ਪਿੰਡ ਦੀ ਸੱਥ ਵਿੱਚੋਂ (ਕਿਸ਼ਤ-169)

main newsਸੱਥ ਵੱਲ ਨੂੰ ਤੁਰੇ ਆਉਂਦੇ ਪੰਦਰਾਂ ਵੀਹ ਬੰਦਿਆਂ ਨੂੰ ਵੇਖ ਕੇ ਬਾਬੇ ਸੰਧੂਰਾ ਸਿਉਂ ਨੇ ਆਪਣੇ ਨਾਲ ਬੈਠੇ ਸੂਬੇਦਾਰ ਰਤਨ ਸਿਉਂ ਨੂੰ ਪੁੱਛਿਆ, ”ਸੂਬੇਦਾਰਾ! ਆਹ ਪ੍ਰਤਾਪੇ ਭਾਊ ਤੇ ਗੇਲੇ ਕਾਮਰੇਟ ਅਰਗੇ ਕਾਹਦਾ ‘ਕੱਠ ਜਾ ਕਰੀ ਫ਼ਿਰਦੇ ਐ। ਕਿਤੇ ਸਟੈਟੀ ਦੀਆਂ ਵੋਟਾਂ ਵਾਟਾਂ ਤਾਂ ਨ੍ਹੀ ਆ ਗੀਆਂ?”
ਸੀਤਾ ਮਰਾਸੀ ਬਾਬੇ ਨੂੰ ਟਿੱਚਰ ‘ਚ ਬੋਲਿਆ, ”ਵੋਟਾਂ ਕਿਤੇ ਬਾਬਾ ਜੁਆਕਾਂ ਦਾ ਸਕੂਲ ਐ ਬਈ ਨਿੱਤ ਈ ਜਾਣਾ ਪੈਂਦਾ, ਨਿੱਤ ਈ ਵੋਟਾਂ। ਇਹ ਤਾਂ ਸਾਲ ਛੀ ਮਹੀਨੇ ਨੰਘਦੇ ਈ ਐ। ਇੱਕ ਵਾਰੀ ਵੋਟਾਂ ਪਏ ਤੋਂ ਤਾਂ ਸਾਲ ਭਰ ਸੂਤ ਨ੍ਹੀ ਹੋਇਆ ਜਾਂਦਾ, ਜੇ ਮਹੀਨੇ ਦੇ ਮਹੀਨੇ ਪੈਣ ਲੱਗ ਗੀਆਂ ਤਾਂ ਲੋਕਾਂ ਆਲਾ ਚਕਰਚੂੰਢਾ ਬਣ ਜੂ। ਹੱਡ ਭੰਨੇ ਤਾਂ ਹਜੇ ਐਲ ਬਲੈਲੇ ਆਲੀਆਂ ਵੋਟਾਂ ਆਲੇ ਸੂਤ ਨ੍ਹੀ ਹੋਏ। ਨਾਲੇ ਸਟੈਟੀ ਦੀਆਂ ਵੋਟਾਂ ਤਾਂ ਕੱਲ੍ਹ ਪੈ ਕੇ ਹਟੀਆਂ। ਹਜੇ ਤਾਂ ਨੱਥੂ ਢੀਂਡੇ ਅਰਗਿਆਂ ਨੇ ਸਟੈਟੀ ਦਾ ਕਾਰੋਬਾਰ ਮਨ੍ਹੀ ਸਾਂਭਿਆ, ਐਡੀ ਛੇਤੀ ਵੋਟਾਂ ਕਿੱਥੋਂ ਆ ਗੀਆਂ?”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਇਉਂ ਕਤਾੜ ਕੇ ਪੈ ਗਿਆ ਜਿਵੇਂ ਕਤੂਰਾ ਚੱਕੇ ਤੋਂ ਕੁੱਤੀ ਦੰਦੀਆਂ ਜੀਆਂ ਚੜ੍ਹਾ ਕੇ ਪੈ ਜਾਂਦੀ ਐ। ਕਹਿੰਦਾ, ”ਧੀਰਜ ਭਾਅ ਨਾਲ ਦੱਸ ਦੇ ਖਾਂ ਜਿਹੜੀ ਕਿਹੜੀ ਗੱਲ ਦੱਸਣੀ ਐ ਬਾਬੇ ਨੂੰ ਓਏ। ਊਈਂ ਬਿਨਾਂ ਫ਼ੀਸੋਂ ਵਾਧੂ ਦਾ ਈ ਵਕੀਲ ਬਣਿਆ ਬੈਠੈਂ। ਇਹਨੇ ਤਾਂ ਬੁੜ੍ਹੇ ਬੰਦੇ ਨੇ ਪਿੰਡ ‘ਚ ‘ਕੱਠ ਹੋਇਆ ਵੇਖ ਕੇ ਪੁੱਛਿਆ ਬਈ ਸੁੱਖ ਹੋਵੇ ਕਾਹਦਾ ‘ਕੱਠ ਹੋਇਆ ਫ਼ਿਰਦਾ, ਤੂੰ ਪਤੰਦਰਾ ਗੱਲ ਨੂੰ ਟੀਸੀ ‘ਤੇ ਚੜ੍ਹਾ ਕੇ ਬਹਿ ਗਿਐਂ। ਨਾਲੇ ਬਾਬੇ ਨੂੰ ਕੀ ਪਤਾ ਵੋਟਾਂ ਦਾ। ਤੀਜੇ ਦਿਨ ਤਾਂ ਵੋਟਾਂ ਆਈਆਂ ਰਹਿਦੀਆਂ ਏਥੇ। ਕਦੇ ਐਬ ਬਲੈਲੇ ਦੀਆਂ ਵੋਟਾਂ ਆ ਗੀਆਂ, ਕਦੇ ਵੱਡੀਆਂ ਉਤਲੀਆਂ ਵੋਟਾਂ ਦਾ ਰੌਲਾ ਪੈਣ ਲੱਗ ਜਾਂਦਾ। ਕਦੇ ਅੰਬਰਸਰ ਆਲੇ ਗੁਰਦੁਆਰਿਆਂ ਦੀਆਂ ਆ ਜਾਂਦੀਆਂ। ਸਟੈਟੀ ਦੀਆਂ ਵੋਟਾਂ ਹਜੇ ਪਿਛਲੇ ਮਹੀਨੇ ਪੈ ਕੇ ਹਟੀਆਂ, ਹੁਣ ਵੇਖ ਲਾ ਆਹ ਸਰਪੈਂਚੀ ਆ ਗਈ ਜਾਣ ਮੂਹਰੇ ਫ਼ੱਗਣ ‘ਚ ।”
ਏਨੀਆਂ ਗੱਲਾਂ ਕਰਦਿਆਂ ਤੋਂ ‘ਕੱਠੇ ਹੋਏ ਆਉਂਦੇ ਬੰਦੇ ਵੀ ਸੱਥ ‘ਚ ਆ ਗਏ। ਬਾਬੇ ਸੰਧੂਰਾ ਸਿਉਂ ਨੇ ਮੂਹਰੇ ਤੁਰੇ ਆਉਂਦੇ ਵੱਡੇ ਲਾਣੇ ਆਲਿਆਂ ਦੇ ਆਤਮੇ ਨੂੰ ਬਜ਼ੁਰਗ ਅਵਸਥਾ ‘ਚੋਂ ਤਿੱਖੀ ਆਵਾਜ਼ ‘ਚ ਪੁੱਛਿਆ,”
”ਆਤਮਾ ਸਿਆਂ! ਕਿੱਧਰ ਕੀਤਾ ‘ਕੱਠ, ਸੁੱਖ ਐ?”
‘ਕੱਠ ਵਿੱਚ ਤੁਰਿਆ ਆਉਂਦਾ ਛੁਰੀ ਮਾਰਾਂ ਦਾ ਗੋਰਾ ਕਹਿੰਦਾ, ”ਤਾਏ ਰੁਲਦੂ ਦਾ ਪਤਾ ਲੈ ਕੇ ਆਏ ਆਂ ਬਾਬਾ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, ”ਕਿਉਂ! ਓਹਨੂੰ ਕੀ ਹੋ ਗਿਆ। ਕਿਤੇ ਊਠ ਗੱਡੀ ‘ਚ ਤਾਂ ਨ੍ਹੀ ਰਾਤ-ਬਰਾਤੇ ਕੋਈ ਮੋਟਰ ਗੱਡੀ ਵੱਜ ਗੀ?”
ਸੱਥ ‘ਚ ਤਾਸ਼ ਖੇਡੀ ਜਾਂਦਾ ਸੰਤੋਖੇ ਮੱਦੀ ਕਾ ਘੋਚੀ ਕਹਿੰਦਾ, ”ਕਾਹਨੂੰ ਬਾਬਾ। ਅਸੀਂ ਤਾਂ ਸੁਣਿਆਂ ਬਈ ਮੰਡੀ ਨੂੰ ਪਕਾਹ ਲਈ ਜਾਂਦੇ ਨੂੰ ਰਾਤ ਨੂੰ ਨਾਲੇ ਤਾਂ ਅਗਲੇ ਕੁੱਟ ਗੇ, ਨਾਲੇ ਉੱਠ ਗੱਡੀ ਤੋਂ ਅੱਠ ਦਸ ਪੰਡਾਂ ਪਕਾਹ ਦੀਆਂ ਬੱਝੀਆਂ ਬਝਾਈਆਂ ਲਾਹ ਕੇ ਲੈ ਗੇ।”
ਰੁਲਦੂ ਕੋਲ ਊਠ ਗੱਡੀ ਸੀ ਤੇ ਉਹ ਕਿਰਾਏ ਭਾੜੇ ‘ਤੇ ਸ਼ਾਹੂਕਾਰਾਂ ਵਲੋਂ ਪਿੰਡਾਂ ‘ਚੋਂ ਖ਼ਰੀਦਿਆ ਨਰਮਾ ਕਪਾਹ ਲੈ ਕੇ ਮੰਡੀ ਲੈ ਜਾਂਦਾ ਤੇ ਮੰਡੀਉਂ ਪਿੰਡ ਦੇ ਲੋਕਾਂ ਦਾ ਖ਼ਰੀਦਿਆ ਸੌਦਾ ਪੱਤਾ ਲੈ ਕੇ ਪਿੰਡ ਆ ਜਾਂਦਾ। ਇਸੇ ਕਰ ਕੇ ਘੋਚੀ ਨੇ ਰੁਲਦੂ ਦੀ ਗੱਲ ਕੀਤੀ ਸੀ ਕਿ ਰੁਲਦੂ ਨੂੰ ਰਾਤ ਨੂੰ ਕੁੱਟ ਕੇ ਕਪਾਹ ਦੀਆਂ ਪੰਡਾਂ ਖੋਹ ਕੇ ਲੈ ਗਏ।
ਘੋਚੀ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਕਾਹਨੂੰ ਇਹ ਗੱਲ ਐ, ਗੱਲ ਤਾਂ ਕੁਸ ਹੋਰ ਐ।”
ਬੁੱਘਰ ਦਖਾਣ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਦੱਸ ਫ਼ੇਰ ਜੇ ਹੋਰ ਗੱਲ ਐ ਤਾਂ ਕੋਈ।”
ਨਾਥਾ ਅਮਲੀ ਹੱਸ ਕੇ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਇਹ ਤਾਂ ਬਾਬਾ ਲਾਟਣ ਨੇ ਕੁੱਟ ਪੁਆਈ ਐ ਰੁਲਦੂ ਦੇ। ਆਹ ਜਿਹੜੀ ਪਕਾਹ ਦੀਆਂ ਪੰਡਾਂ ਖੋਹ ਕੇ ਲੈ ਗੇ ਆਂਹਦੇ ਐ, ਇਹੋ ਜੀ ਨ੍ਹੀ ਕੋਈ ਗੱਲ।”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ। ਲਾਟਣ ਨੇ ਕਿਮੇਂ ਕੁੱਟ ਪੁਆਈ ਐ?”
ਸੀਤਾ ਮਰਾਸੀ ਕਹਿੰਦਾ, ”ਲਾਟਣ ਲੂਟਣ ਚੋਰੀ ਕਰ ਲੀ ਹੋਣੀ ਐਂ ਰੁਲਦੂ ਨੇ। ਹੋਰ ਤਾਂ ਕੀ ਗੱਲ ਹੋਣੀ ਐਂ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਲਾਟਣ ਚੋਰੀ ਕੀਤੀ ਐ। ਗੱਲ ਤਾਂ ਇਉਂ ਐਂ ਬਈ ਜਦੋਂ ਇਹ ਮੰਡੀ ਨੂੰ ਬ੍ਰਿਜ ਬਾਣੀਏ ਦੀ ਪਕਾਹ ਲੈ ਕੇ ਰਾਤ ਨੂੰ ਤੁਰਿਆ ਤਾਂ ਰੁਲਦੂ ਨੇ ਲਾਟਣ ਜਗਾ ਕੇ ਊਠ ਗੱਡੀ ਦੇ ਥੱਲੇ ਬੰਨ੍ਹ ਲੀ ਬਈ ਸੜਕ ‘ਤੇ ਆਉਂਦੀਆਂ ਜਾਂਦੀਆਂ ਮੋਟਰ ਗੱਡੀਆਂ ਨੂੰ ਪਤਾ ਲੱਗਦਾ ਰਹੇ ਬਈ ਕੋਈ ਸਵਾਰੀ ਜਾਂਦੀ ਐ। ਉਹ ਲਾਟਣ ਜਗਦੀ ਵੇਖ ਕੇ ਰਾਤ ਨੂੰ ਦੋ ਵਜੇ ਰੁਲਦੂ ਦੀ ਊਠ ਗੱਡੀ ਘੇਰ ਕੇ ਲੋਕਾਂ ਨੇ ਰੁਲਦੂ ਦੀ ਚੰਗੀ ਦੁੜਮੜੀ ਲਾਈ। ਇੱਕ ਤਾਂ ਬਾਂਹ ਭੰਨ ਗੇ, ਨਾਲੇ ਹੋਰ ਵੀ ਵਾਹਵਾ ਸੱਟਾਂ ਮਾਰ ਗੇ। ਹੁਣ ਘਰੇ ਮੰਜੇ ‘ਚ ਪਿਆ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਇਹ ਗੱਲ ਬਣੀ ਬਈ ਲਾਟਣ ਜਗਦੀ ਵੇਖ ਕੇ ਅਗਲਿਆਂ ਨੇ ਬਿਨਾਂ ਗੱਲ ਤੋਂ ਤੁਰੇ ਜਾਂਦੇ ਰਾਹੀ ਨੂੰ ਕੁੱਟ ਸਿਟਿਆ। ਗੱਲ ਤਾਂ ਕੋਈ ਹੋਰ ਹੋਊ।”
ਬੁੱਘਰ ਦਖਾਣ ਅਮਲੀ ਨੂੰ ਕਹਿੰਦਾ, ”ਪੂਰੀ ਗੱਲ ਸਣਾ ਖਾਂ ਓਏ, ਅੱਧ ਵਚਾਲਿਉਂ ਈਂ ਨੱਕੇ ਮੋੜੀ ਜਾਨੈਂ।”
ਅਮਲੀ ਕਹਿੰਦਾ, ”ਲਾਲ ਬੱਤੀਆਂ ਦੇ ਭਲੇਖੇ ‘ਚ ਈ ਕੁੱਟਿਆ ਗਿਆ ਰੁਲਦੂ। ਹੋਰ ਓਹਦਾ ਗਰੀਬ ਦਾ ਕਿਹੜਾ ਕਿਸੇ ਨਾਲ ਵੱਟ ਡੌਲ ਦਾ ਰੌਲ਼ਾ ਸੀ ਕੋਈ। ਤੈਨੂੰ ਪਤਾ ਤਾਂ ਹੈ ਬਾਬਾ ਬਈ ਆਪਣੇ ਗਰੰਥ ਸਾਹਬ ਦੀ ਬੇਅਦਬੀ ਹੋਈ ਕਰ ਕੇ ਲੋਕ ਸਰਕਾਰ ਨੂੰ ਕਹਿੰਦੇ ਐ ਬਈ ਜਿੰਨ੍ਹਾਂ ਨੇ ਗੁਰੂ ਗਰੰਥ ਸਾਹਬ ਦੀ ਬੇਅਦਬੀ ਕੀਤੀ ਐ ਉਨ੍ਹਾਂ ਨੂੰ ਫ਼ੜੋ। ਸਰਕਾਰ ਨੇ ਉਜਰ ਈ ਨ੍ਹੀ ਕੀਤਾ ਭੋਰਾ। ਹੁਣ ਜਦੋਂ ਆਹ ਜਿਹੜੇ ਮੰਤਰੀ ਸੰਤਰੀ ਜੇ ਆ ਜਾਂ ਹੋਰ ਲੀਡਰ ਐ ਕੋਈ, ਜਦੋਂ ਉਹੋ ਪਿੰਡਾਂ ‘ਚ ਜਾਂਦੇ ਐ ਤਾਂ ਲੋਕ ‘ਕੱਠੇ ਹੋ ਕੇ ਉਨ੍ਹਾਂ ਨੂੰ ਘੇਰ ਲੈਂਦੇ ਐ। ਪਿੰਡਾਂ ‘ਚ ਵੜਨ ਈ ਨ੍ਹੀ ਦਿੰਦੇ। ਅੱਗੇ ਜਦੋਂ ਲੀਡਰਾਂ ਨੇ ਪਿੰਡਾਂ ‘ਚ ਜਾਣਾ ਤਾਂ ਲਾਲ ਬੱਤੀਆਂ ਆਲੀਆਂ ਦਸ-ਦਸ ਗੱਡੀਆਂ ਮਗਰ ਮੂਹਰੇ ਲਈ ਫ਼ਿਰਦੇ ਸੀ। ਹੁਣ ਲਾਲ ਬੱਤੀਆਂ ਪਿੰਡ ਵੜਨ ਤੋਂ ਪਹਿਲਾਂ ਈਂ ਲਾਹ ਕੇ ਗੱਡੀ ‘ਚ ਰੱਖ ਲੈਂਦੇ ਐ ਬਈ ਲਾਲ ਬੱਤੀ ਵੇਖ ਕੇ ਲੋਕ ਘੇਰ ਕੇ ਕਿਤੇ ਕੁਟਾਪਾ ਨਾ ਚਾੜ੍ਹ ਦੇਣ। ਇਹ ਜਦੋਂ ਕਿਤੇ ਰੁਲਦੂ ਰਾਤ ਨੂੰ ਊਠ ਗੱਡੀ ਥੱਲੇ ਲਾਟਣ ਬੰਨ੍ਹ ਕੇ ਤੁਰਿਆ ਜਾਂਦਾ ਸੀ ਤਾਂ ਓੱਥੇ ਕਿਤੇ ਰਾਹ ‘ਚ ਸਰਾਮਾਂ ਪਿੰਡ ਦੇ ਲੋਕਾਂ ਨੇ ਪਹਿਰਾ ਲਾਇਆ ਹੋਇਆ ਸੀ। ਜਦੋਂ ਉਨ੍ਹਾਂ ਪਹਿਰੇ ਆਲਿਆਂ ਨੇ ਰੁਲਦੂ ਦੀ ਊਠ ਗੱਡੀ ਥੱਲੇ ਲਾਟਣ ਜਗਦੀ ਵੇਖੀ ਤਾਂ ਮੰਡ੍ਹੀਰ ਨੇ ਰੋਲਾ ਪਾ ‘ਤਾ ਬਈ ਲਾਲ ਬੱਤੀ ਆਲੀ ਗੱਡੀ ਆ ਗੀ ਓਏ। ਉਨ੍ਹਾਂ ਨੇ ਵੇਖਿਆ ਨ੍ਹੀ ਕਰਿਆ ਨ੍ਹੀ, ਚਾਂਭਲੀ ਵੀ ਮੰਡ੍ਹੀਰ ਨੇ ਮਾਰ-ਮਾਰ ਰੋੜੇ ਰੁਲਦੂ ਦਾ ਬੁਰਾ ਹਾਲ ਕਰ ‘ਤਾ। ਜਦੋਂ ਊਠ ਦੇ ਰੋੜੇ ਵੱਜੇ ਤਾਂ ਉਹ ਵਿਚਾਰਾ ਜਨੌਰ ਵੀ ਭੱਜ ਲਿਆ। ਭੱਜੀ ਜਾਂਦੀ ਗੱਡੀ ਖਤਾਨਾਂ ‘ਚ ਉਲਟ ਗੀ, ਊਠ, ਗੱਡੀ ‘ਚ ਫ਼ੱਸ ਗਿਆ। ਰੁਲਦੂ ਗੱਡੀ ਦੇ ਉੱਤੋਂ ਥੱਲੇ ਡਿੱਗ ਪਿਆ, ਡਿੱਗਦੇ ਦੀ ਰੁਲਦੂ ਦੀ ਬਾਂਹ ਟੁੱਟ ਗੀ। ਡਿੱਗਦੇ ਨੂੰ ਲੋਕ ਕੁੱਟਣ ਲੱਗ ਗੇ। ਜਦੋਂ ਲੋਕਾਂ ਨੇ ਵੇਖਿਆ ਬਈ ਇਹ ਤਾਂ ਹੋਰ ਈ ਕੋਈ ਕੁੱਟਿਆ ਗਿਆ ਤਾਂ ਉਨ੍ਹਾਂ ਨੂੰ ਸਮਝ ਲੱਗੀ ਬਈ ਇਹ ਤਾਂ ਉਨ੍ਹਾਂ ਕੋਈ ਕਿਰਾਏ ਭਾੜੇ ਆਲਾ ਈ ਮਾਂਜ ਧਰਿਆ। ਫ਼ੇਰ ਜਾ ਕੇ ਕਿਤੇ ਲੋਕਾਂ ਨੇ ਪਹਿਲਾਂ ਰੁਲਦੂ ਨੂੰ ਚੱਕਿਆ ਫ਼ੇਰ ਊਠ ਕੱਢਿਆ ਗੱਡੀ ‘ਚੋਂ ਫ਼ੱਸਿਆ ਵਿਆ। ਇਉਂ ਹੋਈ ਰੁਲਦੂ ਨਾਲ ਬਾਬਾ। ਪਕਾਹ ਦੀਆਂ ਪੰਡਾਂ ਪੁੰਡਾਂ ਆਲੀ ਨ੍ਹੀ ਕੋਈ ਗੱਲ। ਉਹ ਤਾਂ ਐਮੇਂ ਆਟੇ ਨਾਲ ਪੜੇਥਣ ਲਾ ‘ਤਾ ਲੋਕਾਂ ਨੇ।઺
ਸੀਤਾ ਮਰਾਸੀ ਕਹਿੰਦਾ, ”ਹੁਣ ਫ਼ੇਰ ਲਾਲ ਬੱਤੀਆਂ ਤਾਂ ਜਗਣੋਂ ਹਟਾ ‘ਤੀਆਂ ਹੋਣੀਆਂ ਲੋਕਾਂ ਨੇ ਹੈਂਅ।”
ਨਾਥਾ ਅਮਲੀ ਕਹਿੰਦਾ, ”ਵੇਂਹਦਾ ਜਾਹ ਮੀਰ ਤੂੰ। ਲਾਲ ਬੱਤੀਆਂ ਦਾ ਹਾਲ ਤਾਂ ਉਦੋਂ ਵੇਖੀਂ ਜਦੋਂ ਧੜੂਕੇ ਪੈਣ ਲੱਗ ਗੇ। ਵੋਟਾਂ ਆ ਲੈਣ ਦੇ। ਲੋਕ ਅੱਕੇ ਪਏ ਐ। ਹੁਣ ਜਦੋਂ ਵੋਟਾਂ ਮੰਗਣ ਪਿੰਡਾਂ ‘ਚ ਜਾਣਗੇ ਉਦੋਂ ਪੁੱਛਣਗੇ ਲੋਕ ਬਈ ਤੁਸੀਂ ਕਿਤੇ ਲਾਲ ਬੱਤੀ ਆਲੇ ਤਾਂ ਨ੍ਹੀ?”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਤੂੰ ਰੁਲਦੂ ਦੀ ਸਣਾ ਅਮਲੀਆ ਉਹ ਕੀ ਦੱਸਦਾ?”
ਮਾਹਲਾ ਨੰਬਰਦਾਰ ਕਹਿੰਦਾ, ”ਰੁਲਦੂ ਨੇ ਕੀ ਦੱਸਣਾ ਸੰਧੂਰਾ ਸਿਆਂ। ਮਾਰ ਮਾਰ ਰੋੜੇ ਰੁਲਦੂ ਦਾ ਸਰੀਰ ਤਾਂ ਇਉਂ ਬਣਾ ‘ਤਾ ਜਿਮੇਂ ਪਹਾੜੀ ਕਿੱਕਰ ਤੋਂ ਸੱਕ ਲੱਥਾ ਹੁੰਦਾ। ਏਥੇ ਕਲਯੁਗ ‘ਚ ਕਰਦਾ ਕੋਈ ਐ ਭਰਦਾ ਕੋਈ ਐ। ਨਾਲੇ ਰੁਲਦੂ ਨੂੰ ਕੀ ਪਤਾ ਸੀ ਬਈ ਲੀਡਰਾਂ ਦੀਆਂ ਕੀਤੀਆਂ ਦੀ ਕੁੱਤੇ ਖਾਣੀ ਮੇਰੇ ਨਾਲ ਹੋਣੀ ਐ।”
ਬਚਨਾ ਰਾਠ ਕਹਿੰਦਾ, ”ਹੁਣ ਤਾਂ ਬਾਈ ਹਰੇਕ ਈ ਲਫ਼ੇੜਿਆਂ ਤੋਂ ਡਰਦਾ। ਚਾਹੇ ਕੋਈ ਤਕੜਾ ਚਾਹੇ ਮਾੜਾ।”
ਸੀਤਾ ਮਰਾਸੀ ਕਹਿੰਦਾ, ”ਕੱਲ੍ਹ ਮੱਘਰ ਕੀ ਛਿੰਦੋ ਦੇ ਮੁੰਡੇ ਦੇ ਪੰਜੂਆਂ ਦੇ ਜੁਆਕ ਨੇ ਪਤੰਗ ਦੀ ਡੋਰ ਤੋੜਣ ਲੱਗੇ ਨੇ ਮੁੱਕੀ ਮਾਰੀ। ਮੱਘਰ ਪੰਜੂਆਂ ਦੇ ਘਰੇ ਲਾਂਹਭਾ ਦੇਣ ਗਿਆ ਬਈ ਸੋਡੇ ਜੁਆਕ ਨੇ ਸਾਡੇ ਦੋਹਤੇ ਦੇ ਲਫ਼ੇੜਾ ਮਾਰਿਆ। ਪੰਜੂਆਂ ਦਾ ਬੁੜ੍ਹਾ ਮੱਘਰ ਨੂੰ ਕਹਿੰਦਾ ‘ਐਮੇਂ ਨ੍ਹੀ ਮੱਘਰ ਸਿਆਂ ਜੁਆਕਾਂ ਪਿੱਛੇ ਲੜੀਦਾ ਹੁੰਦਾ। ਸਾਡੇ ਜੁਆਕ ਨੇ ਭੋਰਾ ਹੱਥ ਲਾਇਆ ਖਣੀ ਨਹੀਂ, ਤੂੰ ਗਾਹਾਂ ਮੁੱਕੀ ਤੋਂ ਲਫ਼ੇੜਾ ਬਣਾ ‘ਤਾ। ਕੱਲ੍ਹ ਦਾ ਉਹ ਜੁਆਕ ਐ, ਭੋਰਾ ਭੋਰਾ ਜੁਆਕ ਦੇ ਹੱਥ ਐ। ਲਾਂਹਭਾਂ ਦੇਣ ਲੱਗੇ ਮਾੜਾ ਮੋਟਾ ਵੇਖ ਤਾਂ ਲਿਆ ਕਰੋ ਯਾਰ। ਮੁੱਕੀ ਓ ਸੀ ਗਾਹਾਂ ਕਿਤੇ ਹਮੀਰਗੜ੍ਹ ਆਲੇ ਜੈਲੇ ਜੱਟ ਦਾ ਲਫ਼ੇੜਾ ਸੀ ਬਈ ਵੱਜਣ ਸਾਰ ਗੱਲ੍ਹ ‘ਤੇ ਪੰਜਾਬ ਦਾ ਨਕਸ਼ਾ ਛਪ ਗਿਆ।”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਲਫ਼ੇੜੇ ਨਾਲ ਜੈਲੇ ਦੀ ਮਸ਼ੂਹਰੀਓ ਈ ਏਨੀ ਹੋ ਗੀ, ਕਹਿੰਦੇ ‘ਖਬਾਰਾਂ ਆਲਿਆਂ ਨੇ ਜੈਲੇ ਤੋਂ ਜਰਨੈਲ ਸਿਉਂ ਬਣਾ ‘ਤਾ।”
ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਤੂੰ ਰੁਲਦੂ ਦੀ ਸਣਾ ਹੋਰ ਕੋਈ।”
ਸੀਤਾ ਮਰਾਸੀ ਕਹਿੰਦਾ, ”ਰੁਲਦੂ ਦੀ ਕੀ ਸੁਣਨੀ ਐ। ਲੋਕ ਜਾਂਦੇ ਐ ਰੁਲਦੂ ਦਾ ਪਤਾ ਲਿਆਉਂਦੇ ਐ ਮੁੜਿਆਉਂਦੇ ਐ। ਬੱਸ ਐਨੀ ਗੱਲ ਐ।”
ਮਾਹਲੇ ਨੰਬਰਦਾਰ ਨੇ ਬਾਬੇ ਨੂੰ ਪੁੱਛਿਆ, ”ਤੂੰ ਪਤਾ ਲਿਆਇਆ ਸੰਧੂਰਾ ਸਿਆਂ ਕੁ ਨਹੀਂ ਬਈ?”
ਬਾਬਾ ਕਹਿੰਦਾ, ”ਮੈਂ ਤਾਂ ਹਜੇ ਗਿਆ ਨ੍ਹੀ ਯਾਰ। ਚਲੋ ਖਾਂ ਆਪਾਂ ਵੀ ਪਤਾ ਲਿਆਈਏ।” ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਸਾਰੇ ਹੀ ਉੱਠ ਕੇ ਰੁਲਦੂ ਦੇ ਘਰ ਨੂੰ ਉਹਦਾ ਪਤਾ ਲੈਣ ਚੱਲ ਪਏ।”

LEAVE A REPLY