ਨੈਸ਼ਨਲ ਡੈਸਕ : ਪ੍ਰਯਾਗਰਾਜ ਦੇ ਕਰੇਲੀ ਥਾਣਾ ਖੇਤਰ ਦੇ ਅਧੀਨ ਗੌਸ ਨਗਰ ਦੇ ਬਿਸਮਿੱਲ੍ਹਾ ਸਕੁਏਅਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਪ੍ਰਾਪਰਟੀ ਡੀਲਰ ਦੀ ਬੁੱਧਵਾਰ ਸ਼ਾਮ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦੀ ਇਸ ਵਾਰਦਾਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਨਕਾਬਪੋਸ਼ ਬਾਈਕ ਸਵਾਰ ਅਪਰਾਧੀਆਂ ਨੇ ਕਤਲ ਦੀ ਇਸ ਵਾਰਦਾਤ ਨੂੰ ਦਿਨ-ਦਿਹਾੜੇ ਅੰਜਾਮ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਇਸ ਕਤਲ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਡੀਸੀਪੀ (ਸ਼ਹਿਰ) ਮਨੀਸ਼ ਸ਼ਾਂਡਲਿਆ ਨੇ ਕਿਹਾ ਕਿ ਪੁਲਸ ਨੂੰ ਗੌਸ ਨਗਰ ਦੇ ਬਿਸਮਿੱਲ੍ਹਾ ਸਕੁਏਅਰ ਨੇੜੇ ਇੱਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ। ਉਸਨੂੰ ਗੰਭੀਰ ਹਾਲਤ ਵਿੱਚ ਐਸਆਰਐਨ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਕਤਲੇਆਮ ਤੋਂ ਬਾਅਦ ਲੋਕਾਂ ਦੇ ਅੰਦਰ ਡਰ ਪੈਦਾ ਹੋ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਇਰਫਾਨ (45) ਵਜੋਂ ਹੋਈ ਹੈ, ਜੋ ਕਿ ਇੱਕ ਪ੍ਰਾਪਰਟੀ ਡੀਲਰ ਸੀ, ਜਿਸਦਾ ਕੁਝ ਲੋਕਾਂ ਨਾਲ ਜਾਇਦਾਦ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਫੜਨ ਲਈ ਪੰਜ ਪੁਲਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ, ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।















