ਨਾਇਆਗਰਾ: ਪਾਕਿਸਤਾਨ ਦੇ ਕਪਤਾਨ ਬਾਬਰ ਅਜ਼ਮ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਬਣਿਆ ਮਾਹੌਲ ਉਮੀਦਾਂ ਦਾ ਬੋਝ ਤੇ ਦਬਾਅ ਖਿਡਾਰੀਆਂ ਨੂੰ ਨਰਵਸ ਬਣਾ ਦਿੰਦਾ ਹੈ, ਪਰ ਉਸ ਨੇ T-20 ਵਿਸ਼ਵ ਕੱਪ ‘ਚ ਇੱਥੇ ਹੋਣ ਵਾਲੇ ਮੈਚ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ ਸ਼ਾਂਤ ਬਣੇ ਰਹਿਣ ਤੇ ਆਪਣੇ ਬੇਸਿਕਸ ‘ਤੇ ਕਾਇਮ ਰਹਿਣ ਦੀ ਸਲਾਹ ਦਿੱਤੀ। ਭਾਰਤ ਨੇ ਪਾਕਿਸਤਾਨ ਵਿਰੁੱਧ T-20 ਵਿਸ਼ਵ ਕੱਪ ‘ਚ ਅਜੇ ਤਕ ਜਿਹੜੇ ਸੱਤ ਮੈਚ ਖੇਡੇ ਹਨ ਜਿਨ੍ਹਾਂ ‘ਚੋਂ ਉਸ ਨੂੰ ਸਿਰਫ਼ ਇੱਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਨੇ ਇਹ ਜਿੱਤ 2021 ‘ਚ ਹਾਸਿਲ ਕੀਤੀ ਸੀ।
ਬਾਬਰ ਨੇ ਕਿਹਾ, ”ਅਸੀਂ ਜਾਣਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ‘ਤੇ ਕਿਸੇ ਹੋਰ ਮੈਚ ਦੀ ਤੁਲਨਾ ‘ਚ ਵੱਧ ਚਰਚਾ ਹੁੰਦੀ ਹੈ। ਇਸ ਲਈ ਪੂਰੀ ਤਰ੍ਹਾਂ ਨਾਲ ਵੱਖਰਾ ਮਾਹੌਲ ਤਿਆਰ ਕੀਤਾ ਜਾਂਦਾ ਹੈ, ਅਤੇ ਸਿਰਫ਼ ਖਿਡਾਰੀ ਹੀ ਨਹੀਂ ਸਗੋਂ ਪ੍ਰਸ਼ੰਸਕਾਂ ‘ਚ ਵੀ ਇਸ ਨੂੰ ਲੈ ਕੇ ਉਤਸ਼ਾਹ ਬਣਿਆ ਰਹਿੰਦਾ ਹੈ।” ਉਸ ਨੇ ਕਿਹਾ, “ਦੁਨੀਆਂ ‘ਚ ਤੁਸੀਂ ਕਿਤੇ ਵੀ ਜਾਓ, ਤੁਹਾਨੂੰ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਚਰਚਾ ਕਰਦੇ ਹੋਏ ਲੋਕ ਮਿਲ ਜਾਣਗੇ। ਹਰ ਕੋਈ ਆਪਣੇ ਦੇਸ਼ ਦਾ ਸਮਰਥਨ ਕਰਦਾ ਹੈ। ਹਰੇਕ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ, ਅਤੇ ਉਸ ਦਾ ਧਿਆਨ ਇਸ ਖਾਸ ਮੈਚ ‘ਤੇ ਲੱਗਾ ਰਹਿੰਦਾ ਹੈ।” ਬਾਬਰ ਨੇ ਕਿਹਾ, “ਨਿਸ਼ਚਿਤ ਤੌਰ ‘ਤੇ ਉਮੀਦਾਂ ਤੇ ਇਸ ਮੈਚ ਨੂੰ ਲੈ ਕੇ ਬਣੇ ਮਾਹੌਲ ਦੇ ਕਾਰਨ ਖਿਡਾਰੀ ਥੋੜ੍ਹਾ ਨਰਵਸ ਹੋ ਜਾਂਦੇ ਹਨ। ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨਾਲ ਕਿਵੇਂ ਨਜਿੱਠਦੇ ਹੋ ਅਤੇ ਜਿੰਨਾ ਤੁਸੀਂ ਬੇਸਿਕਸ (ਬੁਨਿਆਦੀ ਚੀਜ਼ਾਂ) ‘ਤੇ ਧਿਆਨ ਲਗਾਓਗੇ, ਓਨੀਆਂ ਹੀ ਇੱਕ ਖਿਡਾਰੀ ਦੇ ਰੂਪ ‘ਚ ਤੁਹਾਡੇ ਲਈ ਚੀਜ਼ਾਂ ਆਸਾਨ ਹੋ ਜਾਣਗੀਆਂ।”
ਪਾਕਿਸਤਾਨ ਦੇ ਕਪਤਾਨ ਨੂੰ 2022 ਦੇ T-20 ਵਿਸ਼ਵ ਕੱਪ ‘ਚ ਭਾਰਤ ਵਿਰੁੱਧ ਜਿੱਤ ਦਰਜ ਦਰਜ ਨਾ ਕਰ ਸਕਣ ਦਾ ਹੁਣ ਵੀ ਅਫ਼ਸੋਸ ਹੈ। ਉਸ ਨੇ ਕਿਹਾ, “ਮੇਰਾ ਮੰਨਣਾ ਹੈ ਕਿ 2022 ‘ਚ ਸਾਨੂੰ ਭਾਰਤ ਵਿਰੁੱਧ ਮੈਚ ਜਿੱਤਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਸਾਡੇ ਕੋਲੋਂ ਜਿੱਤ ਖੋਹ ਲਈ। ਸਭ ਤੋਂ ਵੱਧ ਦੁੱਖ ਜ਼ਿੰਬਾਬਵੇ ਵਿਰੁੱਧ ਹਾਰ ਨਾਲ ਹੋਇਆ ਸੀ। ਭਾਰਤ ਵਿਰੁੱਧ ਹਾਰ ਨਾਲ ਇਸ ਲਈ ਵੀ ਦੁੱਖ ਹੋਇਆ ਕਿਉਂਕਿ ਅਸੀਂ ਤਦ ਚੰਗੀ ਕ੍ਰਿਕਟ ਖੇਡੀ ਸੀ, ਅਤੇ ਲੋਕ ਸਾਡੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਹੇ ਸਨ।”
ਬਾਬਰ ਨੇ ਕਿਹਾ ਕਿ ICC ਟਰਾਫ਼ੀ ਜਿੱਤਣਾ ਉਸ ਦਾ ਸੁਪਨਾ ਹੈ। ਉਸ ਨੇ ਕਿਹਾ, “ਇੱਕ ਬੱਲੇਬਾਜ਼ ਦੇ ਰੂਪ ‘ਚ ਮੈਂ ਕਾਫ਼ੀ ਕੁਝ ਹਾਸਿਲ ਕੀਤਾ ਹੈ ਅਤੇ ਕਪਤਾਨ ਦੇ ਰੂਪ ‘ਚ ਮੈਂ ਕੁਝ ਲੜਾਈਆਂ ਜਿੱਤੀਆਂ ਹਨ, ਪਰ ICC ਟਰਾਫ਼ੀ ਜਿੱਤਣਾ ਇੱਕ ਵੱਖਰੀ ਤਰ੍ਹਾਂ ਦੀ ਪ੍ਰੇਰਣਾ ਹੈ। ਤਸੀਂ ਤਦ ਵੱਖ ਤਰ੍ਹਾਂ ਦੇ ਪੱਧਰ ‘ਤੇ ਹੁੰਦੇ ਹੋ, ਅਤੇ ਤੁਹਾਨੂੰ ਕਾਫ਼ੀ ਪ੍ਰਸ਼ੰਸਾ ਮਿਲਦੀ ਹੈ। ਇਸ ਲਈ ਮੇਰਾ ਸੁਪਨਾ ਇਹ ਟਰਾਫ਼ੀ ਜਿੱਤਣਾ ਅਤੇ ਉਹ ਪਾਕਿਸਤਾਨ ਨੂੰ ਸੌਂਪਣਾ ਹੈ।”