ਪਿੰਡ ਦੀ ਸੱਥ ਵਿੱਚੋਂ (ਕਿਸ਼ਤ-168)

main newsਜਿਉਂ ਹੀ ਅਰਜਨ ਬੁੜ੍ਹੇ ਕਾ ਬੱਲੂ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਸੀਤੇ ਮਰਾਸੀ ਨੇ ਬੱਲੂ ਨੂੰ ਮੁਸ਼ਕਣੀਆ ਹੱਸ ਕੇ ਟਿੱਚਰ ‘ਚ ਆਵਾਜ਼ ਮਾਰੀ, ”ਬੱਲ ਸਿਆਂ! ਆਜਾ ਯਾਰ ਕਦੇ ਸੱਥ ‘ਚ ਵੀ ਬਹਿ ਜਿਆ ਕਰ ਘੜੀ। ਸਾਰਾ ਦਿਨ ਪਤੰਦਰਾ ਇਉਂ ਭੱਜਿਆ ਫ਼ਿਰਦਾ ਰਹਿਨੈਂ ਜਿਮੇਂ ਬਾਂਦਰੀ ਦੀ ਪੂਛ ਨੂੰ ਅੱਗ ਲੱਗੀ ਹੁੰਦੀ ਐ। ਆ ਜਾ! ਕੋਈ ਹੱਡ ਬੀਤੀ ਕੋਈ ਜੱਗ ਬੀਤੀ ਸਣਾ ਜਾ ਯਾਰ। ਕਿਹੜਿਆਂ ਕੰਮਾਂ ‘ਚ ਭੱਜਿਆ ਫ਼ਿਰਦੈਂ ਤੂੰ?”
ਬਾਬਾ ਪਾਖਰ ਸਿਉਂ ਕਹਿੰਦਾ, ”ਕਿਉਂ ਯਾਰ ਕਿਸੇ ਨੂੰ ਕੰਮ ਧੰਦੇ ਜਾਂਦੇ ਨੂੰ ਅੜਕਾਉਣੇ ਹੁੰਨੇ ਐਂ। ਤੁਸੀਂ ਤਾਂ ਵੇਹਲੇ ਐਂ, ਕੰਮ ਨ੍ਹੀ ਕਰਨਾ ਕੋਈ ਧੰਦਾ ਨ੍ਹੀ ਕਰਨਾ। ਤੜਕੇ ਈ ਆ ਜਾਨੇ ਐਂ ਸੱਥ ‘ਚ। ਆਥਣ ਤਕ ਪੱਦੀਂ ਪੀਂਘਾਂ ਪਾਈ ਰੱਖਦੇ ਐਂ। ਭਈਆਂ ਦੀ ਆਖਣ ਅਨੁਸਾਰ ਜਿੰਨਾ ਚਿਰ ਚੱਕਰ ਨ੍ਹੀ ਡੁੱਬਦਾ ਸੱਥ ‘ਚੋਂ ਹਿਲਣ ਦਾ ਨਾਂ ਈ ਨ੍ਹੀ ਲੈਂਦੇ।
ਤਾਸ਼ ਦੇ ਪੱਤੇ ‘ਤੇ ਪੱਤਾ ਮਾਰੀ ਜਾਂਦਾ ਜੱਗਾ ਕਾਮਰੇਡ ਬਾਬੇ ਨੂੰ ਕਹਿੰਦਾ, ”ਚੱਕਰ ਡੁੱਬਣਾ ਕਾਸ ਨੂੰ ਕਹਿੰਦੇ ਐ ਬਾਬਾ ਭਈਏ?”
ਸੀਤਾ ਮਰਾਸੀ ਕਹਿੰਦਾ, ”ਪੰਜ ਸੱਤ ਭਈਏ ਆਥਣ ਤਕ ਦਿਹਾੜੀ ‘ਤੇ ਲੈ ਜਾ। ਆਥਣ ਨੂੰ ਭਈਏ ਈ ਦੱਸ ਦੇਣਗੇ ਕਾਸ ਨੂੰ ਕਹਿੰਦੇ ਐ ਚੱਕਰ ਡੁੱਬਣਾ। ਤਾਸ਼ ਕੁੱਟੀ ਜਾਂਦੇ ਨੂੰ ਨ੍ਹੀ ਕੋਈ ਫ਼ਾਰਮੂਲਾ ਦੱਸ ਕੇ ਜਾਂਦਾ।”
ਨਾਥਾ ਅਮਲੀ ਕਹਿੰਦਾ, ”ਭਈਆਂ ਨੂੰ ਦਿਹਾੜੀ ਲਿਜਾ ਕੇ ਕਰਾਊਗਾ ਕੀ ਉਨ੍ਹਾਂ ਤੋਂ? ਘਰ ਇਹ ਨ੍ਹੀ ਪਾਉਂਦਾ ਕੋਈ, ਪੈਲੀ ਪੱਠਾ ਇਹਦੇ ਕੋਲੇ ਨ੍ਹੀ। ਜਿਹੜੇ ਦੋ ਸਿਆੜ ਹੈਗੇ ਐ, ਉਹ ਚਿੰਤੇ ਕੇ ਗੋਰਖੇ ਕੋਲੇ ਠੇਕੇ ‘ਤੇ ਐ। ਹੋਰ ਖਰਬੂਜੇ ਤਾਂ ਬੀਜੇ ਨ੍ਹੀ ਬਈ ਉਨ੍ਹਾਂ ਦੀ ਰਾਖੀ ਬਹਾ ਦੂਗਾ। ਹਾਂ! ਇੱਕ ਕੰਮ ਜਰੂਰ ਐ, ਤਾਸ਼ ਦੀ ਸਰ ਦੇ ਪੱਤੇ ਚੱਕਣ ‘ਤੇ ਲਿਆਵੇ। ਇਹਨੂੰ ਪੱਤਿਆਂ ਦਾ ਭਾਰ ਨ੍ਹੀ ਚੱਕਣਾ ਪੈਣਾ, ਭਈਆਂ ਗਰੀਬਾਂ ਦੀ ਦਿਹਾੜੀ ਬਣ ਜੂ।”
ਜੱਗਾ ਕਹਿੰਦਾ, ”ਜਿਹੜੀ ਗੱਲ ਪੁੱਛਦੇ ਆਂ ਉਹ ਤਾਂ ਦੱਸਦੇ ਨ੍ਹੀ, ਹੋਰ ਈ ਬਾਘੀਆਂ ਪਾਈ ਜਾਂਦੇ ਐ। ਪੁੱਛਿਆ ਤਾਂ ਸੋਨੂੰ ਆਂ ਬਈ ਭਈਏ ਚੱਕਰ ਡੁੱਬਣਾ ਕਾਸ ਨੂੰ ਕਹਿੰਦੇ ਐ, ਤੁਸੀ ਹੋਰ ਈ ਰਾਮ ਕਹਾਣੀ ਛੇੜ ਕੇ ਬਹਿ ਗੇ।”
ਤਾਸ਼ ਖੇਡੀ ਜਾਂਦਾ ਜੋਰੀ ਕਾਣਾ ਕਹਿੰਦਾ, ”ਸੂਰਜ ਛਿਪ ਜਾਣ ਨੂੰ ਕਹਿੰਦੇ ਐ ਚੱਕਰ ਡੁੱਬਣਾ ਭਈਏ। ਹੋਰ ਕਿਤੇ ਰੇਲ ਗੱਡੀ ਦੇ ਟੈਰ ਨੂੰ ਤਾਂ ਨ੍ਹੀ ਕਹਿੰਦੇ ਬਈ ਲਹਿ ਕੇ ਡਿੱਗਣ ਸਾਰ ਜਿਹੜਾ ਛੱਪੜ ‘ਚ ਡੁੱਬ ਗਿਆ ਜਾ ਕੇ।”
ਸੀਤਾ ਮਰਾਸੀ ਕਹਿੰਦਾ, ”ਰੇਲ ਗੱਡੀ ਦੇ ਕਿਹੜੇ ਟੈਰ ਹੁੰਦੇ ਐ ਓਏ? ਉਹਦੇ ਤਾਂ ਲੋਹੇ ਦੇ ਪਹੀਏ ਹੁੰਦੇ ਐ।”
ਨਾਥਾ ਅਮਲੀ ਕਹਿੰਦਾ, ”ਹੁੰਦੇ ਐ ਰੇਲ ਗੱਡੀ ਦੇ ਟੈਰ ਵੀ। ਹੁਣ ਨਮੀਂਆਂ ਚੱਲੀਆਂ ਟੈਰਾਂ ਆਲੀਆਂ ਰੇਲ ਗੱਡੀਆਂ। ਜਦੋਂ ਊਠ ਗੱਡੀਆਂ ਟੈਰਾਂ ਆਲੀਆਂ ਚੱਲ ਪੀਆਂ ਤਾਂ ਰੇਲ ਗੱਡੀਆਂ ਕਿਤੇ ਬਾਹਲ਼ੀ ਵੱਡੀ ਗੱਲ ਐ।”
ਬਾਬਾ ਪਾਖਰ ਸਿਉਂ ਅਮਲੀ ਨੂੰ ਹੱਸ ਕੇ ਕਹਿੰਦਾ, ”ਅਮਲੀਆ! ਤੂੰ ਵੀ ਯਾਰ ਹੱਦ ਈ ਐਂ। ਕਿੱਥੇ ਊਠ ਗੱਡੀ ਕਿੱਥੇ ਰੇਲ ਗੱਡੀ। ਜੋਰੀ ਕਾਣਾ ਤਾਂ ਗੱਲ ਰੇਲ ਗੱਡੀ ਦੇ ਪਹੀਏ ਦੀ ਕਰਦਾ ਬਈ ਕਿਤੇ ਰੇਲ ਗੱਡੀ ਦਾ ਪਹੀਆ ਤਾਂ ਨ੍ਹੀ ਲਹਿ ਕੇ ਛੱਪੜ ‘ਚ ਜਾ ਡੁੱਬਿਆ ਜੀਹਦਾ ਕਰ ਕੇ ਭਈਏ ਕਹਿੰਦੇ ਐ ਬਈ ਚੱਕਰ ਡੂਬ ਗਿਆ ਕਿਉਂਕਿ ਭਈਏ ਈ ਬਹੁਤਾ ਰੇਲ ਗੱਡੀਆਂ ‘ਤੇ ਚੜ੍ਹਦੇ ਹੁੰਦੇ ਐ। ਕਿਉਂ ਓਏ ਜੋਰੀ ਲਿੱਦ ਦੀ ਬੋਰੀ, ਅੇਮੇਂ ਈਂ ਐ ਨਾ ਗੱਲ?”
ਜੋਰੀ ਕਾਣਾ ਕਹਿੰਦਾ, ”ਮੈਨੂੰ ਤਾਂ ਬਾਬਾ ਏਮੇਂ ਈ ਲੱਗਦਾ ਬਈ ਰੇਲ ਗੱਡੀ ਦਾ ਟੈਰ ਟੂਰ ਕਿਤੇ ਲਹਿ ਕੇ ਛੱਪੜ ‘ਚ ਜਾ ਡੁੱਬਿਆ ਹੋਣਾ, ਤਾਹੀਉਂ ਭਈਏ ਚੱਕਰ ਡੁੱਬਣ ਦੀ ਗੱਲ ਕਰਦੇ ਹੋਣਗੇ।”
ਨਾਥਾ ਅਮਲੀ ਕਹਿੰਦਾ, ”ਨਿਹੰਗਾਂ ਦੇ ਕਹਿਣ ਆਂਗੂੰ ਕਿਹੜੇ ਤੇਰੇ ਪਿਉ ਆਲਾ ਤੇਜਾ ਸਿਉਂ ਐ ਓਏ ਜਿਹੜਾ ਛੱਪੜ ਕੋਲ ਦੀ ਨੰਘਦਾ। ਰੇਲ ਗੱਡੀ ਲੀਹ ‘ਤੇ ਚੱਲਦੀ ਹੁੰਦੀ ਐ। ਇਹ ਕਿਤੇ ਕੱਚੇ ਰਾਹਾਂ ‘ਚ ਤਾਂ ਨ੍ਹੀ ਚੱਲਦੀ ਬਈ ਡੱਲੇ ਆਣੀ ਆਲੇ ਛੱਪੜ ਤੋਂ ਪਾਣੀ ਪੀ ਕੇ ਜਾਂਦੀ ਐ। ਲੋਹੇ ਦੀ ਲੀਹ ਹੁੰਦੀ ਐ ਓਹੋ ਜੀਹਦੇ ‘ਤੇ ਚੱਲਦੀ ਹੁੰਦੀ ਐ।”
ਬਾਬਾ ਪਾਖਰ ਸਿਉਂ ਕਹਿੰਦਾ, ”ਓਏ ਆਹ ਜੀਹਨੂੰ ਤੁਰੇ ਜਾਂਦੇ ਨੂੰ ਹਾਕ ਮਾਰ ਕੇ ਬਠਾਇਆ ਇਹਦੀ ਵੀ ਸੁਣ ਲੋ ਬਈ ਇਹ ਕਾਹਤੋਂ ਭੱਜਿਆ ਫ਼ਿਰਦਾ? ਹਾਕ ਮਾਰ ਤਾਂ ਲਈ ਤੁਸੀਂ ਇਹਨੂੰ, ਗੱਲ ਕੋਈ ਪੁੱਛੀ ਦੱਸੀ ਨ੍ਹੀ। ਗੱਲ ਚਲਾਈ ਕਿਹੜੀ ਸੀ ਲੈ ਗੇ ਕਿੱਧਰ ਨੂੰ।”
ਬਾਬੇ ਪਾਖਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬੱਲੂ ਵੱਲ ਨੂੰ ਹੋਇਆ। ਉਹਦੇ ਪੱਟ ‘ਤੇ ਹੱਥ ਮਾਰ ਕੇ ਕਹਿੰਦਾ, ”ਹਾਂ ਬਈ ਬੱਲ ਸਿਆਂ! ਤੂੰ ਦੱਸ ਹੁਣ ਕਿਹੜਿਆਂ ਰੰਗਾ ‘ਚ ਐ। ਕੀ ਚਾਹੀਦਾ ਤੈਨੂੰ। ਕਾਹਤੋਂ ਇਉਂ ਭੱਜਿਆ ਫ਼ਿਰਦੈਂ ਜਿਮੇਂ ਗਧੇ ਦੀ ਪੂਛ ਨੂੰ ਪੀਪਾ ਬੰਨ੍ਹੇ ਤੋਂ ਖੁੱਚਾਂ ‘ਚ ਵੱਜ ਵੱਜ ਪੀਪੇ ਦੇ ਖੜਕੇ ਤੋਂ ਡਰ ਕੇ ਗਧਾ ਤੇਜ ਈ ਤੇਜ ਹੋਈ ਜਾਂਦਾ ਹੁੰਦਾ। ਇਉਂ ਈ= ਪਤੰਦਰਾ ਤੂੰ ਸ਼ਪੀਟ ਫ਼ੜੀ ਫ਼ਿਰਦੈਂ।”
ਮਾਹਲਾ ਨੰਬਰਦਾਰ ਕਹਿੰਦਾ, ”ਮੈਂ ਦੱਸ ਦਿੰਨਾਂ ਕਾਹਤੋਂ ਉੱਖੜਿਆ ਜਾ ਫ਼ਿਰਦਾ ਇਹੇ?”
ਨਾਥਾ ਅਮਲੀ ਫ਼ੇਰ ਖੜਕਿਆ ਜੈਤੋ ਵਾਲੇ ਤਾਰੀ ਦੇ ਸਪੀਕਰ ਵਾਂਗੂੰ, ”ਦੱਸੇਂਗਾ ਕਦੋਂ ਜਦੋਂ ਤਾਈ ਪ੍ਰਸਿੰਨੀ ਨੇ ਛਿੱਕ ਮਾਰੀ। ਕਦੋਂ ਦਾ ਤਾਂ ਮੱਥਾ ਮਾਰੀ ਜਾਂਦਾ ਅੱਧਾ ਪਿੰਡ। ਤੂੰ ਨੰਬਰਦਾਰਾ ਬੁੱਕਲ ‘ਚ ਈ ਗੁੜ ਭੰਨਣ ਨੂੰ ਫ਼ਿਰਦੈਂ। ਨਹੀਂ ਤਾਂ ਫ਼ੇਰ ਮੈਂ ਦੱਸਾਂ?”
ਤਾਸ਼ ਦੀ ਬਾਜੀ ‘ਚ ਦੱਬ ਕੇ ਪੱਤਾ ਮਾਰ ਕੇ ਜੋਰੀ ਕਾਣਾ ਅਮਲੀ ਨੂੰ ਕਹਿੰਦਾ, ”ਤੂੰ ਦੱਸਦੇ ਫ਼ਿਰ, ਅਸੀਂ ਤਾਂ ਐਧਰਲੀਆਂ ਊਧਰਲੀਆਂ ਸੁਣ ਕੇ ਦਿਨ ਈ ਛਪਾਉਣਾ। ਜਦੋਂ ਚੱਕਰ ਡੁੱਬ ਗਿਆ ਘਰਾਂ ਨੂੰ ਉਠ ਜਾਂਗੇ।”
ਦੋਬਾਰਾ ਚੱਕਰ ਡੁੱਬਣ ਦੀ ਗੱਲ ਸੁਣ ਕੇ ਬਾਬਾ ਪਾਖਰ ਸਿਉਂ ਵੀ ਖਿਝ ਗਿਆ ਫ਼ਿਰ ਜੋਰੀ ਕਾਣੇ ‘ਤੇ, ”ਬਹਿ ਜਾ ਓਏ ਜੋਰੀ ਕਚੋਰੀ ਤੂੰ, ਹੁਣ ਨਾ ਛੇੜੀਂ ਚੱਕਰ ਚੁੱਕਰ ਦੀ ਗੱਲ। ਜਿਹੜੀ ਗੱਲ ਪੁੱਛਦੇ ਆਂ ਉਹ ਤੁਰਨ ਦੇ ਗਾਹਾਂ। ਹਾਂ ਬਈ ਨਾਥਾ ਸਿਆਂ! ਤੂੰ ਦੱਸ ਹੁਣ ਇਹ ਬੱਲੂ ਨੇ ਕਿਹੜਿਆਂ ਰੰਗਾਂ ‘ਚ ਗੇੜਾ ਬੰਨ੍ਹਿਆਂ ਪਿੰਡ ਦਾ?”
ਨਾਥਾ ਅਮਲੀ ਬੱਲੂ ਵੱਲ ਨੂੰ ਝਾਕ ਕੇ ਕਹਿੰਦਾ, ”ਸੀਰੀ ਸਾਂਝੀ ਭਾਲਦਾ ਫ਼ਿਰਦਾ ਇਹੇ, ਹਨ੍ਹਾਂ ਓਏ?”
ਬੱਲੂ ਨਾਥੇ ਅਮਲੀ ਦੀ ਗੱਲ ਸੁਣ ਕੇ ਹੱਸ ਪਿਆ। ਬੁੱਘਰ ਦਖਾਣ ਕਹਿੰਦਾ, ”ਹੈ ਤਾਂ ਸਹੀ ਮਕੰਦੇ ਕਾ ਘੀਚੂ ਇਹਦੇ ਨਾਲ ਸਾਂਝੀ। ਨਾਲੇ ਹੁਣ ਕਿੱਥੋਂ ਹਾੜ੍ਹੀ ਦੇ ਟੈਮ ਇਹਨੂੰ ਬੰਦਾ ਥਿਆ ਜੂ।”
ਨਾਥਾ ਅਮਲੀ ਕਹਿੰਦਾ, ”ਉਹਨੂੰ ਤਾਂ ਦਸ ਦਿਨ ਹੋ ਗੇ ਲੱਤ ਬੰਨ੍ਹੀ ਮੰਜੇ ‘ਤੇ ਪਏ ਨੂੰ। ਉਹ ਤਾਂ ਬਣਿਆ ਪਿਆ ਕੈਦੋਂ, ਉਹ ਕਿੱਥੋਂ ਇਹਦਾ ਹਾੜ੍ਹਾ ਵੱਢਦੂ।”
ਬਾਬੇ ਪਾਖਰ ਸਿਉਂ ਨੇ ਪੁੱਛਿਆ, ”ਕਿਉਂ ਕੀ ਗੱਲ ਹੋ ਉਹਨੂੰ?”
ਨਾਥਾ ਅਮਲੀ ਕਹਿੰਦਾ, ”ਕੰਮ ਨੂੰ ਤਾਂ ਤਕੜਾ ਪਰ ਕੰਮ ਦੀ ਵਿਉਂਤ ਹੈਨ੍ਹੀ ਉਹਨੂੰ। ਕਣਕ ਨੂੰ ਤਾਂ ਹਜੇ ਦਸ ਪੰਦਰਾਂ ਦਿਨ ਨ੍ਹੀ ਦਾਤੀ ਪੈਂਦੀ। ਸਰੋਂ ਵੇਖ ਲਾ ਪਹਿਲਾਂ ਪੱਕ ਗੀ। ਇਨ੍ਹਾਂ ਦਾ ਬੱਲੂ ਕਾ ਨਿਰੀ ਸਰੋਂ ਦਾ ਬੀਜਿਆ ਵਿਆ ਸੀ ਕਿੱਲਾ। ਕੁਸ ਕਣਕ ਦੀਆਂ ਵੱਟਾਂ ਦੇ ਨਾਲ ਨਾਲ ਓਰੇ ਕੱਢੇ ਵੇ ਐ। ਇਹ ਕਿਤੇ ਸਰੋਂ ਵੱਢ ਕੇ ਗੱਡੇ ‘ਤੇ ਲੱਦ ਕੇ ਜਦੋਂ ਲਾਸ ਨਾਲ ਬੰਨ੍ਹਣ ਲੱਗੇ ਤਾਂ ਬੱਲੂ ਨੇ ਲਾਸ ਸਰੋਂ ਨਾਲ ਲੱਦੇ ਵੇ ਗੱਡੇ ਦੇ ਉੱਤੋਂ ਦੀ ਦੂਜੇ ਪਾਸੇ ਸਿੱਟ ‘ਤੀ। ਦੂਜੇ ਪਾਸੇ ਘੀਚੂ ਖੜ੍ਹਾ ਸੀ। ਉਹਨੂੰ ਬੱਲੂ ਕਹਿੰਦਾ ‘ਆਵਦੇ ਪਾਸੇ ਲਾਸ ਬੰਨ੍ਹ ਦੇ’। ਘੀਚੂ ਨੇ ਪੁੱਛਿਆ ‘ਕਾਸ ਨੂੰ ਪਾਮਾਂ ਲਾਸ’? ਇਹ ਬੱਲੂ ਆਂਹਦਾ, ਪਿੰਜਣੀ ਨੂੰ ਨਰੋਈ ਜੀ ਗੰਢ ਪਾ ਕੇ ਬੰਨ੍ਹ ਦੇ ਜਿਹੜੀ ਖੁੱਲ੍ਹੇ ਨਾ। ਚੰਗੀ ਤਰਾਂ ਬੰਨ੍ਹ ਕੇ ‘ਵਾਜ ਦੇ ਦੇ’। ਨਮਾਂ-ਨਮਾਂ ਘੀਚੂ ਸਾਂਝੀ ਰਲਿਆ ਸੀ ਜੱਟਾਂ ਨਾਲ। ਉਹਨੂੰ ਗੱਡੇ ਦੀ ਪਿੰਜਣੀ ਦਾ ਤਾਂ ਪਤਾ ਨ੍ਹੀ ਸੀ ਬਈ ਗੱਡੇ ਦੀ ਪਿੰਜਣੀ ਕਿਹੜੀ ਹੁੰਦੀ ਐ। ਉਹਨੇ ਆਵਦੀ ਲੱਤ ਦੀ ਪਿੰਜਣੀ ਨੂੰ ਈ ਪਾ ਕੇ ਲਾਸ ਤਿੰਨ ਚਾਰ ਮਾਰ ਕੇ ਨਰੋਈਆਂ ਗੰਢਾਂ, ਕਹਿੰਦਾ ‘ਖਿੱਚ ਲਾ’। ਇਹ ਬੱਲੂ ਤੇ ਇਹਦਾ ਭਰਾ ਜੈਲਾ ਜਦੋਂ ਲਾਸ ਖਿੱਚਣ ਲੱਗੇ ਤਾਂ ਇਨ੍ਹਾਂ ਦਾ ਜੋਰ ਲੱਗੇ। ਬੱਲੂ ਘੀਚੂ ਨੂੰ ਕਹਿੰਦਾ ‘ਹੋਰ ਖਿੱਚੀਏ’? ਘੀਚੂ ਕਹਿੰਦਾ ‘ਛੇਤੀ ਦੇਣੇ ਖਿਚ ਲੋ ਯਾਰ ਮੈਂ ਔਖਾ ਹੋਈ ਜਾਨਾਂ’। ਇਨ੍ਹਾਂ ਦੋਹਾਂ ਭਰਾਮਾਂ ਨੇ ਜਿਉਂ ਮਾਰਿਆ ਜੋਰ, ਘੀਚੂ ਤਾਂ ਭਾਈ ਸਰੋਂ ਦੇ ਲੱਦੇ ਗੱਡੇ ‘ਤੇ ਇਉਂ ਟੰਗਿਆ ਗਿਆ ਤਾਹਾਂ ਜਿਮੇਂ ਕਾਂ ਮਾਰ ਕੇ ਚਬਾਰੇ ‘ਤੇ ਟੰਗਿਆ ਹੁੰਦਾ। ਘੀਚੂ ਦੀ ਇੱਕ ਲੱਤ ਤਾਹਾਂ ਇੱਕ ਸਰੋਂ ‘ਚ ਫ਼ਸੀ ਪਈ, ਆਪ ਘੀਚੂ ਥੱਲੇ ਨੂੰ ਬਾਹਾਂ ਜੀਆਂ ਖਿਲਾਰ ਕੇ ਇਉਂ ਪੁੱਠਾ ਲਮਕੀ ਜਾਵੇ ਜਿਮੇਂ ਕਰੰਟ ਵੱਜੇ ਤੋਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਗਿਰਝ ਲਮਕਦੀ ਹੋਵੇ। ਬੱਲੂ ਦਾ ਭਰਾ ਤੇ ਬੱਲੂ ਤਾਂ ਜੋਰ ਮਾਰ-ਮਾਰ ਕੇ ਲਾਸ ਕੱਸਣ ਬਈ ਕੰਮ ਕਿਤੇ ਢਿੱਲਾ ਨਾ ਰਹਿ ਜੇ। ਘੀਚੂ ਚੀਕਾਂ ਮਾਰੇ ਜਿਮੇਂ ਸੁੱਖੇ ਦਾ ਰੱਜਿਆ ਗੰਤਾ ਝਿਉਰ ਹਰੀ ਪਤੌੜਾਂ ਆਲੇ ਨੂੰ ਜਿਉਂਦੇ ਨੂੰ ਈ ਵੈਣ ਪਾਈ ਗਿਆ ਸਾਰੀ ਰਾਤ ਬਈ ਮੈਨੂੰ ਪਤਾ ਨ੍ਹੀ ਕੀ ਖੁਆ ‘ਤਾ ਝਿਉਰ ਨੇ? ਸਰੋਂ ਦੇ ਟਾਂਗਰ ‘ਚ ਫ਼ਸਿਆ ਜਦੋਂ ਘੀਚੂ ਖਿੱਚਿਆ ਨਾ ਗਿਆ ਤਾਂ ਬੱਲੂ ਨੇ ਗੱਡੇ ਦੇ ਦੂਜੇ ਪਾਸੇ ਜਾ ਕੇ ਵੇਖਿਆ ਬਈ ਇਹ ਲਾਸ ਕਾਸ ਨੂੰ ਪਾਈ ਬੈਠਾ ਜਿਹੜੀ ਖਿੱਚੀ ਨ੍ਹੀ ਜਾਂਦੀ। ਜਦੋਂ ਬੱਲੂ ਤਾਹਾਂ ਝਾਕਿਆ ਤਾਂ ਬੱਲੂ ਨੇ ਪੁੱਛਿਆ, ਏਥੇ ਕਿੱਥੇ ਪਾਈ ਓਏ ਲਾਸ’? ਘੀਚੂ ਕਹਿੰਦਾ ‘ਤੂੰ ਆਪ ਈ ਤਾਂ ਕਿਹਾ ਤਾਂ ਸੀ ਬਈ ਪਿੰਜਨੀ ਨੂੰ ਪਾ ਲਾ। ਮੈਂ ਲੱਤ ਦੀ ਪਿੰਜਨੀ ਨੂੰ ਪਾ ਲੀ, ਹੋਰ ਕਿਤੇ ਮੈਂ ਤਾਹਾਂ ‘ਸਮਾਨ ‘ਚ ਤਾਂ ਨ੍ਹੀ ਮੋਰੀ ਕਰਕੇ ਪਾ ਲੀ। ਮੈਨੂੰ ਲਾਹੋ, ਮੇਰੀ ਤਾਂ ਲੱਤ ਟੁੱਟਣ ਆਲੀ ਹੋਈ ਪਈ ਐ’। ਜਦੋਂ ਭਾਈ ਲਾਸ ਢਿੱਲੀ ਕਰ ਕੇ ਘੀਚੂ ਨੂੰ ਥੱਲੇ ਲਾਹਿਆ ਤਾਂ ਘੀਚੂ ਦੀ ਲੱਤ ਟੁੱਟ ਕੇ ਇਉਂ ਹੋਈ ਪਈ ਜਿਮੇਂ ਪਾਣੀ ਆਲੇ ਨਲਕੇ ਨਾਲੋਂ ਚਿਮਟਾ ਤੇ ਹੱਥੀ ਲਾਹ ਕੇ ਰੱਖੀ ਪਈ ਹੁੰਦੀ ਐ। ਓਧਰੋਂ ਕਿਤੇ ਬਾਬਾ ਸੰਧੂਰਾ ਸਿਉਂ ਘੋੜੀ ਲਈ ਆਉਂਦਾ ਸੀ। ਉਹਦੀ ਘੋੜੀ ‘ਤੇ ਬਠਾ ਕੇ ਲਿਆਂਦਾ। ਡਾਕਦਾਰ ਨੇ ਸਿੱਧੀ ਜੀ ਕਰ ਕੇ ਜੋੜ ਜਾ ਲਾ ਕੇ ਪਲੱਸਤ ਕਰ ‘ਤਾ। ਘਰੇ ਪਿਆ ਹੁਣ ਘੀਚੂ। ਉੱਤੋਂ ਹਾੜ੍ਹੀ ਵੱਢਣ ਆਲੀ ਪਈ ਐ। ਇਹ ਬੱਲੂ ਹੁਣ ਬੰਦਾ ਭਾਲਦਾ ਫ਼ਿਰਦਾ ਬਈ ਦੋ ਕੁ ਮਹੀਨਿਆਂ ਵਾਸਤੇ ਕੋਈ ਥਿਆਜੇ ਤਾਂ ਦਾਣਾ ਫ਼ੱਕਾ ਟੈਮ ਸਿਰ ਘਰੇ ਆ ਜੂ। ਇਉਂ ਭੱਜਿਆ ਫ਼ਿਰਦਾ ਬਾਬਾ ਇਹੇ ਬੰਦਾ ਭਾਲਦਾ।”
ਸੀਤਾ ਮਰਾਸੀ ਕਹਿੰਦਾ, ”ਜਿੰਨੇ ਚਿਰ ‘ਚ ਇਹ ਕੰਮ ਆਲਾ ਕੋਈ ਬੰਦਾ ਭਾਲਣਗੇ ਓਨੇ ਚਿਰ ‘ਚ ਤਾਂ ਇਹ ਈ ਅੱਧੀ ਹਾੜੀ ਵੱਢ ਲੈਣਗੇ। ਇਨ੍ਹਾਂ ਨੂੰ ਕੀ ਹੋਇਆ? ਆੜ੍ਹਤੀਆਂ ਦੇ ਸਰ੍ਹਾਣੇ ਅਰਗੇ ਸਰੀਰ ਐ ਇਨ੍ਹਾਂ ਦੇ। ਵਾਖਰੂ ਦਾ ਨਾਂ ਲੈ ਕੇ ਫ਼ੜ ਕੇ ਦਾਤੀ ਬਹਿ ਜਿਆ ਕਰਨ। ਚੌਂਹ ਦਿਨਾਂ ‘ਚ ਕਣਕ ਬੜਘਾਹ ਕੇ ਰੱਖ ਦੇਣਗੇ।”
ਘੀਚੂ ਦੀ ਕਹਾਣੀ ਸੁਣ ਕੇ ਬਾਬਾ ਪਾਖਰ ਸਿਉਂ ਕਹਿੰਦਾ, ”ਚੱਲੋ ਯਾਰ ਘੀਚੂ ਦਾ ਪਤਾ ਈ ਲਿਆਈਏ ਜਾ ਕੇ। ਫ਼ਿਰ ਵੀ ਉਹਦਾ ਪਿਉ ਮਕੰਦਾ ਸਾਡੇ ਨਾਲ ਤਾਂ ਦਸ ਬਾਰਾਂ ਵਰ੍ਹੇ ਸਾਂਝੀ ਰਿਹਾ। ਨਾਲੇ ਗਰੀਬ ਦਾ ਪਤਾ ਲੈਣ ਨਾਲ ਤਾਂ ਅਗਲੇ ਦਾ ਅੱਧਾ ਦੁੱਖ ਟੁੱਟ ਜਾਂਦਾ। ਚਲੋ ਉੱਠੋ ਸਾਰੇ ਚੱਲੀਏ।” ਬਾਬੇ ਪਾਖਰ ਸਿਉਂ ਦਾ ਕਹਿਣਾ ਮੰਨ ਕੇ ਸੱਥ ‘ਚ ਬੈਠੇ ਸਾਰੇ ਜਣੇ ਮੁਕੰਦੇ ਕੇ ਘਰ ਨੂੰ ਉਹਦੇ ਮੁੰਡੇ ਘੀਚੂ ਦੀ ਟੁੱਟੀ ਲੱਤ ਦੀ ਖ਼ਬਰ ਨੂੰ ਚੱਲ ਪਏ।

LEAVE A REPLY