ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਹੈੱਡ ਕੁਆਰਟਰ ਪਹੁੰਚ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਭਗਵੰਤ ਮਾਨ ਅਤੇ ਸੰਜੇ ਸਿੰਘ ਵੀ ਹਨ। ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣ ਚੁੱਕੇ ਹਨ। ਉਨ੍ਹਾਂ ਨਾਲ ਜੋ ਹੋਇਆ, ਉਹ ਪੂਰੇ ਦੇਸ਼ ਨੇ ਦੇਖਿਆ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਪ੍ਰੈੱਸ ਕਾਨਫਰੰਸ ਦੇਖ ਰਿਹਾ ਹੈ। ਕੇਜਰੀਵਾਲ ਵਿਅਕਤੀ ਨਹੀਂ, ਸੋਚ ਦਾ ਨਾਂ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਧਿਰ ਵੀ ਕਹਿੰਦੇ ਹਨ ਕਿ ਕੇਜਰੀਵਾਲ ਨਾਲ ਗਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇਤਾ ਨੇ ਭਰਮ ਪਾਲਿਆ ਕਿ ਮੈਂ ਲੋਕਤੰਤਰ ਤੋਂ ਵੱਡਾ ਹਾਂ ਤਾਂ ਲੋਕਾਂ ਨੇ ਉਸ ਦਾ ਭਰਮ ਤੋੜ ਦਿੱਤਾ ਹੈ। ਮਾਨ ਨੇ ਕਿਹਾ ਕਿ 25 ਮਈ, ਭਾਜਪਾ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਬੁਰਾ ਹਾਲ, ਕਿਉਂਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਗਏ ਹਨ। 3 ਰਾਊਂਡ ‘ਚ ਮੋਦੀ ਜੀ ਨੂੰ ਪਤਾ ਲੱਗ ਗਿਆ ਕਿ ਇਸ ਵਾਰ 400 ਪਾਰ ਨਹੀਂ ਸਗੋਂ ਬੇੜਾ ਪਾਰ ਵੀ ਨਹੀਂ ਹੋ ਰਿਹਾ।
ਮਾਨ ਨੇ ਕਿਹਾ ਕਿ ਕੇਜਰੀਵਾਲ ਪਿੱਚ ਤੇ ਬੈਟਿੰਗ ਕਰਨ ਲਈ ਫਿਰ ਆ ਗਏ ਹਨ। ਕੇਜਰੀਵਾਲ ਆਊਟ ਨਹੀਂ ਹੋਏ ਸਨ, ਸਿਰਫ਼ ਥੋੜੀ ਦੇਰ ਲਈ ਆਰਾਮ ਕਰ ਰਹੇ ਸਨ। ਸਾਡੇ ਦੇਸ਼ ਵਿਚ ਅਜਿਹੇ ਨੇਤਾ ਵੀ ਹਨ, ਜਿਹੜੇ ਜੇਲ੍ਹ ‘ਚੋਂ ਆਉਣ ਤੋਂ ਬਾਅਦ 10-10 ਦਿਨ ਲੋਕਾਂ ਨਹੀਂ ਮਿਲਦੇ ਪਰ ਕੇਜਰੀਵਾਲ ਨੇ ਅਜਿਹਾ ਨਹੀਂ ਕੀਤਾ, ਜ਼ਮਾਨਤ ਮਿਲਣ ਤੋਂ ਬਾਅਦ ਜਨਤਾ ਦੀ ਕਚਹਿਰੀ ਵਿਚ ਪਹੁੰਚ ਗਏ। ਮਾਨ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਅਤੇ 14ਵੀਂ ਕੁਰੂਕਸ਼ੇਤਰ ਹੈ, ਉਹ ਵੀ ਅਸੀਂ ਜਿੱਤਾਂਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ 13-13 ਦੀਆਂ ਸੀਟਾਂ ਮਿਲ ਰਹੀਆਂ ਹਨ। ਉਹ ਦਾਅਵੇ ਨੇ ਕਹਿੰਦੇ ਹਨ ਕਿ 4 ਜੂਨ ਨੂੰ ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਨਹੀਂ ਬਣਾਈ ਜਾ ਸਕੇਗੀ। ਮਾਨ ਨੇ ਕਿਹਾ ਕਿ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਮੋਦੀ ਨੇ ਗਲਤ ਸਮੇਂ ਪੰਗਾ ਲਿਆ ਹੈ। ਮੋਦੀ ਨੇ ਸਭ ਕੁਝ ਵੇਚ ਦਿੱਤਾ ਪਰ ਅਸੀਂ ਖਰੀਦਿਆ। ਪੰਜਾਬ ਵਿਚ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ, ਜਿਸ ਨਾਲ ਜਨਤਾ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ। ਮੋਦੀ ਨੇ ਚੋਣਾਂ ਸਮੇਂ ਕਦੇ ਵੀ ਵਿਕਾਸ, ਸਿੱਖਿਆ, ਸਿਹਤ, ਇਨਫਰਾਸਟਰਕਚਰ, ਵਿਕਾਸ ਦੀ ਗੱਲ ਨਹੀਂ ਕੀਤੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੌਜੂਦਾ ਲੋਕ ਸਭਾ ਚੋਣਾਂ ‘ਚ ਪ੍ਰਚਾਰ ਲਈ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੇਜਰੀਵਾਲ ਨੂੰ 2 ਜੂਨ ਨੂੰ ਆਤਮਸਮਰਪਣ ਕਰਨਾ ਹੋਵੇਗਾ ਅਤੇ ਵਾਪਸ ਜੇਲ੍ਹ ਜਾਣਾ ਹੋਵੇਗਾ।