ਯਾਦਾਂ ਦਾ ਝਰੋਖਾ- (19)
ਡਾ ਕੇਵਲ ਅਰੋੜਾ
ਡਾ. ਪਰਮਦੀਪ ਵਾਲੀਆ ਨਾਲ ਮੇਰੀ ਦੋਸਤੀ ਪਸ਼ੂ ਮੇਲਿਆਂ ਤੋਂ ਪਈ ਜਦੋਂ ਉਹ ਅਤੇ ਡਾ. ਸਤਿੰਦਰ ਸੰਧੂ ਪਸ਼ੂ ਮੇਲਿਆਂ ਨੂੰ ਕੰਪਿਊਟਰ ਰਾਹੀਂ ਵਿਓਂਤਬੰਦ ਕਰਕੇ ਮੇਲੇ ਦੇ ਮੁਕਾਬਲਿਆਂ ਦਾ ਰਿਕਾਰਡ ਇੱਕ ਕਲਿਕ ‘ਤੇ ਕੱਢ ਕੇ ਸਾਡੇ ਹੱਥ ਫ਼ੜ੍ਹਾ ਦਿੰਦੇ ਸਨ। ਮੇਰੀ ਡਿਊਟੀ ਮੇਲੇ ਦੇ ਸਟਾਰਟ ਆਡਰ ਪ੍ਰਾਪਤ ਕਰ ਕੇ ਮੰਚ ਸੰਚਾਲਨ ਦੀ ਹੁੰਦੀ ਸੀ। ਇਹ ਦੋਵੇਂ ਮਸਤ ਹੋ ਕੇ ਅਪਣੇ ਕੰਮ ‘ਚ ਲੱਗੇ ਰਹਿੰਦੇ ਸਨ। ਸੁਭਾ ਵਾਲੇ ਸਟਾਰਟ ਆਡਰ ਮੈਂ ਆਪ ਹੀ ਫ਼ੜ ਕੇ ਲਿਆਉਂਦਾ ਅਤੇ ਇਹਨਾਂ ਨਾਲ ਚਾਹ ਵੀ ਪੀ ਕੇ ਆਉਣੀਂ, ਸੋ ਇਓਂ ਸਾਡੀ ਚੰਗੀ ਮਿਤਰਤਾ ਬਣ ਗਈ। ਇੱਕ ਵਾਰ ਸਾਡੀ ਟ੍ਰੇਨਿੰਗ ਹੈਦਰਾਬਾਦ ਇਕੱਠਿਆਂ ਲੱਗ ਗਈ, ਉੱਥੇ ਅਸੀਂ ਹਫ਼ਤਾ ਭਰ ਇਕੱਠੇ ਰਹੇ, ਅਤੇ ਸਾਡੀ ਨੇੜਤਾ ਹੋਰ ਵੀ ਵੱਧ ਗਈ। ਜਦੋਂ ਵਾਪਿਸ ਆਏ ਤਾਂ ਮੈਂ ਲੁਧਿਆਣੇ ਲੇਟ ਹੋ ਗਿਆ ਅਤੇ ਡਾ. ਵਾਲੀਆ ਦੇ ਘਰ ਹੀ ਠਹਿਰ ਗਿਆ। ਸਾਰੇ ਪਰਿਵਾਰ ਨੂੰ ਮਿਲਿਆ। ਬਹੁਤ ਖ਼ੁਸ਼ੀ ਹੋਈ ਜਦੋਂ ਰਾਤੀਂ ਡਾ. ਵਾਲੀਆ ਦੇ ਪਿਤਾ ਜੀ ਨਾਲ ਵੀ ਗੱਲ-ਬਾਤ ਹੋਈ। ਡਾ. ਵਾਲੀਆ ਨੇ ਉਹਨਾਂ ਨੂੰ ਦੱਸਿਆ ਕਿ ਇਹ ਡਾ. ਕੇਵਲ ਅਰੋੜਾ ਫ਼ਰੀਦਕੋਟ ਦਾ ਰਹਿਣ ਵਾਲਾ ਹੈ ਤਾਂ ਉਹ ਝੱਟ ਬੋਲੇ, ”ਜੰਗਲੀ ਕਹਿੰਦੇ ਨੇ ਇਹਨਾਂ ਨੂੰ।” ਡਾ. ਵਾਲੀਆ ਥੋੜ੍ਹਾ ਪਰੇਸ਼ਾਨ ਹੋ ਗਏ, ਪਰ ਮੈਂ ਹੱਸ ਪਿਆ ਕਿਉਂਕਿ ਮੈਂ ਪਹਿਲਾਂ ਹੀ ਇਸ ਬਾਰੇ ਜਾਣਦਾ ਸੀ। ਮੇਰੇ ਮਨ ‘ਚ ਇਸ ਗੱਲ ਨੂੰ ਅੱਗੇ ਅੱਗੇ ਜਾਣਨ ਦੀ ਜਗਿਆਸਾ ਪੈਦਾ ਹੋ ਗਈ। ਕਈ ਲੋਕਾਂ ਨਾਲ ਗੱਲ-ਬਾਤ ਕੀਤੀ ਅਤੇ ਕੁੱਝ ਕਿਤਾਬਾਂ ਵੀ ਪੜ੍ਹੀਆਂ। ਇਸ ਤੋਂ ਇਲਾਵਾ ਗਿੱਦੜਬਾਹਾ, ਰਾਮਪੁਰਾ ਫ਼ੂਲ ਅਤੇ ਲੁਧਿਆਣਾ ਉਤੇ ਗੀਤ ਲਿਖਣ ਲੱਗਿਆਂ ਮਾਲਵੇ ਦੇ ਪਿਛੋਕੜ ਦੀ ਜ਼ਿੰਦਗੀ ਬਾਰੇ ਕਾਫ਼ੀ ਕੁੱਝ ਪਤਾ ਲੱਗਾ।
ਮਾਲਵੇ ਦੀ ਧਰਤੀ ‘ਤੇ ਦਰਿਆ ਵਗਦੇ ਵਗਦੇ ਪਿੱਛੇ ਹਟ ਗਏ। ਰੇਤਲੀ ਧਰਤੀ ਉਤੇ ਜੰਡ, ਕਿੱਕਰਾਂ, ਕਰੀਰ, ਮਲ਼੍ਹੇ, ਬੇਰੀਆਂ ਰੁੱਖ ਰਹਿ ਗਏ। ਜ਼ੋਰਾਵਰ ਲੋਕਾਂ ਨੇ ਅਪਣਾ ਦਬਦਬਾ ਬਣਾ ਕੇ ਜ਼ਮੀਨ ਰੋਕ ਲਈ, ਅਤੇ ਆਮ ਲੋਕਾਂ ਨੂੰ ਨਾਲ ਲੈ ਕਿ ਪਿੰਡ ਬੰਨ੍ਹ ਲਏ ਅਤੇ ਮੌਕੇ ਦੇ ਹਾਕਮਾਂ ਨੂੰ ਨਜ਼ਰਾਨਾ ਵੀ ਦਿੰਦੇ ਰਹੇ। ਲਹੌਰ ਦਰਬਾਰ ਅਤੇ ਦਿੱਲੀ ਦਰਬਾਰ ਦੋ ਮੁੱਖ ਕੇਂਦਰ ਹੁੰਦੇ ਸਨ। ਮਾਲਵੇ ਦੇ ਬਹੁਤੇ ਪਿੰਡ 1850 ਤੋਂ ਬਾਅਦ ਹੀ ਵਸੇ ਸਨ। ਰਸੂਖ਼ਦਾਰ ਅਤੇ ਹਿੰਮਤੀ ਲੋਕਾਂ ਨੇ ਆਪਣੇ ਆਪਣੇ ਪਿੰਡ ਬੰਨ੍ਹੇ। ਗੋਰਿਆਂ ਨੇ ਖੂਹ ਅਤੇ ਵੱਖ ਵੱਖ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਵਸਾਉਣਾ ਜ਼ਰੂਰੀ ਕਰ ਕੇ ਪਿੰਡ ਅਲੌਟ ਕੀਤੇ। ਪਿੰਡਾਂ ਦਾ ਮਾਮਲਾ ਪਿੰਡ ਬੰਨਣ ਵਾਲਾ ਮੋਢੀ ਹੀ ਤਾਰਦਾ ਸੀ। ਪਾਣੀ ਦਾ ਸੋਮਾ ਵੇਖ ਕੇ ਮੋੜ੍ਹੀ ਗੱਡੀ ਜਾਂਦੀ ਸੀ। ਆਮ ਤੌਰ ‘ਤੇ ਸ਼ਰੀਕੇ ‘ਚੋਂ ਚਾਰ ਪੰਜ ਹਿੰਮਤੀ ਬੰਦੇ ਆ ਕੇ ਜ਼ਮੀਨ ਉਤੇ ਬੈਠ ਜਾਂਦੇ ਜੋ ਬਾਹੂਬਲੀ, ਹਿੰਮਤ ਵਾਲੇ ਅਤੇ ਦਲੇਰ ਹੁੰਦੇ ਸਨ। ਊਠਾਂ ਦਾ ਵੀ ਮਾਲਵੇ ਨੂੰ ਅਬਾਦ ਕਰਨ ‘ਚ ਬਹੁਤ ਯੋਗਦਾਨ ਰਿਹਾ ਕਿਉਂਕਿ ਉੱਥੋਂ ਦਾ ਖਾਣਾ-ਦਾਣਾ ਅਤੇ ਵਾਤਾਵਰਣ ਇਹਨਾਂ ਦੇ ਬਹੁਤ ਅਨੁਕੂਲ ਸੀ। ਕਹੀ ਅਤੇ ਕੁਹਾੜੀ ਨਾਲ ਝਾੜੀਆਂ ਪੱਟ ਕੇ ਭੋਏਂ ਅਬਾਦ ਕੀਤੀ। ਛੋਟੇ ਟਿੱਬੇ ਊਠਾਂ ਦੇ ਨਾਲ ਕਰਾਹੇ ਤੇ ਬੀਜਣ ਯੋਗ ਬਰਾਨੀ ਜ਼ਮੀਨ ਤਿਆਰ ਕੀਤੀ। ਪਿੰਡ ‘ਚ ਪੰਡਤ, ਜੱਟ, ਬਾਣੀਏ, ਮਾਛੀ, ਜੁਲਾਹੇ, ਤਰਖਾਣ, ਨਾਈ, ਲੋਹਾਰ ਅਤੇ ਮਜ਼ਦੂਰ ਵਸਾਏ ਜਾਂਦੇ। ਸਾਰੇ ਲੋੜੀਂਦੇ ਕਾਰਜ ਪਿੰਡ ‘ਚ ਹੀ ਹੋ ਜਾਂਦੇ ਸਨ। ਪਿੰਡ ਦਾ ਡੇਰਾ ਦੁਨਿਆਵੀ ਵਿੱਦਿਆ, ਧਾਰਮਿਕ ਵਿਦਿਆ ਅਤੇ ਇਲਾਜ ਲਈ ਕਾਫ਼ੀ ਸੀ। ਇਹ ਕੰਮ ਸਾਧ ਸੰਤ ਹੀ ਕਰਦੇ, ਬਿਨਾ ਕਿਸੇ ਲੋਭ ਲਾਲਚ ਦੇ। ਇੱਕ-ਦੂਜੇ ਦੇ ਦੁੱਖ-ਸੁੱਖ ਦੇ ਸਾਥੀ ਸਨ ਲੋਕ, ਰਿਸ਼ਤੇਦਾਰਾਂ ਤੋਂ ਵੀ ਨੇੜੇ ਲੱਗਦੇ ਸਨ। ਚਾਚੇ, ਤਾਏ, ਭੈਣਾਂ, ਭੂਆ, ਭਰਾ ਅਤੇ ਭਾਬੀਆਂ ਸਾਰਾ ਪਿੰਡ ਬਿਨਾ ਜ਼ਾਤ-ਪਾਤ ਦੇ ਬੁਣਿਆ ਜਾਂਦਾ ਸੀ। ਮੈਨੂੰ ਯਾਦ ਹੈ ਕਿ ਜੇ ਕਿਸੇ ਨੂੰ ਪਤਾ ਨਾ ਹੋਣ ਕਰ ਕੇ ਭਾਬੀ’ ਕਹਿ ਦੇਣਾ ਤਾਂ ਉਸ ਨੇ ਝੱਟ ਟੋਕਣਾ, ”ਚੱਲ ਵੇ, ਛੋਹਰਾ ਜਿਆ, ਮੈਂ ਤੇਰੀ ਭਾਬੀ ਨਹੀਂ ਚਾਚੀ ਲੱਗਦੀ ਆਂ।”
ਚਾਚੇ ਦਾ ਰੁਤਬਾ ਵੱਖਰਾ ਹੀ ਹੁੰਦਾ ਸੀ ਪਿੰਡ ਵਿੱਚ, ਸਾਰੇ ਰਿਸ਼ਤੇ ਅਤੇ ਜ਼ਾਤ ਪਾਤ ਤੋਂ ਰਹਿਤ ਸਨ। ਜੇ ਕਿਸੇ ਦਾ ਮਾਮਾ ਪਿੰਡ ਆ ਕੇ ਰਹਿਣ ਲੱਗ ਜਾਂਦਾ ਸੀ ਤਾਂ ਸਾਰਾ ਪਿੰਡ ਉਸ ਨੂੰ ਮਾਮਾ ਅਹੀ ਸੱਦਦਾ ਤੇ ਮਾਣ ਵੀ ਦਿੰਦਾ ਸੀ। ਸਾਡੇ ਪਿੰਡ ਸਾਡੇ ਮਾਮੇ ਸਣੇ ਪੰਜ ਛੇ ਮਾਮੇ ਸਨ। ਜਦੋਂ ਲੋਕ ਪਿੰਡ ਬੰਨ੍ਹਣ ਵੇਲੇ ਨਵੇਂ ਨਵੇਂ ਆ ਕੇ ਵਸਦੇ ਤਾਂ ਉਹ ਪਾਣੀ ਢਾਬ ਤੋਂ ਹੀ ਪੀਂਦੇ, ਅਤੇ ਫ਼ਿਰ ਛੋਟੀਆਂ ਛੋਟੀਆਂ ਖੂਹੀਆਂ ਜਿਨ੍ਹਾਂ ਨੂੰ ਖਾਰਾਂ ਕਿਹਾ ਜਾਂਦਾ ਸੀ, ਦੀ ਵਾਰੀ ਆਈ। ਜਦੋਂ ਖੂਹ ਲਾਉਣ ਵੇਲੇ ਖੂਹ ਦਾ ਚੱਕ ਪੈਂਦਾ ਤਾਂ ਸਾਰਾ ਪਿੰਡ ਆ ਕੇ ਮੱਥਾ ਟੇਕਦਾ। ਜ਼ਮੀਨਾਂ ਆਮ ਤੌਰ ‘ਤੇ ਬਰਾਨੀਆਂ ਹੀ ਸਨ। ਜਿਨ੍ਹਾਂ ‘ਚ ਲੇਹਾ, ਭੱਖੜਾ, ਪੋਹਲੀ, ਪੁੱਠ ਕੰਡਾ ਅਤੇ ਗੁੱਤ ਪੱਟਣਾ, ਬਾਥੂ ਆਦਿ ਨਦੀਨ ਆਮ ਹੀ ਪੈਦਾ ਹੋ ਜਾਣੇ। ਲੋਕਾਂ ਨੇ ਕਸੌਲੀਆਂ ਨਾਲ ਕੱਢਣੇ, ਅਤੇ ਜੌਂ, ਮੋਠ, ਬਾਜਰਾ, ਕੋਧਰਾ ਅਤੇ ਛੋਲਿਆਂ ਦੀ ਬਰਾਨੀ ਖੇਤੀ ਹੀ ਹੁੰਦੀ, ਕਣਕ ਬਾਅਦ ‘ਚ ਹੋਣ ਲੱਗੀ। ਲੋਕ ਦਾਤੀਆਂ ਨਾਲ ਫ਼ਸਲ ਵਢਦੇ, ਲੋਕ ਬਹੁਤ ਹਿੰਮਤੀ ਸਨ, ਕਿਰਸੀ ਸਨ ਅਤੇ ਦਇਆ ਵਾਲੇ ਸਨ। ਰੱਬ ਤੋਂ ਡਰਨ ਵਾਲੇ ਸਨ। ਪਿੰਡਾਂ ‘ਚ ਓਦੋਂ ਚੌਥੀ ਤਕ ਦਾ ਸਕੂਲ ਹੁੰਦਾ ਸੀ। ਕਈ ਮੀਲਾਂ ਤਕ ਦਸਵੀਂ ਦਾ ਸਕੂਲ ਹੁੰਦਾ ਸੀ, ਪਰ ਲੋਕ ਦਿਮਾਗ਼ੀ ਤੌਰ ਉਤੇ ਬਹੁਤ ਤੇਜ਼ ਸਨ। ਸਾਡੇ ਨੇੜੇ ਡੋਹਕ ਪਿੰਡ, ਜਿੱਥੇ ਅੱਠਵੀਂ ਦਾ ਸਕੂਲ ਸੀ, ਉਸ ਸਕੂਲ ‘ਚੋਂ ਪੜ੍ਹ ਕੇ ਲੋਕ ਡਾਕਟਰ ਬਣੇ, ਹਾਈਕੋਰਟਾਂ ਦੇ ਜੱਜ ਅਤੇ IAS ਵੀ ਬਣੇ।
ਡਾ. ਹਰਦਾਸ ਸਿੰਘ ਸੰਧੂ ਨੇ ਅੰਮ੍ਰਿਤਸਰ ਜਾ ਕੇ ਡਾਕਟਰੀ ਵਿੱਚ ਖ਼ੂਬ ਨਾਮ ਕਮਾਇਆ। ਖੇਤੀ ਦੇ ਮਸ਼ੀਨੀਕਰਨ ਨੇ ਬਹੁਤ ਬਦਲਾਅ ਲਿਆਂਦਾ। ਪਹਾੜਾਂ ਵਰਗੇ ਟਿੱਬੇ ਸਾਲਾਂ ‘ਚ ਹੀ ਅਲੋਪ ਹੋ ਗਏ। ਕੱਚੇ ਘਰ, ਜਿਨਾਂ ਨੂੰ ਮਿੱਟੀ ਲਾ ਲਾ ਲਿੱਪਦੇ ਰਹੇ, ਪੱਕੇ ਹੋ ਕੇ ਕੋਠੀਆਂ ‘ਚ ਤਬਦੀਲ ਹੋ ਗਏ। ਜਿਨ੍ਹਾਂ ਰਾਹਵਾਂ ਦੇ ਰੇਤੇ ‘ਚ ਪੈਰ ਖੁੱਬ੍ਹ ਜਾਂਦੇ ਸਨ, ਉਥੇ ਪੱਕੀਆਂ ਸੜਕਾਂ ਹੋ ਗਈਆਂ। ਲੋਕੀਂ ਦੱਸਦੇ ਨੇ ਕਿ ਬਹਾਵਲਪੁਰ ਦੇ ਰਾਜੇ ਨੇ ਮਾਲਵੇ ਦੇ ਇਲਾਕੇ ‘ਚੋਂ ਕਿਸਾਨਾਂ ਨੂੰ ਮੁਰੱਬੇ ਦੇ ਕੇ ਅਪਣੇ ਇਲਾਕੇ ‘ਚ ਵਸਾਇਆ ਜਿੰਨ੍ਹਾਂ ਨੇ ਮਿਹਨਤ ਨਾਲ ਜ਼ਮੀਨ ਅਬਾਦ ਕੀਤੀ, ਅਪਰ ਕੁੱਝ ਸਾਲਾਂ ਬਾਅਦ ਹੀ ਪਾਕਿਸਤਾਨ ਬਣ ਗਿਆ ਤੇ ਉਹਨਾਂ ਨੂੰ ਫ਼ਿਰ ਇੱਥੇ ਵਾਪਿਸ ਆਉਣਾ ਪਿਆ। ਜਿਨ੍ਹਾਂ ਨੂੰ ਲੋਕ ਬਹਓਲਪੁਰੀਏ ਕਹਿੰਦੇ ਸੀ। ਇਹ ਗੱਲ ਮੈਨੂੰ ਕਰਨੈਲ ਸਿੰਘ ਧਾਲੀਵਾਲ ਨੇ ਦੱਸੀ ਜੋ ਲੁਬਾਣਿਆਂ ਵਾਲੇ ਮੇਰੇ ਹਸਪਤਾਲ ਦੇ ਗੁਆਂਢੀ ਸਨ ਅਤੇ ਚੰਗੀ ਜਾਇਦਾਦ ਦਾ ਮਾਲਕ। ਉਹ ਵੀ ਬਹਾਵਲਪੁਰ ਤੋਂ ਆਏ ਸਨ। ਮਹਾਰਾਜਾ ਗੰਗਾ ਸਿੰਘ ਨੇ ਵੀ ਮਾਲਵੇ ਦੇ ਕਿਸਾਨਾਂ ਨੂੰ ਅਪਣੇ ਰਾਜ ‘ਚ ਵਸਾਇਆ ਅਤੇ ਸ਼ਾਇਦ ਗੰਗ ਕਨਾਲ ਵੀ ਇਸੇ ਕਰ ਕੇ ਬਣਵਾਈ ਹੋਵੇਗੀ ਕਿਉਂਕਿ ਪੰਜਾਬੀਆਂ ਦਾ ਮਿੱਟੀ ਅਤੇ ਪਾਣੀ ਨਾਲ ਰੂਹ ਵਰਗਾ ਰਿਸ਼ਤਾ ਹੈ। ਇਹ ਲਿਖਦੇ ਲਿਖਦੇ ਮੈਨੂੰ ਡਾ. ਸਿਮਰਤ ਸਾਗਰ, ਜਿੰਨ੍ਹਾਂ ਦਾ ਵੈਟਨਰੀ ਪਰੋਫ਼ੈਸ਼ਨ ‘ਚ ਇੱਕ ਵੱਖਰਾ ਨਾਮ ਅਤੇ ਮੁਕਾਮ ਹੈ, ਵਲੋਂ ਦੱਸੀ ਗੱਲ ਦਾ ਵੀ ਖ਼ਿਆਲ ਆ ਗਿਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਚੱਕ 463 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਦੀ ਧਰਤੀ ਨੂੰ ਜ਼ਰਖ਼ੇਜ਼ ਕੀਤਾ ਸੀ ਜੋ ਉਨ੍ਹਾਂ ਦੇ ਨੂੰ ਬਰਮਾ ਦੀ ਜੰਗ ਤੋਂ ਬਾਅਦ ਅਲੌਟ ਹੋਈ ਸੀ।
ਮੈਨੂੰ ਜਾਪਦਾ ਹੈ ਕਿ ਉਦੋਂ ਸ਼ਾਇਦ ਫ਼ੌਜੀਆਂ ਨੂੰ ਪੈਨਸ਼ਨ ਨਹੀਂ ਮਿਲਦੀ ਹੋਣੀ, ਅਤੇ ਜ਼ਮੀਨ ਨੂੰ ਅਬਾਦ ਕਰਨ ਦੀ ਲੋੜ ਵੀ ਸੀ ਸੋ ਇਹ ਕੰਮ ਗੋਰਿਆਂ ਵਾਸਤੇ ਨਾਲੇ ਪੁੰਨ ਨਾਲੇ ਫ਼ਲੀਆਂ ਵਰਗਾ ਸੀ ਕਿਉਂਕਿ ਇਸ ਨਾਲ ਉਹਨਾਂ ਨੂੰ ਮਾਮਲਾ ਵੀ ਮਿਲ ਜਾਂਦਾ ਸੀ। ਕਈ ਉਹ ਲੋਕ, ਜਿਨ੍ਹਾਂ ਤੋਂ ਮਾਮਲਾ ਨਹੀਂ ਤਾਰਿਆ ਜਾਂਦਾ ਸੀ, ਜ਼ਮੀਨਾਂ ਛੱਡ ਜਾਂਦੇ ਸਨ ਅਤੇ ਕਿਸੇ ਹੋਰ ਪਿੰਡ ਵੱਸ ਜਾਂਦੇ। ਡਾ. ਸਿਮਰਤ ਸਾਗਰ ਦੇ ਵੱਡੇ ਵਡੇਰਿਆਂ ਨੇ ਅਪਣੀ ਮਿਹਨਤ ਤੇ ਲਗਨ ਨਾਲ ਬਾਗ ਨਰਸਰੀ ਤਿਆਰ ਕਰ ਲਈ ਸੀ ਜੋ ਦੂਰ ਦੂਰ ਤਕ ਮਸ਼ਹੂਰ ਹੋ ਗਈ। ਮਹਾਰਾਜਾ ਪਟਿਆਲ਼ਾ ਨੇ ਅਪਣੇ ਬਾਗ ਲਈ ਬੂਟੇ ਵੀ ਇਹਨਾਂ ਦੀ ਵਾਲੀ ਨਰਸਰੀ ਤੋਂ ਹੀ ਲਿਆਂਦੇ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਹ ਵੀ ਪਟਿਆਲ਼ੇ ਆ ਗਏ। ਜਦੋਂ ਡਾ. ਸਿਮਰਤ ਦੇ ਪਿਤਾ ਸਰਦਾਰ ਕੁਲਵੰਤ ਸਿੰਘ ਮਹਾਰਜਾ ਦੇ ਪੇਸ਼ ਹੋਏ ਅਤੇ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਅਪਣੇ ਰਾਜ ‘ਚ ਪਿੰਡ ਕੁਤਬਨਪੁਰ ‘ਚ ਜ਼ਮੀਨ ਅਲੌਟ ਕਰ ਦਿੱਤੀ। ਜਿਸ ‘ਚ ਇੱਕ ਅੰਬਾਂ ਦਾ ਬਾਗ਼ ਵੀ ਸੀ, ਪਰ ਬਾਕੀ ਰੋਹੀ ਬਾਗ਼ਾਂ ਤੋਂ ਫ਼ੇਰ ਪਹਾੜਾਂ ਵਰਗੇ ਟਿੱਬੇ ਰੋਹੀ ਬੀਆਬਾਨ, ਰੋਹਜ਼ ਅਤੇ ਜੰਗਲੀ ਸੂਰ, ਜਿਵੇਂ ਮੋਰਾਂ ਨੂੰ ਕਿਸੇ ਨੇ ਜੰਗਲਾਂ ‘ਚ ਆਣ ਸੁੱਟਿਆ ਹੋਵੇ। ਜੋ ਉਹਨਾਂ ਦੇ ਪਰਿਵਾਰ ਨੇ ਕਦੇ ਸੁਪਣੇ ‘ਚ ਵੀ ਨਹੀਂ ਵੇਖੇ ਸਨ, ਪਰ ਉਹਨਾਂ ਨੇ ਫ਼ਿਰ ਅਪਣੀ ਮਿਹਨਤ ਨਾਲ ਬਾਗ਼ ਲਾ ਲਿਆ ਅਤੇ ਪਟਿਆਲਾ ਵਿਖੇ ਸੰਨ 1952 ‘ਚ ਨਰਸਰੀ ਸਥਾਪਿਤ ਕਰ ਲਈ ਜਿਸ ਨੂੰ ਹੁਣ ਉਹਨਾਂ ਦੇ ਚਾਚਾ ਜੀ ਸਰਦਾਰ ਜੋਗਿੰਦਰ ਸਿੰਘ ਦਾ ਪਰਿਵਾਰ ਵੇਖਦਾ ਹੈ। ਥੋੜ੍ਹੇ ਹੀ ਸਮੇਂ ‘ਚ ਕੁਤਬਨਪੁਰ ‘ਚੋਂ ਉੱਲੂ ਗਾਇਬ ਹੋ ਗਏ ਅਤੇ ਮੋਰ ਨੱਚਣ ਲੱਗੇ। ਉਹਨਾਂ ਨੇ ਅੰਬਾਂ ਅਤੇ ਨਿੰਬੂ ਜਾਤੀ ਦੇ ਫ਼ਲਾਂ ‘ਚ ਕੌਮੀ ਪੱਧਰ ਉਤੇ ਬਹੁਤ ਸਾਰੇ ਇਨਾਮ ਵੀ ਜਿੱਤੇ। ਮੇਰੇ ਮਨ ਨੂੰ ਇਹ ਗੱਲ ਬਹੁਤ ਸਕੂਨ ਦਿੰਦੀ ਹੈ ਕਿ ਸਾਡੇ ਲੋਕਾਂ ਨੇ ਕਿਸੇ ਨੂੰ ਉਜਾੜ ਕੇ ਅਪਣੀ ਦੁਨੀਆਂ ਨਹੀਂ ਵਸਾਈ ਸਗੋਂ ਅਪਣੀਂ ਮਿਹਨਤ ਨਾਲ ਜੰਗਲਾਂ ‘ਚ ਮੰਗਲ ਲਾਏ ਨੇ। ਅਪਣੀਆਂ ਇਹਨਾਂ ਸਤਰਾਂ ਨਾਲ ਅਜ ਦਾ ਕਾਲਮ ਸਮਾਪਤ ਕਰਦਾ ਹਾਂ:
ਅਸੀਂ ਰੋਹੀਆਂ ਅਤੇ ਉਜਾੜਾਂ ਨੂੰ,
ਮਿਹਨਤ ਕਰ ਬਾਗ਼ ਬਣਾਏ ਨੇ।
ਅਸੀਂ ਮਿਹਨਤਕਸ਼ ਹਾਂ ਜੰਗਲੀ ਨਹੀਂ,
ਅਸਾਂ ਜੰਗਲ਼ਾਂ ‘ਚ ਮੰਗਲ ਲਾਏ ਨੇ।
94176 95299
—