ਪਿੰਡ ਦੀ ਸੱਥ ਵਿੱਚੋਂ (ਕਿਸ਼ਤ-247)

ਕਹਿਰ ਦੀ ਗਰਮੀ ਦੇ ਦਿਨਾਂ ‘ਚ ਸੱਥ ਵਾਲੇ ਥੜ੍ਹੇ ‘ਤੇ ਤਾਸ਼ ਖੇਡੀ ਜਾਂਦੀ ਢਾਣੀ ਕੋਲ ਸਾਫ਼ੇ ‘ਤੇ ਲੰਬੇ ਪਏ ਨਾਥੇ ਅਮਲੀ ਨੂੰ ਵੇਖ ਕੇ ਬਾਬੇ ਨਾਜਰ ਸਿਉਂ ਨੇ ਸੱਥ ‘ਚ ਆਉਂਦਿਆਂ ਹੀ ਪੁੱਛਿਆ, ”ਅੱਜ ਕਿਮੇਂ ਅਮਲੀਆ ਸੱਥ ‘ਚ ਆਉਂਦਾ ਹੀ ਡਿੱਗ ਪਿਐਂ ਜਿਮੇਂ ਮਲ੍ਹੱਪ ਪੈਣ ਨਾਲ ਬਮਾਰ ਹੋਇਆ ਕੱਟਾ ਕੁੱਕੜਾਂ ਆਲੇ ਖੁੱਡੇ ਨਾਲ ਪਿਆ ਹੁੰਦੈ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਭੀਟੇ ਸਲੋਤਰੀ ਨੂੰ ਸੱਦ ਕੇ ਵਖਾ ਲੋ ਕਿਤੇ ਇਹਦੇ ਵੀ ਬੰਦਿਆਂ ਆਲੇ ਮਲ੍ਹੱਪ ਨਾ ਪੈ ਗੇ ਹੋਣ। ਅੱਗੇ ਤਾਂ ਕਿਤੇ ਇਉਂ ਪਿਆ ਈ ਨ੍ਹੀ ਇਹੇ। ਮਰਜ ਤਾਂ ਕੋਈ ਨਾ ਕੋਈ ਜਰੂਰ ਐ ਇਉਂ, ਦੱਸੇ ਭਾਮੇਂ ਨਾ ਦੱਸੇ। ਕਿਉਂ ਅਮਲੀਆ ਓਏ, ਕਿਤੇ ਅਮਲ ਦੀ ਤਾਂ ਨ੍ਹੀ ਟੋਟ ਪੈ ਗੀ? ਆ ਉੱਠ ਆਪਾਂ ਵੀ ਚਾਰ ਜਣੇ ਹੈਗੇ ਈ ਆਂ। ਆਪਾਂ ਖੜਕਾ ਦਿੰਨੇ ਆ ਪੱਤੇ ‘ਤੇ ਪੱਤਾ।”
ਨਾਥਾ ਅਮਲੀ ਕਹਿੰਦਾ, ”ਕੱਲ੍ਹ ਦੀ ਢਿੱਡ ‘ਚ ਗੜਬੜ ਜੀ ਐ ਬਾਬਾ ਕੁਸ। ਬੂਟੇ ਵੈਦ ਤੋਂ ਦੁਆ ਲਈ ਜਾਨਾ ਹਜੇ ਚਿੱਤ ਰਾਜੀ ਹੋਇਆ ਨ੍ਹੀ।”
ਸੀਤਾ ਮਰਾਸੀ ਟਿੱਚਰ ਕਹਿੰਦਾ, ”ਜੰਮਨ ਘੁੱਟੀ ਲੈ ਫ਼ਿਰ ਅਮਲੀਆ। ਫ਼ੇਰ ਵੇਖੀਂ ਦੁੱਖ ਟੁੱਟਦੇ।”
ਬਾਬਾ ਨਾਜਰ ਸਿਉਂ ਮਰਾਸੀ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਜੰਮਨ ਘੁੱਟੀ ਤਾਂ ਮੀਰ ਜੁਆਕਾਂ ਨੂੰ ਦਿੰਦੇ ਹੁੰਦੇ ਐ ਓਏ। ਸੱਠਾਂ ਸੱਤਰਾਂ ਦੇ ਨੇੜ ਹੋਊ ਹੁਣ ਤਾਂ। ਹਜੇ ਜੁਆਕ ਈ ਐ ਇਹੇ?”
ਮਰਾਸੀ ਕਹਿੰਦਾ, ”ਬੁੜ੍ਹੇ ਜੁਆਕਾਂ ਅਰਗੇ ਤਾਂ ਹੋ ਜਾਂਦੇ ਐ। ਲੈ ਕੇ ਤਾਂ ਵੇਖੇ ਜੰਮਨ ਘੁੱਟੀ। ਫ਼ੇਰ ਵੇਖੀ ਬੰਨ੍ਹ ਖੁੱਲ੍ਹਦਾ।”
ਮਾਹਲਾ ਨੰਬਰਦਾਰ ਮੁਸ਼ਕਣੀਆਂ ਹੱਸ ਕੇ ਸੀਤੇ ਮਰਾਸੀ ਨੂੰ ਕਹਿੰਦਾ, ”ਬੰਨ੍ਹ ਕਿਤੇ ਬਾਹਲ਼ਾ ਨਾ ਖੁੱਲ੍ਹ ਜੇ। ਹੋਰ ਨਾ ਕਿਤੇ ਪਿੰਡ ਨੂੰ ਗਧੀ ਗੇੜ ‘ਚ ਪਾ ਦੇ। ਰਹਿਣ ਦੇ ਓਏ ਅਮਲੀਆ, ਐਮੇਂ ਨਾ ਇਨ੍ਹਾਂ ਦੀ ਸਲਾਹ ਮੰਨ ਲੀਂ।”
ਸੀਤਾ ਮਰਾਸੀ ਕਹਿੰਦਾ, ”ਆ ਉੱਠ ਨਾਥਾ ਸਿਆਂ। ਹੋ ਕੈਮ ਮਾੜਾ ਜਾ ਆਪਾਂ ਵੀ ਬਾਜੀ ਲਾਈਏ। ਸੁੱਖ ਨਾਲ ਆਪਾਂ ਕਿਹੜਾ ਮੁੱਧਕਰਾਂ ਅਰਗੇ ਜੁਆਨਾਂ ਤੋਂ ਘੱਟ ਆਂ। ਡੰਡਿਆਂ ਅਰਗੇ ਚਾਰ ਆਂ ਆਪਾਂ ਵੀ।”
ਬੁੱਘਰ ਦਖਾਣ ਕਹਿੰਦਾ, ”ਚਾਰ ਕਿਹੜੇ ਐਂ ਸੀਤਾ ਸਿਆਂ ਤੁਸੀਂ।”
ਮਰਾਸੀ ਕਹਿੰਦਾ, ”ਕਾਕਾ ਨਹਿੰਗ ਬੈਠਾ। ਬਾਬਾ ਘੀਚਰ ਸਿਉਂ ਐਂ ਇੱਕ। ਇੱਕ ਇਹੇ ਆਪ ਐ ਨਾਥਾ ਸਿਉਂ। ਚਾਰ ਤਾਂ ਹੋ ਗੇ।”
ਜੱਗੇ ਕਾਮਰੇਡ ਨੇ ਪੁੱਛਿਆ, ”ਇਹ ਤਾਂ ਤਿੰਨ ਈ ਹੋਏ ਮਰਾਸੀਆ ਓਏ।”
ਮਰਾਸੀ ਨੇ ਪੁੱਛਿਆ, ”ਹਜੇ ਘੱਟ ਐ ਇੱਕ। ਚੱਲ ਕੋਈ ਨ੍ਹੀ। ਚੌਥਾ ਵੀ ਆ ਜਾਂਦਾ ਕੋਈ ਨਾ ਕੋਈ। ਓਨੇ ਤਿੰਨਾਂ ਆਲੀ ਫ਼ੀਸ ਈ ਖੇਡ ਲੈਨੇ ਆਂ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਫ਼ੀਸ ਨ੍ਹੀ ਓਏ ਭੌਂਦੂਆ, ਸੀਪ ਹੁੰਦੀ ਐ। ਹੋਰ ਈ ਪਤੰਦਰੋ ਗੀਰ੍ਹੇ ‘ਤੇ ਬੱਕਰੀ ਚੜ੍ਹਾਉਣ ਆਲੀ ਗੱਲ ਕਰਦੇ ਐਂ।”
ਮਰਾਸੀ ਕਹਿੰਦਾ, ”ਚੱਲ ਕੁਸ ਵੀ ਹੋਇਆ, ਬੰਦੇ ਤਾਂ ਚਾਰ ਹੈਗੇ ਆਂ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, ”ਇਨ੍ਹਾਂ ਚਾਰਾਂ ਦੀ ਕੀ ਗੱਲ ਕਰਦੈਂ ਸੀਤਾ ਸਿਆਂ। ਕਾਕੇ ਨਹਿੰਗ ਨੂੰ ਤਾਂ ਤਾਸ਼ ਫ਼ੜਨੀ ਮਨ੍ਹੀ ਆਉਂਦੀ। ਉਹ ਕਿੱਥੋਂ ਲਾ ਦੂ ਭੱਬੂ ਦਾ ਕਾਟ। ਘੀਚਰ ਸਿਉਂ ਵੇਖ ਲਾ ਬਜੁਰਗ ਈ ਏਨਾ ਹੋ ਗਿਆ ਨਿੱਗ੍ਹਾ ਕਮਜੋਰ ਐ। ਇੱਕ ਸੋਡੇ ਕੋਲ ਘਸੀ ਜੀ ਤਾਸ਼ ਐ ਇਹਦੇ ਤਾਂ ਪੱਤੇ ਘੀਚਰ ਸਿਉਂ ਨੂੰ ਐਣਕਾਂ ਨਾਲ ਮਨ੍ਹੀ ਦਿਸਣੇ। ਅਮਲੀ ਨੂੰ ਦਿਉਰ ਭਾਬੀ ਤੋਂ ਬਿਨਾਂ ਹੋਰ ਕੋਈ ਖੇਡ ਨ੍ਹੀ ਆਉਂਦੀ। ਤੂੰ ਈ ਰਹਿ ਗਿਐਂ ‘ਕੱਲਾ।”
ਜੱਗਾ ਕਾਮਰੇਡ ਨੰਬਰਦਾਰ ਨੂੰ ਕਹਿੰਦਾ, ”ਇਹ ਮਰਾਸੀ ਤਾਂ ਨੰਬਰਦਾਰਾ ਤਿੰਨ ਈ ਗਿਣਦੈ। ਤੂੰ ਇਹਨੂੰ ਵਿੱਚ ਪਾ ਕੇ ਚਾਰ ਗਿਣਾਈ ਜਾਨੈ। ਦੁਜਿਆਂ ਦਾ ਤਾਂ ਇਹ ਹੁੱਬ ਹੁੱਬ ਕੇ ਨਾਉਂ ਲੈਂਦਾ, ਆਪ ਨੂੰ ਗਿਣਨੋਂ ਛੱਡ ਜਾਂਦੈ।”
ਬਾਬਾ ਨਾਜਰ ਸਿਉਂ ਕਹਿੰਦਾ, ”ਚਾਰੇ ਜਣੇ ਬੈਠਣ ਤਾਂ ਸਹੀ। ਊਈਂ ਮਾਰੀ ਜਾਣ ਪੱਤੇ ‘ਤੇ ਪੱਤਾ। ਵੇਖਣ ਆਲੇ ਨੂੰ ਤਾਂ ਇਉਂ ਲੱਗੂਗਾ ਬਈ ਜਿਮੇਂ ਗਾਹਾਂ ਪਾਤੜਾਂ ਆਲੇ ਮੋਦਨ ਜੁਆਰੀਏ ਨਾਲ ਖੇਡਦੇ ਹੁੰਦੇ ਐ। ਆਉਂਦੀ ਭਾਮੇਂ ਊੜੇ ‘ਤੇ ਇੱਲ੍ਹ ਮਨ੍ਹਾ ਹੋਵੇ। ਪਹਿਲਾਂ ਨਾਥਾ ਸਿਉਂ ਨੂੰ ਅਮਲ ਦਾ ਭੋਰਾ ਦੇ ਕੇ ਖੇਡਣ ਜੋਗਾ ਕਰ ਤਾਂ ਲਉ। ਫ਼ੇਰ ਈ ਪੱਤੇ ‘ਤੇ ਪੱਤਾ ਖੜਕੂ। ਐਮੇਂ ਤਾਂ ਤਾਸ਼ ਮਨ੍ਹੀ ਫ਼ੜੀ ਜਾਣੀ ਇਹਤੋਂ।”
ਮਾਹਲੇ ਨੰਬਰਦਾਰ ਨੇ ਦਿੱਤੀ ਫ਼ਿਰ ਨਾਥੇ ਅਮਲੀ ਨੂੰ ਹੱਲਾਸ਼ੇਰੀ, ”ਉੱਠ ਓਏ ਸ਼ੇਰਾ ਨਾਥਾ ਸਿਆਂ, ਬਣ ਬੱਬਰ ਸ਼ੇਰ ਫ਼ਿਰ। ਐਮੇਂ ਮਾੜੀ ਜੀ ਗੱਲ ਪਿੱਛੇ ਹੇਠੀ ਕਰਾਈ ਜਾਨੈਂ। ਫ਼ਿਰ ਵੀ ਚੋਬਰ ਲੱਗਦੈਂ ਯਾਰ।”
ਸੀਤਾ ਮਰਾਸੀ ਚੋਬਰ ਆਲੀ ਗੱਲ ਸੁਣ ਕੇ ਨੰਬਰਦਾਰ ਨੂੰ ਕਹਿੰਦਾ, ”ਚੋਬਰ ਨੂੰ ਇਹ ਗਾਹਾਂ ਪਾਠੀਆਂ ਦੇ ਲਾਣੇ ਆਲਿਓਂ ‘ਚੋਂ ਮਕੰਦੇ ਕਾ ਕਾਟੀ ਐ ਬਈ ਨੌ ਗਜੀਆ ਗੱਭਰੂ ਐ। ਖਾ ਖਾ ਫ਼ੀਮ ਦਾ ਅਮਲ ਹੱਡ ਤਾਂ ਇਉਂ ਬਾਹਰ ਨੂੰ ਤੁਰੇ ਆਉਂਦੇ ਐ ਜਿਮੇਂ ਜੇਠ ਹਾੜ ਦੀ ਗਰਮੀ ‘ਚ ਚਿੰਤੇ ਬੁੜ੍ਹੇ ਕੀ ਦਰ ਆਲੀ ਬੈਠਕ ‘ਚੋਂ ਗੁੜ ਢਿੱਲਾ ਜਾ ਹੋ ਕੇ ਬਾਹਰ ਨੂੰ ਤੁਰਿਆ ਆਉਂਦਾ ਸੀ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਹਰਖ ‘ਚ ਉੱਠ ਕੇ ਬਹਿ ਗਿਆ। ਬਾਬੇ ਨਾਜਰ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਕਰ ਲਾ ਗੱਲ ਬਾਬਾ, ਕਿੱਧਰ ਗੁੜ ਦੀ ਗੱਲ ਕਿੱਧਰ ਪਾਠੀਆਂ ਦੇ ਮਕੰਦੇ ਕਾ ਕਾਟੀ। ਵਿੱਚੇ ਈ ਮੇਰੇ ਹੱਡ ਪਰਖ ਗੀ ਮੰਗ ਖਾਣੀ ਜਾਤ ਜਿਮੇਂ ਆਪ ਗਾਹਾਂ ਕੰਧ ਆਲੇ ਆਲਾ ਭਾਊ ਦਰਸ਼ਨ ਸੰਧੂ ਹੁੰਦਾ ਬਈ ਪੌਣੇ ਤਿੰਨ ਮਣ ਭਾਰ ਐ। ਮਕੰਦੇ ਕੇ ਕਾਟੀ ਨੂੰ ਅੱਧਾ ਪਿੰਡ ਤਾਂ ਕਾਟੀ ਕਹਿੰਦਾ ਅੱਧਾ ਪਿੰਡ ਬੱਕਰੀ ਬਾਬਾ ਕਹਿੰਦਾ?”
ਮੁਕੰਦ ਸਿਉਂ ਪਾਠੀ ਦੇ ਮੁੰਡੇ ਦਾ ਪੱਕਾ ਨਾਂ ਕਲਵੰਤ ਸੀ ਤੇ ਪਿੰਡ ਆਲੇ ਉਹਨੂੰ ਕਾਟੀ ਕਾਟੀ ਕਹਿੰਦੇ ਸੀ। ਸਾਢੇ ਛੇ ਫ਼ੁੱਟਾ ਗੱਭਰੂ ਜਵਾਨ, ਜਦੋਂ ਤੁਰਦਾ ਧਰਤੀ ਹਿੱਲਦੀ। ਪਰ ਜਦੋਂ ਬੋਲਦਾ ਤਾਂ ਉਹਦੀ ਆਵਾਜ਼ ਇੰਨੀ ਪਤਲੀ ਕਿ ਬੋਲਦੇ ਨੇ ਇਉਂ ਲੱਗਣਾ ਜਿਵੇਂ ਕੋਈ ਕੁੜੀ ਬੋਲਦੀ ਹੋਵੇ। ਤਾਹੀਂ ਕੁਝ ਸ਼ਰਾਰਤੀ ਕਿਸਮ ਦੇ ਬਹੁਤੇ ਪਿੰਡ ਵਾਲੇ ਉਸ ਬਾਰੇ ਬੱਕਰੀ ਬਾਬਾ ਕਹਿਣ ਨਾਲ ਜਾਣ ਜਾਂਦੇ।
ਬੱਕਰੀ ਬਾਬਾ ਨਾਂਅ ਸੁਣ ਕੇ ਬਾਬੇ ਨਾਜਰ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਇਹ ਬੱਕਰੀ ਬਾਬਾ ਕੀਹਨੂੰ ਕਹਿਨੇਂ ਐ ਨਾਥਾ ਸਿਆਂ। ਨਮਾਂ ਈ ਨਾਂ ਧਰ ਲੈਨੇ ਪਤੰਦਰੋ ਕਿਸੇ ਨਾ ਕਿਸੇ ਦਾ।”
ਬੁੱਘਰ ਦਖਾਣ ਬਾਬੇ ਨਾਜਰ ਸਿਉਂ ਨੂੰ ਕਹਿੰਦਾ, ”ਆਪਣੇ ਪਿੰਡ ਆਲਿਆਂ ਨੇ ਤਾਂ ਬਾਬਾ ਬਹੁਤਿਆਂ ਦੇ ਨਾਂ ਵਿਗਾੜ ਛੱਡੇ ਐ। ਕਿਸੇ ਦਾ ਨਾਂ ਤਿੱਤਰ ਖੰਭੀ ਧਰੀ ਬੈਠੇ ਐ। ਕਿਸੇ ਨੂੰ ਮੋਚਨਾ ਕਹੀ ਜਾਂਦੇ ਐ। ਆਹ ਜੰਗੇ ਰਾਹੀ ਕੇ ਗੇਲੇ ਨੂੰ ਗੇਲਾ ਗੋਂਗਲੂ ਕਹੀ ਜਾਂਦਾ ਸਾਰਾ ਪਿੰਡ।”
ਸੀਤਾ ਮਰਾਸੀ ਕਹਿੰਦਾ, ”ਝੱਲੇ ਕੇ ਪ੍ਰੀਤਮ ਕਿਆਂ ਦੇ ਟੱਬਰ ਨੂੰ ਬਾਬਾ ਕੰਮ ਬਗਾੜੂਆਂ ਦੇ ਕਹਿੰਦੇ ਐ।”
ਬਾਬੇ ਨੇ ਪੁੱਛਿਆ, ”ਪਹਿਲਾਂ ਤਾਂ ਮਕੰਦੇ ਕੇ ਕਾਟੀ ਬਾਰੇ ਦੱਸ ਅਮਲੀਆ ਬਈ ਉਹਨੂੰ ਬੱਕਰੀ ਬਾਬਾ ਕਿਉਂ ਕਹਿੰਦੇ ਐ। ਬੱਕਰੀ ਬੁੱਕਰੀ ਰੱਖੀ ਵੀ ਐ ਉਹਨੇ ਕੁ ਕੋਈ ਹੋਰ ਗੱਲ ਐ?”
ਨਾਥਾ ਅਮਲੀ ਕਹਿੰਦਾ, ”ਬੱਕਰੀ ਕਾਹਨੂੰ ਰੱਖੀ ਐ ਬਾਬਾ। ਗੱਲ ਤਾਂ ਇਉਂ ਹੋਈ ਐ। ਆਪਣੇ ਪਿੰਡ ਨੰਦਾ ਵਚੋਲਾ ਕਰਾਉਂਦਾ ਸੀ ਕਾਟੀ ਨੂੰ ਸਾਕ। ਕੋਟ ਆਲੀਆਂ ਪੰਜ ਗਰਾਈਆਂ ਤੋਂ ਕਾਟੀ ਨੂੰ ਵੇਖਣ ਆਲੇ ਆ ਗੇ। ਜਦੋਂ ਉਨ੍ਹਾਂ ਨੇ ਕਾਟੀ ਨੂੰ ਵੇਖਿਆ ਤਾਂ ਉਨ੍ਹਾਂ ਦੀ ਰੂਹ ਖੁਸ਼ ਹੋ ਗੀ। ਉੱਚਾ ਲੰਮਾ ਸੋਹਣਾ ਜੁਆਨ ਵੇਖ ਕੇ ਉਨ੍ਹਾਂ ਨੇ ਗੱਲਬਾਤ ਪੱਕੀ ਕਰ ਕੇ ਰੋਕ ਦਾ ਦਿਨ ਪੱਕਾ ਕਰ ਲਿਆ। ਸਾਰੀ ਗੱਲਬਾਤ ਤੋਂ ਪਿੱਛੋਂ ਜਦੋਂ ਪੰਜ ਗਰਾਈਆਂ ਆਲੇ ਉੱਠਣ ਲੱਗੇ ਤਾਂ ਉਨ੍ਹਾਂ ‘ਚ ਇੱਕ ਚੰਗੀ ਟੌਹਰ ਫ਼ੌਹਰ ਆਲਾ ਸਿਆਣੀ ਉਮਰ ਦਾ ਬਜੁਰਗ ਸੀ। ਨੰਦੇ ਵਚੋਲੇ ਦਾ ਕਾਟੀ ਨੂੰ ਕਿਹਾ ਵਿਆ ਸੀ ਬਈ ਤੂੰ ਬੋਲੀਂ ਨਾ ਜੇ ਕੁਸ ਤੇਰੇ ਬਾਰੇ ਉਨ੍ਹਾਂ ਨੇ ਪੁੱਛਿਆ ਤਾਂ ਤੇਰਾ ਭਾਪਾ ਆਪੇ ਜਵਾਬ ਦੇਊ। ਸਾਰੀ ਗੱਲਬਾਤ ਦੌਰਾਨ ਕਾਟੀ ਨੇ ਮੂੰਹ ਈ ਨਾ ਖੋਲ੍ਹਿਆ। ਉਹ ਜਿਹੜਾ ਬਜੁਰਗ ਸੀ ਉਨ੍ਹਾਂ ਨਾਲ ਆਇਆ, ਉਹ ਕੁੜੀ ਦੇ ਪਿਉ ਦੇ ਕੰਨ ‘ਚ ਕਹਿੰਦਾ, ”ਧੀਰਜ ਸਿਆਂ! ਮੁੰਡਾ ਤਾਂ ਆਪਾਂ ਬਲਾ ਕੇ ਈ ਨ੍ਹੀ ਵੇਖਿਆ ਕਿਤੇ ਗੂੰਗਾ ਬਹਿਰਾ ਈ ਨਾ ਹੋਵੇ। ਉਹ ਬਜੁਰਗ ਨੇ ਹੁਸ਼ਿਆਰੀ ਵਰਤਦਿਆਂ ਮੁੰਡੇ ਨੂੰ ਸਗਨ ਦੇਣ ਦੇ ਬਹਾਨੇ ਸੱਦ ਕੇ ਬਲਾ ਕੇ ਪੁੱਛ ਲਿਆ ਬਈ ਕਾਕਾ ਜੀ ਸੋਡਾ ਪੱਕਾ ਨਾਉਂ ਕੀਅ੍ਹੈ? ਕਿੰਨੀਆਂ ਪੜ੍ਹੇ ਐਂ ਤੁਸੀਂ? ਜਦੋਂ ਬਾਬਾ ਕਾਟੀ ਸਿਉਂ ਬੋਲਿਆ ਤਾਂ ਕਾਟੀ ਨੂੰ ਵੇਖਣ ਆਇਆਂ ਦੇ ਮੂੰਹ ਵੇਖਣ ਆਲੇ ਸੀ। ਕਾਟੀ ਦੀ ‘ਵਾਜ ਸੁਣ ਕੇ ਉਨ੍ਹਾਂ ਸਾਰਿਆਂ ਦੇ ਮੂੰਹ ਇਉਂ ਹੋ ਗੇ ਜਿਮੇਂ ਅੱਧੀ ਕੁ ਫ਼ੂਕ ਨਿੱਕਲੀ ਆਲੇ ਬੁਲ੍ਹਬਲੇ ‘ਤੇ ਛਪਿਆ ਬੰਦਾ, ਦਿਨ ‘ਚ ਅੱਖੀ ਟੱਡੀ ਬੈਠਾ ਉੱਲੂ ਬਣਿਆ ਹੁੰਦਾ।”
ਬਾਬੇ ਨਾਜਰ ਸਿਉਂ ਨੇ ਪੁੱਛਿਆ, ”ਕਿਉਂ ‘ਵਾਜ ਨੂੰ ਕੀ ਹੋਇਆ ਉਹਦੀ ਨੂੰ?”
ਅਮਲੀ ਕਹਿੰਦਾ, ”ਹੋਇਆ ਕੀ ਨ੍ਹੀ ਬਾਬਾ। ਜੇ ਕਿਤੇ ਤੂੰ ਵੀ ਬੋਲਦਾ ਸੁਣ ਲੇਂ ਤਾਂ ਵੀਹ ਗਾਲਾਂ ਤੂੰ ਰੱਬ ਨੂੰ ਕੱਢੇਂ ਤੇ ਵੀਹ ਤੀਹ ਕਾਟੀ ‘ਤੇ ਝਾੜ ਦੇਮੇਂ। ਉਹ ਜਿਹੜੇ ਕਾਟੀ ਨੂੰ ਵੇਖਣ ਆਏ ਸੀ, ਉਹ ਨੰਦੇ ਵਚੋਲੇ ਨੂੰ ਕਹਿੰਦੇ ‘ਕੀ ਯਾਰ ਨੰਦ ਸਿਆਂ ਮੁੰਡੇ ਨੂੰ ਸਾਕ ਕਰੀਏ। ‘ਕੱਲਾ ਕੱਦ ਈ ਕੱਦ ਐ ਮੁੰਡੇ ਦਾ। ਬੋਲਦਾ ਤਾਂ ਮੁੰਡਾ ਇਉਂ ਐਂ ਜਿਮੇਂ ਮੂਹਧੀ ਮਾਰੀ ਵੀ ਉੱਠ ਆਲੀ ਗੱਡੀ ਨਾਲ ਬੰਨ੍ਹੀ ਭੁੱਖੀ ਬਮਾਰ ਬੱਕਰੀ ਮਿਆਂ-ਮਿਆਂ ਕਰਦੀ ਹੁੰਦੀ ਐ’। ਆਹ ਗੱਲ ਐ ਬਾਬਾ। ਇਹ ਗੱਲ ਕਿਤੇ ਨੰਦੇ ਵਚੋਲੇ ਨੇ ਕੈਲੂ ਝਾਫ਼ੇ ਨੂੰ ਦੱਸ ‘ਤੀ। ਕੈਲੂ ਝਾਫ਼ੇ ਦਾ ਤੈਨੂੰ ਪਤਾ ਈ ਐ ਬਈ ਜੇ ਸਪੀਕਰ ‘ਚ ਕੋਈ ਹੋਕਾ ਦੇਣਾ ਹੋਵੇ ਤਾਂ ਕੈਲੂ ਝਾਫ਼ੇ ਨੂੰ ਦੱਸ ਦਿਉ। ਵੱਸ ਫ਼ੇਰ, ਪਿੰਡ ਦੇ ‘ਕੱਲੇ ‘ਕੱਲੇ ਬੰਦੇ ਬੁੜ੍ਹੀ ਨੂੰ ਪਤਾ ਲੱਗ ਜਾਂਦੈ ਖ਼ਬਰ ਦਾ। ਕੱਦ ਤਾਂ ਕਾਟੀ ਦਾ ਬੋਤੇ ਜਿੱਡਾ, ਬੋਲਦਾ ਇਉਂ ਐਂ ਜਿਮੇਂ ਗਟ੍ਹਾਰ ਦਾ ਬੱਚਾ ਬੋਲਦਾ ਹੁੰਦਾ। ਇੱਕ ਪਤੰਦਰ ਦਾ ਨਾਉਂ ਵੀ ਵੇਖ ਕੇ ਨ੍ਹੀ ਲੈਂਦੇ। ਕਿੱਡੀ ਦੇਹ ਐ ਜੱਟ ਦੀ, ਆਖਣਗੇ ਕਾਟੀ। ਕਾਟੀ ਕਾਹਦਾ ਕਾਟਾ ਉਹ ਤਾਂ।”
ਏਨੇ ਚਿਰ ਨੂੰ ਬਾਬੇ ਨਾਜਰ ਸਿਉਂ ਦਾ ਪੋਤਾ ਸੱਥ ‘ਚ ਆ ਕੇ ਬਾਬੇ ਨੂੰ ਕਹਿੰਦਾ, ”ਬਾਪੂ! ਘਰੇ ਆਈਂ ਤੈਨੂੰ ਭਾਪੇ ਨੇ ਸੱਦਿਆ ਕੋਈ ਵੱਡਾ ਸਾਰਾ ਬੰਦਾ ਆਇਆ ਘਰੇ।”
ਅਮਲੀ ਬਾਬੇ ਦੇ ਪੋਤੇ ਨੂੰ ਕਹਿੰਦਾ, ”ਨਾਂ ਨ੍ਹੀ ਦੱਸਿਆ ਮੁੰਡਿਆ ਓਏ ਉਹਨੇ?”
ਬਾਬੇ ਦਾ ਪੋਤਾ ਕਹਿੰਦਾ, ”ਭਾਪਾ ਕਹਿੰਦਾ ਸੀ ਬਾਪੂ ਨੂੰ ਦੱਸ ਦੀਂ ਬਈ ਮਕੰਦੇ ਕਾ ਕਾਟੀ ਆਇਆ।”
ਅਮਲੀ ਬਾਬੇ ਨੂੰ ਕਹਿੰਦਾ, ”ਇਹ ਕੀ ਗੱਲ ਬਣੀ ਬਾਬਾ। ਅਕੇ ਕਾਟੀ ਆਇਐ। ਜਾਂ ਤਾਂ ਇਉਂ ਕਹਿੰਦਾ ਬਈ ਕਾਟੀ ਆਈ ਐ। ਜਾਂ ਫ਼ਿਰ ਕਹੇ ਕਾਟਾ ਆਇਆ।”
ਬਾਬਾ ਅਮਲੀ ਨੂੰ ਕਹਿੰਦਾ, ”ਚੱਲ! ਆਇਆ ਕੁ ਆਈ ਐ। ਹੈ ਤਾਂ ਮਕੰਦੇ ਦਾ ਮੁੰਡਾ ਈ। ਚੰਗਾ ਬਈ ਸੰਗਤੇ, ਤੁਸੀਂ ਬੈਠੋ ਮੈਂ ਜਾ ਈ ਆਮਾਂ ਘਰੇ।”
ਜਿਉਂ ਹੀ ਬਾਬਾ ਨਾਜਰ ਸਿਉਂ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੇ ਸੱਥ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਇਉਂ ਚੱਲ ਪਏ ਜਿਮੇਂ ਉਨ੍ਹਾਂ ਦੇ ਘਰੇ ਵੀ ਕੋਈ ਘੁੱਗੀ ਗਟ੍ਹਾਰ ਨਾਓਂ ਵਾਲਾ ਕੋਈ ਆਇਆ ਹੋਵੇ।