ਪੰਜਾਬ ‘ਚ ਕਿਸਾਨ ਖ਼ੁਦਕੁਸ਼ੀਆਂ ਬਾਰੇ

dar-300x111-300x111ਬਾਪੂ ਫ਼ਿਰੇ ਖੇਤਾਂ ਵਿੱਚ ਨੱਕੇ ਮੋੜਦਾ, ਮੁਡਾੰ ਪੜ੍ਹੇ ਕਾਲਜ ਡੱਕਾ ਨ੍ਹੀ ਤੋੜਦਾ!
ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਬਣੀਆਂ ਹੋਇਆਂ ਹਨ। ਇਨ੍ਹਾਂ ਖ਼ੁਦਕੁਸ਼ੀਆਂ ਨੂੰ ਲੈ ਕੇ ਅੱਜ ਕੱਲ੍ਹ ਸਿਆਸਤ ਵੀ ਬਹੁਤ ਜ਼ਿਆਦਾ ਗਰਮ ਹੈ ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨਾਂ ਦੀਆਂ ਹਮਦਰਦ ਬਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਰ੍ਹਾਂ-ਤਰ੍ਹਾਂ ਦੇ ਭਰੋਸੇ ਦੇ ਰਹੀਆਂ ਹਨ। ਇਹ ਮਾਮਲਾ ਪਿਛਲੇ ਦਿਨੀਂ ਸੰਸਦ ਵਿੱਚ ਵੀ ਗੂੰਜਿਆ ਅਤੇ ਉਥੇ ਇਹ ਵੀ ਦੱਸਿਆ ਗਿਆ ਕਿ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਥੇ ਸਭ ਤੋਂ ਜ਼ਿਆਦਾ ਕਿਸਾਨ ਆਪਣੀਆਂ ਜਾਨਾਂ ਦੇ ਰਹੇ ਹਨ।
ਵਿਰੋਧੀ ਧਿਰਾਂ ਕਿਸਾਨਾਂ ਦੀ ਇਸ ਹਾਲਤ ਲਈ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਦੋਸ਼ੀ ਠਹਿਰਾ ਰਹੀਆਂ ਹਨ ਜਦਕਿ ਅਕਾਲੀ ਦਲ ਇਸ ਸਭ ਦਾ ਠੀਕਰਾ ਕੇਂਦਰ ਦੀਆਂ ਨੀਤੀਆਂ ਸਿਰ ਭੰਨ ਰਿਹਾ ਹੈ। ਇਸ ਮੁੱਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ, ਉਹ ਇੱਕ ਸੁਭਾਵਿਕ ਗੱਲ ਹੈ ਕਿਉਂਕਿ ਹਰ ਰੋਜ਼ ਅਖ਼ਬਾਰਾਂ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਛਪ ਰਹੀਆਂ ਹਨ। ਪਰ ਇਸ ਦੇ ਨਾਲ-ਨਾਲ ਹੀ ਇਹ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿ ਕਿਸਾਨ ਸਿਰਫ਼ ਕਰਜ਼ੇ ਦੇ ਬੋਝ ਕਾਰਨ ਹੀ ਮਰ ਰਹੇ ਹਨ ਜਾਂ ਇਸ ਪਿਛੇ ਕੁਝ ਹੋਰ, ਵੱਖਰੇ ਕਾਰਨ ਵੀ ਹੋ ਸਕਦੇ ਹਨ। ਦੂਸਰਾ, ਇਹ ਕਰਜ਼ਾ ਸਿਰਫ ਖੇਤੀਬਾੜੀ ਕਾਰਨ ਹੀ ਚੜ੍ਹਿਆ ਹੈ ਜਾਂ ਇਸ ਪਿੱਛੇ ਵੀ ਹੋਰ ਕੋਈ ਵਾਧੂ ਦੇ ਕਾਰਨ ਵੀ ਮੌਜੂਦ ਹਨ।
ਸਭ ਤੋਂ ਪਹਿਲਾਂ ਤਾਂ ਇਹ ਦੱਸਣ ਦੀ ਲੋੜ ਹੈ ਕਿ ਪੂਰੇ ਪੰਜਾਬ ਵਿੱਚ ਕਿਸਾਨ ਖ਼ੁਦਕਸ਼ੀਆਂ ਨਹੀਂ ਕਰ ਰਹੇ। ਜ਼ਿਆਦਾਤਰ ਕਿਸਾਨ ਆਪਣੀ ਜਾਨ ਮਾਲਵਾ ਇਲਾਕੇ ਵਿੱਚ ਹੀ ਗਵਾ ਰਹੇ ਹਨ ਅਤੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ‘ਪਹਿਲ’ ਨਾਮਕ ਇੱਕ ਸੰਸਥਾ ਨੇ ਜਿਹੜੇ ਅੰਕੜੇ ਦਿੱਤੇ ਹਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਡੇਢ ਦਹਾਕੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ 1334 ਕਿਸਾਨਾਂ ਨੇ ਜਾਨਾਂ ਦਿੱਤੀਆਂ ਜਦਕਿ ਦੂਜੇ ਸਥਾਨ ‘ਤੇ ਲੁਧਿਆਣਾ ਜ਼ਿਲ੍ਹਾ ਆਉਂਦਾ ਹੈ ਜਿਥੇ 668 ਕਿਸਾਨਾਂ ਵਲੋਂ ਆਤਮਹੱਤਿਆ ਕੀਤੀ ਗਈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 2000 ਤੋਂ 2010 ਦਰਮਿਆਨ ਜਿਹੜੀ ਖ਼ੁਦਕੁਸ਼ੀਆਂ ਦੀ ਗਣਨਾ ਕਰਵਾਈ ਉਸ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਦੌਰਾਨ 3954 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ। ਮਾਝੇ ਅਤੇ ਦੁਆਬੇ ਖੇਤਰ ਵਿੱਚ ਕਿਸਾਨਾਂ ਨੇ ਜੇਕਰ ਖੁਦਕੁਸ਼ੀਆਂ ਕੀਤੀਆਂ ਹਨ ਤਾਂ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸਿਰਫ਼ ਮਾਲਵਾ ਖੇਤਰ ਦਾ ਕੁਝ ਹਿੱਸਾ ਹੀ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਇਹ ਠੀਕ ਹੈ ਕਿ ਪਿਛਲੇ ਸਾਲ ਨਰਮੇ ਨੂੰ ਚਿੱਟੇ ਮੱਛਰ ਨੇ ਤਬਾਹ ਕਰ ਦਿੱਤਾ ਸੀ ਕਿਉਂਕਿ ਛਿੜਕਨ ਲਈ ਜਿਹੜੀਆਂ ਦਵਾਈਆਂ ਉਪਲੱਬਧ ਸਨ, ਉਨ੍ਹਾਂ ਨੇ ਉਸ ‘ਤੇ ਅਸਰ ਹੀ ਨਹੀਂ ਸੀ ਕੀਤਾ। ਇਸ ਲਈ ਕਿਸਾਨਾਂ ਨੂੰ ਭਾਰੀ ਧੱਕਾ ਲੱਗਾ ਅਤੇ ਕਰਜ਼ਾ ਵੀ ਸਿਰੇ ਚੜ੍ਹ ਗਿਆ। ਪਿਛਲਾ ਕਰਜ਼ਾ ਹਾਲੇ ਉਤਰਿਆ ਵੀ ਨਹੀਂ ਸੀ। ਇਸ ਕਾਰਨ ਕੁਝ ਕਿਸਾਨਾਂ ਨੇ ਮਾਨਸਿਕ ਤੌਰ ‘ਤੇ ਤੰਗ ਆ ਕੇ ਆਪਣੀ ਜਾਨ ਗਵਾ ਲਈ। ਲੇਕਿਨ ਖੇਤੀਬਾੜੀ ਕਾਰਨ ਕਰਜ਼ਾ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਇੱਕ ਪਹਿਲੂ ਹੋ ਸਕਦਾ ਹੈ, ਪਰ ਨਾਲ ਦੀ ਨਾਲ ਇਹ ਵੀ ਸੱਚ ਹੈ ਕਿ ਦਿਖਾਵੇ ਲਈ ਵੀ ਕਿਸਾਨਾਂ ਦੁਆਰਾ ਬਹੁਤ ਸਾਰਾ ਕਰਜ਼ਾ ਲਿਆ ਜਾਂਦਾ ਹੈ। ਜਿਨ੍ਹਾਂ ਕਿਸਾਨਾਂ ਨੂੰ ਟਰੈਕਟਰ ਟਰਾਲੀ ਦੀ ਲੋੜ ਨਹੀਂ ਉਨ੍ਹਾਂ ਦੁਆਰਾ ਵੀ ਸ਼ਰੀਕੇ ਵਿੱਚ ਨੱਕ ਰੱਖਣ ਲਈ ਟਰੈਕਟਰ ਲਏ ਜਾਂਦੇ ਹਨ। ਜੇਕਰ ਗੁਆਂਢੀ ਨੇ ਕੋਠੀ ਖੜ੍ਹੀ ਕਰ ਲਈ ਤਾਂ ਆਪ ਵੀ ਓਨੀ ਹੀ ਸ਼ਾਨਦਾਰ ਕੋਠੀ ਪਾਉਣੀ ਹੈ। ਦੋ ਦਹਾਕੇ ਪਹਿਲਾਂ ਕੁੜੀਆਂ-ਮੁੰਡਿਆਂ ਦੇ ਵਿਆਹ ਘਰ ਵਿੱਚ ਹੀ ਕਨਾਤਾਂ-ਟੈਂਟ ਲਗਾ ਕੇ ਕੀਤੇ ਜਾਂਦੇ ਸਨ, ਪਰ ਹੁਣ ਮੈਰਿਜ ਪੈਲਸਾਂ ਵਿੱਚ ਸ਼ਾਨਦਾਰ ਵਿਆਹ ਕੀਤੇ ਜਾਂਦੇ ਹਨ। ਸਿਰਫ ਸ਼ਾਨਦਾਰ ਵਿਆਹ ਹੀ ਨਹੀਂ ਕੀਤੇ ਜਾਂਦੇ ਬਲਕਿ ਦਹੇਜ ਵਿੱਚ ਧੀਆਂ ਨੂੰ ਮਹਿੰਗੀਆਂ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਬਦਲੇ ਵਿੱਚ ਪੁੱਤਾਂ ਲਈ ਲਗਯਰੀ ਗੱਡੀਆਂ ਦੀ ਮੰਗ ਵੀ ਕੀਤੀ ਜਾਂਦੀ ਹੈ। ਇਸ ਲਈ ਕਿਸਾਨਾਂ ਦੁਆਰਾ ਵੱਡੇ-ਵੱਡੇ ਕਰਜ਼ੇ ਵੀ ਲਏ ਜਾਂਦੇ ਹਨ। ਕਿਸਾਨਾਂ ਦੁਆਰਾ ਇਹ ਕਰਜ਼ੇ ਹੁਣ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਵੀ ਚੁੱਕੇ ਜਾ ਰਹੇ ਹਨ। ਪਿਛਲੇ ਦਿਨੀਂ ਇੱਕ ਕਿਸਾਨ ਨੇ ਕਚਹਿਰੀ ਅੱਗੇ ਆਤਮ ਹੱਤਿਆ ਇਸ ਲਈ ਕੀਤੀ ਕਿਉਂਕਿ ਉਸ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਅਤੇ ਹੁਣ ਕਰਜ਼ਾ ਲੈਣ ਵਾਲਾ ਪੈਸੇ ਦੀ ਇਵਜ਼ ਵਿੱਚ ਉਸ ਤੋਂ ਜ਼ਮੀਨ ਮੰਗ ਰਿਹਾ ਸੀ। ਇੱਕ ਮਹੱਤਵਪੂਰਨ ਸਵਾਲ ਇਹ ਵੀ ਹੈ ਕਿ ਜ਼ਿਆਦਾਤਰ ਜੱਟ ਹੀ ਖ਼ੁਦਕੁਸ਼ੀਆਂ ਕਿਉਂ ਕਰ ਰਹੇ ਹਨ? ਸੂਬੇ ਵਿੱਚ ਹੋਰ ਕੌਮਾਂ ਵੀ ਤਾਂ ਖੇਤੀਬਾੜੀ ਕਰ ਰਹੀਆਂ ਹਨ। ਸੈਣੀ ਅਤੇ ਕੰਬੋਜ ਬਰਾਦਰੀ ਦੁਆਰਾ ਵੀ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕੋਲ ਜੱਟਾਂ ਜਿੰਨੀਆਂ ਜ਼ਮੀਨਾਂ ਵੀ ਨਹੀਂ। ਅਸਲ ਵਿੱਚ ਇਹ ਆਪ ਮਿਹਨਤਾਂ ਕਰਦੇ ਹਨ। ਥੋੜ੍ਹੀ ਜ਼ਮੀਨ ਤੋਂ ਹੀ ਭਰਪੂਰ ਉਤਪਾਦਨ ਕਰ ਕੇ ਆਪਣਾ ਚੰਗਾ ਗ਼ੁਜ਼ਾਰਾ ਕਰ ਰਹੇ ਹਨ। ਇਨ੍ਹਾਂ ਬਰਾਦਰੀਆਂ ਦੁਆਰਾ ਖੇਤੀਬਾੜੀ ਲਈ ਵੱਡੇ ਕਰਜ਼ੇ ਨਹੀਂ ਲਏ ਜਾਂਦੇ, ਅਤੇ ਨਾ ਹੀ ਦਿਖਾਵੇ ਲਈ ਕਰਜ਼ੇ ਚੁੱਕੇ ਜਾਂਦੇ ਹਨ।  ਸੂਬੇ ਵਿੱਚ ਇਨ੍ਹਾਂ ਤੋਂ ਛੁੱਟ ਹੋਰ ਕਮਜ਼ੋਰ ਬਰਾਦਰੀਆਂ ਵੀ ਹਨ। ਉਨ੍ਹਾਂ ਦੇ ਸਿਰ ਵੀ ਕਰਜ਼ੇ ਹਨ, ਪਰ ਫ਼ਿਰ ਵੀ ਉਨ੍ਹਾਂ ਦੁਆਰਾ ਸੰਘਰਸ਼ ਜਾਰੀ ਰਹਿੰਦਾ ਹੈ। ਖੇਤ ਮਜ਼ਦੂਰ ਤਾਂ ਸਦੀਆਂ ਤੋਂ ਇੰਝ ਹੀ ਰੁਲਦੇ ਆ ਰਹੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਉਹ ਕਿਸਾਨਾਂ ਦੇ ਕਰਜ਼ਾਈ ਰਹੇ ਹਨ, ਪਰ ਉਨ੍ਹਾਂ ਨੇ ਕਦੇ ਵੀ ਦਿਲ ਨਹੀਂ ਛੱਡਿਆ। ਜੇਕਰ ਖੇਤ ਮਜ਼ਦੂਰ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰਨ ਲੱਗ ਜਾਂਦੇ ਤਾਂ ਸ਼ਾਇਦ ਹੀ ਕੋਈ ਮਜ਼ਦੂਰ ਖੇਤਾਂ ਵਿੱਚ ਕੰਮ ਕਰਨ ਨੂੰ ਮਿਲਦਾ।
ਹੋ ਸਕਦਾ ਹੈ ਕਿ ਇਹ ਸੋਚ ਗ਼ਲਤ ਵੀ ਹੋਵੇ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਜੱਟਾਂ ਦੀਆਂ ਖ਼ੁਦਕੁਸ਼ੀਆਂ ਲਈ ਪੰਜਾਬੀ ਗਾਇਕੀ ਵੀ ਜ਼ਿੰਮੇਵਾਰ ਹੈ। ਜ਼ਿਆਦਾਤਰ ਗੀਤਾਂ ਵਿੱਚ ਜੱਟਾਂ ਹੱਥ ਰਿਵਾਲਵਰ, ਬੰਦੂਕਾਂ ਸੁਣਨ ਨੂੰ ਮਿਲਦੀਆਂ ਹਨ। ਵਿਦੇਸ਼ੀ ਕਾਰਾਂ ਦਾ ਜ਼ਿਕਰ ਹੁੰਦਾ ਹੈ। ਕੋਠੀਆਂ, ਚੰਡੀਗੜ੍ਹ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਪੁੱਤ ਤਾਂ ਸਫ਼ੇਦਪੋਸ਼ ਬਣ ਗਏ ਹਨ ਅਤੇ ਟੌਹਰ ਨਾਲ ਲੰਡੀ ਜੀਪ ‘ਤੇ ਸ਼ਹਿਰਾਂ ਵਿੱਚ ਘੁੰਮਦੇ ਹਨ, ਪਰ ਬਾਪੂ ਨੱਕੇ ਮੋੜਦਾ ਰਹਿੰਦਾ ਹੈ। ਇਹ ਟੌਹਰ ਵੀ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਰਹੀ ਹੈ। ਆਤਮ ਹੱਤਿਆਵਾਂ ਕਰਜ਼ਾ ਮੁਕਤ ਹੋਣ ਦਾ ਕੋਈ ਰਸਤਾ ਨਹੀਂ। ਇਹ ਮਾਨਸਿਕਤਾ ਤਾਂ ਆੜ੍ਹਤੀਆਂ ਅਤੇ ਕਿਸਾਨਾਂ ਵਿਚਾਲੇ ਵੱਡਾ ਪਾੜਾ ਵੀ ਪੈਦਾ ਕਰ ਰਹੀ ਹੈ ਕਿਉਂਕਿ ਆੜ੍ਹਤੀਆਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਉਸ ਦੁਆਰਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਰਕਮ ਵਾਪਸ ਆਉਣੀ ਹੀ ਨਹੀਂ। ਇਸ ਲਈ ਹੁਣ ਆੜ੍ਹਤੀ ਵੀ ਕਿਸਾਨਾਂ ਨੂੰ ਫ਼ਸਲ ਤੋਂ ਪਹਿਲਾਂ ਪੈਸਾ ਦੇਣ ਤੋਂ ਕੰਨੀ ਕਤਰਾ ਰਹੇ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਮੁੱਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਬਲਕਿ ਇਸ ਸਮੱਸਿਆ ਦੇ ਹੱਲ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਜਿਹੜੀਆਂ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਹਿੱਤਾਂ ਲਈ ਲੜ ਰਹੀਆਂ ਹਨ, ਉਹ ਵਧੀਆ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਇਹ ਗੱਲ ਵੀ ਜੱਟਾਂ ਨੂੰ ਸਮਝਾਉਣੀ ਚਾਹੀਦੀ ਹੈ ਕਿ ਉਹ ਚਾਦਰ ਦੇਖ ਹੀ ਪੈਰ ਪਸਾਰਨ। ਦਿਖਾਵੇ ਲਈ ਕਰਜ਼ਾ ਲੈਣ ਤੋਂ ਬਚਣ। ਜੱਟਾਂ ਨੂੰ ਇੱਕ ਬਹਾਦਰ ਕੌਮ ਮੰਨਿਆ ਜਾਂਦਾ ਹੈ, ਆਤਮਹੱਤਿਆ ਤਾਂ ਬੁਜ਼ਦਿਲੀ ਦਾ ਸਬੂਤ ਹੈ। ਆਤਮਹੱਤਿਆ ਕਰ ਕੇ ਕਿਸਾਨ ਨਾ ਸਿਰਫ ਆਪਣੇ ਰਹਿ ਗਏ ਪਰਿਵਾਰ ਨੂੰ ਹੀ ਨੁਕਸਾਨ  ਪਹੁੰਚਾਉਂਦੇ ਹਨ ਸਗੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਰਜ਼ੇ ਦੇ ਬੋਝ ਹੇਠ ਛੱਡ ਕੇ ਉਸ ਦੀ ਸੋਚ ਵੀ ਨੂੰ ਡਰਪੋਕ ਬਣਾ ਦਿੰਦੇ ਹਨ।

LEAVE A REPLY