ਨੌਜਵਾਨ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ – ਬੁਮਰਾਹ

ਟੋਰੌਂਟੋ: ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ ਮੰਨੇ ਜਾਂਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਨੌਜਵਾਨ ਖਿਡਾਰੀਆਂ ਲਈ ਉਹ ਅਜਿਹਾ ਕਰਦਾ ਹੈ, ਅਤੇ ਸਿਰਫ਼ ਪੁੱਛਣ ‘ਤੇ ਹੀ ਮਦਦ ਕਰਦਾ ਹੈ ਕਿਉਂਕਿ ਉਹ ਉਨ੍ਹਾਂ ‘ਤੇ ਕਿਸੇ ਕਿਸਮ ਦਾ ਬੋਝ ਨਹੀਂ ਪਾਉਣਾ ਚਾਹੁੰਦਾ। ਭਾਰਤ ਦੀ T-20 ਵਿਸ਼ਵ ਕੱਪ ਮੁਹਿੰਮ ‘ਚ 30 ਸਾਲਾ ਬੁਮਰਾਹ ਦੀ ਭੂਮਿਕਾ ਅਹਿਮ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਉਹ ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਵਰਗੇ ਘੱਟ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਲਈ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਏਗਾ।
ਬੁਮਰਾਹ ਨੇ T-20 ਵਿਸ਼ਵ ਕੱਪ ਲਈ ICC ਦੀ ਅਧਿਕਾਰਤ ਵੈੱਬਸਾਈਟ ‘ਤੇ ਕਿਹਾ, “ਤੁਸੀਂ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਨਾ ਕਰੋ, ਇਹ ਉਹ ਚੀਜ਼ ਹੈ ਜੋ ਮੈਂ ਸਿੱਖੀ ਹੈ। ਜਦੋਂ ਵੀ ਕੋਈ ਮੇਰੇ ਕੋਲ ਮਦਦ ਲਈ ਆਉਂਦਾ ਹੈ, ਮੈਂ ਉਸ ਨੂੰ ਸਵਾਲ ਪੁੱਛਦਾ ਹਾਂ ਕਿਉਂਕਿ ਮੈਂ ਬਹੁਤ ਜ਼ਿਆਦਾ ਜਾਣਕਾਰੀ ਦੇਣਾ ਚੰਗਾ ਨਹੀਂ ਸਮਝਦਾ।” ਉਸ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਲਈ ਬਹੁਤ ਜ਼ਿਆਦਾ ਜਾਣਕਾਰੀ ਦੇ ਬੋਝ ਤੋਂ ਬਿਨਾਂ ਆਪਣਾ ਰਾਹ ਪੱਧਰਾ ਕਰਨਾ ਮਹੱਤਵਪੂਰਣ ਹੈ।
ਉਸ ਨੇ ਕਿਹਾ, “ਅਜਿਹਾ ਨਹੀਂ ਕਿ ਉਹ ਕਿਸਮਤ ਦੀ ਮਦਦ ਨਾਲ ਇੱਥੇ ਪਹੁੰਚਿਆ ਹੈ। ਮੈਂ ਉਨ੍ਹਾਂ ਨੂੰ ਸਿਰਫ਼ ਉਸ ਬਾਰੇ ਹੀ ਜਾਣਕਾਰੀ ਦਿੰਦਾ ਹਾਂ ਜੋ ਮੈਂ ਆਪਣੇ ਅਨੁਭਵ ਤੋਂ ਸਿੱਖਿਆ ਹੈ, ਪਰ ਮੈਂ ਉਨ੍ਹਾਂ ‘ਤੇ ਜ਼ਿਆਦਾ ਜਾਣਕਾਰੀ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਕਿਉਂਕਿ ਇਹ ਵੀ ਤੁਹਾਡੀ ਯਾਤਰਾ ਦਾ ਹਿੱਸਾ ਹੈ। ਤੁਹਾਨੂੰ ਅੱਗੇ ਵਧਣ ਲਈ ਆਪਣੇ ਤਰੀਕੇ ਅਤੇ ਹੱਲ ਲੱਭਣੇ ਪੈਣਗੇ।” ਸੱਟ ਕਾਰਨ ਬੁਮਰਾਹ 2022 ‘ਚ T-20 ਵਿਸ਼ਵ ਕੱਪ ‘ਚ ਹਿੱਸਾ ਨਹੀਂ ਸੀ ਲੈ ਸਕਿਆ, ਪਰ ਵਾਪਸੀ ਤੋਂ ਬਾਅਦ ਉਸ ਨੇ 2023 ‘ਚ ਵਨਡੇਅ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕਿਹਾ, “ਕੁਝ ਚੀਜ਼ਾਂ ਮੇਰੇ ਅਨੁਸਾਰ ਚੱਲਣਗੀਆਂ ਅਤੇ ਕੁਝ ਚਜ਼ਾਂ ਮੇਰੇ ਅਨੁਸਾਰ ਨਹੀਂ ਚੱਲਣਗੀਆਂ। ਇਹ ਸਾਰੀਆਂ ਚੀਜ਼ਾਂ ਮੇਰੀ ਪ੍ਰਕਿਰਿਆ ਦਾ ਹਿੱਸਾ ਹੋਣਗੀਆਂ। ਇਸ ਲਈ ਮੈਨੂੰ ਹੁਣ ਅਹਿਸਾਸ ਹੋਇਆ ਹੈ ਕਿ ਮੈਂ ਖੇਡਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਮੈਨੂੰ ਖੇਡ ਪਸੰਦ ਹੈ ਅਤੇ ਨਤੀਜੇ ਦੀ ਬਜਾਏ ਇਨ੍ਹਾਂ ਚੀਜ਼ਾਂ ‘ਤੇ ਧਿਆਨ ਦੇਵਾਂਗਾ।”