ਸੱਥ ‘ਚ ਆਉਂਦਿਆਂ ਹੀ ਬਾਬਾ ਸੰਧੂਰਾ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਕਿਉਂ ਬਈ ਸੀਤਾ ਸਿਆਂ! ਤੂੰ ਵੀ ਪਾਣੀ ਆਲੀ ਬੱਸ ‘ਤੇ ਝੂਟਾ ਲੈ ਲਿਆ ਸੀ ਕੁ ਨ੍ਹੀ?”
ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਤ੍ਰਭਕ ਕੇ ਬੋਲਿਆ, ”ਬੱਸ ਕਿਹੜੀ ਸੀ ਬਾਬਾ ਉਹੋ ਘਰੁੱਕਾ ਸੀ ਉਹ ਤਾਂ। ਉਹ ਵੀ ਅਗਲੇ ਠੇਲ੍ਹੇ ‘ਤੇ ਇਉਂ ਲੱਦ ਕੇ ਲੈ ਗੇ ਜਿਮੇਂ ਕਰਾਏਦਾਰ ਆਵਦਾ ਸਮਾਨ ਲੱਦ ਕੇ ਦੂਜੇ ਥਾਂ ਨੂੰ ਤੁਰ ਪੈਂਦੇ ਐ। ਇਨ੍ਹਾਂ ਦੇ ਪੱਲੇ ਕੀ ਪੈਣਾ ਸੀ। ਜੱਟਾਂ ਦੀਆਂ ਫ਼ਸਲਾਂ ਅੱਡ ਮਾਰ ‘ਤੀਆਂ ਤੇ ਲੋਹੜਿਆਂ ਦੀ ਖਰਚੀ ਰਕਮ ਵੀ ਖੂਹ ਖਾਤੇ ਚੀ ਗਈ ਹੋਸ਼ਪੁਣੇ ‘ਚ।”
ਜਦੋਂ ਅਮਲੀ ਨੇ ਜਲ ਬੱਸ ਵਾਲੀ ਇਹ ਗੱਲ ਦੱਸੀ ਤਾਂ ਬਾਬੇ ਸੰਧੂਰਾ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਹੈਂਅ! ਕੌਣ ਕਿੱਥੇ ਲੈ ਗੇ। ਨਾਲੇ ਐਡੀ ਵੱਡੀ ਬੱਸ ਠੇਲ੍ਹੇ ‘ਤੇ ਕਿਮੇਂ ਲੱਦੀ ਬਈ ਅਗਲਿਆਂ ਨੇ। ਤੈਂ ਤਾਂ ਅਮਲੀਆ ਬਾਂਦਰ ਬਾਹਲ਼ਾ ਈ ਲੰਡਾ ਕਰ ‘ਤਾ?”
ਨਾਥਾ ਅਮਲੀ ਫ਼ੇਰ ਪੈ ਗਿਆ ਬਾਬੇ ਨੂੰ ਜਿਮੇਂ ਮਲ੍ਹਾ ਬੇਰੀ ਦੀਆਂ ਟਾਹਣੀਆਂ ਬੇਰੀ ਦੇ ਹੇਠਾਂ ਲੰਘਦੇ ਦੀ ਪੱਗ ਨੂੰ ਪੈ ਜਾਂਦੀਆਂ ਹੁੰਦੀਆਂ। ਕਹਿੰਦਾ, ”ਕਿਉਂ ਨ੍ਹੀ ਬਾਬਾ ਤੂੰ ਸਮਝਦਾ ਹੁੰਦਾ। ਇਹਦੇ ‘ਚ ਬਾਂਦਰ ਲੰਡੇ ਆਲੀ ਕਿਹੜੀ ਗੱਲ ਐ। ਬਾਂਦਰ ਤਾਂ ਬੱਸ ਆਲੇ ਫ਼ੁਕਰਪੁਣੇ ‘ਚ ਲੀਡਰਾਂ ਨੇ ਕਰ ‘ਤਾ ਜੀਮੀਂਦਾਰਾਂ ਦਾ ਲੰਡਾ। ਤੈਨੂੰ ਦੱਸੀ ਤਾਂ ਜਾਨੇਂ ਆਂ ਬਈ ਬੱਸ ਨ੍ਹੀ ਸੀ ਉਹ ਘੜੁੱਕਾ ਜਾ ਸੀ ਸਵਾਰੀਆਂ ਢੋਣ ਆਲਾ ਜਿਹੋ ਜਾ ਆਪਣੇ ਪਿੰਡ ਆਲਾ ਮੱਘਰ ਲੁਹਾਰ ਲਈ ਫ਼ਿਰਦਾ। ਉਹਦੇ ‘ਤੇ ਛੱਤ ਜੀ ਲੁਆਕੇ, ਕਰ ਕੇ ਰੰਗ ਰੋਗਣ ਜਾ, ਅਕੇ ਪਾਣੀ ਆਲੀ ਬੱਸ ਐ ਇਹੇ। ਲੈ ਦੱਸ ਬਾਬਾ! ਆਏਂ ਕਿਮੇਂ ਕੋਈ ਬੁੱਧੂ ਬਣ ਜੂ ਬਈ। ਮੱਝ ਤੇ ਬੱਕਰੀ ਦਾ ਕਿਤੇ ਫ਼ਰਕ ਈ ਨ੍ਹੀ ਹੁੰਦਾ। ਹੁਣ ਤਾਂ ਲੋਕ ਪੜ੍ਹੇ ਲਿਖੇ ਐ। ਚੱਲ ਆਪਣੇ ਅਰਗਿਆਂ ਦੀ ਤਾਂ ਗੱਲ ਮੰਨੀ ਬਈ ਅਨਪੜ੍ਹ ਹੋਣ ਕਰ ਕੇ ਆਪਾਂ ਨੂੰ ਕਾਸੇ ਦਾ ਪਤਾ ਨ੍ਹੀ, ਪਰ ਲੋਕਾਂ ਨੂੰ ਤਾਂ ਸਾਰਾ ਇਲਮ ਐ। ਹੁਣ ਨ੍ਹੀ ਬਾਬਾ ਲੋਕ ਬੁੱਧੂ ਬਣਦੇ। ਹੁਣ ਤਾਂ ਲੋਕ ਲੀਡਰਾਂ ਨੂੰ ਬੁੱਧੂ ਬਣਾਉਂਦੇ ਐ। ਵੋਟਾਂ ਵੇਲੇ ਕੁੜ ਕੁੜ ਕਿਤੇ ਤੇ ਆਂਡੇ ਕਿਤੇ ਹੁੰਦੇ ਐ ਵਾਲੀ ਗੱਲ ਐ ਲੋਕਾਂ ਦੀ। ਦੱਸਦੇ ਕੁਸ ਹੋਰ ਐ ਤੇ ਕਰਦੇ ਕੁਸ ਹੋਰ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਜਿਹੜਾ ਇਨ੍ਹਾਂ ਸਿਆਸੀ ਲੋਕਾਂ ‘ਤੇ ‘ਤਬਾਰ ਕਰ ਜਾਂਦਾ ਉਹ ਤਾਂ ਡੁੱਬਿਆ ਕੁ ਡੁੱਬਿਆ। ਕਿਸੇ ਦੇ ਪੱਲੇ ਈ ਕੁਸ ਨ੍ਹੀ। ਜਦੋਂ ਕਿਸੇ ਕੰਮ ਨੂੰ ਜਾਈਦਾ, ਪਤੰਦਰ ਘਰੇ ਸੱਦ ਕੇ ਇਉਂ ਜਵਾਬ ਦੇ ਦੇਣਗੇ ਜਿਮੇਂ ਰੇਲੋ ਮਾਈ ਨੇ ਮੰਗਤੇ ਨੂੰ ਘਰੇ ਸੱਦ ਕੇ ਜਵਾਬ ਦਿੱਤਾ ਸੀ।”
ਬਾਬਾ ਸੰਧੂਰਾ ਸਿਉਂ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਰੇਲੋ ਮਾਈ ਦਾ ਤਾਂ ਨੰਬਰਦਾਰਾ ਹਰੇਕ ਨੂੰ ਪਤਾ ਈ ਐ ਤੂੰ ਗਾਹਾਂ ਆਲੀ ਗੱਲ ਵੀ ਦੱਸ ਜਿਹੜੀ ਮੰਗਤੇ ਨੇ ਕੀਤੀ ਸੀ।”
ਸੀਤਾ ਮਰਾਸੀ ਅਮਲੀ ਦੀ ਬਾਂਹ ਫ਼ੜ ਕੇ ਕਹਿੰਦਾ, ”ਤੂੰ ਦੱਸ ਯਾਰ ਰੇਲੋ ਮਾਈ ਆਲੀ ਗੱਲ। ਤੇਰੇ ਮੂੰਹੋਂ ਵਧੀਆ ਜਚਦੀ ਐ। ਬਾਕੀ ਦੇ ਤਾਂ ਐਮੇਂ ਗਿੱਲਾ ਜਾ ਪੀਹਣ ਪਾ ਕੇ ਬਹਿ ਜਾਂਦੇ ਐ।”
ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ। ਕੇਰਾਂ ਕੋਈ ਮੰਗਤਾ ਕਿਸੇ ਗਲੀ ‘ਚੋਂ ਮੰਗਦਾ-ਮੰਗਦਾ ਗਲੀ ‘ਚੋਂ ਬਾਹਰ ਨਿਕਲ ਗਿਆ। ਓਧਰੋਂ ਕਿਤੇ ਦੂਜੀ ਨਾਲ ਦੀ ਗਲੀ ‘ਚੋਂ ਬੁੜੀ ਮਾਈ ਰੇਲੋ ਆ ਗੀ। ਅਕੇ ਰੇਲੋ ਨੇ ਮੰਗਤੇ ਨੂੰ ਪੁੱਛਿਆ ‘ਕਿੱਧਰੋਂ ਆਇਐਂ ਵੇ ਤੂੰ।’ ਅਕੇ ਮੰਗਤਾ ਕਹਿੰਦਾ ‘ਮੈਂ ਸੋਡੇ ਆਲੀ ਗਲੀ ‘ਚੋਂ ਵੀ ਮੰਗਦਾ ਆਇਆਂ।’ ਰੇਲੋ ਨੇ ਮੰਗਤੇ ਨੂੰ ਪੁੱਛਿਆ ‘ਤੂੰ ਸਾਡੇ ਘਰ ਗਿਆ ਸੀ।’ ਮੰਗਤਾ ਕਹਿੰਦਾ ‘ਹਾਂ ਗਿਆ ਸੀ ਪਰ ਤੇਰੀ ਨੂੰਹ ਨੇ ਜਵਾਬ ਦੇ ਕੇ ਖ਼ਾਲੀ ਮੋੜ ‘ਤਾ। ਕਹਿੰਦੀ ਗਾਹਾਂ ਹੋ ਗਾਹਾਂ।’ ਅਕੇ ਰੇਲੋ ਕਹਿੰਦੀ ‘ਆ ਮੇਰੇ ਨਾਲ ਚੱਲ ਮੇਰੇ ਘਰ ਨੂੰ। ਮੇਰੀ ਨੂੰਹ ਨੇ ਤੈਨੂੰ ਕਾਹਤੋਂ ਮੋੜਿਆ। ਉਹ ਕੌਣ ਐ ਹੁੰਦੀ ਐ ਜਵਾਬ ਦੇਣ ਆਲੀ। ਆ ਤੁਰ ਮੇਰੇ ਨਾਲ।’ ਮੰਗਤਾ ਰੇਲੋ ਬੁੜ੍ਹੀ ਦੇ ਨਾਲ ਉਹਦੇ ਘਰੇ ਆ ਗਿਆ। ਬੁੜ੍ਹੀ ਮੰਗਤੇ ਨੂੰ ਕਹਿੰਦੀ ‘ਤੂੰ ਹੁਣ ਮੰਗ’। ਮੰਗਤੇ ਨੇ ਫ਼ੇਰ ਦਾਣਾ ਆਟਾ ਮੰਗਿਆ। ਰੇਲੋ ਬੁੜ੍ਹੀ ਮੰਗਤੇ ਨੂੰ ਕਹਿੰਦੀ ‘ਗਾਹਾਂ ਹੋ ਗਾਹਾਂ।’ ਅਕੇ ਮੰਗਤਾ ਰੇਲੋ ਨੂੰ ਕਹਿੰਦਾ ‘ਜੇ ਤੂੰ ਵੀ ਮੈਨੂੰ ਘਰੇ ਸੱਦ ਕੇ ਨੂੰਹ ਆਲਾ ਜਵਾਬ ਈ ਦੇਣਾ ਸੀ ਤਾਂ ਐਡੀ ਦੂਰੋਂ ਮੈਨੂੰ ਮੋੜ ਕੇ ਕਾਹਤੋਂ ਲਿਆਈ।’ ਰੇਲੋ ਮਾਈ ਮੰਗਤੇ ਨੂੰ ਕਹਿੰਦੀ ‘ਘਰ ਦੀ ਮਾਲਕ ਤਾਂ ਮੈਂ ਆਂ, ਤੈਨੂੰ ਤਾਂ ਕਰਕੇ ਜਵਾਬ ਦਿੱਤਾ ਮੇਰੀ ਨੂੰਹ ਕੌਣ ਐ ਜਵਾਬ ਦੇਣ ਆਲੀ।’ ਲੈ ਦੱਸ ਬਾਬਾ! ਉਹ ਗੱਲ ਲੀਡਰਾਂ ਦੀ ਐ।”
ਗੱਲਾਂ ਸੁਣੀ ਜਾਂਦਾ ਸੰਤੂ ਬੁੜ੍ਹਾ ਸੀਤੇ ਮਰਾਸੀ ਵੱਲ ਨੂੰ ਹੋਇਆ। ਕਹਿੰਦਾ, ”ਜਿਹੜੀ ਗੱਲ ਮੀਰ ਤੈਨੂੰ ਸੰਧੂਰਾ ਸਿਉਂ ਨੇ ਪੁੱਛੀ ਐ ਬਈ ਤੂੰ ਪਾਣੀ ਆਲੀ ਬੱਸ ‘ਤੇ ਝੂਟਾ ਲੈ ਲਿਆ ਸੀ ਕੁ ਰਹਿ ਗਿਐਂ, ਉਹ ਕਿਮੇਂ ਐ?”
ਨਾਥਾ ਅਮਲੀ ਫ਼ੇਰ ਖੜਕਿਆ ਲੀਲੂ ਦੇ ਸਪੀਕਰ ਵਾਂਗੂੰ। ਹੱਸ ਕੇ ਕਹਿੰਦਾ, ”ਝੂਟਾ ਕਿਥੋਂ ਲੈ ਲੈਂਦਾ ਇਹੇ। ਬੱਸ ਨੂੰ ਤਾਂ ਇਹਦੇ ਓੱਥੇ ਜਾਣ ਤੋਂ ਪਹਿਲਾਂ ਈ ਲੈ ਗੇ। ਕਾਹੀਂ ਨੂੰ ਹੱਥ ਪਾ ਕੇ ਤਾਂ ਝੂਟਾ ਆਉਣਾ ਨ੍ਹੀ ਸੀ, ਝੂਟਾ ਤਾਂ ਬੱਸ ਦੀ ਸ਼ੀਂਟ ‘ਤੇ ਬਹਿ ਕੇ ਈ ਆਉਣਾ ਸੀ। ਮੈਨੂੰ ਲੱਗਦੈ ਇਹ ਤਾਂ ਕਿਤੇ ਸੈਂਕਲ ਦੀ ਕਾਠੀ ‘ਤੇ ਮਨ੍ਹੀ ਬੈਠਾ ਹੋਣਾ ਬੱਸ ਦੀ ਸ਼ੀਂਟ ‘ਤੇ ਕੌਣ ਬਹਾਉਂਦਾ ਇਹਨੂੰ।”
ਭਜਨਾ ਕਾਮਰੇਡ ਅਮਲੀ ਨੂੰ ਕਹਿੰਦਾ, ”ਅਮਲੀਆ ਜਿਹੜੀ ਕੱਲ੍ਹ ਕਵੀਸ਼ਰੀ ਕਰਦਾ ਆਉਂਦਾ ਸੀ ਉਹ ਤਾਂ ਸਣਾ ਦੇ ਯਾਰ ਬਾਬੇ ਨੂੰ।”
ਅਮਲੀ ਕਹਿੰਦਾ, ”ਕਵੀਸ਼ਰੀ ਨੂੰ ਕਿਤੇ ਮੈਂ ਗਰਬਖ਼ਸ਼ ਅਲਬੇਲਾਂ ਬਈ ਲੜੀ ਨ੍ਹੀ ਟੁੱਟਣ ਦਿੰਦਾ।”
ਕਾਮਰੇਡ ਦੀ ਗੱਲ ਸੁਣ ਕੇ ਬਾਬਾ ਸੰਧੂਰਾ ਸਿਉਂ ਵੀ ਹੋਇਆ ਅਮਲੀ ਵੱਲ ਨੂੰ, ”ਸਣਾ ਦੇ-ਸਣਾ ਦੇ ਨਾਥਾ ਸਿਆਂ।”
ਬਾਬੇ ਦਾ ਪਲੋਸਿਆ ਨਾਥਾ ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ। ਮੈਂ ਤਾਂ ਇਉਂ ਜੋੜਿਆ ਐ ਟੋਟਕਾ,
‘ਨਿਕਲ ਪਾਣੀਓਂ ਬੱਸ ਨੇ ਧਾਹ ਮਾਰੀ, ਹੁੰਦਿਆਂ ਠੇਲ੍ਹੇ ਉੱਤੇ ਸਵਾਰ ਬਾਬਾ। ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ, ਤੇਰੀ ਵੇਖ ਕੇ ਜਾਂਦੀ ਸਰਕਾਰ ਬਾਬਾ।
ਝੂਟਾ ਲੈ ਕੇ ਨਾ ਪਾਈ ਕਦਰ ਭੋਰਾ, ਮੇਰਾ ਰੱਖ ‘ਤਾ ਬਦਲ ਕੇ ਭੇਸ ਬਾਬਾ। ਇੱਕ ਰਾਤ ਤਾਂ ਹੋਰ ਰੱਖ ਲੈਂਦਾ, ਜੇ ਤੂੰ ਜਾਣਾ ਸੀ ਆਪ ਪ੍ਰਦੇਸ ਬਾਬਾ।’
ਨਾਥੇ ਅਮਲੀ ਦੇ ਮੂੰਹੋਂ ਟੋਟਕਾ ਸਣਾ ਕੇ ਬਾਬਾ ਸੰਧੂਰਾ ਸਿਉਂ ਅਮਲੀ ਨੂੰ ਹੱਸ ਕੇ ਕਹਿੰਦਾ, ”ਆਹ ਤਾਂ ਅਮਲੀਆ ਬਈ ਤੂੰ ਕਮਾਲ ਕਰ ‘ਤੀ ਟੋਟਕੇ ਆਲੀ। ਤੂੰ ਆਪ ਜੋੜਿਆ ਕੁ ਕਿਸੇ ਤੋਂ ਸੁਣਿਐਂ?”
ਅਮਲੀ ਕਹਿੰਦਾ, ”ਹੋਰ ਥਰੀਕਿਆਂ ਆਲੇ ਦੇਵ ਨੇ ਜੋੜਿਆ ਕਿਤੇ। ਮੈਂ ਤਾਂ ਕੱਢ ਦਿੰਨਾਂ ਕੜਿੱਲ।”
ਬਾਬਾ ਫ਼ੇਰ ਹੋਇਆ ਪਾਣੀ ਵਾਲੀ ਬੱਸ ਵੱਲ ਨੂੰ। ਸੱਥ ‘ਚ ਬੈਠੇ ਅਖ਼ਬਾਰ ਪੜ੍ਹੀ ਜਾਂਦੇ ਬੱਗੜ ਸਿਉਂ ਮਾਸਟਰ ਨੂੰ ਕਹਿੰਦਾ, ”ਕਿਉਂ ਮਾਹਟਰ! ਕਿੱਥ ਲੈ ਗੇ ਬੱਸ ਨੂੰ ਬਈ?”
ਨਾਥਾ ਅਮਲੀ ਬੱਗੜ ਮਾਸਟਰ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਤੈਨੂੰ ਦੱਸ ਕੇ ਤਾਂ ਹਟੇ ਆਂ ਬਾਬਾ ਬਈ ਕਰਾਏ ‘ਤੇ ਲਿਆਂਦੀ ਸੀ ਕਹਿੰਦੇ। ਅਗਲੇ ਆਵਦੀ ਲੱਦ ਕੇ ਲੈ ਗੇ। ਇਨ੍ਹਾਂ ਪਤੰਦਰਾਂ ਨੇ ਤਾਂ ਕਰਾਇਆ ਮਨ੍ਹੀ ਦਿੱਤਾ। ਉਲਟਾ ਕਹਿੰਦੇ ਜਿੰਨਾਂ ਸੋਡਾ ਕਰਾਇਆ ਬਣਦਾ ਸੀ, ਓਦੋਂ ਬਾਹਲੇ: ਦੀ ਤਾਂ ਸਾਡੇ ਜੀਮੀਂਦਾਰਾਂ ਦੀ ਫ਼ਸਲ ਮਾਰ ‘ਤੀ ਇਹ ਡਿੱਬਰੇ ਨੇ। ਲੈ ਦੱਸ ਬਾਬਾ! ਸਾਰੇ ਟੱਬਰ ਨੇ ਝੂਟੇ ਲੈ ਲੇ, ਹੁਣ ਡਿੱਬਰਾ ਈ ਦੱਸਦੇ ਐ। ਇਹ ਬੰਦੇ ਐ ਢਾਈ ਆਨਿਆਂ ਦੇ ਵਾਜੇ ਐ।”
ਅਮਲੀ ਦੀ ਗੱਲ ਸੁਣ ਕੇ ਬਾਬਾ ਸੰਧੂਰਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਇਹ ਕੀ ਅਮਲੀਆ ਓਏ। ਬੱਸ ਤਾਂ ਪਾਣੀ ‘ਚ ਚੱਲਣ ਆਲੀ ਸੀ ਤੇ ਫ਼ਸਲ ਕਿਮੇਂ ਮਾਰ ‘ਤੀ ਉਹਨੇ?”
ਸੀਤਾ ਮਰਾਸੀ ਗੱਲ ਸੁਣ ਕੇ ਟਿੱਚਰ ‘ਚ ਬੋਲਿਆ, ”ਮੈਂ ਦੱਸਦਾਂ ਬਾਬਾ ਤੈਨੂੰ ਬਈ ਕੀ ਗੱਲ ਹੋਈ ਐ। ਜਦੋਂ ਬੱਸ ਲਿਆ ਕੇ ਪਾਣੀ ‘ਚ ਵਾੜੇ ਤੋਂ ਉਹਦੇ ਟੈਰ ਭਿੱਜਣ ਲੱਗੇ ਤਾਂ ਉਹ ਘਬਰਾ ਗੀ ਬਈ ਕਿਤੇ ਮੈਂ ਡੁੱਬ ਈ ਨਾ ਜਾਮਾਂ, ਉਹ ਇੰਨ੍ਹਾਂ ਤੋਂ ਛੁੱਟ ਕੇ ਖੇਤੋਂ ਖੇਤੀ ਭੱਜ ਤੁਰੀ। ਮੂਹਰੇ ਕਿਤੇ ਛੋਟੀ ਨਹਿਰ ਆ ਗੀ ਤਾਂ ਕਰਕੇ ਓੱਥੇ ਜਾ ਕੇ ਖੜ੍ਹ ਗੀ। ਇਨ੍ਹਾਂ ਨੇ ਮਗਰ ਪੁਲਸ ਭਜਾਈ ਤਾਂ ਕਰ ਕੇ ਫ਼ੜੀ ਗਈ ਨਹੀਂ ਤਾਂ ਖਣੀ ਨਹਿਰ ਕਿਹੜਾ ਨਾ ਟੱਪ ਜਾਂਦੀ। ਉਹ ਜਿਹੜੇ ਜਿਹੜੇ ਖੇਤਾਂ ਵਿੱਚਦੀ ਭੱਜੀ ਉਹ ਸਾਰੇ ਖੇਤਾਂ ਦੀ ਫ਼ਸਲ ਮਰੁੰਡ ਬਣਾ ‘ਤੀ। ਆਹ ਗੱਲ ਐ ਬਾਬਾ।”
ਬਾਬਾ ਸੰਧੂਰਾ ਸਿਉਂ ਹੱਸ ਕੇ ਕਹਿੰਦਾ, ”ਇਹ ਤਾਂ ਐਮੇਂ ਯਾਰ ਤੁਸੀਂ ਟਿੱਚਰਾਂ ਕਰਦੇ ਐਂ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਚੱਲ ਇਉਂ ਦੱਸ ਬਈ ਬੱਸ ਨੂੰ ਕਿੱਧਰ ਲੈ ਗੇ ਹੁਣ?”
ਅਮਲੀ ਮਾਹਲੇ ਨੰਬਰਦਾਰ ਨੂੰ ਖਿਝ ਕੇ ਬੋਲਿਆ, ”ਓਏ ਬਾਪੂ ਨਹੀਂ ਸੀ ਬੱਸ ਓਹੋ। ਘੜੁੱਕਾ ਸੀ ਘੜੁੱਕਾ। ਐਮੇਂ ਬਿੰਦ ਕੁ ਪਿੱਛੋਂ ਕਹਿ ਦਿੰਨੇ ਐ ਬੱਸ ਸੀ ਬੱਸ। ਕੋਈ ਹੋਰ ਗੱਲ ਕਰ ਲੋ ਯਾਰ। ਤੁਸੀਂ ਤਾਂ ਸਿਰ ਈ ਖਾ ਲਿਆ। ਨਾਲੇ ਮੈਂ ਕਿਹੜਾ ਕਨੈਟਰ ਲੱਗਿਆ ਸੀ ਉਹਦੇ ‘ਤੇ ਬਈ ਮੈਨੂੰ ਈ ਸਭ ਕਾਸੇ ਦਾ ਪਤੈ।”
ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਚੰਗਾ ਇਉਂ ਦੱਸ ਫ਼ਿਰ ਬਿਜਲੀ ਆਲੇ ਆਪਣੇ ਪਿਡ ‘ਚ ਕੀਹਦੀ ਕੀਹਦੀ ਬਿਜਲੀ ਕੱਟ ਗੇ?”
ਨਾਥਾ ਅਮਲੀ ਕਹਿੰਦਾ, ”ਆਪਣੇ ਪਿੰਡ ਦਾ ਤਾਂ ਪਤਾ ਨ੍ਹੀ, ਪਰ ਸੁਣਿਐ ਬਈ ਵੱਡੇ ਚੋਰਾਂ ਦੇ ਘਰਾਂ ਦੀ ਬਿਜਲੀ ਤਾਂ ਜਰੂਰ ਕੱਟ ਗੇ। ਬਿਜਲੀ ਕੱਟ ਛੱਡ ਮੀਟਰ ਈ ਪੱਟ ਕੇ ਲੈ ਗੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਵੱਡੇ ਚੋਰ ਕਿਹੜੇ ਅਮਲੀਆ ਓਏ?”
ਅਮਲੀ ਕਹਿੰਦਾ, ”ਜੇ ਕੋਈ ਕਿਸੇ ਨੂੰ ਚੋਰ ਕਹਿ ਦਿੰਦਾ ਸੀ ਤਾਂ ਬੜੇ ਔਖੇ ਭਾਰੇ ਹੁੰਦੇ ਸੀ ਬਈ ਅਸੀਂ ਚੋਰ ਕਿਮੇਂ ਹੋ ਗੇ। ਆਹ ਹੁਣ ਸਾਰਿਆਂ ਨੂੰ ਈ ਪਤਾ ਲੱਗ ਗਿਆ ਵੱਡੇ ਸ਼ਰੀਫਾਂ ਦਾ ਜਦੋਂ ਬਿਜਲੀ ਆਲਿਆਂ ਨੇ ਪੱਟ ਪੱਟ ਮੀਟਰ ਸਭ ਦੀਆਂ ਕੰਧਾਂ ਇਉਂ ਕਰ ‘ਤੀਆਂ ਜਿਮੇਂ ਠਿੱਬੇ ਛਿੱਤਰਾਂ ‘ਚੋਂ ਕਲਬੂਤ ਕੱਢ ਲਿਆ ਹੁੰਦਾ। ਨੇਰ੍ਹੇ ਚੀ ਕੱਟੀ ਐ ਰਾਤ ਅਗਲਿਆਂ ਨੇ। ਵੇਹੜੇ ਆਲਾ ਨਾਜਰ ਬਾਟ੍ਹਾ ਕਹੀ ਜਾਵੇ ਅਕੇ ਦਿਆਲ ਸਿਉਂ ਕਿਆਂ ਨੇ ਤਾਂ ਬੀਕਾਨੇਰ ਨੂੰ ਬਿਜਲੀ ਵੇਚ ‘ਤੀ ਤਾਹੀਉਂ ਨ੍ਹੀ ਉਨ੍ਹਾਂ ਦੇ ਰਾਤ ਬਿਜਲੀ ਜਗੀ।”
ਸੀਤਾ ਮਰਾਸੀ ਕਹਿੰਦਾ, ”ਇਹ ਸਾਰੇ ‘ਕਾਲੀ ਹੁਣ ਤਕ ਬਿਜਲੀ ‘ਕੱਠੀ ਕਰੀ ਗਏ, ਹੁਣ ਜਦੋਂ ਇਨ੍ਹਾਂ ਨੂੰ ਪਤਾ ਲੱਗ ਗਿਆ ਬਈ ਐਤਕੀਂ ਤਾਂ ਸਾਡੇ ਆਲੀ ਘਿਆਕੋ ਬੋਲ ਜਾਣੀ ਐ, ਹੁਣ ਇਨ੍ਹਾਂ ਨੇ ਆਵਦੇ-ਆਵਦੇ ਘਰਾਂ ਦੀ ਬਿਜਲੀ ਵੇਚਣੀ ਸ਼ੁਰੂ ਕਰ ‘ਤੀ ਬਈ ਕਿਤੇ ਜੇ ਝਾੜੂ ਆਲੇ ਆ ਜਾਂ ਕੈਪਟਨ ਫ਼ੌਜੀ ਆ ਗਿਆ ਤਾਂ ਕਿਤੇ ਬਿਜਲੀ ਖੋਹ ਈ ਨਾ ਲੈਣ। ਇਨ੍ਹਾਂ ਨੇ ਸੋਚਿਆ ਬਈ ਇਹਦੇ ਤਾਂ ਪੈਂਸੇ ਵੱਟੋ, ਬਾਕੀ ਫ਼ੇਰ ਵੇਖੀ ਜਾਊ।”
ਏਨੇ ਚਿਰ ਨੂੰ ਜਦੋਂ ਤਿੰਨ ਚਾਰ ਬਿਜਲੀ ਆਲੇ ਸਾਇਕਲਾਂ ‘ਤੇ ਸੱਥ ਕੋਲ ਦੀ ਪਿੰਡ ਵਿੱਚ ਨੂੰ ਲੰਘੇ ਤਾਂ ਨਾਥਾ ਅਮਲੀ ਕਹਿੰਦਾ, ”ਆਹ ਜਾਂਦੇ ਐ ਬਿਜਲੀ ਕੱਟਣ ਆਲੇ। ਆਪਣੇ ਪਿੰਡ ‘ਚ ਵੇਖੋ ਕੀਹਦੇ ਪੈਰਾਂ ‘ਚ ਝਾਂਜਰਾਂ ਪਾਊਣਗੇ।”
ਬਿਜਲੀ ਆਲਿਆਂ ਨੂੰ ਵੇਖ ਕੇ ਬਾਬਾ ਸੰਧੂਰਾ ਸਿਉਂ ਸੱਥ ‘ਚੋਂ ਉੱਠ ਕੇ ਕਹਿੰਦਾ, ”ਸਾਡੇ ਮੁੰਡੇ ਵੀ ਮੀਟਰ ‘ਚ ਤਾਰ ਜੀ ਫ਼ਸਾਈ ਰੱਖਦੇ ਐ ਕਿਤੇ ਸਾਡੀ ਬਿਜਲੀ ਮਨ੍ਹਾ ਕੱਟ ਜਾਣ।”
ਜਿਉਂ ਹੀ ਬਾਬਾ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਸਾਰੇ ਸੱਥ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਇਉਂ ਤੁਰ ਪਏ ਜਿਵੇਂ ਉਨ੍ਹਾਂ ਨੂੰ ਵੀ ਡਰ ਪੈ ਗਿਆ ਹੋਵੇ ਕਿ ਕਿਤੇ ਉਨ੍ਹਾਂ ਦੇ ਮੀਟਰ ਨੂੰ ਲੱਗੀ ਕੁੰਡੀ ਵੀ ਨਾ ਫ਼ੜੀ ਜਾਵੇ।