ਓਕਲਾਹੋਮਾ (Ajit News Weekly): ਓਕਲਾਹੋਮਾ ਦੇ ਟੁਲਸਾ ਸ਼ਹਿਰ ’ਚ ਸੇਂਟ ਫ੍ਰਾਂਸਿਸ ਹੈਲਥ ਸਿਸਟਮ ਹਸਪਤਾਲ ਦੀ ਇਕ ਇਮਾਰਤ ਵਿੱਚ ਗੋਲੀਬਾਰੀ ’ਚ ਹਮਲਾਵਰ ਸਮੇਤ ਪੰਜ ਦੀ ਮੌਤ ਹੋ ਗਈ। ਸਥਾਨਕ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਉਪ ਮੁਖੀ ਜੋਨਥਨ ਬਰੁੱਕਸ ਨੇ ਮ੍ਰਿਤਕਾਂ ਦੀ ਸੰਖਿਆ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਹਮਲਾਵਰ ਕਿਵੇਂ ਮਰਿਆ ਇਸ ਦੀ ਹਾਲੇ ਜਾਣਕਾਰੀ ਨਹੀਂ ਮਿਲੀ।
ਪੁਲੀਸ ਦੇ ਬੁਲਾਰੇ ਨੇ ਦੱਸਿਆ, “ਅਧਿਕਾਰੀ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਰਹੇ ਹਨ। ਪਤਾ ਲੱਗਾ ਹੈ ਕਿ ਕਈ ਲੋਕ ਜ਼ਖ਼ਮੀ ਵੀ ਹੋਏ ਹਨ ਅਤੇ ਹਮਲਾਵਰ ਸਮੇਤ ਪੰਜ ਜਣੇ ਮਾਰੇ ਗਏ।” ਪੁਲੀਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਉਜਾਗਰ ਨਹੀਂ ਕੀਤੀ। ਸੇਂਟ ਫ੍ਰਾਂਸਿਸ ਹੈਲਥ ਸਿਸਟਮ ਨੇ ਨੈਟਲੀ ਮੈਡੀਕਲ ਬਿਲਡਿੰਗ ’ਚ ਹੋਈ ਗੋਲੀਬਾਰੀ ਮਗਰੋਂ ਆਪਣਾ ਕੌਮਪਲੈਕਸ ਬੰਦ ਕਰ ਦਿੱਤਾ।