ਜੇ ਤੁਸੀਂ ਸਿਆਸੀ ਆਗੂ ਬਣਨ ਦਾ ਮਨ ਬਣਾ ਲਿਆ ਹੈ ਤਾਂ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਸਿਆਸਤ ਵਿਚ ਸਫ਼ਲਤਾ ਲਈ ਭਾਸ਼ਣ ਕਲਾ ਵਿਚ ਮਾਹਿਰ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਅਜੇ ਤੱਕ ਭਾਸ਼ਣ ਕਲਾ ਵਿਚ ਮਾਹਿਰ ਨਹੀਂ ਬਣੇ ਤਾਂ ਅੱਜ ਤੋਂ ਹੀ ਤਿਆਰੀ ਆਰੰਭ ਦੇਵੋ।ਚੰਗਾ ਬੁਲਰਾ ਬਣਨ ਦਾ ਜਾਂ ਪਬਲਿਕ ਸਪੀਕਿੰਗ ਦਾ ਕੋਈ ਕੋਰਸ ਕਰਨਾ ਸ਼ੁਰੂ ਕਰੋ। ਸ਼ੀਸ਼ੇ ਨੂੰ ਆਪਣਾ ਸਾਥੀ ਬਣਾਓ, ਮੌਕਾ ਮਿਲੇ ਤਾਂ ਦਰਪਣ ਸਾਹਮਣੇ ਖੜ੍ਹ ਕੇ ਭਾਸ਼ਣ ਦੇਣਾ ਆਰੰਭ ਕਰੋ। ਜਿੱਥੇ ਤੁਸੀਂ ਬੁਲਾਰੇ ਵੀ ਹੋਵੋਗੇ ਅਤੇ ਸਰੋਤੇ ਵੀ। ਆਪਣੇ ਹਾਵ ਭਾਵ ਨੋਟ ਕਰੋ। ਇਸ ਤਰ੍ਹਾਂ ਅਭਿਆਸ ਕਰੋ ਜਿਵੇਂ ਹਜ਼ਾਰਾਂ ਲੋਕ ਤੁਹਾਡੇ ਸਾਹਮਣੇ ਬੈਠੇ ਹੋਣ। ਤੁਸੀਂ ਹਜ਼ਾਰਾਂ ਲੋਕਾਂ ਨੂ ਨੂੰਸਿਰਫ਼੍ਰਭਾਵਿਤ ਕਰਨਾ ਹੈ ਸਗੋਂ ਪ੍ਰੇਰਨਾ ਹੈ, ਮਨਵਾਉਣਾ ਹੈ ਅਤੇ ਸਵੀਕਾਰ ਕਰਾਉਣਾ ਹੈ ਕਿ ਉਹ ਤੁਹਾਨੂੰ ਵੋਟ ਦੇਣ। ਤੁਹਾਨੂੰ ਲੋਕ ਆਪਣਾ ਆਗੂ ਮੰਨਣ। ਸੋ ਅਜਿਹਾ ਮਰਤਬਾ ਹਾਸਲ ਕਰਨ ਲਈ ਜਾਂ ਅਜਿਹੀ ਪੁਜੀਸ਼ਨ ‘ਤੇ ਪਹੁੰਚਣ ਲਈ ਗੰਭੀਰ ਉਪਰਾਲੇ ਕਰਨੇ ਸ਼ੁਰੂ ਕਰੋ। ਪੜ੍ਹਨਾ-ਲਿਖਣਾ ਅਤੇ ਅਤੇ ਜਾਣਕਾਰੀ ਇੱਕੱਤਰ ਕਰਨਾ ਸ਼ੁਰੂ ਕਰੋ। ਭਾਸ਼ਾ ਵਿਚ ਅਮੀਰ ਹੋਣ ਲਈ ਉਪਰਾਲਾ ਸ਼ੁਰੂ ਕਰੋ। ਚੰਗੇ ਸ਼ਬਦਾਂ ਨੂੰ ਆਪਣੀ ਨਿੱਜੀ ਸ਼ਬਦਾਵਲੀ ਦਾ ਹਿੱਸਾ ਬਣਾਓ।
ਅੱਜਕਲ੍ਹ ਤੱਥ ਨੂੰ ਇੱਕੱਤਰ ਕਰਨਾ ਬਹੁਤ ਅਸਾਨ ਹੋ ਗਿਆ ਹੈ। ਪੁਸਤਕਾਂ, ਸੰਦਰਭ ਪੁਸਤਕਾਂ, ਇੰਟਰਨੈਟ, ਅਖਬਾਰ ਅਤੇ ਰਸਾਲਿਆਂ ਤੋਂ ਭਾਸ਼ਣ ਲਈ ਸਮੱਗਰੀ ਵੀ ਮਿਲਦੀ ਹੈ ਅਤੇ ਢੁਕਵੇਂ ਸ਼ਬਦ ਵੀ। ਜਦੋਂ ਵੀ ਤੁਹਾਨੂੰ ਕੋਈ ਵਧੀਆ ਤੱਥ, ਮੁਹਾਵਰਾ, ਸ਼ੇਅਰ ਜਾਂ ਕਹਾਣੀ ਨਜ਼ਰ ਆਵੇ, ਉਸਨੂੰ ਆਪਣੀ ਡਾਇਰੀ ਵਿਚ ਨੋਟ ਕਰਨਾ ਨਾ ਭੁੱਲੋ। ਹਮੇਸ਼ਾ ਸਹੀ ਅੰਕੜੇ ਚੁਣਨੇ ਚਾਹੀਦੇ ਹਨ। ਵਿਸ਼ੇ ਨਾਲ ਸਬੰਧਤ ਗੱਲਾਂ ਹੀ ਤੁਹਾਡੀ ਚੋਣ ਬਣਨੀ ਚਾਹੀਦੀ ਹੈ। ਕੋਈ ਵੀ ਅਸ਼ਲੀਲ ਚੁਟਕਲਾ ਜਾਂ ਸ਼ੇਅਰ ਦੀ ਚੋਣ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸਲ ਵਿਚ ਸਮੱਗਰੀ ਨੂੰ ਇੱਕੱਤਰ ਕਰਨ ਅਤੇ ਚੋਣ ਕਰਨ ਦਾ ਸਿਲਸਿਲਾ ਤਾਂ ਲਗਾਤਾਰ ਚਲਦਾ ਹੀ ਰਹਿੰਦਾ ਹੈ। ਇਸੇ ਕਾਰਨ ਚੰਗੇ ਬੁਲਾਰੇ ਹਰ ਰੋਜ਼ ਕਾਫ਼ੀ ਤਾਕਤ ਅਖਬਾਰ ਅਤੇ ਹੋਰ ਸਮੱਗਰੀ ਦਾ ਅਧਿਐਨ ਕਰਨ ‘ਤੇ ਲਗਾਉਂਦੇ ਹਨ। ਭਾਸ਼ਣ ਕਰਨ ਵੇਲੇ ਸਹੀ ਵਿਉਂਤਬੰਦੀ ਵੀ ਜ਼ਰੁਰੀ ਹੁੰਦੀ ਹੈ।
ਨੈਪੋਲੀਅਨ ਨੇ ਇੱਕ ਵਾਰ ਕਿਹਾ ਸੀ ਕਿ ‘ਜੰਗ ਇੱਕ ਅਜਿਹੀ ਕਲਾ ਹੈ ਜਿਸ ਵਿਚ ਵਿਉਂਤਬੰਦੀ ਤੋਂ ਬਿਨਾਂ ਜਿੱਤ ਹਾਸਲ ਨਹੀਂ ਹੋ ਸਕਦੀ।’ ਇਹ ਗੱਲ ਭਾਸ਼ਣ ਉਤੇ ਵੀ ਪੂਰੀ ਉਤਰਦੀ ਹੈ। ਹਰ ਤਕਰੀਰ ਵਿਚ ਸਹੀ ਤਰਤੀਬ ਹੋਣਾ ਜ਼ਰੂਰੀ ਹੁੰਦੀ ਹੈ। ਬਿਨਾਂ ਤਰਤੀਬ ਬੁਲਾਰਾ ਭਟਕ ਸਕਦਾ ਹੈ ਅਤੇ ਸਰੋਤਿਆਂ ਨੂੰ ਕਈ ਵਾਰ ਪਤਾ ਹੀ ਨਹੀਂ ਚਲਦਾ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਪਲੈਟੋ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਭਾਸ਼ਣ ਇੱਕ ਜੀਵਤ ਪ੍ਰਾਣੀ ਦੀ ਤਰ੍ਹਾਂ ਹੁੰਦਾ ਹੈ, ਉਸ ਤਕਰੀਰ ਦਾ ਸਰੀਰ ਅਤੇ ਹੱਥ ਪੈਰ ਹੁੰਦੇ ਹਨ। ਇੱਕ ਆਰੰਭ, ਮੱਧ ਅਤੇ ਅੰਤ ਹੁੰਦਾ ਹੈ। ਇਹ ਸਾਰੇ ਇੱਕ ਦੂਜੇ ਨਾਲ ਜੁੜ ਕੇ ਉਸਨੂੰ ਸੰਪੂਰਨਤਾ ਦਿੰਦੇ ਹਨ। ਸੋ ਆਪਣੇ ਭਾਸ਼ਣ ਨੂੰ ਹਮੇਸ਼ਾ ਤਿੰਨ ਹਿੱਸਿਆਂ ਵਿਚ ਵੰਡ ਦੇਣਾ ਚਾਹੀਦਾ ਹੈ। ਆਰੰਭ, ਮੱਧ ਅਤੇ ਅੰਤ। ਜੇ 30 ਮਿੰਟ ਦਾ ਭਾਸ਼ਣ ਹੈ ਤਾਂ ਪਹਿਲੇ ਚਾਰ ਪੰਜ ਮਿੰਟ ਵਿਚ ਸ਼ੁਰੂਆਤ ਕੀਤੀ ਜਾਵੇ। ਫ਼ਿਰ 20 ਮਿੰਟ ਵਿਚ ਭਾਸ਼ਣ ਵਿਚ ਵਿਚਕਾਰਲਾ ਹਿੱਸਾ ਰੱਖਿਆ ਜਾ ਸਕਦਾ ਹੈ ਅਤੇ ਅਖੀਰਲੇ ਪੰਜ ਮਿੰਟਾਂ ਵਿਚ ਭਾਸ਼ਣ ਸਮੇਟਿਆ ਜਾ ਸਕਦਾ ਹੈ। ਸ਼ੁਰੂਆਤ ਜਿੰਨੀ ਦਿਲਚਸਪ ਹੋਵੇਗੀ, ਉਨਾ ਹੀ ਸਰੋਤੇ ਤੁਹਾਡੇ ਬੋਲਾਂ ਨਾਲ ਕੀਲੇ ਜਾਣਗੇ। ਅਖੀਰ ਨੂੰ ਦਿਲਚਸਪ ਬਣਾਉਣ ਲਈ ਕੋਈ ਸਨਸਨੀਖੇਜ਼ ਤੱਥ ਸ਼ੇਅਰ, ਕਵਿਤਾ, ਕਹਾਣੀ, ਪ੍ਰਸੰਸਾ, ਸਨਮਾਨ ਜਾਂ ਕੋਈ ਹਾਸੇ ਵਾਲੀ ਗੱਲ ਕੀਤੀ ਜਾ ਸਕਦੀ ਹੈ। ਤਕਰੀਰ ਦਾ ਮੱਧ ਵੀ ਬਹੁਤ ਅਹਿਮ ਹੁੰਦਾ ਹੈ। ਜਿੱਥੇ ਵਕਤਾ ਆਪਣੀ ਤਰਕ ਅਤੇ ਦਲੀਲ ਨਾਲ ਸਰੋਤਿਆਂ ਨੂੰ ਆਪਣੀ ਗੱਲ ਸਮਝਾਉਣ ਵਿਚ ਕਾਮਸਾਬ ਹੁੰਦਾ ਹੈ। ਤਕਰੀਰ ਦਾ ਅੰਤ ਤੀਰ ਦੀ ਨੋਕ ਵਾਂਗ ਹੋਣਾ ਚਾਹੀਦਾ ਹੈ। ਜੋ ਸਰੋਤਿਆਂ ਦੇ ਦਿਲ ਨੂੰ ਚੀਰਨ ਦੀ ਸਮਰੱਥਾ ਰੱਖਦਾ ਹੋਵੇ। ਅੰਤ ਵਿਚ ਕੋਈ ਸੁਝਾਅ ਦਿੱਤਾ ਜਾ ਸਕਦਾ ਹੈ। ਕਈ ਸ਼ੇਅਰ ਸੁਣਾਏ ਜਾ ਸਕਦੇ ਹਨ। ਕੋਈ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ। ਧੰਨਵਾਦ ਦੇ ਬੋਲ ਬੋਲੇ ਜਾ ਸਕਦੇ ਹਨ। ਤੱਥਾਂ ਦਾ ਨਿਚੋੜ ਪੇਸ਼ ਕੀਤਾ ਜਾ ਸਕਦਾ ਹੈ।ਅੱਜਕਲ੍ਹ ਹਿੰਦੁਸਤਾਨ ਦੀ ਸਿਆਸਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਭਾਸ਼ਣ ਕਰਨ ਵਿਚ ਮਾਹਿਰ ਮੰਨੇ ਜਾਂਦੇ ਹਨ। ਇਸਦੇ ਉਲਟ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਰਾਹੁਲ ਗਾਂਧੀ ਅਜੇ ਤੱਕ ਇਸ ਕਲਾ ਵਿਚ ਨਿਪੁੰਨ ਨਹੀਂ ਹੋਏ। ਨਰਿੰਦਰ ਮੋਦੀ ਭਾਸ਼ਣ ਦੌਰਾਨ ਆਵਾਜ਼ ਦੇ ਉਤਰਾਅ ਅਤੇ ਚੜ੍ਹਾਅ ਦੇ ਵੀ ਮਾਹਿਰ ਹਨ ਅਤੇ ਵਿਰੋਧੀ ਧਿਰ ਦੇ ਸਾਹਮਣੇ ਵੱਡੇ ਵੱਡੇ ਸਵਾਲ ਖੜ੍ਹੇ ਕਰਨ ਦੇ ਵੀ। ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾੲ. ਆਪਣੇ ਸਿਆਸੀ ਭਾਸ਼ਣਾਂ ਨੂੰ ਨਾਟਕੀ ਢੰਗ ਨਾਲ ਦੇਣ ਅਤੇ ਇੱਕ ਵਾਰ ਦੇ ਦੂਜੇ ਵਾਕ ਵਕਫ਼ੇ ਨੂੰ ਨਾਟਕੀ ਬਣਾਉਣ ਦੇ ਮਾਹਿਰ ਸਨ। ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਵੀ ਆਪਣੇ ਸਿਆਸੀ ਭਾਸ਼ਣਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕਰਨ ਦਾ ਮਾਹਿਰ ਹੈ। ਮਨਪ੍ਰੀਤ ਸਿੰਘ ਬਾਦਲ ਆਪਣੇ ਭਾਸ਼ਣਾਂ ਨੂੰ ਦਿਲਚਸਪ ਬਣਾਉਣ ਲਈ ਉਰਦੂ ਸ਼ਾਇਰੀ ਦਾ ਸਹਾਾ ਲੈਂਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਕਲਾ ਸਿੱਖਣ ਲਈ ਮਨਪ੍ਰੀਤ ਬਾਦਲ ਨੇ ਪੰਜਬੀ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਪ੍ਰੋਫ਼ੈਸਰ ਡਾ. ਨਾਸਿਰ ਨਕਵੀ ਦਾ ਸਹਿਯੋਗ ਲਿਆ ਸੀ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੰਗੇ ਵਕਤਾ ਸਨ ਅਤੇ ਆਪਣੇ ਭਾਸ਼ਣਾਂ ਵਿਚ ਗੁਰਬਾਣੀ ਦੇ ਹਵਾਲੇ ਦੇ ਕੇ ਸਰੋਤਿਆਂ ‘ਤੇ ਪ੍ਰਭਾਵ ਪਾਉਂਦੇ ਸਨ। ਸਿਆਸੀ ਭਾਸ਼ਣਾਂ ਵਿਚ ਕਾਂਗਰਸੀ ਆਗੂ ਐਡਵੋਕੇਟ ਜਸਵੀਰ ਸਿੰਘ, ਬੀਰਦਵੰਦਰ ਸਿੰਘ ਅਤੇ ਜਗਮੀਤ ਬਰਾੜ ਵੀ ਮਾਹਿਰ ਮੰਨੇ ਜਾਂਦੇ ਹਨ। ਸਿਆਸੀ ਤਕਰੀਰਾਂ ਨੂੰ ਪੜ੍ਹ ਕੇ ਦੇਣ ਵਾਲੇ ਆਪਣੇ ਸਰੋਤਿਆਂ ਨੂੰ ਕੀਲਣ ਵਿਚ ਜ਼ਿਆਦਾ ਕਾਮਯਾਬ ਨਹੀਂ ਹੁੰਦੇ। ਬਹੁਜਨ ਸਮਾਜ ਪਾਰਟੀ ਦੀ ਆਗੂ ਬੀਬੀ ਮਾਇਆਵਤੀ ਆਪਣੇ ਭਾਸ਼ਣਾਂ ਨੂੰ ਪੜ੍ਹਦੇ ਹਨ, ਜਿਸ ਨਾਲ ਲੋੜੀਂਦਾ ਪ੍ਰਭਾਵ ਨਹੀਂ ਪੈਂਦਾ।
ਸੋ, ਸਿਆਸਤ ਵਿਚ ਕੁਝ ਵੱਖਰਾ ਕਰਨ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਭਾਸ਼ਣ ਕਲਾ ਵਿਚ ਮਾਹਿਰ ਬਣਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਲਈ ਹਰ ਪੱਧਰ ‘ਤੇ ਤਿਆਰੀ ਕਰਨ ਦੀ ਲੋੜ ਹੁੰਦੀ ਹੈ। ਕਹਾਣੀਆਂ, ਨਿੱਜੀ ਜ਼ਿੰਦਗੀ ਵਿਚੋਂ ਉਦਾਹਰਣਾਂ, ਵਿਅੰਗ, ਟੋਟਕੇ ਅਤੇ ਚੁਟਕਲੇ ਆਦਿ ਨੂੰ ਇੱਕੱਤਰ ਕਰਨਾ, ਯਾਦ ਕਰਨਾ ਅਤੇ ਪੇਸ਼ ਕਰਨ ਦੀ ਕਲਾ ਸਿੱਖਣਾ ਬਹੁਤ ਜ਼ਰੂਰੀ ਹੈ। ਭਾਸ਼ਣ ਦੌਰਾਨ ਆਵਾਜ਼ ਦੇ ਉਤਰਾਅ ਚੜ੍ਹਾਅ ਅਤੇ ਸਰੀਰਕ ਭਾਸ਼ਾ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਸਰੋਤਿਆਂ ਨੂੰ ਹਸਾਉਣ ਅਤੇ ਜਜ਼ਬਾਤੀ ਬਣਾਉਣ ਦੇ ਕਾਬਲ ਬਣ ਜਾਓਗੇ ਤਾਂ ਤੁਸੀਂ ਚੰਗੇ ਸਿਆਸੀ ਆਗੂ ਬਣਨ ਦਾ ਇੱਕ ਵੱਡਾ ਇਮਤਿਹਾਨ ਪਾਸ ਕਰ ਲਵੋਗੇ।
ਪਤੀ-ਪਤਨੀ ਸਬੰਧਾਂ ਵਿਚ ਤਰੇੜਾਂ ਅਤੇ ਤਣਾਓ
‘ਮੈਂ 34 ਵਰ੍ਹਿਆਂ ਦਾ ਹੈ। ਉਦਾਸੀ ਦੀ ਡੂੰਘੀ ਖਾਈ ਵਿਚ ਗਰਕ ਹਾਂ। ਉਦਾਸੀ ਦਾ ਕਾਰਨ ਇੱਕ ਔਰਤ ਹੈ। ਔਰਤ ਕੋਈ ਬਾਹਰਲੀ ਨਹੀਂ ਮੇਰੀ ਆਪਣੀ ਪਤਨੀ ਹੈ। ਅਜੇ ਤੱਕ ਤਾਂ ਉਹ ਮੇਰੀ ਪਤਨੀ ਹੈ ਪਰ ਅਸੀਂ ਵੱਖ ਵੱਖ ਰਹਿੰਦੇ ਹਾਂ। ਵਿਆਹ ਨੂੰ ਅਜੇ 2 ਸਾਲ ਹੋਏ ਹਨ। ਧੋਖਾ ਹੋ ਗਿਆ ਮੇਰੇ ਨਾਲ ਬਹੁਤ ਵੱਡਾ। ਮੈਨੂੰ ਇਹ ਦੱਸਿਆ ਗਿਆ ਕਿ ਕੁੜੀ ਆਸਟ੍ਰੇਲੀਆ ਦੀ ਪੀ. ਆਰ. ਹੈ। ਮੈਂ ਵਿਆਹ ਕਰਵਾ ਲਿਆ। ਕੁੜੀ ਦੀ ਨੇਚਰ ਇੰਨੀ ਆਕੜਖੋਰੀ, ਨਾ ਮੇਰੀ ਮਾਂ ਨੂੰ ਕੁਝ ਸਮਝਦੀ ਹੈ ਅਤੇ ਨਾ ਹੀ ਮੇਰੀ ਭੈਣ ਨੂੰ। ਜਿੰਨਾ ਚਿਰ ਇੱਥੇ ਰਹੀ ਘਰ ਵਿਚ ਕਲੇਸ਼ ਰਿਹਾ। ਹੁਣ ਉਹ ਗਈ ਹੈ ਥੋੜ੍ਹੀ ਸ਼ਾਂਤੀ ਹੈ, ਜਦੋਂ ਤਲਾਕ ਹੋ ਗਿਆ ਸ਼ਾਂਤੀ ਤਾਂ ਅਸਲ ਵਿਚ ਉਦੋਂ ਹੀ ਮਿਲੂ। ਮੇਰਾ ਇੱਕ ਆਰਟੀਕਲ ਪੜ੍ਹਨ ਤੋਂ ਬਾਅਦ ਇੱਕ ਨੌਜਵਾਨ ਨੇ ਉਕਤ ਇਬਾਰਤ ਵਾਲਾ ਫ਼ੋਨ ਮੈਨੂੰ ਕੀਤਾ। ਉਸਦਾ ਕਹਿਣਾ ਸੀ ਕਿ ਉਹ ਡਿਪਰੈਸ਼ਨ ਵਿਚ ਜਾ ਰਿਹਾ ਹੈ ਅਤੇ ਮੈਂ ਉਸ ਲਈ ਕੁਝ ਕਰਾਂ, ਕੁਝ ਲਿਖਾਂ ਅਤੇ ਚੜ੍ਹਦੀ ਕਲਾ ਵਿਚ ਆਉਣ ਦੇ ਕੁਝ ਸੂਤਰ ਦੱਸਾਂ।
ਮੈਂ ਉਸ ਨੌਜਵਾਨ ਨੂੰ ਸਮਝਾਉਂਦਾ ਹਾਂ ਕਿ ਤੂੰ ਤਾਂ ਆਸਟ੍ਰੇਲੀਆ ਜਾ ਕੇ ਰਹਿਣਾ ਹੈ। ਜਦੋਂ ਤੂੰ ਉਸ ਕੋਲ ਚਲਿਆ ਗਿਆ ਅਤੇ ਤੁਸੀਂ ਇੱਕੱਠੇ ਰਹਿਣ ਲੱਗੇ ਆਪਣੇ ਆਪ ਪਿਆਰ ਵਧੂ ਅਤੇ ਜਦੋਂ ਮੁਹੱਬਤ ਹੋ ਜਾਂਦੀ ਹੈ ਤਾਂ ਔਰਤ ਆਪਣੇ ਪਤੀ ਲਈ ਕੁਝ ਵੀ ਕੁਝ ਕਰਨ ਨੂੰ ਤਿਆਰ ਹੁੰਦੀ ਹੈ। ਤੂੰ ਉਸਨੁੰ ਪਿਆਰ ਨਾਲ ਜਿੱਤ ਲਈ। ਮੇਰੀ ਇਹ ਗੱਲ ਸੁਣ ਕੇ ਉਸਨੇ ਦੱਸਿਆ ਕਿ ਅਸਲੀ ਗੱਲ ਤਾਂ ਇਹ ਹੈ ਕਿ ਮੈਂ ਉਸ ਕੋਲ ਜਾਣਾ ਨਹੀਂ। ਮੇਰੇ ਨਾਲ ਧੋਖਾ ਹੋਇਆ ਹੈ। ਉਹ ਪਹਿਲਾਂ ਹੀ ਕਿਸੇ ਨੂੰ ਆਪਣਾ ਪਤੀ ਬਣਾ ਕੇ ਲਿਜਾ ਚੁੱਕੀ ਹੈ। ਉਸਨੇ ਤਾਂ ਸਿਰਫ਼ ਅੰਗਰੇਜ਼ੀ ਦਾ ਟੈਸਟ ਪਾਸ ਕੀਤਾ ਸੀ। ਬਾਕੀ ਖਰਚਾ ਤਾਂ ਦੂਜੀ ਪਾਰਟੀ ਨੇ ਕੀਤਾ ਸੀ। ਇਹ ਗੱਲ ਉਹਨਾਂ ਨੇ ਸਾਡੇ ਕੋਲੋਂ ਲੁਕੋ ਕੇ ਰੱਖੀ। ਹੁਣ ਕੀ ਪਤਾ ਉਹ ਪੇਪਰ ਮੈਰਿਜ ਸੀ ਜਾਂ ਉਹ ਉਥੇ ਪਤੀ-ਪਤਨੀ ਵਾਂਗ ਰਹੇ। ਮੈਨੂੰ ਸ਼ੱਕ ਨੇ ਖਾ ਲਿਆ ਹੈ। ਹੁਣ ਤਾਂ ਮੈਂ ਚਾਹੁੰਦਾ ਹੋਇਆ ਵੀ ਨਹੀਂ ਰਹਿ ਸਕਾਂਗਾ।
ਇਹ ਕੋਈ ਇੱਕ ਕੇਸ ਨਹੀਂ ਅਜਿਹੇ ਸੈਂਕੜੇ ਕੇਸ ਹਨ ਜੋ ਸਾਡੀ ਘਰੇਲੂ ਜ਼ਿੰਦਗੀ ਤਬਾਹ ਕਰ ਰਹੇ ਹਨ। ਰੱਬ ਜਿੰਨਾ ਵਿਸ਼ਵਾਸ ਤਾਂ ਗੀਤਾਂ ਵਿਚ ਹੀ ਸੁਣਨ ਨੂੰ ਮਿਲਦਾ ਹੈ। ਨਵੀਂ ਪੀੜ੍ਹੀ ਦੀ ਜ਼ਿੰਦਗੀ ਸ਼ਰਾਪੀ ਗਈ ਹੈ। ਇੱਕ ਪਾਸੇ ਤਾਂ ਉਹਨਾਂ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿਚ ਹਨ, ਜਿੱਥੇ ਔਰਤ ਦਾ ਦਰਜਾ ਉਹ ਨਹੀਂ ਜੋ ਪੱਛਮੀ ਸਮਾਜ ਵਿਚ ਹੈ। ਅਸੀਂ ਚਾਹੁੰਦੇ ਹਾਂ ਕਿ ਔਰਤ ਵਿਚਰੇ ਤਾਂ ਪੱਛਮੀ ਸਮਾਜ ਦੀਆਂ ਔਰਤਾਂ ਵਾਂਗ, ਕਮਾਵੇ ਵੀ ਮਰਦਾਂ ਵਾਂਗ ਅਤੇ ਘਰ ਆ ਕੇ ਘਰੇਲੂ ਔਰਤਾਂ ਵਾਂਗ ਵਿਵਹਾਰ ਕਰੇ। ਸੱਸ ਅਤੇ ਨਨਾਣ ਨੂੰ ਪੂਰਾ ਸਤਿਕਾਰ ਦੇਵੇ। ਦੂਜੇ ਪਾਸੇ ਔਰਤ ਵੀ ਜਾਗਰੂਕ ਹੋ ਗਈ ਹੈ। ਉਹ ਵੀ ਸਭ ਕੁਝ ਸਮਝ ਰਹੀ ਹੈ। ਉਕਤ ਕੇਸ ਵਿਚ ਵੀ ਇੱਕ ਗਰੀਬ ਕੁੜੀ ਨੇ ਮਿਹਨਤ ਕਰਕੇ ਆਈਲੈਟਸ ਦਾ ਟੈਸਟ ਪਾਸ ਕੀਤਾ, ਇੱਕ ਅਮੀਰ ਬਾਪ ਦੇ ਨਲਾਇੱਕ ਮੁੰਡੇ ਨੂੰ ਆਸਟ੍ਰੇਲੀਆ ਦਾ ਸ਼ਹਿਰੀ ਬਣਾਇਆ। ਇਹਨਾਂ ਸਾਰੇ ਵਰ੍ਹਿਆਂ ਵਿਚ ਉਹ ਦਬੰਗ ਹੋ ਗਈ। ਉਸਨੂੰ ਦੁਨੀਆਂ ਦੀ ਸਮਝ ਆ ਗਈ। ਉਸਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਵਿਆਹ ਵੀ ਕਿਸੇ ਕੁੜੀ ਨਾਲ ਨਹੀਂ ਸਗੋਂ ਇੱਕ ਵਿਕਸਤ ਦੇਸ਼ ਦੀ ਪੀ. ਆਰ. ਦੀ ਲਾਲਸਾ ਨਾਲ ਹੋਇਆ ਹੈ। ਸ਼ਾਇਦ ਇਸੇ ਕਾਰਨ ਵਿਆਹ ਤੋਂ ਤੁਰੰਤ ਬਾਅਦ ਇਹ ਲੜਾਈ ਝਗਡੇ ਸ਼ੁਰੂ ਹੋ ਗਏ ਹਨ।
ਉਕਤ ਕੇਸ ਨੂੰ ਇੱਕ ਪਾਸੇ ਰੱਖ ਕੇ ਇਹ ਗੱਲ ਸਾਡੇ ਧਿਆਨ ਦੀ ਮੰਗ ਕਰਦੀ ਹੈ ਕਿ ਅੱਜ ਦੇ ਯੁੱਗ ਵਿਚ ਵਿਆਹ ਸੱਚਮੁਚ ਹੀ ਕਿਸਮਤ ਦੇ ਸੁੱਖ ਬਾਂਦੀ ਸਿਰੇ ਚੜ੍ਹਦੇ ਹਨ। ਨਵੀਂ ਪੀੜ੍ਹੀ ਦੀਆਂ ਕੁੜੀਆਂ ਵਿਚ ਵੀ ਸਿੱਖਿਆ, ਮੀਡਆ ਅਤੇ ਆਰਥਿਕ ਨਿਰਭਰਤਾ ਨੇ ਵੱਡੇ ਬਦਲਾਅ ਲਿਆ ਦਿੱਤੇ ਹਨ। ਕੁੜੀਆਂ ਵਿਆਹ ਤੋਂ ਬਾਅਦ ਸਾਂਝੇ ਪਰਿਵਾਰ ਵਿਚ ਰਹਿਣ ਤੋਂ ਕੰਨੀ ਕਤਰਾਉਂਦੀਆਂ ਹਨ। ਮੀਡੀਆ ‘ਤੇ ਆਉਂਦੇ ਲੜੀਵਾਰਾਂ ਤੋਂ ਸੱਸਾਂ ਨੂੰ ਸਿੱਧੇ ਰਾਹ ਪਾਉਣ ਦੇ ਤਰੀਕੇ ਸਿੱਖ ਜਾਂਦੀਆਂ ਹਨ ਅਤੇ ਘਰਾਂ ਵਿਚ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਸਿਆਣੇ ਮਾਪੇ ਇਸ ਗੱਲੋਂ ਲਾਂਭੇ ਹੋਣ ਵਿਚ ਭਲਾ ਸਮਝਦੇ ਹਨ ਕਿ ਉਹਨਾਂ ਦੇ ਪੁੱਤ ਦਾ ਘਰ ਵਸਿਆ ਰਹੇ। ਜੇ ਪੁੱਤ ਅਤੇ ਨੂੰਹ ਦੋਵੇਂ ਰਲ ਜਾਣ ਤਾਂ ਮਾਪਿਆਂ ਨੂੰ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਪੀੜਤ ਕਰ ਦਿੰਦੇ ਹਨ। ਜੇ ਮੁੰਡਾ ਮਾਪਿਆਂ ਦੇ ਕਹੇ ਚਲਦਾ ਹੈ ਤਾਂ ਕੁੜੀ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ। ਸਮਾਜ ਵਿਚ ਕਾਫ਼ੀ ਕੁਝ ਮਾੜਾ ਵਾਪਰਨ ਲੱਗਾ ਹੈ। ਕੈਨੇਡਾ ਵਿਚ ਇੱਕ ਕੁੜੀ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਰਹਿ ਰਹੀ ਹੈ ਅਤੇ ਮੁੰਡਾ ਉਸ ਘੜੀ ਨੂੰ ਪਛਤਾ ਰਿਹਾ ਹੈ, ਜਦੋਂ ਉਹ ਉਸਨੂੰ ਵਿਆਹ ਕੇ ਕੈਨੇਡਾ ਲੈ ਕੇ ਆਇਆ ਸੀ।
ਉਕਤ ਵਿਸ਼ੇ ‘ਤੇ ਬਹੁਤ ਲੰਮੀ ਚਰਚਾ ਕੀਤੀ ਜਾ ਸਕਦੀ ਹੈ। ਇਸਦਾ ਕੋਈ ਅੰਤ ਨਹੀਂ। ਅੱਜ ਦੀ ਗੱਲ ਇੱਥੇ ਇਸ ਨਾਲ ਖਤਮ ਕਰੀਏ ਕਿ ਅਸੀਂ ਆਪਣੇ ਸਮਾਜ ਵਿਚ ਵੱਧ ਰਹੀ ਇਸ ਬਿਮਾਰੀ ਤੋਂ ਕਿਵੇਂ ਬਚੀਏ। ਇਯ ਬਾਰੇ ਸਿਰ ਜੋੜ ਕੇ ਸੋਚੀਏ।