ਪਿੰਡ ਦੀ ਸੱਥ ਵਿੱਚੋਂ (ਕਿਸ਼ਤ-185)

main-news-300x150ਨੱਕੋ ਨੱਕ ਭਰੀ ਸੱਥ ‘ਚ ਤਾਸ਼ ਖੇਡੀ ਜਾਂਦੇ ਦੇਵ ਪਟਵਾਰੀ ਦੇ ਮੁੰਡੇ ਗੋਰਖੇ ਨੂੰ ਅਰਜਨ ਬੁੜ੍ਹੇ ਕਾ ਭੀਚਾ ਸੱਥ ਕੋਲ ਟਰੈਕਟਰ ਰੋਕ ਕੇ ਕਹਿੰਦਾ, ”ਓਏ ਆ ਚੱਲੀਏ ਗੋਰਖਿਆ ਜੰਡ ਸਾਹਬ ਟੂਰਨਾਮੈਂਟ ‘ਤੇ ਓਏ। ਆ ਜਾ ਕੌਡੀ ਵੇਖ ਕੇ ਆਈਏ। ਆ ਜਾ ਉੱਠ ਪਾ ਛੱਡ ਪਰ੍ਹਾਂ ਤਾਸ਼ ਨੂੰ, ਅੱਜ ਕਲੱਬ ਦੇ ਮੈਚ ਹੋਣੇ ਐਂ, ਫ਼ੇਰ ਨਿੱਤ ਤਾਸ਼ ਖੇਡਣ ‘ਤੇ ਈ ਐਂ। ਆ ਜਾ ਟਰੈਗਟ ਦਾ ਤੇਲ ਮੱਚਦੈ।”
ਸੀਤਾ ਮਰਾਸੀ ਭੀਚੇ ਨੂੰ ਟਿੱਚਰ ‘ਚ ਕਹਿੰਦਾ, ”ਮੈਂ ਤਾਂ ਸੁਣਿਆ ਸੀ ਅਰਜਨ ਬੁੜ੍ਹੇ ਕਿਆਂ ਨੇ ਜਿਹੜਾ ਟਰੈਗਟ ਲਿਆਂਦਾ ਅੱਧੇ ਪਾਣੀ ‘ਤੇ ਅੱਧੇ ਤੇਲ ‘ਤੇ ਚੱਲਦਾ। ਅਕੇ ਜਦੋਂ ਤਾਂ ਵਾਹ-ਵਹਾਈ ਦਾ ਜਾਂ ਟਰੈਲੀ ਦਾ ਕੰਮ ਕਰਦਾ ਓਦੋਂ ਤਾਂ ਤੇਲ ਮੱਚਦਾ ਜਦੋਂ ਖੜ੍ਹਾ ਚੱਲੀ ਜਾਂਦਾ ਹੁੰਦਾ ਜਿਮੇਂ ਹੁਣ ਚੱਲਦਾ ਓਦੋਂ ਅਕੇ ਪਾਣੀ ‘ਤੇ ਚੱਲਦਾ। ਤੂੰ ਗੱਪੀਆ ਕਹਿਨੈ ਤੇਲ ਮੱਚਦਾ। ਐਡੇ-ਐਡੇ ਗਪੌੜ ਸਿਉਂ।”
ਗੋਰਖਾ ਭੀਚੇ ਨੂੰ ਕਹਿੰਦਾ, ”ਆਹ ਤਾਇਆ ਸੀਤਾ ਕੀ ਕਹਿੰਦਾ ਓਏ, ਇਹਨੂੰ ਜਵਾਬ ਦੇ ਪਹਿਲਾਂ। ਨਾਲੇ ਤੂੰ ਵੇਖ ਆ ਕੌਡੀ ਜਾ ਕੇ। ਮੈਥੋਂ ਨ੍ਹੀ ਜਾਈਦਾ। ਆਪਾਂ ਤਾਂ ਤਾਸ਼ ਦੇ ਮੈਚ ਈ ਵੇਹਨੇਂ ਆਂ ਅੱਜ। ਜਾਹ ਜਾਇਆ ਗਿਣਿਆ ਕੌਡੀ ਆਲਿਆਂ ਦੇ ਪੈਂਹਟ। ਵੱਡਾ ਆਇਆ ਇਹੇ ਕੋਚਵਾਨ। ਤੂੜੀ ਦੀ ਪੰਡ ਤਾਂ ਰੋਕੀ ਨ੍ਹੀ ਗਈ ਘਰੋਂ ਜਾਂਦੀ, ਕੌਡੀ ਵੇਖ ਲੂ ਇਹੇ ਭੰਗਚਿੜੀ ਆਲਾ ਨਧਾਨਾ।”
ਨਾਥਾ ਅਮਲੀ ਗੋਰਖੇ ਦੀ ਗੱਲ ਸੁਣ ਕੇ ਗੋਰਖੇ ਨੂੰ ਕਹਿੰਦਾ, ”ਆਹ ਹੁਣੇ ਤਾਂ ਤੂੰ ਕਹਿੰਦਾ ਸੀ ਓਏ ਮੈਂ ਜੰਡ ਸਾਹਬ ਟੂਰਨਾਮੈਂਟ ‘ਤੇ ਕੌਡੀ ਵੇਖਣ ਜਾਣੀ ਐ ਕੋਈ ਸਵਾਰੀ ਨ੍ਹੀ ਥਿਆਉਂਦੀ ਜਾਣ ਨੂੰ। ਹੁਣ ਜੇ ਸਵਾਰੀ ਮਿਲੀ ਐ ਤਾਂ ਲੱਤ ਚੱਕ ਕੇ ਮੂਤ ਗਿਐਂ। ਜਾਹ ਹੁਣ, ਤਾਸ਼ ਤਾਂ ਕੱਲ੍ਹ ਨੂੰ ਵੀ ਖੇਡ ਲੇਂਗਾ।”
ਤੂੜੀ ਵਾਲੀ ਪੰਡ ਦੀ ਗੱਲ ਸੁਣ ਕੇ ਬਾਬਾ ਜੈਮਲ ਸਿਉਂ ਮੁਸ਼ਕਣੀਆਂ ਹੱਸ ਕੇ ਗੋਰਖੇ ਨੂੰ ਕਹਿੰਦਾ, ”ਓਏ ਆਹ ਤੂੜੀ ਦੀ ਪੰਡ ਜਾਂਦੀ ਆਲੀ ਕੀ ਗੱਲ ਐ ਗੋਰਖ ਨਾਥਾ?”
ਤੂੜੀ ਵਾਲੀ ਪੰਡ ਦੀ ਕਹਾਣੀ ਬਾਰੇ ਭਾਵੇਂ ਬਾਬੇ ਨੂੰ ਪਤਾ ਸੀ ਪਰ ਬਾਬਾ ਗੱਲ ਦੀ ਫੇਰ ਤੋਂ ਉਧੇੜ ਬੁਣਨ ਸੁਣਨੀ ਚਾਹੁੰਦਾ ਸੀ।
ਗੋਰਖਾ ਕਹਿੰਦਾ, ”ਤੂੜੀ ਦੀ ਪੰਡ ਦੀ ਕੀ ਗੱਲ ਹੋਣੀ ਸੀ ਬਾਬਾ। ਕਈ ਦਿਨਾਂ ਦੀ ਗੱਲ ਐ। ਇਨ੍ਹਾਂ ਦਾ ਭੀਚੇ ਕਾ ਕਿਤੇ ਸਾਰਾ ਟੱਬਰ ਘਰੇ ਵੇਹੜੇ ‘ਚ ਬੈਠਾ ਸੀ। ਆਹ ਟੱਪਰੀਵਾਸ ਜਾ ਇੱਕ ਗੱਡੀਆਂ ਆਲਾ ਘਰੇ ਆਇਆ, ਆ ਕੇ ਤੂੜੀ ਆਲੀ ਸਬ੍ਹਾਤ ‘ਚ ਵੜ ਕੇ ਤੂੜੀ ਦੀ ਨਿੱਗਰ ਜੀ ਪੰਡ ਲੈ ਕੇ ਤੁਰਦਾ ਲੱਗਿਆ। ਨਾ ਤਾਂ ਗੱਡੀਆਂ ਆਲਾ ਕੁਸ ਬੋਲਿਆ, ਨਾ ਈ ਕੋਈ ਟੱਬਰ ਦਾ ਜੀਅ ਕੁਸਕਿਆ। ਉਹ ਤੂੜੀ ਦੀ ਪੰਡ ਲੈ ਕੇ ਜਦੋਂ ਟੱਬਰ ਦੇ ਜੀਆਂ ਮੂਹਰਦੀ ਨੰਘਿਆ ਤਾਂ ਜੀਉ ਜੀਅ ਤੂੜੀ ਵਾਲੀ ਪੰਡ ਵੱਲ ਚੁੱਪ ਕਰੇ ਇਉਂ ਵੇਖਣ ਜਿਮੇਂ ਭੁੱਖੇ ਕਤੂਰਿਆਂ ਮੂਹਰਦੀ ਕੋਈ ਰੋਟੀਆਂ ਦੀ ਟੋਕਰੀ ਲੈ ਕੇ ਨੰਘੇ ਤੋਂ ਕਤੂਰੇ ਵੇਂਹਦੇ ਹੋਣ ਬਈ ਇਹ ਰੋਟੀਆਂ ਕਿੱਧਰ ਲਈ ਜਾਂਦੈ। ਜਦੋਂ ਗੱਡੀਆਂ ਆਲਾ ਤੂੜੀ ਦੀ ਪੰਡ ਲੈ ਕੇ ਘਰੋਂ ਨਿੱਕਲ ਗਿਆ ਤਾਂ ਮਗਰੋਂ ਟੱਬਰ ਦੇ ਸਾਰੇ ਜੀਅ ਆਪਸ ਵਿੱਚ ਇਉਂ ਚੁੰਝੋ ਚੁੰਝੀ ਹੋ ਪੇ ਜਿਮੇਂ ਖਿੱਲਾਂ ਆਲੇ ਫ਼ਲਾਲੇ ਪਿੱਛੇ ਬਾਂਦਰ ਝੀਟ-ਮਚੀਟੇ ਹੋ ਗੇ ਹੋਣ। ਬੁੜ੍ਹੀ ਬੁੜ੍ਹੇ ਨੂੰ ਕਹੀ ਜਾਵੇ ‘ਐਮੇਂ ਤੁਰੇ ਜਾਂਦੇ ਨੇ ਮੂੰਹ ਹਲਾ ‘ਤਾ ਹੋਣਾ ਇਹਨੇ, ਨਹੀਂ ਕਿਸੇ ਦੀ ਕੀ ਸੱਤਿਆ ਬਈ ਘਰੋਂ ਤੂੜੀ ਦੀ ਪੰਡ ਲੈ ਜੇ’। ਬੁੜ੍ਹਾ ਬੁੜ੍ਹੀ ਨੂੰ ਕਹੀ ਜਾਵੇ ‘ਇਹਨੇ ਸੁਥਰੀ ਜੀ ਨੇ ਬੱਠਲ ਬਾਲਟੀ ਦੇ ਥੱਲਾ ਥੁੱਲਾ ਲਵਾਉਣ ਦੀ ਗੱਲ ਕਰੀ ਹੋਣੀ ਐ। ਤੂੜੀ ਦੀ ਪੰਡ ਇਹ ਪਹਿਲਾਂ ਲੈ ਗਿਆ, ਜਦੋਂ ਨੂੰ ਥੱਲਾ ਲਾਉਣ ਹੋਇਆ ਉਦੋਂ ਨੂੰ ਇਹ ਅਗਲੇ ਪੜਾਅ ਉਠ ਜਾਣਗੇ’। ਭੀਚਾ ਆਵਦੇ ਵੱਡੇ ਭਰਾ ਗੰਡੇ ਨੂੰ ਕਹੀ ਜਾਵੇ ‘ਇਹਨੇ ਟੱਕੂਆ ਟੁਕੂਆ ਬਣਾਉਣ ਨੂੰ ਕਿਹਾ ਹੋਣੈ’। ਗੰਡਾ ਭੀਚੇ ਦਾ ਨਾਂ ਲਈ ਜਾਵੇ ਬਈ ਇਹਨੇ ਗੰਧਾਲੀ ਬਣਾਉਣੀ ਹੋਣੀ ਐ।”
ਗੱਲ ਵਿੱਚੋਂ ਟੋਕ ਕੇ ਨਾਥਾ ਅਮਲੀ ਹੱਸ ਕੇ ਟਿੱਚਰ ‘ਚ ਕਹਿੰਦਾ, ”ਗੱਲਾਂ-ਗੱਲਾਂ ‘ਚ ਈ ਟੱਬਰ ਨੇ ਸਾਰੇ ਸੰਦ ਬਣਾ ਲੇ ਫ਼ਿਰ ਤਾਂ ਹੈਂਅ?”
ਚਲਦੀ ਗੱਲ ਦੇ ਵਿੱਚ ਬੋਲੇ ਨਾਥੇ ਅਮਲੀ ਨੂੰ ਬਾਬਾ ਜੈਂਮਲ ਸਿਉਂ ਕਹਿੰਦਾ, ”ਚੁੱਪ ਵੀ ਕਰ ਯਾਰ, ਗੱਲ ਗਾਹਾਂ ਤਾਂ ਹੋਣ ਦੇ। ਹਾਂ ਬਈ ਗੋਰਖ ਨਾਥਾ! ਗਾਹਾਂ ਦੱਸ ਕਿਮੇਂ ਹੋਈ ਫ਼ਿਰ?”
ਗੋਰਖਾ ਫ਼ੇਰ ਉੱਧੜ ਪਿਆ ਜਿਮੇਂ ਨੜੇ ਤੋਂ ਗਲੋਟਾ ਉੱਧੜਦਾ ਹੁੰਦਾ। ਕਹਿੰਦਾ,
”ਸਾਰਾ ਟੱਬਰ ਇੱਕ ਦੂਜੇ ਦਾ ਈ ਨਾਂ ਲਈ ਜਾਵੇ। ਏਨੇ ਚਿਰ ਨੂੰ ਗੱਡੀਆਂ ਆਲੇ ਦੀ ਘਰਆਲੀ ਆ ਗੀ। ਇੱਕ ਪੰਡ ਉਹ ਲੈ ਗੀ। ਜਦੋਂ ਗੱਡੀਆਂ ਆਲੀ ਤੂੜੀ ਦੀ ਪੰਡ ਲਈ ਜਾਂਦੀ ਸੀ ਤਾਂ ਸਾਰਾ ਟੱਬਰ ਉਹਦੇ ਵੱਲ ਇਉਂ ਵੇਖੀ ਜਾਵੇ ਜਿਮੇਂ ਬਾਂਦਰੀ ਕਤੂਰੇ ਤੋਂ ਰੋਟੀ ਦੀ ਬੁਰਕੀ ਖੋਹ ਕੇ ਕਿੱਕਰ ‘ਤੇ ਚੜ੍ਹ ਗੀ ਨੂੰ ਕਤੂਰਾ ਵੇਂਹਦਾ ਹੁੰਦਾ। ਆਹ ਗੱਲ ਐ ਬਾਬਾ ਤੂੜੀ ਦੀ ਪੰਡ ਦੀ। ਹੋਰ ਕਿਤੇ ਇਹ ਤੂੜੀ ਦੀ ਪੰਡ ਤਾਂ ਨ੍ਹੀ ਖਾ ਗਿਆ ਟੱਬਰ।”
ਮਾਹਲਾ ਨੰਬਰਦਾਰ ਕਹਿੰਦਾ, ”ਓਦੂੰ ਮਗਰੋਂ ਗੱਡੀਆਂ ਆਲਿਆਂ ਦਾ ਜੁਆਕ ਲੈ ਗਿਆ ਇੱਕ ਪੰਡ। ਪੰਡ-ਪੰਡ ਨਾਲ ਗੱਡੀਆਂ ਆਲਿਆਂ ਨੇ ਆਥਣ ਨੂੰ ਸਬ੍ਹਾਤ ਭਾਂਅ-ਭਾਂਅ ਕਰਨ ਲਾ ‘ਤੀ।”
ਬਾਬਾ ਜੈਂਮਲ ਸਿਉਂ ਕਹਿੰਦਾ, ”ਫ਼ੇਰ ਦਾ ਗੱਡੀਆਂ ਆਲਿਆਂ ਦੇ ਜਿੰਨੇ ਜੀਅ ਸੀ ਸਾਰੇ ਈ ਪੰਡ-ਪੰਡ ਲੈ ਗੇ ਹੈਂਅ। ਅਰਜਨ ਕਿਆਂ ਤੋਂ ਫ਼ੜ ਕੇ ਕੱਟੇ ਨਾ ਗਏ ਗੱਡੀਆਂ ਆਲੇ ਜਦੋਂ ਤੂੜੀ ਢੋਂਹਦੇ ਸੀ?”
ਨਾਥਾ ਅਮਲੀ ਕਹਿੰਦਾ, ”ਆਪਣੇ ਪਿੰਡ ਆਲੇ ਜਾਂਨੀਆਂ ਆਲੀ ਕਰਦੇ। ਅੰਦਰ ਲੈਂਦੇ ਤਾੜ, ਕੁੱਟ ਕੁੱਟ ਕੇ ਘੀਸ ਵਲ ਦਿੰਦੇ ਕੱਢ, ਫੇ:ਰ ਪਤਾ ਲੱਗਦਾ ਬਈ ਤੂੜੀ ਕਿਮੇਂ ਲਜਾਈਦੀ ਹੁੰਦੀ ਐ ਕਿਸੇ ਦੇ ਘਰੋਂ।”
ਬਾਬੇ ਨੇ ਅਮਲੀ ਨੂੰ ਪੁੱਛਿਆ, ”ਆਪਣੇ ਪਿੰਡ ਆਲੇ ਕਿਹੜੇ ਜਾਨੀਆਂ ਆਂਗੂੰ ਅਮਲੀਆ ਓਏ?”
ਅਮਲੀ ਕਹਿੰਦਾ, ”ਜਿਹੜੇ ਆਪਣੇ ਪਿੰਡ ਦੇ ਗੜ੍ਹਦੀ ਆਲੇ ਜੰਨ ਗਏ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਪੂਰੀ ਗੱਲ ਦੱਸ ਕੀਹਦੀ ਗੱਲ ਕਰਦੈਂ?”
ਅਮਲੀ ਕਹਿੰਦਾ, ”ਮੇਰਾ ਦਾਦਾ ਦੱਸਦਾ ਹੁੰਦਾ ਸੀ। ਅਕੇ ਕੇਰਾਂ ਆਪਣੇ ਪਿੰਡ ਆਲੇ ਓਧਰਲੇ ਗੁਆੜ ਆਲੇ ਮਕੰਦੇ ਕੇ ਛਨੱਤਰ ਦੇ ਮੁੰਡੇ ਦੀ ਗੜ੍ਹਦੀਆਲੇ ਜੰਨ ਉਠ ਗੇ। ਉਦੋਂ ਜੰਨਾਂ ਵੀ ਦੋ-ਦੋ, ਤਿੰਨ-ਤਿੰਨ ਦਿਨ ਰਹਿੰਦੀਆਂ ਹੁੰਦੀਆਂ ਸੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਬਾ ਜੈਂਮਲ ਸਿਉਂ ਹੱਸ ਕੇ ਬੋਲਿਆ, ”ਮਕੰਦੇ ਕੀ ਜੰਨ ਤਾਂ ਕਹਿੰਦੇ ਨੌ ਦਸ ਦਿਨ ਰਹੀ ਸੀ ਹੈਂਅ?”
ਨਾਥਾ ਅਮਲੀ ਕਹਿੰਦਾ, ”ਉਹੀ ਗੱਲ ਦੱਸਦਾਂ ਬਾਬਾ ਮੈਂ। ਜੰਨ ਭਾਈ ਪਹੁੰਚ ਗੀ। ਆਥਣੇ ਜੇ ਜੰਨ ਪਹੁੰਚੀ। ਛਨੱਤਰ ਦਾ ਮੁੰਡਾ ਤੜਕੇ ਤਿੰਨ ਚਾਰ ਵਜੇ ਲੈ ਕੇ ਲਾਮਾਂ ਘਰਦੇ ਘਰਦੇ ਬਾਕੀ ਦੀ ਦੂਜੀ ਜੰਨ ਨੂੰ ਬਿਨਾਂ ਦੱਸੇ ਪਿੰਡ ਆ ਗੇ। ਅਕੇ ਛਨੱਤਰ ਕੇ ਉਦੋਂ ਪਿੰਡੋਂ ਬਾਹਰ-ਬਾਹਰ ਰਹਿੰਦੇ ਸੀ ਫ਼ਿਰਨੀ ‘ਤੇ। ਪਿੰਡ ‘ਚ ਬਹੁਤਾ ਪਤਾ ਨਾ ਲੱਗਿਆ ਬਈ ਮੁੰਡਾ ਬਹੂ ਵਿਆਹ ਲਿਆਇਆ। ਸਭ ਨੂੰ ਇਉਂ ਸੀ ਬਈ ਜੰਨ ਪੰਜ ਦਿਨ ਰਹੂਗੀ। ਪਿੰਡ ਆਲੇ ਦਿਨੇ ਘਰੇ ਕੰਮ ਕਰਿਆ ਕਰਨ, ਆਥਣੇ ਜੇ ਜਾਨੀ ਬਣ ਕੇ ਕੁੜੀ ਆਲਿਆਂ ਦੇ ਪਿੰਡ ਜਾ ਵੜਿਆ ਕਰਨ। ਉਹ ਮੁੜਿਆਇਆ ਕਰਨ ਅਗਲੇ ਦਿਨ ਪਿੰਡ ‘ਚੋਂ ਹੋਰ ਪਹੁੰਚ ਜਿਆ ਕਰਨ। ਗੜ੍ਹਦੀਆਲਾ ਆਪਣੇ ਪਿੰਡੋਂ ਛੀ ਸੱਤ ਕੁ ਕੋਹ ਐ। ਪਿੰਡ ਆਲੇ ਆਥਣੇ ਜੇ ਜਾ ਵੜਿਆ ਕਰਨ, ਚੰਗਾ ਲੰਗਰ ਪਾਣੀ ਛਕਿਆ ਕਰਨ, ਦਾਰੂ ਛਿੱਕਾ ਪੀ ਕੇ ਰਾਤ ਕੱਟ ਕੇ ਤੜਕੇ ਨੂੰ ਫ਼ੇਰ ਪਿੰਡ ਆ ਜਿਆ ਕਰਨ। ਕੁੜੀ ਆਲਿਆਂ ਨੇ ਵੇਖਿਆ ਬਈ ਕੁੜੀ ਤਾਂ ਵਿਆਹ ਕੇ ਤੋਰ ‘ਤੀ ਐ, ਇਹ ਜਾਨੀ ਹਜੇ ਵੀ ਆਈ ਜਾਈ ਜਾਂਦੇ ਐ। ਚਾਰ ਪੰਜ ਦਿਨ ਕੰਮ ਚੱਲਿਆ ਬਾਬਾ ਇਹੇ। ਕੁੜੀ ਆਲਿਆਂ ਨੇ ਕੀ ਕੀਤਾ ਨਾਹ, ਮੇਜਰ ਬਿੰਬਰ ਕੇ ਦੀਪੇ ਅਰਗੇ ਤਿੰਨ ਚਾਰ ਜਣੇ ਜਦੋਂ ਗਏ ਬਈ ਅਸੀਂ ਤਾਂ ਜਾਨੀ ਆਂ, ਉਨ੍ਹਾਂ ਨੇ ਅੰਦਰ ਲਏ ਤਾੜ, ਕੁੱਟ ਕੁੱਟ ਕੇ ਘੀਸ ਵਲ਼ ਕੱਢ ‘ਤੇ। ਅਗਲੇ ਦਿਨ ਤੜਕੇ ਛੱਡੇ। ਜਦੋਂ ਪਿੰਡ ਆਏ ਤਾਂ ਆ ਕੇ ਕਹਿੰਦੇ ‘ਬਈ ਸੇਵਾ ਬਹੁਤ ਕਰਦੇ ਐ। ਨਰੰਜਨ ਕੇ ਪੱਪੀ ਤੇ ਹਰੀ ਕੂਕੇ ਕੇ ਜੱਗੀ ਨੂੰ ਕਹਿੰਦੇ ‘ਆਥਣੇ ਜੇ ਜਾਇਉ ਓਏ, ਤੜਕੇ ਨੂੰ ਛਕ ਛਕਾ ਕੇ ਆਜਿਉ’। ਜਦੋਂ ਪੱਪੀ ਅਰਗੇ ਗਏ ਤਾਂ ਉਨ੍ਹਾਂ ਨੇ ਜਾਂਦੇ ਈ ਅੰਦਰ ਲਏ ਤਾੜ, ਮਾਰ ਮਾਰ ਘਸੁੰਨ ਦੋਹਾਂ ਤਿੰਨਾਂ ਦੇ ਮੂੰਹ ਘਮਾਂ ‘ਤੇ। ਤੜਕੇ ਆ ਕੇ ਉਨ੍ਹਾਂ ਨੇ ਚਾਰ ਪੰਜ ਜਣੇ ਹੋਰ ਘੱਲ ‘ਤੇ। ਅਗਲਿਆਂ ਨੇ ਉਹ ਵੀ ਜਾਂਦੇ ਈ ਲੰਡੇ ਬੋਕ ਆਂਗੂੰ ਮਸਲਤੇ। ਕੁੜੀ ਆਲੇ ਕਹਿੰਦੇ ‘ਵਿਆਹ ਹੋਏ ਨੂੰ ਤਾਂ ਪੰਜ ਦਿਨ ਹੋ ਗੇ ਓਏ, ਹੁਣ ਤੁਸੀਂ ਕਿੱਧਰਲੇ ਜਾਨੀ ਆ ਗੇ ਓਏ। ਇਉਂ ਕਰਕੇ ਬਾਬਾ ਆਪਣਾ ਤਾਂ ਅੱਧਾ ਪਿੰਡ ਕੁੱਟਿਆ ਗਿਆ। ਆਹ ਮਗਰਲੇ ਦਿਨਾਂ ‘ਚ ਤਾਂ ਨੱਥੂ ਮਝੈਲ ਕੇ ਛਿੰਦੇ ਅਰਗੇ ਤਿੰਨ ਚਾਰ ਜਣਿਆਂ ਨੂੰ ਤਾਂ ਘੁੱਲੇ ਸਰਪੈਂਚ ਅਰਗੇ ਛਡਾਕੇ ਲਿਆਏ ਐ। ਕੁੜੀ ਆਲੇ ਤੂੜੀ ਆਲੀ ਸਬ੍ਹਾਤ ‘ਚ ਤਾੜੀ ਬੈਠੇ ਸੀ ਅਗਲੇ।”
ਬਾਬਾ ਜੈਂਮਲ ਸਿਉਂ ਕਹਿੰਦਾ, ”ਆਉਂਦੇ ਐਤਵਾਰ ਨੂੰ ਆਪਣੇ ਗੁਆੜ ਆਲੇ ਹਰਨਾਮੇ ਬੁੜ੍ਹੇ ਦੇ ਮੁੰਡੇ ਦਾ ਵੀ ਵਿਆਹ ਆ ਗਿਆ। ਹੁਣ ਫ਼ੇਰ ਹੋ ਜੋ ਜੰਨ ਨੂੰ ਤਿਆਰ।”
ਨਾਥਾ ਅਮਲੀ ਕਹਿੰਦਾ, ”ਹਰਨਾਮੇ ਬੁੜ੍ਹੇ ਦੇ ਮੁੰਡੇ ਪਿੰਡ ‘ਚ ਜੰਨ ਨੂੰ ਕਹਿੰਦੇ ਫ਼ਿਰਦੇ ਐ। ਜਦੋਂ ਮੁੰਡੇ ਕਿਸੇ ਦੇ ਘਰੇ ਜੰਨ ਨੂੰ ਕਹਿਣ ਜਾਂਦੇ ਐ ਤਾਂ ਹਰਨਾਮੇ ਕਿਆਂ ਨੂੰ ਵੇਖ ਕੇ ਲੋਕ ਇਉਂ ਲੁਕ ਜਾਂਦੇ ਐ ਜਿਮੇਂ ਸੂਰ ਨੂੰ ਵੇਖ ਕੇ ਕਤੂਰਾ ਮੱਕੀ ਦੇ ਮੁਹਾਰੇ ‘ਚ ਵੜ ਗਿਆ ਹੁੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਜਦੋਂ ਹਰਨਾਮਾ ਬੁੜ੍ਹਾ ਤੇ ਉਹਦਾ ਮੁੰਡਾ ਸੱਥ ਵੱਲ ਨੂੰ ਤੁਰੇ ਆਉਂਦੇ ਦਿਸੇ ਤਾਂ ਸੀਤਾ ਮਰਾਸੀ ਉਨ੍ਹਾਂ ਨੂੰ ਦੂਰੋਂ ਹੀ ਵੇਖ ਕੇ ਕਹਿੰਦਾ, ”ਹੋਅ ਆਉਂਦੇ ਫ਼ਿਰ ਬੁੜ੍ਹਾ ਤੇ ਮੁੰਡਾ ਸੱਥ ਆਲਿਆਂ ਨੂੰ ਜੰਨ ਨੂੰ ਕਹਿਣ। ਹੋ ਜੋ ਮੁੰਡਿਉ ਕੁੱਟ ਖਾਣ ਨੂੰ ਤਿਆਰ। ਇਨ੍ਹਾਂ ਦੀ ਜੰਨ ਵੀ ਗਰੜ੍ਹਦੀਆਲੇ ਦੇ ਨਾਲ ਦੇ ਪਿੰਡ ਈ ਜਾਣੀ ਐ।”
ਨਾਥਾ ਅਮਲੀ ਕਹਿੰਦਾ, ”ਏਧਰਲੇ ਤਾਂ ਭਾਈ ਕੁੱਟਣ ਲੱਗ ਪੇ ਐ ਹੁਣ। ਏਧਰ ਨੂੰ ਤਾਂ ਨ੍ਹੀ ਕਿਸੇ ਨੇ ਜੰਨ ਨੂੰ ਮੂੰਹ ਕਰਨਾ। ਜੇ ਕਿਸੇ ਹੋਰ ਪਾਸੇ ਜੰਨ ਜਾਣੀ ਹੋਈ ਤਾਂ ਔਖੇ ਸੌਖੇ ਟੈਮ ਕੱਢਣਾ ਈਂ ਪਊ।
ਹਰਨਾਮੇ ਤੇ ਮੁੰਡੇ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ ਹੀ ਸੱਥ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਈ ਬਈ ਕਿਤੇ ਹਰਨਾਮੇਂ ਬੁੜ੍ਹੇ ਕੇ ਜੰਨ ਜਾਣ ਨੂੰ ਨਾ ਕਹਿਣ ਦੇਣ। ਉਨ੍ਹਾਂ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ ਹੀ ਸੱਥ ਇਉਂ ਖ਼ਾਲੀ ਹੋ ਗਈ ਜਿਮੇਂ ਸਾਰੀ ਛੁੱਟੀ ਹੋਣ ਪਿੱਛੋਂ ਪ੍ਰਾਇਮਰੀ ਸਕੂਲ ਖ਼ਾਲੀ ਹੋ ਗਿਆ ਹੁੰਦਾ।

LEAVE A REPLY