ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫ਼ਰੈਂਸ ਨੂੰ ਲੈ ਪੂਰੇ ਮੀਡੀਏ ਵਿੱਚ ਬਹੁਤ ਉਤਸੁਕਤਾ ਸੀ ਕਿ ਅੱਜ ਸਿੱਧੂ ਆਮ ਆਦਮੀ ਪਾਰਟੀ ਦਾ ਲੜ ਫ਼ੜ ਲੈਣਗੇ, ਪਰ ਉਨ੍ਹਾਂ ਨੇ ਇੱਕ ਬਹੁਤ ਹੀ ਪਰਿਪੱਕ ਸਿਆਸਤਦਾਨ ਦੀ ਤਰ੍ਹਾਂ ਆਪਣੇ ਪੱਤੇ ਨਹੀਂ ਖੋਲ੍ਹੇ। ਸਿਰਫ਼ ਉਸ ਨੇ ਇਹੀ ਦੱਸਿਆ ਕਿ ਉਸ ਨੇ ਰਾਜ ਸਭਾ ਦੀ ਸੀਟ ਕਿਉਂ ਛੱਡੀ। ਉਸ ਨੇ ਭਾਜਪਾ ਤੋਂ ਪੁੱਛਿਆ ਕਿ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ 4 ਵਾਰ ਜਿੱਤਿਆ ਪਰ ਉਸ ਨੂੰ ਹੁਣ ਟਿੱਕਟ ਨਾ ਦੇ ਕੇ ਇਹ ਸਜ਼ਾ ਕਿਉਂ ਦਿੱਤੀ ਗਈ, ਉਸ ਦੀ ਖ਼:ਤਾ ਕੀ ਸੀ? ਉਸ ਨੇ ਪ੍ਰੈੱਸ ਕਾਨਫ਼ਰੈਂਸ ਦੌਰਾਨ ਦੱਸਿਆ ਕਿ ਉਨ੍ਹਾਂ ਭਾਜਪਾ ਅਤੇ ਰਾਜ ਸਭਾ ਇਸ ਲਈ ਛੱਡੀ ਕਿਉਂਕਿ ਉਸ ਨੂੰ ਕਿਹਾ ਗਿਆ ਸੀ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਕਰੇਗਾ। ਉਸ ਨੇ ਕਿਹਾ ਕਿ ਉਸ ਨੂੰ ਉਸ ਦੀਆਂ ਜੜ੍ਹਾਂ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬ ਤੋਂ ਦੂਰ ਨਹੀਂ ਜਾ ਸਕਦਾ। ਉਸ ਨੇ ਇਹ ਕਿਹਾ ਕਿ ਜਿਥੇ ਪੰਜਾਬ ਦੇ ਹਿੱਤ ਹੋਣਗੇ ਉਥੇ ਸਿੱਧੂ ਨੂੰ ਖੜ੍ਹਾ ਪਾਵੋਗੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਧੂ ਨੇ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਐਲਾਨ ਕਿਉਂ ਨਹੀਂ ਕੀਤਾ। ਇਸ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਜਾਂ ਤਾਂ ਸਿੱਧੂ ਆਪਣਾ ਭਾਅ ਵਧਾ ਰਹੇ ਹਨ ਜਾਂ ਫਿਰ ਆਪ ਵਲੋਂ ਉਸ ਨੂੰ ਕੋਈ ਚੰਗੀ ਪੇਸ਼ਕਸ਼ ਨਹੀਂ ਹੋਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਪ ਦੇ ਕਨਵੀਨਰ ਵੀ ਹਨ, ਨੂੰ ਪਾਰਟੀ ਵਿੱਚ ਸਿੱਧੂ ਦੀ ਵਿਰੋਧਤਾ ਦਾ ਅਹਿਸਾਸ ਤਾਂ ਹੋਣ ਹੀ ਲੱਗ ਪਿਆ ਹੈ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਜਨਤਕ ਤੌਰ ‘ਤੇ ਸਿੱਧੂ ਦੀ ਵਿਰੋਧਤਾ ਬਾਰੇ ਅਸਿੱਧੇ ਰੂਪ ਵਿੱਚ ਜਾਣੂ ਕਰਵਾ ਹੀ ਗਏ ਹਨ। ਇਸੇ ਪ੍ਰਕਾਰ ਭਗਵੰਤ ਮਾਨ ਅਤੇ ਪੱਤਰਕਾਰ ਕੰਵਰ ਸੰਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰ ਹੀ ਦਿੱਤੇ ਹਨ। ਆਪ ਦੇ ਇਹ ਲੀਡਰ ਇਸ ਲਈ ਅਸਿਧੇ ਰੂਪ ਵਿੱਚ ਇਤਰਾਜ਼ ਪ੍ਰਗਟ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਪੰਜਾਬ ਵਿੱਚ ਇਸ ਪਾਰਟੀ ਦੇ ਪੈਰ ਲਗਵਾਏ ਹਨ। ਇਨ੍ਹਾਂ ਵਿਚੋਂ ਕੁਝ ਤਾਂ ਖੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖ ਰਹੇ ਹਨ। ਭਗਵੰਤ ਮਾਨ ਤਾਂ ਕਈ ਵਾਰ ਮੀਡੀਏ ਵਿੱਚ ਵੀ ਕਹਿ ਚੁੱਕੇ ਹਨ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪ੍ਰੋਜੈਕਟ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਛੋਟੇਪੁਰ ਵੀ ਮਨੋ-ਮਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਇਸ ਲਈ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਣਾ ਚਾਹ ਰਹੇ ਕਿ ਜੇਕਰ ਕਲ੍ਹ ਨੂੰ ਆਪ ਪੰਜਾਬ ਵਿੱਚੋਂ ਜਿੱਤ ਗਈ ਅਤੇ ਸਿੱਧੂ ਮੁੱਖ ਮੰਤਰੀ ਬਣ ਗਏ ਤਾਂ ਉਸ ਦੀ (ਕੇਜਰੀਵਾਲ) ਦੀ ਕੀ ਹੈਸੀਅਤ ਰਹਿ ਜਾਵੇਗੀ। ਸੋਚੋ ਪੰਜਾਬ ਦਾ ਮੁੱਖ ਮੰਤਰੀ ਤਾਕਤਵਰ ਹੈ ਜਾਂ ਦਿੱਲੀ ਦਾ ਮੁੱਖ ਮੰਤਰੀ। ਸਿੱਧੂ ਇਕ ਤਾਕਤਵਰ ਲੀਡਰ ਹੈ ਅਤੇ ਉਹ ਕੇਜਰੀਵਾਲ ਉਤੇ ਹਾਵੀ ਵੀ ਹੋ ਸਕਦਾ ਹੈ।
ਇਸ ਲਈ ਹੋ ਸਕਦਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਆਪ ਵਿੱਚ ਸ਼ਾਮਲ ਹੋਵੇ ਅਤੇ ਸਿੱਧੂ ਸਿਰਫ਼ ਤੇ ਸਿਰਫ ਸਟਾਰ ਪ੍ਰਚਾਰਕ ਦੇ ਤੌਰ ‘ਤੇ ਹੀ ਵਿਚਰੇ। ਪਰ ਇਹੋ ਜਿਹੀ ਸਥਿਤੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ‘ਤੇ ਕੀ ਲਾਭ ਹੋਵੇਗਾ? ਦੂਜੇ ਪਾਸੇ ਨਵਜੋਤ ਸਿੱਧੂ ਨੂੰ ਕਾਂਗਰਸ ਵਿੱਚ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਕਾਂਗਰਸ ਨੇ ਪੰਜਾਬ ਦਾ ਕੈਪਟਨ ਬਣਾਇਆ ਹੈ, ਨੇ ਤਾਂ ਪਹਿਲਾਂ ਹੀ ਸਿੱਧੂ ਨੂੰ ਕਾਂਗਰਸ ਵਿੱਚ ਆਉਣ ਦੀ ਅਪੀਲ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਕਿਹਾ ਕਿ ਕੇਜਰੀਵਾਲ ਉਸ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਨਹੀਂ ਕਰੇਗਾ ਇਸ ਲਈ ਉਹ ਕਾਂਗਰਸ ਵਿੱਚ ਆ ਜਾਵੇ। ਇੱਕ ਕਨਸੋਅ ਇਹ ਵੀ ਚੱਲ ਰਹੀ ਹੈ ਕਿ ਸੂਬੇ ਵਿੱਚ ਇੱਕ ਚੌਥਾ ਮੋਰਚਾ ਤਿਆਰ ਹੋਵੇ ਜਿਸ ਵਿੱਚ ਨਵਜੋਤ ਸਿੱਧੂ, ਜਗਮੀਤ ਸਿੰਘ ਬਰਾੜ, ਪ੍ਰਗਟ ਸਿੰਘ, ਇੰਦਰਬੀਰ ਬੁਲਾਰੀਆ ਅਤੇ ਵੱਡੇ ਲੀਡਰ ਇਕੱਠੇ ਹੋਣ। ਉਨ੍ਹਾਂ ਵਿੱਚ ਬੈਂਸ ਭਰਾਵਾਂ ਨੂੰ ਵੀ ਮਿਲਾਇਆ ਜਾ ਸਕਦਾ ਹੈ। ਨਾਲ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਅਤੇ ਆਪ ਤੋਂ ਬਾਗ਼ੀ ਹੋਏ ਹੋਰ ਲੀਡਰ ਵੀ ਸ਼ਾਮਲ ਹੋ ਸਕਦੇ ਹਨ। ਚੌਥੇ ਮੋਰਚੇ ਦੀ ਮੁਸੀਬਤ ਇਹ ਹੈ ਕਿ ਇਸ ਵਿੱਚ ਸਾਰੇ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਸਮਝਣਗੇ। ਇਸ ਲਈ ਇਸ ਮੋਰਚੇ ਵਿੱਚ ਇਕਜੁੱਟਤਾ ਦੀ ਘੱਟ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਚੁੱਪਚਾਪ ਬੈਠਾ ਖੇਡ ਦੇਖ ਰਿਹਾ ਹੈ। ਸਿੱਧੂ ਜੇਕਰ ਆਪ ਵਿੱਚ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਅਕਾਲੀ ਦਲ ਨੂੰ ਵੀ ਹੁੰਦਾ ਹੈ ਅਤੇ ਕਾਂਗਰਸ ਨੂੰ ਵੀ। ਜੇਕਰ ਉਹ ਕਾਂਗਰਸ ਵਿੱਚ ਸ਼ਾਮਲ ਹੁੰਦਾ ਹੈ ਤਾਂ ਕਾਂਗਰਸ ਨੂੰ ਕੁਝ ਬਲ ਤਾਂ ਮਿਲੇਗਾ ਪਰ ਅਕਾਲੀ ਦਲ ਨੂੰ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ। ਪਰ ਇਹ ਸਭ ਕੁਝ ਕਿਆਸ ਅਰਾਈਆਂ ਦੇ ਆਧਾਰ ‘ਤੇ ਹੈ। ਜਦੋਂ ਤਕ ਨਵਜੋਤ ਸਿੰਘ ਸਿੱਧੂ ਆਪਣਾ ਫ਼:ੈਸਲਾ ਆਪ ਨਹੀਂ ਸੁਣਾਉਂਦਾ ਓਦੋਂ ਤਕ ਸਭ ਤਰ੍ਹਾਂ ਦੀਆਂ ਸੰਭਾਵਨਾਵਾਂ ਬਣੀਆਂ ਹੀ ਰਹਿਣਗੀਆਂ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਦਿਨ ਪ੍ਰਤੀ ਦਿਨ ਦਿਲਚਸਪ ਹੁੰਦੀ ਜਾ ਰਹੀ ਹੈ। ਆਉਣ ਵਾਲੇ ਦਿਨ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ, ਇਹ ਦੇਖਣਾ ਹੋਰ ਵੀ ਜ਼ਿਆਦਾ ਦਿਲਚਸਪ ਹੋਵੇਗਾ।