ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਪੰਜਾਬੀ ਦੇ ਚਰਚਿਤ ਕਹਾਣੀਕਾਰ ਅਤੇ ਨਾਵਲਕਾਰ, ਬਹੁਪੱਖੀ ਲੇਖਕ ਗੁਰਮੀਤ ਕੜਿਆਲਵੀ ਨੂੰ ਇਸ ਵਾਰੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਉਸ ਦੀ ਬਾਲ ਸਾਹਿਤ ਬਾਰੇ ਪੁਸਤਕ (ਸੱਚੀ ਕਹਾਣੀ) ਵਾਸਤੇ ਰਾਸ਼ਟਰੀ ਪੁਰਸਕਾਰ ਮਿਲੇਗਾ। ਇਹ ਖਖ਼ਬਰ ਨਿੱਜੀ ਤੌਰ ‘ਤੇ ਮੇਰੇ ਲਈ ਖ਼ੁਸ਼ੀ ਦੇਣ ਵਾਲੀ ਹੈ ਕਿਉਂਕਿ ਗੁਰਮੀਤ ਮੇਰਾ ਓਦੋਂ ਦਾ ਆੜੀ ਹੈ ਜਦੋਂ ਹਾਲੇ 1992 ‘ਚ ਮੈਂ ਲਿਖਣਾ ਸ਼ੁਰੂ ਹੀ ਕਰਿਆ ਸੀ, ਸਾਲਾਂ ਦਾ ਹਿਸਾਬ ਤੁਸੀਂ ਆਪੇ ਲਾ ਲਵੋ। ਉਸ ਨੇ ਸ਼ੁਰੂਆਤੀ ਜ਼ਿੰਦਗੀ ‘ਚ ਬੜੇ ਵੇਲਣ ਵੇਲੇ ਮੇਰੇ ਵਾਂਗਰ। ਸਾਡਾ ਸੰਘਰਸ਼ ਇੱਕੋ-ਜਿੱਕਾ ਹੀ ਰਿਹੈ। ਕਦੇ ਉਹ ਵਾਟਰ ਵਰਕਸ ‘ਤੇ ਅਪ੍ਰੇਟਰ ਹੁੰਦਾ ਸੀ ਕੱਚੀ ਨੌਕਰੀ ਸੀ ਅਤੇ ਹੁਣ ਜ਼ਿਲ੍ਹਾ ਭਲਾਈ ਅਫ਼ਸਰ ਹੈ। ਹਾਲੇ ਸਿੰਮੀ ਨੂੰ ਵਿਆਹ ਕੇ ਆਪਣੇ ਪਿੰਡ ਆਇਆ ਹੀ ਸੀ ਕਿ ਥੋੜ੍ਹੇ ਦਿਨਾਂ ਬਾਅਦ ਹੀ ਇਹ ਦੋਵੇਂ ਜੀਅ ਪਟਿਆਲੇ ਨੂੰ ਤੁਰ ਪਏ। ਭਾਸ਼ਾ ਵਿਭਾਗ ਦੇ ਸ਼ੇਰਾਂ ਵਾਲੇ ਗੇਟ ਆਣ ਕੇ ਸਾਹਿਤ ਸਦਨ ‘ਚ ਰੁਕੇ ਤੇ ਮੈਂ ਉਥੇ ਮਾਲੀ ਕੰਮ ਕਰਦਾ ਸਾਂ, ਚਾਈਂ ਚਾਈਂ ਇੰਨ੍ਹਾਂ ਦੀ ਸੇਵਾ ਕਰਦਾ ਭੱਜਿਆਂ ਫ਼ਿਰਾਂ। ਪੈਰ ਜੁੱਤੀ ਨਾ ਪਾਵਾਂ! ਭੈਣ ਸਿੰਮੀ ਵੀ ਪਹਿਲਾਂ ਤੋਂ ਹੀ ਜਾਣਦੀ ਸੀ ਕਵਿਤਾ ਲਿਖਦੀ ਹੋਣ ਕਰ ਕੇ। ਖ਼ੈਰ!
ਇਹ ਸਾਹਿਤ ਸਦਨ ਦੇ ਬਾਹਰਲੇ ਪਾਸੇ ਹਰੇ ਕਚੂਚ ਘਾਹ ‘ਤੇ ਬੈਠੇ ਅੱਡੀਆਂ ਮੱਲਣ! ਕਿਆ ਖ਼ੂਬ ਦਿਨ ਸਨ ਉਹ। ਵੇਂਹਦਿਆਂ ਵੇਂਹਦਿਆਂ ਦੋਵਾਂ ਜੀਆਂ ਨੇ ਤਰੱਕੀ ਕਰ ਲਈ ਅਤੇ ਫ਼ਿਰ ਦੋਵਾਂ ਧੀਆਂ ਨੇ। ਹਮੇਸ਼ਾ ਬਰਾਬਰ ਤੁਰਦੇ ਰਹੇ ਹਾਂ। ਹਰ ਦੁਖ ਸੁਖ ‘ਚ ਸਹਾਈ। ਕਦੇ ਰੋਸੇ, ਕਦੇ ਗਿਲੇ ਅਤੇ ਕਦੇ ਗਲੇ ਮਿਲੇ। ਸਾਹਿਤਕ ਪ੍ਰਾਪਤੀਆਂ ਉਤੇ ਮਾਣ। ਇੱਕ ਦੂਜੇ ਦੀ ਸ਼ਾਨ ਬਣਦੇ ਰਹੇ, ਇਹ ਸਭ ਚਲਦਾ ਆ ਰਿਹੈ ਨਾਲੋ ਨਾਲ। ਸਾਡੇ ਤਖ਼ੱਲਸ ਵੀ ਮਿਲਦੇ ਜੁਲਦੇ, ਕੜਿਆਲਵੀ ਅਤੇ ਘੁਗਿਆਣਵੀ। ਇਹ ਜੋ ਵੀ ਲਿਖਦਾ ਹੈ, ਪੜ੍ਹਦਾ ਹਾਂ ਅਤੇ ਲਗਦਾ ਕਿ ਮੈਂ ਲਿਖਿਆ ਹੈ।
ਲਿਖਦੇ ਲਿਖਦੇ ਚੇਤੇ ਆਇਆ, ਬੜੇ ਸਾਲ ਹੋਏ, ਵੀਹ ਤੋਂ ਵੱਧ। ਮੈਂ ਸਾਹਿਤ ਸਭਾ ਫ਼ਰੀਦਕੋਟ ਦਾ ਮੈਂਬਰ ਸਾਂ, ਅਤੇ ਤਾਇਆ ਨਵਰਾਹੀ ਸਾਡਾ ਸਾਰਿਆਂ ਦਾ ਸਰਪ੍ਰਸਤ। ਇੱਕ ਦਿਨ ਆਖਿਆ, ”ਤਾਇਆ, ਗੁਰਮੀਤ ਕੜਿਆਲਵੀ ਦਾ ਰੂਬਰੂ ਕਰਨੈ ਆਪਾਂ।” ਤਾਇਆ ਕਹਿੰਦਾ ਸੱਦ ਲੈ! ਫ਼ੋਨ ਨਹੀਂ ਸੀ ਹੁੰਦੇ। ਪੀਲਾ ਪੋਸਟ ਕਾਰਡ ਲਿਖਿਆ। ਉਹ ਬੱਸੇ ਬਹਿ ਕੇ ਆਇਆ ਬੜੇ ਉਤਸ਼ਾਹ ਨਾਲ ਭਰਿਆ ਭਰਿਆ। ਇਹ ਉਹਦਾ ਪਹਿਲਾ ਰੂਬਰੂ ਸੀ ਅਤੇ ਫ਼ਿਰ ਚੱਲ ਸੋ ਚੱਲ! ਬੜਾ ਕੁਛ ਲਿਖਿਆ ਤੇ ਲਿਖੀ ਜਾ ਰਿਹੈ। ਆਤੂ ਖੋਜੀ ਕਹਾਣੀ ਲਿਖ ਕੇ ਮਸ਼ਹੂਰ ਹੋ ਗਿਆ, ਅਤੇ ਉਸ ਦੀਆਂ ਕਹਾਣੀਆਂ ‘ਤੇ ਕਈ ਫ਼ਿਲਮਾਂ ਬਣੀਆਂ। ਡੁਬ ਕੇ ਲਿਖਦਾ ਹੈ ਅਤੇ ਦਿਲੋਂ ਲਿਖਦੈ, ਏਸੇ ਕਰ ਕੇ ਪੜ੍ਹਿਆ ਜਾ ਰਿਹੈ।
ਪਿਛਲੇ ਦਿਨੀਂ ਮਹਾਂਰਾਸ਼ਟਰ ਨੂੰ ਤੁਰਿਆ ਤਾਂ ਇਹਦੀਆਂ ਕਹਾਣੀਆਂ ਦਾ ਹਿੰਦੀ ਅਨੁਵਾਦ (ਵਕਤ ਕੇ ਪੰਖ ਸੇ ਬੰਧੀ ਹਵਾ) ਬੈਗ ‘ਚ ਪਾ ਲਿਆ ਕਿ ਯੂਨੀਵਰਸਿਟੀ ਦੇ ਕਿਸੇ ਵਿਦਿਆਰਥੀ ਨੂੰ ਖੋਜ ਪੇਪਰ ਲਿਖਣ ਲਈ ਦੇ ਦਿਆਂਗਾ ਅਤੇ ਹਾਲੇ ਕੱਲ ਹੀ ਇੱਕ ਖੋਜਾਰਥੀ ਉਹਦੀ ਕਿਤਾਬ ਲੈ ਕੇ ਗਿਆ ਹੈ ਅਤੇ ਅਜ ਸਵੇਰ ਹੋਰ ਵੀ ਸੁਹਾਵਣੀ ਹੋ ਗਈ ਹੈ ਜਦ ਪੁਰਸਕਾਰ ਦੀ ਖ਼ਬਰ ਪੜ੍ਹੀ ਹੈ।
ਵੱਸਦਾ ਰਹਿ ਮਿੱਤਰਾ!
ਰੱਬ ਵਰਗਾ ਆਸਰਾ ਤੇਰਾ।