ਪਿੰਡ ਦੀ ਸੱਥ ਵਿੱਚੋਂ (ਕਿਸ਼ਤ-277)

ਸੱਥ ਵਿੱਚ ਆਉਂਦਿਆਂ ਹੀ ਬਾਬਾ ਬਿਸ਼ਨ ਸਿਉਂ ਛਿੱਕਲਾਂ ਦੇ ਕੈਲੇ ਫ਼ੌਜੀ ਦੀ ਗੱਲ ਛੇੜ ਕੇ ਬਹਿ ਗਿਆ। ਸੀਤੇ ਮਰਾਸੀ ਦੇ ਨੇੜੇ ਹੋ ਕੇ ਬਾਬਾ ਬਿਸ਼ਨ ਸਿਉਂ ਕਹਿੰਦਾ,
”ਕਿਉਂ ਬਈ ਸੀਤਾ ਸਿਆਂ! ਯਾਰ ਪਿੰਡ ਆਲਿਆਂ ਨੇ ਕੈਲੇ ਫ਼ੋਜੀ ਨੂੰ ਗੁਰਦੁਆਰੇ ‘ਚ ਕਾਹਤੋਂ ਵਾੜ ਲਿਆ। ਉਹ ਤਾਂ ਖਾ ਗਿਆ ਗੌਰਮਿੰਟ ਨੂੰ ਗੁਰਦੁਆਰੇ ਵਾਲੇ ਉਹਨੂੰ ਕਿਉਂ ਲਈ ਬੈਠੈ ਆ? ਨਾਲੇ ਜਿਹੜਾ ਗੁਰਦੁਆਰੇ ‘ਚ ਲੰਗਰ ਹਾਲ ਬਣਾਇਆ, ਉਹਦੇ ‘ਤੇ ਵੀ ਖਾਸੇ ਪੈਂਸੇ ਲੱਗ ਗੇ ਹੋਣੇ ਐਂ ਕੁ ਨਹੀਂ?”
ਰੇਸ਼ਮ ਕਾ ਗੀਸਾ ਬਾਬੇ ਦੀ ਗੱਲ ਸੁਣ ਕੇ ਕਹਿੰਦਾ, ”ਤੇਰਾ ਮਤਬਲ ਐ ਬਈ ਕੈਲਾ ਫ਼ੌਜੀ ਲੰਗਰ ਹਾਲ ‘ਚੋਂ ਪੈਂਸੇ ਖਾ ਗਿਆ ਹੋਊ, ਇਹੀ ਐ ਨਾ। ਹੁਣ ਉਹ ਪ੍ਰਬੰਧ ਨ੍ਹੀ ਗੁਰਦੁਆਰੇ ਦਾ ਜਿਹੜਾ ਗਿਆਨੀ ਜੱਸਾ ਸਿਉਂ ਵੇਲੇ ਹੁੰਦਾ ਸੀ। ਜਦੋਂ ਗਿਆਨੀ ਜੱਸਾ ਸਿਉਂ ਕੋਲ ਗੋਲਕ ਦੀਆਂ ਕੁੰਜੀਆਂ ਹੁੰਦੀਆਂ ਸਨ, ਓਦੋਂ ਚਲਦਾ ਹੁੰਦਾ ਸੀ ਪ੍ਰਬੰਧ। ਹੁਣ ਤਾਂ ਅੱਧੇ ਪੈਂਸੇ ਗੁਰਦੁਆਰੇ ‘ਤੇ ਲੱਗਦੇ ਐ ਅੱਧੇ ਇਹ ਘੜੰਮ ਚੌਧਰੀ ਘਰ ‘ਚ ਖਾ ਜਾਂਦੇ ਐ।”
ਬਾਬਾ ਕਹਿੰਦਾ, ”ਮੈਂ ਤਾਂ ਗੀਸਾ ਸਿਆਂ ਇਉਂ ਕਹਿਨਾਂ ਬਈ ਜਿਹੜਾ ਲੰਗਰ ਹਾਲ ਬਣਿਐਂ, ਇਹਦੇ ‘ਤੇ ਤਾਂ ਯਾਰ ਮਣਾਂ ਮੂੰਹੀਂ ਪੈਂਸੇ ਲੱਗੇ ਹੋਣੇ ਐ। ਉੱਚਾ ਵੀ ਬਹੁਤ ਪਾ ‘ਤਾ। ਰੱਬ ਨਾਲ ਜਾ ਲਾਇਆ।”
ਮਾਹਲਾ ਨੰਬਰਦਾਰ ਕਹਿੰਦਾ, ”ਅੰਦਰੋਂ ਖੁੱਲ੍ਹਾ ਵੀ ਬਹੁਤ ਐ ਬਿਸ਼ਨ ਸਿਆਂ। ਤਾਹੀਂ ਤਾਂ ਪੈਂਸੇ ਲੱਗੇ ਐ।”
ਸੀਤਾ ਮਰਾਸੀ ਬਾਬੇ ਬਿਸ਼ਨ ਨੂੰ ਕਹਿੰਦਾ, ”ਪੈਂਸਿਆਂ ਪੂੰਸਿਆਂ ਦੀ ਤਾਂ ਬਾਬਾ ਗੱਲ ਛੱਡ ਤੂੰ, ਇਹ ਵੇਖ ਲਾ ਬਈ ਜਿਹੜੀ ਗੁਰਦੁਆਰੇ ਦੀ ਕਮੇਟੀ ਐ ਜਿਹੜੀ ਗੁਰਦੁਆਰੇ ਦੇ ਕੰਮ ਕਾਰ ਨੂੰ ਸੰਭਾਲਦੀ ਐ, ਮੈਨੂੰ ਤਾਂ ਇਹਦਾ ਵੀ ਕੋਈ ਦੀਨ-ਮਾਨ ਨ੍ਹੀ ਲੱਗਦਾ। ਸੈਂਕਲ ਦੇ ਵੀ ਸਟੈਂਡ ਹੁੰਦਾ, ਇਨ੍ਹਾਂ ਦਾ ਤਾਂ ਪਤੰਦਰਾਂ ਦਾ ਕੋਈ ਸਟੈਂਡ ਈ ਨ੍ਹੀ। ਆਵਦੀਆਂ ਮਨ ਮਰਜੀਆਂ ਕਰੀ ਜਾਂਦੇ ਐ। ਆਹ ਕਰਤਾਰੇ ਝਿੱਫ਼ਾਂ ਦੇ ਮੀਤੇ ਆਲੀ ਤਾਂ ਹੱਦ ਈ ਹੋਈ ਪਈ ਐ। ਇਹਨੂੰ ਮੀਤੇ ਨੂੰ ਆਪ ਨੂੰ ਤਾਂ ਮੂ:ਲ ਮੰਤਰ ਮਨ੍ਹੀ ਆਉਂਦਾ, ਗੁਰਦੁਆਰੇ ਆਲਿਆਂ ਨੇ ਉਹਨੂੰ ਪਾਠੀ ਭਰਤੀ ਕਰਨ ‘ਤੇ ਰੱਖਿਆ ਵਿਐ।”
ਸੀਤੇ ਮਰਾਸੀ ਦੀ ਅੱਧ ਵਿਚਾਲਿਉਂ ਗੱਲ ਟੋਕ ਕੇ ਚੁੱਪ ਕਰਿਆ ਬੈਠਾ ਗੱਲਾਂ ਸੁਣੀ ਜਾਂਦਾ ਨਾਥਾ ਅਮਲੀ ਮਰਾਸੀ ਨੂੰ ਗੱਲੀਂ ਬਾਤੀਂ ਇਉਂ ਚਿੰਬੜ ਗਿਆ ਜਿਮੇਂ ਗਰਦੌਰੀ ਕਰਨ ਗਏ ਪਟਵਾਰੀ ਦੇ ਸੁੱਥੂ ਨੂੰ ਲੇਹਾ ਚਿੰਬੜ ਜਾਂਦਾ ਹੁੰਦੈ। ਮੱਥੇ ‘ਚ ਸੱਤ ਤਿਉੜੀਆਂ ਪਾ ਕੇ ਨਾਥਾ ਅਮਲੀ ਮਰਾਸੀ ਨੂੰ ਕਹਿੰਦਾ, ”ਗੱਲ ਸੁਣ ਓਏ ਮੀਰ! ਭਰਤੀ ਆਲੀ ਗੱਲ ਤੂੰ ਗੁਰਦੁਆਰੇ ਦੀ ਕੀਤੀ ਐ ਕੁ ਫ਼ੌਜ ਦੀ? ਤੂੰ ਕਿਹਾ ਬਈ ਝਿੱਫ਼ਾਂ ਦਾ ਮੀਤਾ ਗੁਰਦੁਆਰੇ ਆਲਿਆਂ ਨੇ ਪਾਠੀ ਭਰਤੀ ਕਰਨ ‘ਤੇ ਰੱਖਿਆ ਵਿਐ। ਭਰਤੀ ਕਰਨ ਨੂੰ ਕਿਤੇ ਫ਼ੌਜ ਦੀ ਭਰਤੀ ਐ ਇਹੇ। ਰੱਖਣਾ ਤਾਂ ਪਾਠੀ ਗੁਰਦੁਆਰੇ ਹੁੰਦੈ, ਤੂੰ ਗਾਹਾਂ ਕਹੀ ਜਾਨੈਂ ਪਾਠੀ ਭਰਤੀ ਕਰਨ ‘ਤੇ ਰੱਖਿਆ ਵਿਐ। ਹੁਣ ਨ੍ਹੀ ਬਾਈ ਉਹਨੂੰ ਕੋਈ ਪੁੱਛਦਾ। ਆਹ ਜਿੱਦੇਂ ਲੰਗਰ ਹਾਲ ਦੀ ਛੱਤ ‘ਤੇ ਫ਼ਰਸ਼ ਲਾਉਣ ਦਾ ਕੰਮ ਵਿੱਢਿਆ ਦੀ, ਓਦੂੰ ਪਹਿਲਾਂ ਦਾ ਹਟਾਇਆ ਵਿਆ ਉਹੋ। ਹੁਣ ਕਿਹੜਾ ਵੜਣ ਦਿੰਦਾ ਉਹਨੂੰ ਗੁਰਦੁਆਰੇ।”
ਪ੍ਰਤਾਪਾ ਭਾਊ ਕਹਿੰਦਾ, ”ਕਿਉਂ ਹੁਣ ਕਿਉਂ ਨ੍ਹੀ ਕੋਈ ਗੁਰਦੁਆਰੇ ਵੜਨ ਦਿੰਦਾ, ਹੁਣ ਕੀ ਪਾਠ ਭੁੱਲ ਗਿਆ।”
ਭਾਊ ਦੀਆਂ ਗੱਲਾਂ ਸੁਣ ਕੇ ਅਮਲੀ ਕਹਿੰਦਾ, ”ਪਾਠ ਆਉਂਦਾ ਵੀ ਕਦੋਂ ਸੀ ਉਹਨੂੰ। ਇਹ ਗੱਲ ਤਾਂ ਪਹਿਲਾਂ ਈ ਹੋ ਹਟੀ ਐ ਬਈ ਜਿੱਦਣ ਦੀ ਗਿਆਨੀ ਜੱਸਾ ਸਿਉਂ ਆਲੀ ਕਮੇਟੀ ਨੇ ਨਮੀਂ ਕਮੇਟੀ ਨੂੰ ਕੁੰਜੀਆਂ ਸੰਭਾਈਐਂ, ਓਦਣ ਦਾ ਈ ਗੁਰਦੁਆਰੇ ‘ਚ ਰਾਮ ਘਚੋਲਾ ਪਿਆ ਵਿਆ।”
ਬਾਬੇ ਬਿਸ਼ਨ ਸਿਉਂ ਨੇ ਅਮਲੀ ਨੂੰ ਪੁੱਛਿਆ, ”ਰਾਮ ਘਚੋਲਾ ਅਮਲੀਆ ਕਿਮੇਂ ਓਏ?”
ਅਮਲੀ ਫ਼ੇਰ ਬੁੜ੍ਹਕਿਆ ਰਬੜ ਦੀ ਖਿੱਦੋ ਵਾਂਗੂੰ, ”ਰਾਮ ਘਚੋਲਾ ਈ ਐ ਬਾਬਾ ਹੋਰ ਕੀਅ੍ਹੈ। ਇਹ ਨਮੀਂ ਕਮੇਟੀ ਨੇ ਗੁਰਦੁਆਰੇ ‘ਚ ਜਿੰਨੇ ਵੀ ਰਾਗੀ ਪਾਠੀ ਕੀਰਤਨੀਏ ਜਾਂ ਕੋਈ ਹੋਰ ਸੇਵਾਦਾਰ ਰੱਖੇ ਐ, ਉਨ੍ਹਾਂ ‘ਚ ਕੋਈ ਵੀ ਸਾਬਤਾ ਨ੍ਹੀ। ਕਿਸੇ ਨੂੰ ਪਾਠ ਨ੍ਹੀ ਆਉਂਦਾ, ਕਿਸੇ ਨੂੰ ਅਰਦਾਸ ਨ੍ਹੀ ਕਰਨੀ ਆਉਂਦੀ, ਜਿਹੜੇ ਕੀਰਤਨੀਏ ਜੇ ਐ, ਉਹ ਊਂ ਭੁੱਲ ਜਾਂਦੇ ਐ। ਇੱਕ ਹੋਰ ਈ ਵਿੰਗ ਤੜਿੰਗਾ ਜਾ ਰੱਖਿਆ ਵਿਆ। ਨਾ ਉਹਨੂੰ ਪਾਠ ਆਉਂਦੈ, ਨਾ ਕੀਰਤਨ ਆਉਂਦਾ। ਨਾ ਕਥਾ ਈ ਆਉਂਦੀ ਐ। ਗੱਲ ਮੁਕਾ ਯਰ ਬਾਬਾ ਉਹ ਤਿੰਨਾਂ ‘ਚ ਨ੍ਹੀ ਤੇਰ੍ਹਾਂ ‘ਚ ਨ੍ਹੀ। ਪਤਾ ਨ੍ਹੀ ਕਿੱਥੋਂ ਲਿਆਂਦੀ ਐ ਨਸਲ।”
ਜੰਗੇ ਕਾ ਘੁੱਕਾ ਕਹਿੰਦਾ, ”ਸ਼ਾਂਗਾ ਦੱਸਦੇ ਐ ਉਹਦਾ ਨਾਂਅ। ਹੋਕਾ ਦੇਣ ‘ਤੇ ਰੱਖਿਆ ਵਿਆ ਉਹੋ ਬਈ ਸਪੀਕਰ ‘ਚ ਹੋਕਾ ਵਧੀਆਂ ਦਿੰਦਾ। ਕਹਿੰਦੇ ਜਦੋਂ ਉਹ ਸਪੀਕਰ ‘ਚ ਬੋਲਦਾ ਤਾਂ ਗੜਗੂੰਜਾਂ ਪਾ ਦਿੰਦਾ। ਕਹਿੰਦੇ ਬੋਲ ਬਹੁਤ ਵੱਡਾ ਉਹਦਾ।”
ਘੁੱਕੇ ਦੇ ਮੂੰਹੋਂ ਹੋਕੇ ਦੀ ਗੱਲ ਸੁਣ ਕੇ ਅਮਲੀ ਘੁੱਕੇ ਨੂੰ ਵੀ ਪੁੱਠ ਕੰਡੇ ਵਾਂਗੂੰ ਚਿੰਬੜ ਗਿਆ, ”ਲਓ! ਹੋਰ ਸੁਣ ਲੋ। ਅਕੇ ਬੋਲ ਬਹੁਤ ਵੱਡਾ ਤੇ ਵਧੀਆ ਹੋਕਾ ਦਿੰਦਾ। ਪਹਿਲੀ ਗੱਲ ਤਾਂ ਘੁੱਕ ਸਿਆਂ ਇਹ ਐ ਬਈ ਬੋਲ ਵੱਡੇ ਨੂੰ ਕਿਤੇ ਉਹ ਰਾਏਸਰੀਆ ਸੰਤ ਰਾਮ ਉਦਾਸੀ ਐ ਬਈ ਬਿਨਾਂ ਸਪੀਕਰ ਤੋਂ ਈ ਗਾ ਲੈਂਦਾ। ਦੂਜੀ ਗੱਲ ਐ ਹੋਕੇ ਵਧੀਆ ਦੀ। ਕੀ ਵਧੀਆ ਹੋਕਾ ਦੇ ਲੈਂਦਾ। ਤੈਨੂੰ ਪਤਾ ਉਹਨੂੰ ਗੁਰਦੁਅਰੇ ‘ਚੋਂ ਕੱਢਿਆ ਕਾਹਤੋਂ ਸੀ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਇਹਨੂੰ ਕੀ ਪਤਾ ਕਾਹਤੋਂ ਕੱਢਿਆ ਸੀ, ਤੈਨੂੰ ਪਤੈ ਤੂੰ ਦੱਸਦੇ।”
ਅਮਲੀ ਕਹਿੰਦਾ, ”ਲੈ ਸੁਣ ਫ਼ਿਰ। ਜਿੱਦੇਂ ਲੰਗਰ ਹਾਲ ਦੀ ਛੱਤ ਦੇ ਉੱਤੇ ਫਰਸ਼ ਲਾਉਣ ਲਈ ਮਿੱਟੀ ਪਾ ਕੇ ਇੱਟਾਂ ਚਿਣਨੀਆਂ ਸੀ, ਓਦੂੰ ਪਹਿਲਾਂ ਈ ਹਟਾ ‘ਤਾ ਪਚੈਤ ਆਲਿਆਂ ਨੇ। ਮਿੱਟੀ ਦਾ ਹੋਕਾ ਦੇਣ ਵੇਲੇ ਇਹ ਤਾਂ ਕਹੇ ਨਾ ਬਈ ਲੰਗਰ ਹਾਲ ਦੀ ਛੱਤ ਉੱਪਰ ਪਲ਼ੋਂ ਵਾਲੀ ਮਿੱਟੀ ਪਾ ਕੇ ਇੱਟਾਂ ਦਾ ਫ਼ਰਸ਼ ਲਾਉਣੈ, ਘਰ ਘਰ ਦਾ ਬੰਦਾ ਗੁਰਦੁਆਰਾ ਸਾਹਿਬ ਪਹੁੰਚੋ’। ਦੋ ਦਿਨ ਬਾਬਾ ਬਿਸ਼ਨ ਸਿਆਂ ਤੜਕੇ ਆਥਣੇ ਆਹੀ ਹੋਕਾ ਦੇਈ ਗਿਆ ਅਕੇ ਗੁਰਦੁਆਰੇ ਦਾ ਜਿਹੜਾ ਲੰਗਰ ਹਾਲ ਐ, ਉਹਦੇ ‘ਤੇ ਮਿੱਟੀ ਪਾਉਣੀ ਐ। ਸਾਰਿਆਂ ਨੂੰ ਬੇਨਤੀ ਹੈ ਕਿ ਸੰਗਤ ਵੱਧ ਤੋਂ ਵੱਧ ਆਓ ਅਤੇ ਗੁਰਦੁਆਰੇ ਦੇ ਲੰਗਰ ਹਾਲ ‘ਤੇ ਆਓ, ਰਲ ਮਿਲ ਕੇ ਮਿੱਟੀ ਪਾ ਕੇ ਇਹਦਾ ਕੰਮ ਨਬੇੜੀਏ। ਹੁਣ ਇਹ ਗੱਲ ਵੇਖ ਲੋ ਕਿੱਧਰ ਨੂੰ ਜਾਂਦੀ ਐ ਕੰਮ ਨਬੇੜਣ ਆਲੀ। ਹੁਣ ਤੂੰ ਆਪ ਈ ਵੇਖ ਲਾ ਬਾਬਾ ਮਿੱਟੀ ਪਾਉਣੀ ਕਾਸਨੂੰ ਕਹਿੰਦੇ ਹੁੰਦੇ ਐ। ਜਦੋਂ ਇਹ ਹੋਕਾ ਘੁੱਲੇ ਸਰਪੈਂਚ ਦੇ ਕੰਨਾਂ ‘ਚ ਪਿਆ, ਉਹਦਾ ਤੈਨੂੰ ਪਤਾ ਈ ਐ ਬਈ ਕਿਸੇ ਦੀ ਢਕੀ ਢਕਾਈ ਰਹਿਣ ਨ੍ਹੀ ਦਿੰਦਾ ਫ਼ਿਰ। ਘੁੱਲੇ ਸਰਪੈਂਚ ਨੇ ਪਹਿਲਾਂ ਤਾਂ ਗੁਰਦੁਆਰੇ ਆ ਕੇ ਉਹਦੀ ਸ਼ੰਗਾਈ ਕੀਤੀ ਸ਼ਾਂਗਾ ਸਿਉਂ ਦੀ, ਫ਼ੇਰ ਜਿਹੜੇ ਓੱਥੇ ਗੁਰਦੁਆਰੇ ‘ਚ ਪੰਜ ਸੱਤ ਜਣੇ ਹੋਰ ਬੈਠੇ ਸੀ ਰੋਟੀਆਂ ਭੰਨ, ਫ਼ੇਰ ਉਨ੍ਹਾਂ ਦੀ ਬਣਾਈ ਕੱਤਣੀ। ਵੱਸ ਫ਼ੇਰ ਆਥਣ ਨੂੰ ਘੱਲ ‘ਤਾ ਪਿਲਸਨ। ਇਉਂ ਹਟਾਇਆ ਉਹਨੂੰ ਗੁਰਦੁਆਰੇ ‘ਚੋਂ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਅਮਲੀਆ ਦਿਆਲੇ ਮਾਝੂ ਕੇ ਘਰੇ ਜਿਹੜੇ ‘ਖੰਡ ਪਾਠ ਦਾ ਰੌਲਾ ਪਿਆ ਸੀ ਉਹ ਪਾਠੀ ਦੀ ਵੀ ਲਗਦੇ ਹੱਥ ਹੁਣ ਸਪੀਕਰ ਬੰਨ੍ਹੇ ਬੰਨ੍ਹਾਏ ‘ਤੇ ਦੱਸ ਈ ਦੇ। ਐਮੇਂ ਮੁੜ ਕੇ ਫ਼ੇਰ ਚੱਕਦਾ ਫ਼ਿਰੇਂਗਾ ਸੰਦ ਵਲੇਮੇਂ।”
ਅਮਲੀ ਦਿਆਲੇ ਮਾਝੂ ਕੇ ਘਰੇ ਅਖੰਡ ਪਾਠ ਵਾਲੀ ਗੱਲ ਯਾਦ ਕਰ ਕੇ ਹੱਥ ‘ਤੇ ਹੱਥ ਮਾਰ ਕੇ ਹੱਸਿਆ। ਮਾਹਲੇ ਨੰਬਰਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਨੰਬਰਦਾਰ ਨੂੰ ਕਹਿੰਦਾ, ”ਤੂੰ ਸੀਗ੍ਹਾ ਨੰਬਰਦਾਰਾ ਮਾਝੂ ਕੇ ਘਰੇ ਜਦੋਂ ਸ਼ੀਹਣਾ ਪਾਠੀ ਗਾਉਣ ਆਲੀ ਗੁਰਮੀਤ ਬਾਵਾ ਆਂਗੂੰ ਲੰਮੀਆਂ ਲੰਮੀਆਂ ਹੇਕਾਂ ‘ਚ ਪਾਠ ਪੜ੍ਹਣ ਲੱਗ ਗਿਆ ਸੀ।”
ਨੰਬਰਦਾਰ ਕਹਿੰਦਾ, ”ਉਹ ਤਾਂ ਸਾਰੇ ਪਿੰਡ ਨੂੰ ਈ ਪਤਾ ਲੱਗ ਗਿਆ ਸੀ ਜਦੋਂ ਸਪੀਕਰ ‘ਚ ਸੁਣੀ ਜਾਂਦਾ ਸੀ। ਓਧਰਲੇ ਗੁਆੜ ਆਲਾ ਸ਼ੇਰ ਪਾਠੀ ਕਿਤੇ ਚਿੰਤੇ ਮਿੰਬਰ ਕੇ ਘਰੇ ਆਇਆ ਸੀ ਤੜਕੋ ਤੜਕੋ ਛੀ ਕੁ ਵਜਦੇ ਨਾਲ। ਜਦੋਂ ਉਹਨੇ ਸਪੀਕਰ ‘ਚ ਪਾਠ ਹੁੰਦਾ ਸੁਣਿਆ ਬਈ ਹਜੇ ਵੱਜੇ ਤਾਂ ਛੀ ਐ ਤੇ ਪਾਠ ਐਡੀ ਛੇਤੀ ਭੋਗ ਪੈਣ ਦੇ ਨੇੜੇ ਕਿਮੇਂ ਹੋ ਗਿਆ। ਸ਼ੇਰ ਪਾਠੀ ਨੇ ਕਿਤੇ ਚਿੰਤੇ ਮਿੰਬਰ ਨੂੰ ਪੁੱਛ ਲਿਆ ਬਈ ਮਾਝੂ ਕਿਆਂ ਨੇ ‘ਖੰਡ ਪਾਠ ਦਾ ਭੋਗ ਕਿੰਨੇ ਵਜੇ ਪਾਉਣੈ? ਜਿਮੇਂ ਪਾਠੀ ਪਾਠ ਪੜ੍ਹੀ ਜਾਂਦੈ ਓਮੇਂ ਤਾਂ ਅੱਧੇ ਘੰਟੇ ਦਾ ਵੀ ਕੰਮ ਨ੍ਹੀ। ਐਡੀ ਛੇਤੀ ਕਿਮੇਂ ਸਾਰਾ ਪਾਠ ਪੜ੍ਹਿਆ ਗਿਆ?”
ਨਾਥਾ ਅਮਲੀ ਕਹਿੰਦਾ, ”ਮੈਂ ਦੱਸਦਾਂ ਨੰਬਰਦਾਰਾ ਤੈਨੂੰ। ਇਹ ਜਿਹੜਾ ਪਾਠੀ ਗੁਰਦੁਆਰੇ ਆਲਿਆਂ ਨੇ ਕਈ ਦਿਨ ਹੋ ਗੇ ਹਟਾ ‘ਤਾ ਸੀ, ਉਹਦੀ ਗੱਲ ਐ। ਸੁਬ੍ਹਾ ਅੰਮ੍ਰਿਤ ਵੇਲੇ ਦੋ ਵਜੇ ਆਲੀ ਰੌਲ ਆਲਾ ਪਾਠੀ ਜਦੋਂ ਪਾਠ ਪੜ੍ਹਨ ਬੈਠਾ, ਪਤੰਦਰ ਨੇ ਇੱਕ ਦੋ ਅੰਗ ਪੜ੍ਹੇ ਪਤਾ ਨ੍ਹੀ ਨਹੀਂ, ਨੀਂਦ ਨੇ ਢਾਹ ਲਿਆ। ਮਾਹਰਾਜ ਦੀ ਤਾਬਿਆ ਚੀ ਸੌਂ ਗਿਆ। ਜਦੋਂ ਘੰਟੇ ਡੇਢ ਘੰਟੇ ਪਿੱਛੋਂ ਅੱਖ ਖੁੱਲ੍ਹੀ, ਪਤੰਦਰ ਨੇ ਲੱਖਣ ਜਾ ਲਾ ਕੇ ਖਾਸੇ ਸਾਰੇ ਅੰਗ ਥੱਲ ‘ਤੇ। ਜਦੋਂ ਨੂੰ ਚਾਰ ਵਜੇ ਆਲੇ ਪਾਠੀ ਦੀ ਰੌਲ ਆਈ, ਓਦੋਂ ਨੂੰ ਪਾਠ ਭੋਗ ਦੇ ਨੇੜੇ ਹੋ ਗਿਆ। ਦੂਜੇ ਪਾਠੀ ਨੇ ਵੀ ਖਿਚ ‘ਤੀ ਸ਼ਪੀਟ। ਫ਼ੇਰ ਪਿੰਡ ਆਲਿਆਂ ਨੂੰ ਪਤਾ ਲੱਗ ਗਿਆ ਬਈ ਇਹ ਤਾਂ ਪਾਠ ਛੱਡ ਛੱਡ ਪੜ੍ਹਿਆ ਗਿਆ। ਚਾਰ ਵਜੇ ਆਲਾ ਪਾਠੀ ਵੀ ਪਾਠ ਪੜ੍ਹਦਾ ਪੜ੍ਹਦਾ ਹੋਕਾ ਦੇਣ ਬਹਿ ਗਿਆ ਬਈ ਜੀਹਤੋਂ ਆਈ ਦਾ ਛੇਤੀ ਆ ਜੋ, ਭੋਗ ਤਾਂ ਮੱਲੋ ਮੱਲੀ ਪੈਣ ਲੱਗਦੈ। ਆਹ ਗੱਲ ਮਾਝੂ ਕੇ ਦਿਆਲੇ ਕੇ ‘ਖੰਡ ਪਾਠ ਵੇਲੇ ਹੋਈ ਸੀ। ਘੁੱਲੇ ਸਰਪੈਂਚ ਨੇ ਗੁਰਦੁਆਰੇ ਆਲਿਆਂ ਨੂੰ ਘੂਰ ਘੱਪ ਕੇ ਕੰਮਚੋਰ ਸਾਰੇ ਦਵੱਲ ‘ਤੇ।”
ਏਨੇ ਚਿਰ ਨੂੰ ਬਜਰੰਗੇ ਕਾ ਤੋਤੀ ਸੱਥ ‘ਚ ਆ ਕੇ ਬਾਬੇ ਬਿਸ਼ਨ ਸਿਉਂ ਦਾ ਹਾਲ ਚਾਲ ਪੁੱਛ ਕੇ ਬਾਬੇ ਨੂੰ ਕਹਿੰਦਾ, ”ਕਿਉਂ ਬਾਬਾ! ਮੈਂ ਕਰਾਉਣੈ ‘ਖੰਡ ਪਾਠ, ਪਾਠੀ ਨ੍ਹੀ ਥਿਆਉਂਦੇ, ਪਾਠੀਆਂ ਦੀ ਦੱਸ ਪਾ।”
ਨਾਥਾ ਅਮਲੀ ਤੋਤੀ ਨੂੰ ਕਹਿੰਦਾ, ”ਪਾਠੀ ਤਾਂ ਤੋਤੀ ਮੱਲਾ ਤੈਨੂੰ ਮੈਂ ਦੱਸ ਦਿਨੈਂ, ਨਾਲੇ ਸਸਤੇ ਚੀ ਸਰ ਜੂ। ਆਹ ਜਿਹੜੇ ਆਪਣੇ ਗੁਰਦੁਆਰੇ ਆਲਿਆਂ ਨੇ ਹਟਾਏ ਐ, ਉਨ੍ਹਾਂ ਦਾ ਪਤਾ ਲੈ ਲਾ ਨਾਲੇ ਵਿਹਲੇ ਈ ਹੋਣਗੇ।”
ਅਮਲੀ ਦੀ ਪਾਈ ਦੱਸ ਸੁਣ ਕੇ ਬਾਬਾ ਬਿਸ਼ਨ ਸਿਉਂ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਅਮਲੀਆ। ਜੇ ਉਹ ਚੰਗੇ ਪਾਠੀ ਹੁੰਦੇ ਗੁਰਦੁਆਰੇ ਆਲੇ ਕਾਹਤੋਂ ਹਟਾਉਂਦੇ।”
ਬਾਬੇ ਦੀ ਗੱਲ ਸੁਣ ਕੇ ਤੋਤੀ ਨਾਥੇ ਅਮਲੀ ਨਾਲ ਟੱਕਰ ਪਿਆ, ”ਤੂੰ ਮੇਰੇ ਨਾਲ ਟਿੱਚਰ ਕਰਦਾਂ ਓਏ।”
ਗੁੱਸੇ ਆਇਆ ਤੋਤੀ ਅਮਲੀ ਨੂੰ ਖਾਸਾ ਉੱਚਾ ਨੀਵਾਂ ਬੋਲ ਗਿਆ। ਤੋਤੀ ਨੂੰ ਹਰਖਿਆ ਵੇਖ ਕੇ ਬਾਬਾ ਬਿਸ਼ਨ ਸਿਉਂ ਤੋਤੀ ਨੂੰ ਚੁੱਪ ਕਰਾ ਕੇ ਸੱਥ ਵਾਲਿਆ ਨੂੰ ਕਹਿੰਦਾ, ”ਚੱਲੋ ਭਾਈ ਉਠੋ ਘਰਾਂ ਨੂੰ ਚੱਲੀਏ, ਐਮੇਂ ਖਾਹ ਮਖਾਹ ਲੜੋਂਗੇ ਹੁਣ।”
ਬਾਬੇ ਦੇ ਕਹਿਣ ‘ਤੇ ਸਾਰੇ ਸੱਥ ਵਾਲੇ ਪਾਠੀਆਂ ਦੀਆਂ ਗੱਲਾਂ ਰਿੱੜਕਦੇ ਹੋਏ ਆਪੋ ਆਪਣੇ ਘਰਾਂ ਨੂੰ ਚੱਲ ਪਏ।