ਖਾਂਦੇ ਪੀਂਦੇ ਘਰਾਂ ਦੇ ਨੇ ਇਹ ਅਪਰਾਧੀ, ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧ ਰੱਖਦੇ ਨੇ ਇਹ ਗੈਂਗਸਟਰ, ਪੈਸੇ ਲੈ ਕੇ ਕਰਦੇ ਨੇ ਕਤਲ, ਫ਼ਿਰੌਤੀ ਲਈ ਬੱਚਿਆਂ ਨੂੰ ਕਰਦੇ ਨੇ ਅਗ਼ਵਾ, ਹਾਈਵੇ ‘ਤੇ ਕਰਦੇ ਨੇ ਡਕੈਤੀਆਂ, ਮਹਿੰਗੀਆਂ ਕਾਰਾਂ ਲੈਂਦੇ ਨੇ ਇਹ ਖੋਹ
ਦਰਸ਼ਨ ਸਿੰਘ ਦਰਸ਼ਕ
ਪਟਿਆਲਾ: ਪਟਿਆਲਾ ਦੇ ਮਸ਼ਹੂਰ ਵਪਾਰੀ ਅਮਿਤ ਗੁਪਤਾ ਦੀ ਬੇਟੀ ਨੂੰ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਜਾਣ ਦੀ ਘਟਨਾ ਨੇ ਇੱਕ ਵਾਰ ਫ਼ਿਰ ਸ਼ਹਿਰ ਵਾਸੀਆਂ ਦੇ ਮਨਾਂ ਅੰਦਰ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿਉਂਕਿ ਸੂਬੇ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਗੈਂਗ ਕਤਲ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਉਨ੍ਹਾਂ ਦੁਆਰਾ ਡਕੈਤੀਆਂ ਕੀਤੀਆਂ ਜਾ ਰਹੀਆਂ ਹਨ, ਬੱਚਿਆਂ ਨੂੰ ਫ਼ਿਰੌਤੀ ਲਈ ਅਗਵਾ ਕੀਤਾ ਜਾ ਰਿਹਾ ਹੈ, ਪੈਸਾ ਲੈ ਕੇ ਕਤਲ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੁਆਰਾ ਜਾਇਦਾਦਾਂ ਉੱਤੇ ਕਬਜ਼ੇ ਕੀਤੇ ਜਾ ਰਹੇ ਹਨ। ਪਟਿਆਲਾ ਅਗਵਾ ਕਾਂਡ ਵਿੱਚ ਸ਼ਿਵਾਨੀ ਗੁਪਤਾ ਦੀ ਰਿਹਾਈ ਬਦਲੇ 50 ਲੱਖ ਦੀ ਫ਼ਿਰੌਤੀ ਦਿੱਤੇ ਜਾਣ ਦੀ ਵੀ ਚਰਚਾ ਹੈ। ઠਸੂਬੇ ਵਿੱਚ ਅਗਵਾ ਕਰਨ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਨਰਿੰਦਰ ਸਿੰਘ ਨਾਮਕ ਉਦਯੋਗਪਤੀ ਦੇ 14 ਸਾਲ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਰਿਹਾਈ ਦੇ ਬਦਲੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਜਦੋਂ ਪੁਲਿਸ ਨੇ ਫ਼ਿਰੌਤੀ ਨਾ ਦੇਣ ਦਿੱਤੀ ਤਾਂ ਉਸ ਬੱਚੇ ਨੂੰ ਮਾਰ ਦਿੱਤਾ ਗਿਆ ਸੀ। ਪਟਿਆਲਾ ਵਿੱਚ ਹੀ ਰੌਬਿਨ ਗੁਪਤਾ ਨਾਮਕ ਲੜਕੇ ਨੂੰ ਅਗਵਾ ਕੀਤਾ ਗਿਆ ਸੀ ਅਤੇ 2 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਪੁਲਿਸ ਨੇ ਇਨ੍ਹਾਂ ਅਗਵਾਕਾਰਾਂ ਦਾ ਪਤਾ ਲਗਾ ਲਿਆ ਸੀ, ਇਸ ਲਈ ਉਹ ਲੜਕੇ ਨੂੰ ਛੱਡ ਕੇ ਫ਼ਰਾਰ ਹੋ ਗਏ। ਅਜਿਹੀ ਹੀ ਇੱਕ ਹੋਰ ਘਟਨਾ ਢੈਪਈ ਦੇ ਸਾਬਕਾ ਸਰਪੰਚ ਨਾਲ ਵਾਪਰੀ ਜਿਸ ਨੂੰ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਛੁਡਾਉਣ ਦੇ ਬਦਲੇ ਵਿੱਚ ਉਸ ਦੇ ਪ੍ਰਵਾਸੀ ਭਰਾ ਨੂੰ 30 ਲੱਖ ਰੁਪਏ ਦੀ ਫ਼ਿਰੌਤੀ ਦੇਣੀ ਪਈ ਸੀ। ਬਾਅਦ ਵਿੱਚ ਪੁਲਿਸ ਨੇ ਇਨ੍ਹਾਂ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।ઠਅਸਲ ਵਿੱਚ ਪੰਜਾਬ ਵਿੱਚ ਗੈਂਗ ਵਾਰ, ਕਿਡਨੈਪਿੰਗ, ਫ਼ਿਰੌਤੀ, ਹਾਈਵੇ ‘ਤੇ ਖੋਹਾਂ ਦਾ ਇੱਕ ਨਵਾਂ ਰੁਝਾਨ ਚੱਲ ਪਿਆ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਅਜਿਹੇ ਗਿਰੋਹ ਪਹਿਲਾਂ ਉੱਤਰ ਪ੍ਰਦੇਸ਼ ਜਾਂ ਬਿਹਾਰ ਵਿੱਚ ਸਰਗਰਮ ਹੋਇਆ ਕਰਦੇ ਸਨ ਪਰ ਹੁਣ ਪੰਜਾਬ ਵਿੱਚ ਲੱਗਭੱਗ 500 ਖੂੰਖਾਰ ਅਪਰਾਧੀਆਂ ਨੇ 70 ਦੇ ਕਰੀਬ ਗੈਂਗ ਬਣਾਏ ਹੋਏ ਹਨ ਜੋ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਆਪਣਾ ਸਿੱਕਾ ਚਲਾ ਰਹੇ ਹਨ। ਸੂਬੇ ਦੀਆਂ ਖ਼ੁਫ਼ੀਆ ਏਜੰਸੀਆਂ ਦੁਆਰਾ ਇਨ੍ਹਾਂ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਹੈ, ਪਰ ਪੰਜਾਬ ਪੁਲਿਸ ਇਨ੍ਹਾਂ ਉੱਤੇ ਹਾਲੇ ਤਕ ਕਾਬੂ ਨਹੀਂ ਪਾ ਸਕੀ। ਇਨ੍ਹਾਂ ਗੈਂਗਜ਼ ਨੂੰ ਸਾਬਕਾ ਵਿਦਿਆਰਥੀ ਅਤੇ ਵੱਡੇ-ਵੱਡੇ ਲੈਂਡ ਲੌਰਡ ਚਲਾ ਰਹੇ ਹਨ ਜਿਨ੍ਹਾਂ ਦੇ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ। ਸਿਆਸੀ ਲੀਡਰ ਇਨ੍ਹਾਂ ਤੋਂ ਗ਼ੈਰ ਕਾਨੂੰਨੀ ਰੇਤੇ ਦਾ ਧੰਦਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜ਼ਮੀਨਾਂ ਉੱਤੇ ਕਬਜ਼ੇ ਕਰਵਾ ਰਹੇ ਹਨ। ਇਨ੍ਹਾਂ ਅਪਰਾਧੀਆਂ ਨੂੰ ਸਿਆਸਤਦਾਨਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਇਸ ਲਈ ਪੁਲਿਸ ਇ:ਨ੍ਹਾਂ ਖਿਲਾਫ਼ ਕਾਰਵਾਈ ਨਹੀਂ ਕਰਦੀ। ਇਹੀ ਕਾਰਨ ਹੈ ਕਿ ਬਿਨਾਂ ਮਿਹਨਤ ਤੋਂ ਇਨ੍ਹਾਂ ਗੁੰਡਾ ਅਨਸਰਾਂ ਨੂੰ ਵੱਡੀਆਂ ਰਕਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਵੱਡੀ ਤਾਕਤ ਵੀ ਮਿਲ ਰਹੀ ਹੈ। ਪੁਲਿਸ ਨੇ ਕਈ ਗਿਰੋਹਾਂ ਨੂੰ ਖ਼ਤਮ ਵੀ ਕੀਤਾ ਹੈ, ਪਰ ਹਾਲੇ ਵੀ ਬਹੁਤ ਸਾਰੇ ਗਿਰੋਹ ਸਰਗਰਮ ਹਨ। ਇਹ ਦੋਸ਼ ਲੱਗ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਦਿਆਰਥੀ ਵਿੰਗ ਵਿੱਚ ਵੱਡੀ ਗਿਣਤੀ ਵਿੱਚ ਅਪਰਾਧੀ ਸ਼ਾਮਿਲ ਹਨ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿੱਥੇ ਇੱਕ ਪਾਸੇ ਉਹ ਗੈਂਗ ਹੁੰਦੇ ਹਨ ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਦਾ ਸਮੱਰਥਨ ਮਿਲਿਆ ਹੁੰਦਾ ਹੈ ਅਤੇ ਦੂਜੇ ਪਾਸੇ ਉਹ ਹੁੰਦੇ ਹਨ ਜੋ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਹੁੰਦੇ ਹਨ। ਇਸੇ ਗੈਂਗਵਾਰ ਦੇ ਚਲਦਿਆਂ ਜਸਵਿੰਦਰ ਸਿੰਘ ਉਰਫ਼ ਰੌਕੀ ਦਾ ਹਿਮਾਚਲ ਪ੍ਰਦੇਸ਼ ਦੇ ਪ੍ਰਵਾਣੂ ਵਿਖੇ ਜੈਪਾਲ ਸਿੰਘ ਦੇ ਗੈਂਗ ਦੇ ਬੰਦਿਆਂ ਨੇ ਕਤਲ ਕੀਤਾ। ਰੌਕੀ ਉੱਤੇ 30 ਦੇ ਕਰੀਬ ਕਤਲ, ਕਿਡਨੈਪਿੰਗ ਅਤੇ ਫ਼ਿਰੌਤੀ ਲੈਣ ਦੇ ਕੇਸ ਦਰਜ ਸਨ। ਅੰਮ੍ਰਿਤਸਰ ਵਿੱਚ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਨੂੰ ਮਾਰਿਆ ਗਿਆ ਜਿਸ ਨੇ ਪੁਲਿਸ ਦੀ ਭੂਮਿਕਾ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ। ਬੌਬੀ ਮਲਹੋਤਰਾ ਸੁਲਤਾਨ ਵਿੰਡ ਰੋਡ ‘ਤੇ ਪੁਲਿਸ ਠਾਣਾ ਡਵੀਯਨ ਬੀ ਕੋਲ ਹਰੀਆ ਗੈਂਗ ਦੇ ਲੋਕਾਂ ਨੇ ਮਾਰ ਦਿੱਤਾ। ਮਲਹੋਤਰਾ ਬਹੁਤ ਸਾਰੇ ਕੇਸਾਂ ਵਿੱਚ ਲੋੜੀਂਦਾ ਸੀ, ਪਰ ਉਹ ਸ਼ਹਿਰ ਵਿੱਚ ਸ਼ਰੇਆਮ ਘੁੰਮਦਾ ਸੀ। ਪੁਲਿਸ ਰਿਪੋਰਟ ਅਨੁਸਾਰ ਇਸ ਸਮੇਂ ਮਾਲਵਾ ਖੇਤਰ ਵਿੱਚ ਜੈਪਾਲ, ਗੁਰਪ੍ਰੀਤ ਸੇਖੋਂ ਅਤੇ ਵਿੱਕੀ ਗੌਂਡਰ, ਲਾਰੰਸ ਬਿਸ਼ਨੋਈ ਤੇ ਕੁਲਬੀਰ ਨਰੂਆਣਾ ਦੇ ਗੈਂਗ ਮਸ਼ਹੂਰ ਹਨ। ਦੁਆਬਾ ਵਿੱਚ ਗੋਪੀ ਦਾਲੇਵਾਲੀਆ, ਦਲਜੀਤ ਭਾਨਾ ਤੇ ਪ੍ਰੇਮਾ ਲਾਹੌਰੀਆ ਮਸ਼ਹੂਰ ਗੈਂਗਸਟਰ ਹਨ। ਇਸੇ ਪ੍ਰਕਾਰ ਮਾਝੇ ਖੇਤਰ ਵਿੱਚ ਜੱਗੂ ਭਾਗਵਾਨਪੁਰੀਆ, ਭਿੰਦਾ ਸ਼ਾਦੀਪੁਰੀਆ ਦੇ ਗੈਂਗ ਪੂਰੀ ਤਰ੍ਹਾਂ ਸਰਗਰਮ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਅਪਰਾਧੀ ਖਾਂਦੇ ਪੀਂਦੇ ਘਰਾਂ ਦੇ ਵਾਰਸ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ, ਪਰ ਫਿਰ ਵੀ ਉਥੇ ਬੈਠੇ ਹੀ ਕੋਈ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਸਮਰੱਥ ਹਨ। ਜੇਲ੍ਹਾਂ ਵਿੱਚ ਬੈਠ ਕੇ ઠਉਹ ਫ਼ੇਸਬੁੱਕ ਉੱਤੇ ਨੌਜਵਾਨਾਂ ਨਾਲ ਆਪਣੀਆਂ ਪੋਸਟਾਂ ਸ਼ੇਅਰ ਕਰਦੇ ਹਨ। ਇੱਕ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿੱਚ 100 ਦੇ ਕਰੀਬ ਅਜਿਹੇ ਅਪਰਾਧੀ ਘੁੰਮ ਰਹੇ ਹਨ ਜੋ ਪੁਲਿਸ ਅਤੇ ਸਿਆਸਤਦਾਨਾਂ ਦੀ ਛੱਤਰਛਾਇਆ ਹੇਠ ਫ਼ਿਰੌਤੀ ਲੈਣ ਅਤੇ ਜਾਇਦਾਦਾਂ ਉੱਤੇ ਕਬਜ਼ੇ ਕਰਨ ਦਾ ਕੰਮ ਕਰਦੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚ 70 ਦੇ ਕਰੀਬ ਗੈਂਗਸਟਰ ਦਨਦਨਾਉਂਦੇ ਘੁੰਮ ਰਹੇ ਹਨ ਅਤੇ ਮੁਹਾਲੀ ਵਿੱਚ ਵੀ 70 ਦੇ ਕਰੀਬ ਅਜਿਹੇ ਸ਼ਾਤਿਰ ਅਪਰਾਧੀ ਸਰਗਰਮ ਹਨ। ਇਹ ਅਪਰਾਧੀ ਕਾਰਾਂ ਖੋਹਣ, ਹਾਈਵੇ ‘ਤੇ ਡਕੈਤੀਆਂ ਕਰਨ, ਜਾਇਦਾਦਾਂ ਉੱਤੇ ਕਬਜ਼ੇ ਕਰਨ, ਫ਼ਿਰੌਤੀ ਲੈਣ ઠਤੋਂ ਇਲਾਵਾ ਕਰਜ਼ਾ ਵਸੂਲਣ ਦਾ ਕੰਮ ਵੀ ਕਰਦੇ ਹਨ।
ਆਪਣੀਆਂ ‘ਬਹਾਦਰੀਆਂ’ ‘ਤੇ ‘ਲਾਈਕਸ’ ਵੀ ਚਾਹੁੰਦੇ ਨੇ ਇਹ ਗੈਂਗਸਟਰઠਕਤਲ ਓਦੋਂઠਤਕ ਅਧੂਰਾ ਰਹਿੰਦਾ ਹੈ ਜਦੋਂ ਤਕ ਫ਼ੇਸਬੁੱਕ ‘ਤੇ ਜ਼ਿੰਮੇਵਾਰੀ ਨਾ ਲਈ ਜਾਵੇ, ਬੰਦੂਕਾਂ ਤੇ ਹਥਿਆਰਾਂ ਦੇ ਗੀਤਾਂ ਨੇ ਵੀ ਕੁਰਾਹੇ ਪਾਇਆ ਹੈ ਨੌਜਵਾਨਾਂ ਨੂੰ, ਜਿਉਂ ਦੀ ਤਿਉਂ ਚੱਲ ਰਹੇ ਨੇ ਮਾਰੇ ਗਏ ਅਪਰਾਧੀਆਂ ਦੇ ਐਕਾਊਂਟਸઠ
ਪਟਿਆਲਾ: ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਸੂਬੇ ਵਿੱਚ ਇਸ ਵੇਲੇ 57 ਗੈਂਗ ਮੌਜੂਦ ਹਨ ਜਿਨ੍ਹਾਂ ਦੇ 423 ਦੇ ਕਰੀਬ ਸਰਗਰਮ ਮੈਂਬਰ ਹਨ ਅਤੇ 180 ਦੇ ਕਰੀਬ ਗੈਂਗਸਟਰ/ਗੈਂਗ ਮੈਂਬਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਵੱਖ-ਵੱਖ ਗੈਂਗਾਂ ਦੇ 37 ਮੈਂਬਰ ਅਜਿਹੇ ਹਨ ਜੋ ਪੁਲਿਸ ਦੀ ਗ੍ਰਿਫ਼ਤ ’ਚੋਂ ਭੱਜਣ ਵਿੱਚ ਕਾਮਯਾਬ ਹੋਏ ਹਨ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਅਪਰਾਧ ਜੁੰਡਲੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਛਾਪਦੀਆਂ ਵੀ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਗੈਂਗਸਟਰ ਭਾਵੇਂ ਜੇਲ੍ਹਾਂ ਵਿੱਚ ਵੀ ਡੱਕੇ ਹੋਏ ਹਨ, ਉਥੋਂ ਹੀ ਉਹ ਆਪ ਫ਼ੋਨਾਂ ਰਾਹੀਂ ਅਪਰਾਧਾਂ ਨੂੰ ਅੰਜਾਮ ਦੇ ਲੈਂਦੇ ਹਨ ਅਤੇ ਉਥੋਂ ਹੀ ਉਹ ਸੋਸ਼ਲ ਮੀਡੀਏ ਰਾਹੀਂ ਵਿਰੋਧੀ ਗੈਂਗ ਨੂੰ ਚਿਤਾਵਨੀਆਂ ਵੀ ਦਿੰਦੇ ਰਹਿੰਦੇ ਹਨ ਅਤੇ ਆਪਣੇ ਮਿੱਤਰਾਂ ਪ੍ਰਤੀ ਹਮਦਰਦੀ ਵੀ ਪ੍ਰਗਟ ਕਰਦੇ ਰਹਿੰਦੇ ਹਨ। ਇਹ ਸੋਸ਼ਲ ਮੀਡੀਆ ਅਪਰਾਧੀਆਂ ਦੀ ਕਥਿਤ ਬਹਾਦਰੀ ਨੂੰ ਦਰਸਾਉਣ ਦਾ ਜ਼ਰੀਆ ਵੀ ਬਣ ਗਿਆ ਹੈ। 21 ਜਨਵਰੀ 2015 ਨੂੰ ਫ਼ਗਵਾੜਾ ਵਿਖੇ ਜਦੋਂ ਵਿਰੋਧੀ ਗੈਂਗ ਨੇ ਸੁੱਖਾ ਕਾਹਲਵਾਂ ਕਤਲ ਕੀਤਾ ਤਾਂ ਵਿਰੋਧੀ ਗੈਂਗਸਟਰਾਂ ਨੇ ਉਸ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਦੁਆਲੇ ਭੰਗੜਾ ਪਾਇਆ ਅਤੇ ਵੀਡੀਓ ਵੀ ਸ਼ੂਟ ਕੀਤੀ। ਇਹ ਵੀਡੀਓ ਬਾਅਦ ਵਿੱਚ ਫ਼ੇਸਬੁੱਕ ‘ਤੇ ਪਾਈ ਗਈ। ਕਾਹਲਵਾਂ ਖ਼ੁਦ ਵੀ 40 ਮਾਮਲਿਆਂ ਵਿੱਚ ਲੋੜੀਂਦਾ ਸੀ। ਜਦੋਂ ਫ਼ੇਸਬੁੱਕ ‘ਤੇ ਕਾਹਲੋਂ ਦੇ ਕਤਲ ਦੀ ਪੋਸਟ ਪਾਈ ਗਈ ਤਾਂ ਬਹੁਤ ਸਾਰੇ ਹਮਦਰਦਾਂ ਨੇ ਹਮਦਰਦੀ ਵੀ ਪ੍ਰਗਟ ਕੀਤੀ ਅਤੇ ਬਦਲਾ ਲੈਣ ਦੇ ਸੰਦੇਸ਼ ਵੀ ਲਿਖੇ।
20 ਫ਼ਰਵਰੀ 2016 ਨੂੰ ਰਵੀ ਖਵਾਜਕਾ, ਜੋ ਇਕ ਸਰਪੰਚ ਸੀ, ਲੁਧਿਆਣਾ ਦੀ ਇੱਕ ਵਿਆਹ ਪਾਰਟੀ ਦੌਰਾਨ ਕਤਲ ਕਰ ਦਿੱਤਾ ਗਿਆ। ਉਸ ਦਾ ਕਤਲ ਦੇਵਿੰਦਰ ਬੰਬੀਹਾ ਦੇ ਸਾਥੀਆਂ ਨੇ ਕੀਤਾ ਅਤੇ ਉਸ ਨੇ ਫ਼ੇਸਬੁੱਕ ‘ਤੇ ਇਸ ਦੀ ਜ਼ਿੰਮੇਵਾਰੀ ਵੀ ਲਈ ਅਤੇ ਇਸ ਲਈ ਉਸ ਨੂੰ 500 ਦੇ ਕਰੀਬ ਲਾਈਕਸ ਵੀ ਮਿਲੇ। 30 ਅਪ੍ਰੈਲ 2016 ਨੂੰ ਜਦੋਂ ਜਸਵਿੰਦਰ ਸਿੰਘ ਰੌਕੀ ਨੂੰ ਹਿਮਾਚਲ ਪ੍ਰਦੇਸ਼ ਦੇ ਪ੍ਰਵਾਣੂ ਨੇੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਇਸ ਕਤਲ ਦੀ ਜ਼ਿੰਮੇਵਾਰੀ ਵੀ ਉਸ ਦੇ ਵਿਰੋਧੀ ਗੈਂਗ ਨੇ ਫ਼ੇਸਬੁੱਕ ‘ਤੇ ਲਈ। ਇਹ ਗੈਂਗਸਟਰ ਆਪਣੀਆਂ ਕਥਿਤ ‘ਬਹਾਦਰੀਆਂ’ ਦੀ ਸ਼ੇਖੀ ਸੋਸ਼ਲ ਮੀਡੀਆ ‘ਤੇ ਮਾਰਦੇ ਹਨ ਅਤੇ ਆਪਣੇ ਆਪ ਨੂੰ ਆਧੁਨਿਕ ਜ਼ਮਾਨੇ ਦਾ ਰੌਬਿਨ ਹੁੱਡ ਕਹਾਉਂਦੇ ਹਨ। ਬਹੁਤ ਸਾਰੇ ਗੈਂਗਸਟਰਾਂ ਨੇ ਆਪਣੇ ਐਕਾਊਂਟਾਂ ‘ਤੇ ‘ਲਾਇਨਜ਼ ਔਫ਼ ਪੰਜਾਬ’ ਲਿਖਿਆ ਹੋਇਆ ਹੈ ਅਤੇ ਇਥੋਂ ਤਕ ਕਿ ਕਈਆਂ ਨੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵੀ ਲਗਾਈ ਹੋਈ ਹੈ। ਇਹ ਗੈਂਗਸਟਰ ਓਦੋਂ ਤਕ ਕਤਲ ਨੂੰ ਪੂਰਾ ਹੋਇਆ ਨਹੀਂ ਮੰਨਦੇ ਜਦੋਂ ਤਕ ਉਹ ਫ਼ੇਸਬੁੱਕ ਜਾਂ ਸੋਸ਼ਲ ਮੀਡੀਆ ਉੱਤੇ ਉਸ ਦੀ ਜ਼ਿੰਮੇਵਾਰੀ ਨਹੀਂ ਲੈ ਲੈਂਦੇ ਅਤੇ ਜਦੋਂ ਤਕ ਉਨ੍ਹਾਂ ਨੂੰ ਢੇਰ ਸਾਰੀਆਂ ‘ਲਾਈਕਸ’ ਨਹੀਂ ਮਿਲ ਜਾਂਦੀਆਂ।ઠ
ਪਿਛਲੇ ਮਹੀਨੇ ਜਦੋਂ ਜਸਵਿੰਦਰ ਸਿੰਘ ਰੌਕੀ, ਜਿਸ ਉੱਤੇ ਬਹੁਤ ਸਾਰੇ ਮੁਕੱਦਮੇ ਚਲਦੇ ਸਨ ਅਤੇ ਉਹ 2012 ਵਿੱਚ ਸੁਰਜੀਤ ਜਿਆਣੀ ਖ਼ਿਲਾਫ਼ ਫਾਜ਼ਿਲਕਾ ਤੋਂ ਚੋਣ ਵੀ ਲੜਿਆ ਸੀ, ਨੂੰ ਪ੍ਰਵਾਣੂ ਨੇੜੇ ਮਾਰਿਆ ਗਿਆ ਤਾਂ ਫ਼ੇਸਬੁੱਕ ‘ਤੇ ਇਕ ਦਮ ਸਰਗਰਮੀਆਂ ਵੱਧ ਗਈਆਂ। ਇੱਕ ਦਿਨ ਬਾਅਦ ਇੱਕ ਹੋਰ ਗੈਂਗਸਟਰ ਜੈਪਾਲ, ਜੋ ਕਿ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਇੱਕ ਪੁਲਿਸ ਅਫ਼ਸਰ ਦਾ ਲੜਕਾ ਤੇ ਭਗੌੜਾ ਹੈ, ઠਨੇ ਫ਼ੇਸਬੁੱਕ ਉੱਤੇ ਕਿਹਾ ਕਿ ਰੌਕੀ ਨੂੰ ਮਾਰਨ ਵਾਲਾ ਇੱਕੋ-ਇੱਕ ਉਹ ਹੀ ਹੈ। ਪੁਲਿਸ ਨੂੰ ਇਹ ਜ਼ਿੰਮੇਵਾਰੀ ਇਸ ਲਈ ਵੀ ਸਹੀ ਲੱਗੀ ਕਿਉਂਕਿ ਜੈਪਾਲ ਦਾ ਪਿਛੋਕੜ ਹੀ ਅਜਿਹੇ ਅਪਰਾਧਾਂ ਦਾ ਹੈ। ਉਸ ਦਿਨ ਰੌਕੀ ਦੇ ਹਜ਼ਾਰਾਂ ਹਮਦਰਦਾਂ ਨੇ ਫ਼ੇਸਬੁੱਕ ਉੱਤੇ ਹਮਦਰਦੀ ਦੇ ਸੁਨੇਹੇ ਪੋਸਟ ਕੀਤੇ। ਰੌਕੀ ਨੂੰ ਮਹਾਨ ਦੱਸਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬਦਲੇ ਦਾ ਵੀ ਪ੍ਰਣ ਲਿਆ ਗਿਆ। ਇਨ੍ਹਾਂ ਗੈਂਗਸਟਰਾਂ ਵਲੋਂ ਆਪਣੀਆਂ ਕਾਰਵਾਈਆਂ ਫ਼ੇਸਬੁੱਕ ‘ਤੇ ਇਸ ਲਈ ਪੋਸਟ ਕੀਤੀਆਂ ਜਾਂਦੀਆਂ ਹਨ ਕਿਉਂਕਿ ਉਹ ਆਪਣੇ ਵਿਰੋਧੀਆਂ ਦੀ ਬੇਇਜ਼ਤੀ ਕਰਨਾ ਚਾਹੁੰਦੇ ਹਨ। ਪੰਜਾਬ ਵਿੱਚ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਤੋਂ ਹੀ ਫ਼ੇਸਬੁੱਕ ਐਕਾਊਂਟਸ ਅਪਡੇਟ ਕੀਤੇ ਜਾਂਦੇ ਹਨ। ਪਰ ਜੇਲ੍ਹ ਅਧਿਕਾਰੀ ਕਹਿੰਦੇ ਹਨ ਇਹ ਸਭ ਕੁਝ ਅਪਰਾਧੀਆਂ ਦੇ ਬਾਹਰ ਬੈਠੇ ਸਾਥੀਆਂ ਦੁਆਰਾ ਕੀਤਾ ਜਾਂਦਾ ਹੈ। ADCP (ਜੇਲ੍ਹਾਂ) ઠਐਮ. ਕੇ. ਤਿਵਾੜੀ ਦਾ ਕਹਿਣਾ ਹੈ ਕਿ ਰੌਕੀ ਦੇ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੇ ਤਿੰਨ ਜੇਲ੍ਹਾਂ ਵਿੱਚ ਛਾਪੇ ਮਾਰੇ। ਇਨ੍ਹਾਂ ਵਿੱਚ ਉਹ ਨਾਭਾ ਜੇਲ੍ਹ ਵੀ ਸ਼ਾਮਿਲ ਹੈ ਜਿਥੇ ਵਿੱਕੀ ਗੌਂਡਰ ਬੰਦ ਹੈ ਜਿਸ ਨੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ, ਪਰ ਉਥੋਂ ਕੋਈ ਵੀ ਸਿਮ ਨਹੀਂ ਮਿਲਿਆ।
ਪੰਜਾਬ ਯੂਨੀਵਰਸਿਟੀ ਦੇ ਸੋਸ਼ੀਔਲੋਜੀ ਦੇ ਪ੍ਰੋਫ਼ੈਸਰ ਰਾਜੇਸ਼ ਗਿੱਲ ਨੇ ਇਸ ਰੁਝਾਨ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਖਾੜਕੂਵਾਦ ਵੱਲ ਹਾਲੇ ਵੀ ਆਕਰਸ਼ਿਤ ਹਨ ਅਤੇ ਉਹ ਕੁਝ ਹੀ ਸਮੇਂ ਵਿੱਚ ਪ੍ਰਸਿਧੀ ਹਾਸਲ ਕਰਨ ਲਈ ਬੰਦੂਕਾਂ ਅਤੇ ਹਿੰਸਾ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਅਜਿਹਾ ਕਰਨ ਲਈ ਪੰਜਾਬੀ ਗੀਤਾਂ ਤੋਂ ਵੀ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਗੀਤਾਂ ਵਿੱਚ ਹਥਿਆਰਾਂ ਅਤੇ ਕਤਲਾਂ ਦੀ ਵਡਿਆਈ ਕੀਤੀ ਹੁੰਦੀ ਹੈ। ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕੈਡਮੀ ਨੇ ਇੱਕ ਮਤਾ ਪਾਸ ਕਰ ਕੇ ਬੰਦੂਕ ਸਭਿਆਚਾਰ ਦੀ ਨਿੰਦਾ ਕੀਤੀ ਸੀ ਅਤੇ ਗੀਤਕਾਰਾਂ ਨੂੰ ਅਜਿਹੇ ਗੀਤ ਨਾ ਲਿਖਣ ਲਈ ਕਿਹਾ ਸੀ ਜਿਨ੍ਹਾਂ ਕਾਰਨ ਨੌਜਵਾਨਾਂ ਦਾ ਦਿਮਾਗ ਪੁੱਠੇ ਪਾਸੇ ਵੱਲ ਲਗਦਾ ਹੋਵੇ। ਗੈਂਗਸਟਰ ਆਪਣੇ ਆਪ ਨੂੰ ਬਹਾਦਰ ਅਤੇ ਸਾਹਸੀ ਦੱਸਣ ਲਈ ਅਜਿਹੇ ਮੈਸੇਜ ਆਪਣੇ ਪੇਜਾਂ ਉੱਤੇ ਪਾਉਂਦੇ ਅਤੇ ਇਹ ਦੱਸਣ ਦੀ ਵੀ ਕੋਸ਼ਿਸ਼ ਕਰਦੇ ਹਨ ਕਿ ਕਾਨੂੰਨ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। ਪੰਜਾਬ ਯੂਨੀਵਰਸਿਟੀ ਦੇ ਸਾਈਕੌਲੋਜੀ ਦੇ ਪ੍ਰੋਫ਼ੈਸਰ ਜਤਿੰਦਰ ਮੋਹਨ ਦਾ ਕਹਿਣਾ ਹੈ ਕਿ ਦਿਖਾਵਾ ਪੰਜਾਬੀ ਸਭਿਆਚਾਰ ਦਾ ਇਕ ਹਿੱਸਾ ਹੈ। ਇਹ ਗੈਂਗਸਟਰ ਵੀ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਕਰਦੇ ਹਨ ਤਾਂ ਜੋ ਉਹ ਮਸ਼ਹੂਰ ਹੋ ਜਾਣ।ઠ
IGP (ਸਾਈਬਰ ਕਰਾਈਮ) ઠਪੀ.ਕੇ. ਸਿਨਹਾ ਦਾ ਕਹਿਣਾ ਹੈ ਕਿ ਸਾਈਬਰ ਸੈੱਲ ਵਲੋਂ ਇਨ੍ਹਾਂ ਅਪਰਾਧੀਆਂ ਉੱਤੇ ਔਨ ਲਾਈਨ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੁਆਰਾ ਫ਼ੇਸਬੁੱਕ ਦੇ ਹੈਡਕੁਆਰਟਰ ਕੈਲਫ਼ੋਰਨੀਆ ਵਿਖੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਅਜਿਹੇ ਐਕਾਊਂਟਾਂ ਨੂੰ ਬੰਦ ਕੀਤਾ ਜਾ ਸਕੇ। ਇਸ ਸਬੰਧੀ ਇਨਫ਼ਰਮੇਸ਼ਨ ਟੈਕਨੌਲੋਜੀ ਐਕਟ ਦੀ ਧਾਰਾ 69 A ਦੇ ਅਧੀਨ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਲ ਦੀ ਘੜੀ ਇਹ ਗੈਂਗ ਅਗਲੇ ਅਪਰਾਧ ਬਾਰੇ ਸਾਜ਼ਿਸ਼ ਕਰ ਰਹੇ ਹੋਣਗੇ। ਰੌਕੀ ਦੇ ਕਤਲ ਤੋਂ ਬਾਅਦ ਜੈਪਾਲ ਨੇ ਜੋ ਪੋਸਟ ਕੀਤਾ ਹੈ ਉਸ ਉੱਤੇ ਲਿਖਿਆ ਹੈ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਜ਼ਰਾ ਇੰਤਜ਼ਾਰ ਕਰੋ ਅਤੇ ਦੇਖੋ।