ਚਮਕੌਰ ਮਾਛੀਕੇ
ਨਿਊ ਯੌਰਕ (Ajit Weekly News): ਜੌਨੀ ਡੈੱਪ ਅਤੇ ਉਸ ਦੀ ਸਾਬਕਾ ਪਤਨੀ ਐਂਬਰ ਹਰਡ ਦਰਮਿਆਨ ਇੱਕ ਹਾਈ-ਪ੍ਰੋਫ਼ਾਈਲ ਮਾਣਹਾਨੀ ਮਾਮਲੇ ‘ਚ ਜਿਊਰੀ ਦਾ ਫ਼ੈਸਲਾ ਆ ਗਿਆ ਹੈ। ਜਿਊਰੀ ਨੇ ਜੌਨੀ ਡੈੱਪ ਦੇ ਹੱਕ ‘ਚ ਫ਼ੈਸਲਾ ਸੁਣਾਉਂਦਿਆਂ ਜਿਊਰੀ ਨੇ ਐਂਬਰ ਹਰਡ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਅਤੇ ਮੰਨਿਆ ਕਿ ਜੌਨੀ ਡੈੱਪ ਇਹ ਸਾਬਿਤ ਕਰਨ ‘ਚ ਸਮਰਥ ਰਿਹੈ ਕਿ ਉਸ ਨੂੰ ਬਦਨਾਮ ਕੀਤਾ ਗਿਆ ਸੀ। ਜਿਊਰੀ ਨੇ ਐਂਬਰ ਹਰਡ ਨੂੰ 10 ਮਿਲੀਅਨ ਡਾਲਰ ਦੀ ਨੁਕਸਾਨਪੂਰਤੀ ਅਤੇ ਪੰਜ ਮਿਲੀਅਨ ਡਾਲਰ ਦੇ ਦੰਡਕਾਰੀ ਹਰਜਾਨੇ ਦੇ ਭੁਗਤਾਨ ਦਾ ਵੀ ਹੁਕਮ ਦਿੱਤਾ ਹੈ।
ਜਿਊਰੀ ਨੇ ਜੌਨੀ ਡੈੱਪ ਵਿਰੁੱਧ ਐਂਬਰ ਦੇ ਕਾਊਂਟਰ ਮੁਕੱਦਮੇ ‘ਚ ਉਸ (ਡੈੱਪ) ਨੂੰ ਵੀ ਮਾਣਹਾਨੀ ਦੇ ਕੁਝ ਮਾਮਲਿਆਂ ‘ਚ ਦੋਸ਼ੀ ਪਾਇਆ ਹੈ। ਇਸ ਸਿਲਸਿਲੇ ‘ਚ ਅਭਿਨੇਤਾ ਨੂੰ ਮੁਆਵਜ਼ੇ ‘ਚ ਦੋ ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਜੌਨੀ ਦੇ ਪੱਖ ‘ਚ ਫ਼ੈਸਲਾ ਆਉਂਦੇ ਹੀ ਕੋਰਟਹਾਊਸ ਦੇ ਬਾਹਰ ਇਕੱਠੀ ਭੀੜ ਖ਼ੁਸ਼ੀ ਮਨਾਉਂਦੀ ਨਜ਼ਰ ਆਈ।
ਜੌਨੀ ਡੈੱਪ ਅਤੇ ਐਂਬਰ ਦਰਮਿਆਨ ਕਾਨੂੰਨੀ ਲੜਾਈ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਐਂਬਰ ਨੇ 2018 ‘ਚ ਇੱਕ ਅਖ਼ਬਾਰ ‘ਚ ਲੇਖ ਲਿਖਿਆ ਸੀ। ਇਸ ‘ਚ ਉਸ ਨੇ ਖੁਦ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਦੱਸਿਆ ਸੀ ਪਰ ਉਸ ਲੇਖ ‘ਚ ਜੌਨੀ ਡੈੱਪ ਦਾ ਸਿੱਧੇ ਤੌਰ ‘ਤੇ ਨਾਮ ਨਹੀਂ ਸੀ ਲਿਆ ਗਿਆ। ਉਸ ਤੋਂ ਬਾਅਦ ਜੌਨੀ ਡੈੱਪ ਨੇ ਐਂਬਰ ‘ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ, ਅਤੇ ਉਸ ਵੇਲੇ ਤੋਂ ਦੋਹੇਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਖ਼ੁਲਾਸੇ ਕਰ ਰਹੇ ਸਨ। ਜੌਨੀ ਅਤੇ ਐਂਬਰ ਦਾ ਵਿਆਹ ਫ਼ਰਵਰੀ 2015 ‘ਚ ਹੋਇਆ ਸੀ ਅਤੇ ਦੋ ਸਾਲ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।