਿਕਾਸ ਬਾਰੇ ਇਉਂ ਦੱਸਿਆ ਗਿਆ ਹੈ, ”ਜਿਸ ਨੂੰ ਅਸੀਂ ਅੱਜ ਮੋਟਰਕਾਰ ਕਹਿੰਦੇ ਹਾਂ, ਉਹ ਵੇਦ-ਕਾਲ ਵਿੱਚ ਮੌਜੂਦ ਸੀ। ਇਹਨੂੰ ਅਨ-ਅਸ਼ਵ ਰਥ ਕਿਹਾ ਜਾਂਦਾ ਸੀ। ਆਮ ਕਰ ਕੇ ਰਥ ਨੂੰ ਅਸ਼ਵ ਅਰਥਾਤ ਘੋੜੇ ਖਿਚਦੇ ਹਨ ਪਰ ਅਨ-ਅਸ਼ਵ ਰਥ ਦਾ ਮਤਲਬ ਉਹ ਰਥ ਹੈ ਜੋ ਘੋੜਿਆਂ ਤੋਂ ਬਿਨਾਂ ਚੱਲੇ, ਭਾਵ ਮਸ਼ੀਨੀ ਰਥ। ਇਉਂ ਅੱਜ ਜੋ ਮੋਟਰਕਾਰ ਹੈ, ਇਹਦਾ ਵੇਰਵਾ ਰਿਗਵੇਦ ਵਿੱਚ ਮੌਜੂਦ ਹੈ।” ਪੁਸਤਕ ਦੇ ਵਿਦਵਾਨ ਰਚਨਾਕਾਰ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਅਨ-ਅਸ਼ਵ ਦਾ ਮਤਲਬ ਕਿਸ ਕੋਸ਼-ਵਿਧੀ ਨਾਲ ਮਸ਼ੀਨੀ ਹੋਇਆ। ਇਸ ਦਾ ਮਤਲਬ ਉਹ ਰਥ ਕਿਉਂ ਨਹੀਂ ਹੋਵੇਗਾ ਜਿਸ ਨੂੰ ਘੋੜੇ ਦੀ ਥਾਂ ਕੋਈ ਹੋਰ ਪਸ਼ੂ ਜਿਵੇਂ ਝੋਟਾ ਜਾਂ ਬਲ੍ਹਦ ਖਿੱਚ ਰਿਹਾ ਹੋਵੇ?
ਪੰਨਾ 64 ਤੋਂ ਪੁਰਾਤਨ ਭਾਰਤ ਦੇ ਤਕਨਾਲੋਜੀਕਲ ਵਿਕਾਸ ਦੀ ਇੱਕ ਹੋਰ ਤਸਵੀਰ ਦੇਖੋ, ”ਸਾਨੂੰ ਦੱਸਿਆ ਜਾਂਦਾ ਹੈ ਕਿ ਟੈਲੀਵਿਯਨ ਦੀ ਕਾਢ 1926 ਵਿੱਚ ਸਕੌਟਲੈਂਡ ਦੇ ਇੱਕ ਪਾਦਰੀ ਜਾਨ ਲੌਗੀ ਬੇਅਰਡ ਨੇ ਕੱਢੀ ਸੀ। ਪਰ ਅਸੀਂ ਤੁਹਾਨੂੰ ਬਹੁਤ ਪੁਰਾਤਨ ਦੂਰਦਰਸ਼ਨ ਦੀ ਵਾਰਤਾ ਦਸਦੇ ਹਾਂ। ਭਾਰਤੀ ਰਿਸ਼ੀ ਆਪਣੀ ਯੋਗ ਵਿਦਿਆ ਨਾਲ ਦਿਵਯ-ਦ੍ਰਿਸ਼ਟੀ ਪਰਾਪਤ ਕਰ ਲੈਂਦੇ ਸਨ। ਕੋਈ ਸ਼ੱਕ ਨਹੀਂ ਕਿ ਟੈਲੀਵਿਯਨ ਦੀ ਕਾਢ ਦਾ ਮੁੱਢ ਉਥੋਂ ਹੀ ਬੱਝਿਆ। ਹਸਤਨਾਪੁਰ ਦੇ ਇੱਕ ਮਹਿਲ ਵਿੱਚ ਬੈਠਾ ਸੰਜਯ ਆਪਣੀ ਦਿਵਯ-ਸ਼ਕਤੀ ਵਰਤ ਕੇ ਨੇਤਰਹੀਣ ਧ੍ਰਿਤਰਾਸ਼ਟਰ ਨੂੰ ਮਹਾਂਭਾਰਤ ਦੀ ਲੜਾਈ ਦਾ ਲਾਈਵ ਟੈਲੀਕਾਸਟ ਦਸਦਾ ਰਿਹਾ ਸੀ।”
ਪੰਨਾ 92-93 ਉੱਤੇ ਅਮਰੀਕਾ ਦੇ ਸਟੈੱਮ ਸੈੱਲ ਦਾ ਕਾਢਕਾਰ ਹੋਣ ਦੇ ਦਾਅਵੇ ਦਾ ਖੰਡਣ ਇਸ ਕਥਾ ਨਾਲ ਕੀਤਾ ਗਿਆ ਹੈ, ”ਕੁੰਤੀ ਦੇ ਸੂਰਜ ਵਰਗਾ ਤੇਜੱਸਵੀ ਪੁੱਤਰ ਪੈਦਾ ਹੋਇਆ। ਜਦੋਂ ਗਾਂਧਾਰੀ ਨੂੰ, ਜੋ ਪਹਿਲਾਂ ਦੋ ਸਾਲ ਗਰਭ ਧਾਰਨ ਨਹੀਂ ਸੀ ਕਰ ਸਕੀ, ਇਸ ਗੱਲ ਦਾ ਪਤਾ ਲਗਿਆ, ਉਹਦਾ ਗਰਭਪਾਤ ਹੋ ਗਿਆ। ਉਹਦੀ ਕੁੱਖ ਵਿੱਚੋਂ ਮਾਸ ਦਾ ਇੱਕ ਬਹੁਤ ਵੱਡਾ ਲੋਥੜਾ ਬਾਹਰ ਆਇਆ। ਰਿਸ਼ੀ ਦਵੈਪਿਅਨ ਨੂੰ ਬੁਲਾਇਆ ਗਿਆ। ਉਹਨੇ ਮਾਸ ਦਾ ਇਹ ਸਖ਼ਤ ਲੋਥੜਾ ਦੇਖਿਆ-ਘੋਖਿਆ ਅਤੇ ਵਿਸ਼ੇਸ਼ ਰਸਾਇਣਾਂ ਦੇ ਭਰੇ ਹੋਏ ਇੱਕ ਠੰਢੇ ਕੁੰਡ ਵਿੱਚ ਸਾਂਭ ਦਿੱਤਾ। ਕੁਝ ਸਮੇਂ ਪਿੱਛੋਂ ਉਹਨੇ ਉਸ ਲੋਥੜੇ ਦੇ ਸੌ ਟੁਕੜੇ ਕੀਤੇ ਅਤੇ ਦੋ ਸਾਲਾਂ ਲਈ ਘਿਓ ਦੇ ਭਰੇ ਸੌ ਭਾਂਡਿਆਂ ਵਿੱਚ ਪਾ ਰੱਖੇ। ਦੋ ਸਾਲ ਮਗਰੋਂ ਮਾਸ ਦੇ ਉਹਨਾਂ ਟੁਕੜਿਆਂ ਤੋਂ ਸੌ ਕੌਰਵ ਪੈਦਾ ਹੋਏ। … ਇਉਂ ਸਟੈੱਮ ਸੈੱਲ ਦੀ ਕਾਢ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਕੱਢੀ ਜਾ ਚੁੱਕੀ ਸੀ।”
ਇਹ ਸਭ ਕੁਝ ਪੜ੍ਹਦਿਆਂ-ਸੁਣਦਿਆਂ ਜਵਾਹਰਲਾਲ ਨਹਿਰੂ ਬਹੁਤ ਯਾਦ ਆਉਂਦੇ ਹਨ। ਵਡਮੁੱਲਾ ਕਥਨ ‘ਵਿਗਿਆਨਕ ਸੁਭਾਅ’ 1946 ਵਿੱਚ ਉਹਨਾਂ ਨੇ ਹੀ ਘੜਿਆ ਸੀ। ਆਪਣੀ ਮਹਾਨ ਰਚਨਾ ‘ਭਾਰਤ ਦੀ ਖੋਜ’ ਵਿੱਚ ਉਹ ਲਿਖਦੇ ਹਨ, ”ਲੋੜ ਹੈ ਵਿਗਿਆਨਕ ਪਹੁੰਚ ਦੀ, ਸਾਹਸੀ ਪਰ ਤਾਂ ਵੀ ਆਲੋਚਨਾਤਮਕ ਵਿਗਿਆਨਕ ਸੁਭਾਅ ਦੀ, ਸੱਚ ਤੇ ਨਵੇਂ ਗਿਆਨ ਦੀ ਤਲਾਸ਼ ਦੀ, ਪਰਖੇ ਤੇ ਅਜ਼ਮਾਏ ਬਿਨਾਂ ਕੋਈ ਵੀ ਗੱਲ ਪਰਵਾਨ ਕਰਨ ਤੋਂ ਇਨਕਾਰ ਦੀ, ਨਵੇਂ ਸਬੂਤਾਂ ਦੇ ਸਾਹਮਣੇ ਪਹਿਲਾਂ ਤੋਂ ਕੱਢੇ ਹੋਏ ਨਤੀਜੇ ਬਦਲ ਸਕਣ ਦੀ ਸਮਰੱਥਾ ਦੀ, ਪਹਿਲਾਂ ਤੋਂ ਮਨ ਵਿੱਚ ਵਸੇ ਸਿਧਾਂਤ ਉੱਤੇ ਨਹੀਂ ਸਗੋਂ ਪਰਤੱਖ ਤੱਥ ਉੱਤੇ ਟੇਕ ਦੀ, ਮਨ ਦੇ ਮਜ਼ਬੂਤ ਬੰਧੇਜ ਦੀ! ਇਹ ਸਭ ਗੱਲਾਂ ਸਿਰਫ਼ ਵਿਗਿਆਨ ਦੀ ਵਰਤੋਂ ਲਈ ਹੀ ਨਹੀਂ ਸਗੋਂ ਖ਼ੁਦ ਜੀਵਨ ਲਈ ਤੇ ਇਸ ਦੀਆਂ ਅਨੇਕ ਸਮੱਸਿਆਵਾਂ ਦੇ ਹੱਲ ਲਈ ਲਾਜ਼ਮੀ ਹਨ।” ਮਗਰੋਂ ਉਹਨਾਂ ਦੀ ਇਹ ਸੋਚ ਭਾਰਤ ਦੇ ਸੰਵਿਧਾਨ ਵਿੱਚ ਸਾਕਾਰ ਹੋਈ ਜਿਸ ਦੀ ਧਾਰਾ 5-ਏ. (ਐੱਚ.) ਕਹਿੰਦੀ ਹੈ ਕਿ ਨਾਗਰਿਕਾਂ ਦਾ ਇਹ ਇੱਕ ਬੁਨਿਆਦੀ ਫ਼ਰਜ਼ ਹੈ, ਉਹ ਵਿਗਿਆਨਕ ਸੁਭਾਅ, ਮਾਨਵਵਾਦ ਅਤੇ ਜਗਿਆਸਾ ਦੀ ਤੇ ਸੁਧਾਰ ਦੀ ਭਾਵਨਾ ਵਿਕਸਿਤ ਕਰਨ। ਅੱਗੇ ਚੱਲ ਕੇ ਨਹਿਰੂ ਨੇ ਆਪਣੇ ਇਸ ਵਿਗਿਆਨਕ ਨਜ਼ਰੀਏ ਉੱਤੇ ਡਟੇ ਰਹਿੰਦਿਆਂ ਅਤੇ ਸੰਵਿਧਾਨ ਦੇ ਇਸ ਮਾਰਗ-ਦਰਸ਼ਨ ਉੱਤੇ ਸਖ਼ਤੀ ਨਾਲ ਪਹਿਰਾ ਦਿੰਦਿਆਂ ਪਾਰਲੀਮੈਂਟ ਵਿੱਚ ਅਨੇਕ ਵਾਰ ਅੰਧਵਿਸ਼ਵਾਸੀ ਮੁੱਦਿਆਂ ਨੂੰ ਲੈ ਕੇ ਮੈਂਬਰਾਂ ਨਾਲ, ਜਿਨ੍ਹਾਂ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਸ਼ਾਮਲ ਹੁੰਦੇ ਸਨ, ਸਿੱਧੇ-ਮੱਥੇ ਟੱਕਰ ਲਈ।
ਹਰ ਹੋਸ਼ਮੰਦ ਭਾਰਤੀ ਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅਸੀਂ ਨਹਿਰੂ ਵਾਲੇ ‘ਵਿਗਿਆਨਕ ਸੁਭਾਅ’ ਦੇ ਕੌਮੀ ਉਦੇਸ਼ ਤੋਂ ਚੱਲ ਕੇ ਕਿਥੇ ਪਹੁੰਚ ਗਏ ਹਾਂ। ਸੋਚਣ ਵਾਲ਼ੀ ਗੱਲ ਹੈ ਕਿ ਦੁਨੀਆ ਦੇ ਆਧੁਨਿਕ ਵਿਗਿਆਨਕ ਸਿਖਿਆ ਵਾਲੇ ਬੱਚਿਆਂ ਦੇ ਮੁਕਾਬਲੇ ਇਸ ਅਨ-ਅਸ਼ਵੀ, ਧ੍ਰਿਤਰਾਸ਼ਟਰੀ ਤੇ ਕੌਰਵੀ ‘ਵਿਗਿਆਨਕ-ਤਕਨਾਲੌਜੀਕਲ’ ਗਿਆਨ ਨਾਲ ਲੈਸ ਸਾਡੇ ਬੱਚੇ ਕਿਥੇ ਖਲੋਣਗੇ! ਇਹ ਤੱਥ ਇਸ ਚਿੰਤਾ ਵਿੱਚ ਹੋਰ ਵਾਧਾ ਕਰਦਾ ਹੈ ਕਿ ਇਸ ਸੋਚ ਅਤੇ ਵਿਦਿਅਕ ਨੀਤੀ ਉੱਤੇ ਖ਼ੁਦ ਪ੍ਰਧਾਨ ਮੰਤਰੀ ਦੀ ਪਰਵਾਨਗੀ ਦੀ ਮੋਹਰ-ਛਾਪ ਲਗੀ ਹੋਈ ਹੈ। ਕੁਝ ਸਮਾਂ ਪਹਿਲਾਂ ਮੁੰਬਈ ਦੇ ਇੱਕ ਪ੍ਰਸਿੱਧ ਆਧੁਨਿਕ ਹਸਪਤਾਲ ਵਿੱਚ ਹੋਈ ਪ੍ਰਮੁੱਖ ਡਾਕਟਰਾਂ ਅਤੇ ਸਰਜਨਾਂ ਦੀ ਇੱਕ ਕਾਨਫ਼ਰੰਸ ਵਿੱਚ ਮੋਦੀ ਜੀ ਨੇ ਆਪਣਾ ‘ਸੰਵਿਧਾਨਕ ਵਿਗਿਆਨਕ ਸੁਭਾਅ’ ਇਹਨਾਂ ਸ਼ਬਦਾਂ ਵਿੱਚ ਪਰਗਟ ਕੀਤਾ, ”ਕਿਸੇ ਸਮੇਂ ਜੋ ਪਰਾਪਤੀਆਂ ਸਾਡੇ ਦੇਸ਼ ਨੇ ਡਾਕਟਰੀ ਵਿਗਿਆਨ ਵਿੱਚ ਕਰ ਲਈਆਂ ਸਨ, ਸਾਨੂੰ ਉਹਨਾਂ ‘ਤੇ ਮਾਣ ਹੋਣਾ ਚਾਹੀਦਾ ਹੈ। ਮਹਾਂਭਾਰਤ ਵਿੱਚ ਅਸੀਂ ਕਰਣ ਦਾ ਜ਼ਿਕਰ ਪੜ੍ਹਦੇ ਹਾਂ। ਜੇ ਅਸੀਂ ਕੁਝ ਵਧੇਰੇ ਡੂੰਘਾ ਸੋਚੀਏ, ਪਤਾ ਲਗਦਾ ਹੈ ਕਿ ਮਹਾਂਭਾਰਤ ਦਸਦੀ ਹੈ, ਕਰਣ ਆਪਣੀ ਮਾਂ ਦੀ ਕੁੱਖ ਵਿੱਚੋਂ ਪੈਦਾ ਨਹੀਂ ਸੀ ਹੋਇਆ। ਇਸ ਦਾ ਮਤਲਬ ਹੈ ਕਿ ਉਸ ਸਮੇਂ ਜੈਨੈਟਿਕ ਵਿਗਿਆਨ ਮੌਜੂਦ ਸੀ ਜਿਸ ਕਰ ਕੇ ਕਰਣ ਆਪਣੀ ਮਾਂ ਦੀ ਕੁੱਖ ਤੋਂ ਬਿਨਾਂ ਪੈਦਾ ਹੋ ਸਕਿਆ। ਅਸੀਂ ਗਣੇਸ਼ ਦੀ ਪੂਜਾ ਕਰਦੇ ਹਾਂ। ਉਸ ਸਮੇਂ ਕੋਈ ਪਲਾਸਟਿਕ ਸਰਜਨ ਜ਼ਰੂਰ ਹੋਵੇਗਾ ਜਿਸ ਨੇ ਹਾਥੀ ਦਾ ਸਿਰ ਮਨੁੱਖ ਦੇ ਧੜ ਉੱਤੇ ਲਾ ਦਿੱਤਾ ਅਤੇ ਉਥੋਂ ਪਲਾਸਟਿਕ ਸਰਜਰੀ ਦਾ ਮੁੱਢ ਬੱਝਿਆ। … ਅਨੇਕ ਖੇਤਰ ਹਨ ਜਿਨ੍ਹਾਂ ਵਿੱਚ ਸਾਡੇ ਪੁਰਖਿਆ ਨੇ ਵੱਡੀਆਂ ਪਤਾਪਤੀਆਂ ਕੀਤੀਆਂ। ਕਈਆਂ ਨੂੰ ਤਾਂ ਸਾਰੀ ਦੁਨੀਆ ਪਰਵਾਨ ਕਰਦੀ ਹੈ। … ਮੇਰੇ ਕਹਿਣ ਦਾ ਮਤਲਬ ਹੈ, ਅਸੀਂ ਇੱਕ ਅਜਿਹਾ ਦੇਸ ਹਾਂ ਜੋ ਏਨਾ ਸਮਰੱਥਾਵਾਨ ਹੁੰਦਾ ਸੀ। ਇਹ ਸਮਰੱਥਾਵਾਂ ਨਵੇਂ ਸਿਰਿਉਂ ਹਾਸਲ ਕਰਨ ਦੀ ਲੋੜ ਹੈ!”
ਵੈਸੇ ਸੰਵਿਧਾਨ ਵੱਲ ਆਪਣਾ ਨਜ਼ਰੀਆ ਆਰ.ਐੱਸ.ਐੱਸ. ਨੇ, ਉਹਦੇ ਖਰੜੇ ਦਾ ਅੰਤਿਮ ਰੂਪ ਤਿਆਰ ਹੋ ਜਾਣ ਤੋਂ ਚਾਰ ਦਿਨ ਮਗਰੋਂ, 30 ਨਵੰਬਰ 1949 ਨੂੰ ਆਪਣੇ ਪੱਤਰ ‘ਔਰਗੇਨਾਈਜ਼ਰ’ ਵਿੱਚ ਇਹਨਾਂ ਸ਼ਬਦਾ ਵਿੱਚ ਸਾਫ਼ ਕਰ ਦਿੱਤਾ ਸੀ, ”ਭਾਰਤ ਦੇ ਨਵੇਂ ਸੰਵਿਧਾਨ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਦਾ ਕੁਝ ਵੀ ਭਾਰਤੀ ਨਹੀਂ। … ਮੰਨੂੰ ਦੇ ਨੇਮ-ਕਾਨੂੰਨ ਦੁਨੀਆ-ਭਰ ਦੀ ਪ੍ਰਸ਼ੰਸਾ ਜਗਾਉਂਦੇ ਹਨ ਅਤੇ ਆਪਮੁਹਾਰੀ ਆਗਿਆਕਾਰਤਾ ਤੇ ਅਨੁਸਾਰਤਾ ਖਟਦੇ ਹਨ। ਪਰ ਸਾਡੇ ਸੰਵਿਧਾਨਕ ਪੰਡਿਤਾਂ ਵਾਸਤੇ ਇਸ ਗੱਲ ਦਾ ਕੋਈ ਮਹੱਤਵ ਨਹੀਂ।” ਸ਼ਾਇਦ ਭਾਜਪਾ ਰਾਹੀਂ ਸੱਤਾ ਦੀ ਸੇਧ ਮਿਥ ਰਹੀ ਆਰ.ਐੱਸ.ਐੱਸ. ਲਈ ਆਪਣੀ ਮੰਨੂੰਵਾਦੀ ਸੋਚ ਲਾਗੂ ਕਰਨ ਦਾ ਤੇ ‘ਗ਼ੈਰ-ਭਾਰਤੀ’ ਸੰਵਿਧਾਨ ਨੂੰ ‘ਦਰੁਸਤ’ ਕਰਨ ਦਾ ਸਮਾਂ ਆ ਗਿਆ ਹੈ। ਇਸ ਪੱਖੋਂ ਪਰੇਸ਼ਾਨ ਕਰਨ ਵਾਸਤੇ ਤਾਂ ਸੰਘ ਦੇ ਸਵੈਮਸੇਵਕ ਪ੍ਰਧਾਨ ਮੰਤਰੀ ਦੇ ਉਪਰੋਕਤ ਮਨੋਹਰ ਵਚਨ ਹੀ ਕਾਫ਼ੀ ਹਨ ਪਰ ਏਨੀ ਹੀ ਪਰੇਸ਼ਾਨੀ ਇਹ ਜਾਣ ਕੇ ਹੁੰਦੀ ਹੈ ਕਿ ਕਿਸੇ ਇੱਕ ਵੀ ਡਾਕਟਰ ਜਾਂ ਸਰਜਨ ਨੇ ਮੋਦੀ ਜੀ ਦੇ ਅੰਧਵਿਸ਼ਵਾਸ ਦਾ ਉਥੇ ਜਾਂ ਮਗਰੋਂ ਖੰਡਣ ਨਹੀਂ ਕੀਤਾ! ਮੋਦੀ ਜੀ ਦਾ ਇਹ ਭਾਸ਼ਨ ਪ੍ਰਧਾਨ ਮੰਤਰੀ ਦੇ ਸਰਕਾਰੀ ਵੈੱਬਸਾਈਟ ਉੱਤੇ ਅਜ ਵੀ ਮੌਜੂਦ ਹੈ। ਕੁਝ ਕਰਨ-ਕਰਾਉਣ ਬਾਰੇ ਤਾਂ ਦੇਸ਼ ਦੇ ਲੋਕ, ਬਿਹਾਰ ਵਾਂਗ, ਢੁੱਕਵਾਂ ਸਮਾਂ ਆਏ ਤੋਂ ਸੋਚਣਗੇ ਪਰ ਫ਼ਿਲਹਾਲ, ਧਰਮ ਦੇ ਸਹਾਰੇ ਰਾਜਨੀਤੀ ਕਰਨ ਵਾਲਿਆਂ ਦੇ ਰਾਜ ਵਿੱਚ ਧਰਮ ਦਾ ਹੀ ਮੁਹਾਵਰਾ ਵਰਤ ਕੇ ਅਸੀਂ ਫ਼ਿਲਮ ‘ਦੋ ਆਂਖੇਂ ਬਾਰਾਂ ਹਾਥ’ ਵਾਸਤੇ ਲਿਖੀ ਭਰਤ ਵਿਆਸ ਦੀ ਰੱਬ ਨੂੰ ਵੰਗਾਰਦੀ ਹੋਈ ਅਰਦਾਸ ਤਾਂ ਕਰ ਹੀ ਸਕਦੇ ਹਾਂ: ”ਐ ਮਾਲਿਕ ਤੇਰੇ ਬੰਦੇ ਹਮ! … ਯੇਹ ਅੰਧੇਰਾ ਘਨਾ ਛਾ ਰਹਾ, ਤੇਰਾ ਇਨਸਾਨ ਘਬਰਾ ਰਹਾ/ ਹੋ ਰਹਾ ਬੇਖ਼ਬਰ, ਕੁਛ ਨਾ ਆਤਾ ਨਜ਼ਰ, ਸੱਚ ਕਾ ਸੂਰਜ ਛਿਪਾ ਜਾ ਰਹਾ/ ਹੈ ਤੇਰੀ ਰੌਸ਼ਨੀ ਮੇਂ ਜੋ ਦਮ, ਤੋ ਅਮਾਵਸ ਕੋ ਕਰ ਦੇ ਪੂਨਮ! … ਐ ਮਾਲਿਕ ਤੇਰੇ ਬੰਦੇ ਹਮ!”
(0091-1142502364)