ਪਾਕਿਸਤਾਨੀ ਸਾਲ ’ਚ ਪੀ ਗਏ 40 ਕਰੋੜ ਡਾਲਰ ਦੀ ਚਾਹ

ਇਸਲਾਮਾਬਾਦ (ਅਜੀਤ ਵੀਕਲੀ): ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਤੇਜ਼ੀ ਨਾਲ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਦੇਸ਼ ਵਾਸੀਆਂ ਨੂੰ ਘੱਟ ਚਾਹ ਪੀਣ ਲਈ ਕਿਹਾ ਹੈ। ਦਾ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਨ ਇਕਬਾਲ ਦਾ ਇਹ ਬਿਆਨ ਵਿੱਤੀ ਸਾਲ 2021-22 ’ਚ ਚਾਹ ’ਤੇ ਪਾਕਿਸਤਾਨੀਆਂ ਵਲੋਂ 83.88 ਅਰਬ ਰੁਪਏ (40 ਕਰੋੜ ਡਾਲਰ) ਖ਼ਰਚ ਕੀਤੇ ਜਾਣ ਦੌਰਾਨ ਆਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੂਰੀ ਦੁਨੀਆਂ ’ਚ ਚਾਹ ਦੇ ਸਭ ਤੋਂ ਵੱਡੇ ਅਯਾਤਕ ਦੇਸ਼ਾਂ ਵਿਚੋਂ ਇੱਕ ਹੈ, ਅਤੇ ਹੁਣ ਉਸ ਨੂੰ ਚਾਹ ਆਯਾਤ ਕਰਨ ਲਈ ਕਰਜ਼ਾ ਚੁੱਕਣਾ ਪੈ ਰਿਹਾ ਹੈ।

ਇਕਬਾਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, “ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚਾਹ ਦਾ ਸੇਵਨ ਇੱਕ ਤੋਂ ਦੋ ਕੱਪ ਘੱਟ ਕਰਨ। ਸਾਨੂੰ ਕਰਜ਼ਾ ਲੈ ਕੇ ਚਾਹ ਦਾ ਆਯਾਤ ਕਰਨਾ ਪੈ ਰਿਹਾ ਹੈ।”ਬਜਟ ਦਸਤਾਵੇਜ਼ਾਂ ਅਨੁਸਾਰ, ਪਾਕਿਸਤਾਨ ਦੀ ਸਰਕਾਰ ’ਚ ਚਾਲੂ ਵਿੱਤੀ ਸਾਲ ’ਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਹ ਦੇ ਆਯਾਤ ’ਤੇ 13 ਬਿਲੀਅਨ ਰੁਪਏ (6 ਕਰੋੜ ਡਾਲਰ) ਵੱਧ ਖ਼ਰਚ ਕੀਤੇ ਹਨ। ਹਾਲਾਂਕਿ ਇਕਬਾਲ ਦੀ ਅਪੀਲ ਦਾ ਪਾਕਿਸਤਾਨ ਦੇ ਲੋਕਾਂ ’ਤੇ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ।