ਕੀਵੀ ਬੱਲੇਬਾਜ਼ ਟੇਲਰ ਨੇ ਤੋੜਿਆ 111 ਸਾਲ ਪੁਰਾਣਾ ਰਿਕਾਰਡ

sports newsਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚਾਲੇ ਪਰਥ ‘ਚ ਖੇਡੇ ਜਾ ਰਹੇ ਹਾਈ ਸਕੋਰਿੰਗ ਟੈਸਟ ਮੈਚ ਦਾ ਤੀਜਾ ਦਿਨ ਮਿਸ਼ੇਲ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਨਾਂ ਰਿਹਾ। ਹਾਲਾਂਕਿ, ਚੌਥੇ ਦਿਨ ਦੋਹਰਾ ਸੈਂਕੜਾ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਨੇ ਆਸਟ੍ਰੇਲੀਆਈ ਜ਼ਮੀਨ ‘ਤੇ ਇਕ ਵੱਡਾ ਰਿਕਾਰਡ ਬਣਾ ਦਿੱਤਾ ਹੈ। ਆਸਟ੍ਰੇਲੀਆ ਦੀਆਂ 559 ਦੌੜਾਂ ਦੇ ਜਵਾਬ ‘ਚ ਟੇਲਰ ਦੀ 290 ਦੌੜਾਂ ਦੀ ਪਾਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ।
ਟੇਲਰ ਨੇ 10ਵੀਂ ਵਿਕਟ ਤਕ ਸੰਘਰਸ਼ ਕਰਦੇ ਹੋਏ 290 ਦੌੜਾਂ ਬਣਾਈਆਂ, ਜੋ ਆਸਟ੍ਰੇਲੀਆਈ ਜ਼ਮੀਨ ‘ਤੇ ਕਿਸੇ ਵੀ ਵਿਦੇਸ਼ੀ ਬੱਲੇਬਾਜ਼ ਦਾ ਬਿਹਤਰੀਨ ਸਕੋਰ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਰੇਗਿਨਾਲਡ ਫ਼ੋਸਟਰ ਨੇ 1903 ‘ਚ ਬਤੌਰ ਵਿਦੇਸ਼ੀ ਖਿਡਾਰੀ ਸਭ ਤੋਂ ਜ਼ਿਆਦਾ 287 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਨੂੰ ਟੇਲਰ ਨੇ ਪੂਰੇ 111 ਸਾਲਾਂ ਬਾਅਦ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਟੇਲਰ ਨੇ ਵਾਕਾ ਕ੍ਰਿਕਟ ਮੈਦਾਨ ‘ਤੇ ਪੰਜਵਾਂ ਸਭ ਤੋਂ ਵੱਡਾ ਨਿੱਜੀ ਸਕੋਰ ਖੜ੍ਹਾ ਕਰ ਦਿੱਤਾ ਹੈ। ਹਾਲਾਂਕਿ ਉਹ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ 302 ਦੌੜਾਂ ਦਾ ਰਿਕਾਰਡ ਤੋੜਨ ਤੋਂ ਖੁੰਝ ਗਿਆ, ਜੋ ਇਕ ਸਾਲ ਪਹਿਲਾਂ ਬ੍ਰੈਂਡਨ ਮੈਕੁਲਮ ਨੇ ਬਣਾਇਆ ਸੀ। ਟੇਲਰ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 624 ਦੌੜਾਂ ਬਣਾ ਕੇ 65 ਦੌੜਾਂ ਦੀ ਬੜ੍ਹਤ ਵੀ ਹਾਸਲ ਕਰ ਲਈ ਹੈ।

LEAVE A REPLY