ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਫਗਵਾੜਾ ਦਾ ਸਿਵਲ ਹਸਪਤਾਲ! ਬਣਿਆ ਦਹਿਸ਼ਤ ਦਾ ਮਾਹੌਲ

ਫਗਵਾੜਾ – ਫਗਵਾੜਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਹੁੱਲੜਬਾਜ਼ੀ ਕਰਦੇ ਹੋਏ 2-3 ਗੋਲ਼ੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਹਸਪਤਾਲ ਦੇ ਅੰਦਰ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਡਾਕਟਰਾਂ, ਮੈਡੀਕਲ ਸਟਾਫ਼ ਅਤੇ ਜਨਤਾ ਵਿਚ ਡਰ ਅਤੇ ਖ਼ਦਸ਼ਾ ਫੈਲ ਗਿਆ। ਪੂਰੀ ਘਟਨਾ ਹਸਪਤਾਲ ਦੇ ਅੰਦਰ ਲੱਗੇ ਸੀ. ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਅਤੇ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਹਾਇਕ ਸਬ-ਇੰਸਪੈਕਟਰ ਦਰਸ਼ਨ ਸਿੰਘ ਦੀ ਸ਼ਿਕਾਇਤ ਅਤੇ ਬਿਆਨ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਨੇ ਇਕ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ ਚਾਰ ਨੌਜਵਾਨਾਂ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਮਾਡਲ ਹਾਊਸ ਜਲੰਧਰ, ਵਿਪਨ ਕੁਮਾਰ ਵਾਸੀ ਭਾਰਗੋ ਨਗਰ ਜਲੰਧਰ, ਸਰਬਜੀਤ ਸਿੰਘ ਉਰਫ਼ ਸਾਬੀ ਵਾਸੀ ਅਵਤਾਰ ਨਗਰ ਮਾਡਲ ਟਾਊਨ, ਜਲੰਧਰ ਅਤੇ ਦੀਪੂ, ਵਾਸੀ ਜਲੰਧਰ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।