ਨੋਇਡਾ : ਨੋਇਡਾ ਦੇ ਇਕ ਨਿੱਜੀ ਹਸਪਤਾਲ ਵਿਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਹਸਪਤਾਲ ਵਿਚ ਹਫ਼ੜਾ-ਦਫ਼ਰੀ ਮੱਚ ਗਈ। ਅੱਗ ਲੱਗਣ ਦਾ ਪਤਾ ਲੱਗਣ ‘ਤੇ ਮਰੀਜ਼ ਬਾਹਰ ਨੂੰ ਦੌੜਨ ਲੱਗ ਪਏ। ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਪਰ ਇਸ ਦੌਰਾਨ 2 ਲੋਕਾਂ ਨੂੰ ਮਾਮੂਲੀ ਸੱਟਾ ਲੱਗ ਗਈਆਂ।
ਦੱਸ ਦੇਈਏ ਕਿ ਇਹ ਘਟਨਾ ਸੈਕਟਰ-24 ਥਾਣਾ ਸਥਿਤ ਸੁਮਿਤਰਾ ਹਸਪਤਾਲ ਦੀ ਹੈ। ਮੁੱਖ ਫਾਇਰ ਅਧਿਕਾਰੀ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਅੱਗ ਗਰਾਉਂਡ ਫਲੋਰ ‘ਤੇ ਬਣੇ ਰਿਕਾਰਡ ਰੂਮ ਵਿਚ ਲੱਗੀ ਹੈ, ਜਿਸ ਨਾਲ ਦਹਿਸ਼ਤ ਪੈਦਾ ਹੋ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਗ ਸਿਰਫ਼ ਗਰਾਉਂਡ ਫਲੋਰ ਤੱਕ ਹੀ ਸੀਮਤ ਰਹੀ। ਇਸ ਦੇ ਬਾਵਜੂਦ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਮੌਜੂਦ ਮਰੀਜ਼ਾਂ ਨੂੰ ਬਾਹਰ ਕੱਢਣਾ ਪਿਆ, ਜਦਕਿ ਤੀਜੀ ਮੰਜ਼ਿਲ ‘ਤੇ ਮੌਜੂਦ ਮਰੀਜ਼ਾਂ ਨੂੰ ਕੱਢਣ ਦੀ ਕੋਈ ਲੋੜ ਨਹੀਂ ਪਈ। ਉਹਨਾਂ ਕਿਹਾ ਕਿ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਇਸ ਮਾਮਲੇ ਦੇ ਸਬੰਧ ਵਿਚ ਸੀਐੱਫਓ ਨੇ ਕਿਹਾ ਕਿ ਬਾਹਰ ਨਿਕਲਣ ਲਈ ਖਿੜਕੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਮਰੀਜ਼ਾਂ ਦੇ 2 ਸਹਾਇਕ ਮਾਮੂਲੀ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਸਪਤਾਲ ਵਿੱਚ ਲਗਾਏ ਗਏ ਅੱਗ ਬੁਝਾਊ ਯੰਤਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ।