ਧਾਰੀਵਾਲ (ਅਜੀਤ ਵੀਕਲੀ): ਮਰਹੂਮ ਗਾਇਕ ਚਮਕੀਲੇ ਦੇ ਪੁੱਤਰ
ਜੈਮਲਜੀਤ ਸਿੰਘ ਅਤੇ ਉਸ ਦੇ ਸਾਥੀ ਰਾਜ ਕੁਮਾਰ ਨੂੰ ਥਾਣਾ ਧਾਰੀਵਾਲ ਦੀ ਪੁਲੀਸ ਨੇ ਇੱਕ ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਧਾਰੀਵਾਲ ਦੀ ਪੁਲੀਸ ਅਤੇ CIA ਸਟਾਫ਼ ਵਲੋਂ ਵਾਹਨਾਂ ਦੀ ਚੈੱਕਿੰਗ ਲਈ ਖੁੰਡਾ ਬਾਈਪਾਸ ਪੁਲ ਧਾਰੀਵਾਲ ਨੇੜੇ ਨਾਕਾ ਲਗਾਇਆ ਗਿਆ ਸੀ ਕਿ ਪਿੰਡ ਖੁੰਡਾ ਸਾਈਡ ਤੋਂ ਇੱਕ ਕਾਰ ਆਈ ਜਿਸ ਦੇ ਡਰਾਈਵਰ ਨੇ ਨਾਕੇ ਨੂੰ ਦੇਖ ਕੇ ਕਾਰ ਨੂੰ ਇਕਦਮ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਜਦੋਂ ਉਸ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ’ਚ ਸਵਾਰ ਚਮਕੀਲੇ ਦੇ ਪੁੱਤਰ ਜੈਮਲਜੀਤ ਸਿੰਘ ਅਤੇ ਉਸ ਦੇ ਸਾਥੀ ਰਾਜ ਕੁਮਾਰ ਕੋਲੋਂ ਇੱਕ ਕਿੱਲੋ ਸੱਤ ਗ੍ਰਾਮ ਦੇ ਕਰੀਬ ਅਫ਼ੀਮ ਬਰਾਮਦ ਕੀਤੀ ਗਈ ਅਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।